ਜੇਕਰ ਤੁਸੀਂ ਅਜੇ ਤੱਕ ਕ੍ਰਿਸਟੋਫਰ ਨੋਲਨ ਵੱਲੋਂ ਪੇਸ਼ ਕੀਤੀ ਫ਼ਿਲਮ ‘ਦ ਓਡਿਸੀ’ ਨਹੀਂ ਦੇਖੀ, ਤਾਂ ਤੁਹਾਨੂੰ ਇਹ ਜ਼ਰੂਰ ਦੇਖਣੀ ਚਾਹੀਦੀ ਹੈ। ਮੈਟ ਡੇਮਨ, ਐਨ ਹੈਥਵੇ ਅਤੇ ਟੌਮ ਹੌਲੈਂਡ ਇਸ ਕਾਲਪਨਿਕ ਪੌਰਾਣਿਕ ਮਹਾਕਾਵਿ ’ਚ ਮੁੱਖ ਅਦਾਕਾਰ ਹਨ, ਜਿਸ ਦੇ ਜ਼ਰੀਏ ਇਕ ਸਪੱਸ਼ਟ ਨੈਤਿਕ ਸੂਤਰ ਜੁੜਿਆ ਹੋਇਆ ਹੈ। ਇਹ ਫ਼ਿਲਮ ਵੱਡੇ ਅਤੇ ਭਾਰੇ 70 ਐੱਮ.ਐੱਮ. ਆਈਮੈਕਸ ਕੈਮਰਿਆਂ ਨਾਲ ਸ਼ੂਟ ਕੀਤੀ ਗਈ ਹੈ। ਇਹ ਕੈਮਰੇ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਸਾਰੇ ਉਪਕਰਨ ਹੁਣ ਅਜਾਇਬ ਘਰ ਦੀਆਂ ਚੀਜ਼ਾਂ ਵਾਂਗ ਦੁਰਲੱਭ ਹਨ ਅਤੇ ਇਸ ਗਾਥਾ ਨੂੰ ਲਗਨ ਨਾਲ ਮੁੜ ਰਚਣ ਲਈ ਇਹ ਇਕ-ਇਕ ਕਰ ਕੇ ਹਾਸਲ ਕਰਨਾ ਪਿਆ ਸੀ। ਇਸ ਦਾ ਨਤੀਜਾ ਯੁੱਗਾਂ-ਯੁੱਗਾਂ ਲਈ ਇਕ ਅਜਿਹੀ ਫ਼ਿਲਮ ਦੇ ਰੂਪ ’ਚ ਸਾਹਮਣੇ ਆਇਆ ਹੈ, ਜਿਸ ’ਚ ਬੇਹੱਦ ਵਿਸਤ੍ਰਿਤ ਦ੍ਰਿਸ਼, ਵਿਸ਼ਾਲ ਭੌਤਿਕ ਸੈੱਟ ਅਤੇ ਇਕ ਅਜਿਹਾ ਆਡੀਓ ਟ੍ਰੈਕ ਹੈ, ਜੋ 2,000 ਸਾਲ ਪੁਰਾਣੇ ਧੁਨੀ ਦ੍ਰਿਸ਼ ਨੂੰ ਅਨੋਖੇ ਰੂਪ ’ਚ ਜੀਵੰਤ ਬਣਾ ਦਿੰਦਾ ਹੈ।
ਇਸ ਦੀ ਤਕਨੀਕੀ ਪੂਰਨਤਾ ਤੋਂ ਵੀ ਵੱਧ ਜੋ ਗੱਲ ਸਭ ਤੋਂ ਵੱਖਰੀ ਹੈ, ਉਹ ਹੈ ਸਪੱਸ਼ਟ ਨੈਤਿਕ ਸੂਤਰ ਜੋ ਪੂਰੀ ਕਹਾਣੀ ਨੂੰ ਇਕ ਸਾਥ ਬੰਨ੍ਹਦਾ ਹੈ। ਇਹ ਕਹਾਣੀ ਜ਼ਿਊਸ ਦੇ ਨਿਯਮ’ਤੇ ਆਧਾਰਿਤ ਹੈ, ਜਿਸ ਨੂੰ ਜ਼ੇਨੀਆ ਜਾਂ ‘ਸੁਨਹਿਰੀ ਨਿਯਮ’ ਵੀ ਕਿਹਾ ਜਾਂਦਾ ਹੈ, ਜੋ ਤੁਹਾਡੇ ਤੋਂ ਉਮੀਦ ਕਰਦਾ ਹੈ ਕਿ ‘ਦੂਜਿਆਂ ਨਾਲ ਅਜਿਹਾ ਵਿਵਹਾਰ ਕਰੋ, ਜਿਹੋ ਜਿਹਾ ਤੁਸੀਂ ਆਪਣੇ ਨਾਲ ਕੀਤਾ ਜਾਣਾ ਚਾਹੁੰਦੇ ਹੋ, ਅੰਸ਼ਿਕ ਰੂਪ ’ਚ ਇਸ ਲਈ ਕਿਉਂਕਿ ਇਕ ਨਿਮਰ ਵਿਅਕਤੀ ਭੇਸ ਬਦਲ ਕੇ ਆਇਆ ਕੋਈ ਦੇਵਤਾ ਵੀ ਹੋ ਸਕਦਾ ਹੈ ਅਤੇ ਅੰਸ਼ਿਕ ਰੂਪ ’ਚ ਇਸ ਲਈ ਕਿਉਂਕਿ ਇਹੋ ਗੱਲ ਸਮਾਜ ਨੂੰ ਕੰਮ ਕਰਨ ਦਿੰਦੀ ਹੈ।’
ਉਹ ਸੂਤਰ ਜਿਸ ਨੂੰ ਨੋਲਨ ਫ਼ਿਲਮ ਦੇ ਜ਼ਰੀਏ ਖਿੱਚਦੇ ਹਨ, ਉਹ ਮੁੱਖ ਪਾਤਰ ਓਡਿਸੀਅਸ ਦਾ ਇਕ ਲੱਕੜ ਦਾ ਘੋੜਾ (ਟ੍ਰੋਜਨ ਹੌਰਸ) ਦੇ ਕੇ ਟ੍ਰੋਏ ਸਾਮਰਾਜ ’ਤੇ ਤਬਾਹੀ ਮਚਾਉਣ ਦਾ ਅਪਰਾਧ-ਬੋਧ ਹੈ, ਜਿਸ ਨੇ ਇਕ ਲੰਮੇ ਯੁੱਧ ਦੀ ਭਿਆਨਕਤਾ ਨੂੰ ਜਨਮ ਦਿੱਤਾ ਸੀ। ਯਹੂਦੀ-ਈਸਾਈ ਪ੍ਰੰਪਰਾ ਨੇ ਸੁਨਹਿਰੀ ਨਿਯਮ ਨੂੰ ਕਈ ਛੰਦਾਂ ’ਚ ਸ਼ਾਮਲ ਕੀਤਾ ਹੈ, ਜਿਵੇਂ ਕਿ ਮੈਥਿਊ 7:12 ’ਚ, ‘ਦੂਜਿਆਂ ਨਾਲ ਉਹੀ ਕਰੋ ਜੋ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਕਰਨ’ ਅਤੇ ਤੋਰਾਹ ਦੇ ਲੈਵਿਟੀਕਸ 19:18 ’ਚ ਕਿਹਾ ਗਿਆ ਹੈ ‘ਆਪਣੇ ਗੁਆਂਢੀ ਨਾਲ ਖ਼ੁਦ ਵਾਂਗ ਪਿਆਰ ਕਰੋ; ਅਤੇ ਫਿਰ 19:34 ’ਚ ਜੋੜਦਾ ਹੈ, ‘ਆਪਣੇ ਨਾਲ ਰਹਿਣ ਵਾਲੇ ਅਜਨਬੀ ਨਾਲ ਆਪਣੇ ਬਰਾਬਰ ਪਿਆਰ ਕਰੋ।’
ਭਾਰਤੀ ਪੌਰਾਣਿਕ ਕਥਾਵਾਂ ਅਤੇ ਸ਼ਾਸਤਰ ਵੀ ਅਜਿਹੀਆਂ ਕਹਾਣੀਆਂ ਨਾਲ ਭਰੇ ਪਏ ਹਨ। ਤੈਤਿਰੀਆ ਉਪਨਿਸ਼ਦ ਤੋਂ ਪੈਦਾ, ਸੁਨਹਿਰੀ ਨਿਯਮ ਦੀ ਕੇਂਦਰਤਾ ‘ਅਤਿਥੀ ਦੇਵੋ ਭਵ’ ਅਖਾਣ ਦੇ ਜ਼ਰੀਏ ਪ੍ਰਗਟ ਕੀਤੀ ਗਈ ਹੈ। ਮਹਾਭਾਰਤ ਮਹਾਕਾਵਿ ਦੇ 13ਵੇਂ ਅਧਿਆਏ ਅਨੁਸ਼ਾਸਨ ਪਰਵ ’ਚ ਇਕ ਪ੍ਰਸਿੱਧ ਸ਼ਲੋਕ ਹੈ, ਜੋ ਕਹਿੰਦਾ ਹੈ, ‘ਦੂਜਿਆਂ ਨਾਲ ਅਜਿਹਾ ਵਿਵਹਾਰ ਨਾ ਕਰੋ ਜੋ ਤੁਹਾਡੇ ਆਪਣੇ ਲਈ ਦੁਖਦਾਈ ਜਾਂ ਉਲਟ ਹੋਵੇ।’
ਪੰਚਤੰਤਰ ਦੀਆਂ ਦੰਦ-ਕਥਾਵਾਂ ’ਚ ਕਈ ਅਜਿਹੀਆਂ ਕਹਾਣੀਆਂ ਸ਼ਾਮਲ ਹਨ, ਜੋ ਸੁਨਹਿਰੀ ਨਿਯਮ ਦੇ ਲਾਭਾਂ ਦੇ ਨਾਲ-ਨਾਲ ਇਸ ਦੀ ਉਲੰਘਣਾ ਦੀਆਂ ਕੀਮਤਾਂ ਨੂੰ ਵੀ ਦਰਸਾਉਂਦੀਆਂ ਹਨ (ਕੁਝ ਹੱਦ ਤੱਕ ਦ ਓਡਿਸੀ ’ਚ ਸਾਈਕਲੋਪਸ ਦੀ ਕਹਾਣੀ ਵਾਂਗ)। ਜਾਤਕ ਕਥਾਵਾਂ ’ਚ, ਇਕ ਬਾਜ਼ ਉਸ ਕਬੂਤਰ ਦਾ ਪਿੱਛਾ ਕਰਦਾ ਹੈ ਜੋ ਸ਼ਿਬੀ ਨਾਂ ਦੇ ਰਾਜਾ ਕੋਲ ਸ਼ਰਨ ਲੈਂਦਾ ਹੈ।
ਬਾਜ਼ ਤਰਕ ਦਿੰਦਾ ਹੈ ਕਿ ਕਬੂਤਰ ਉਸ ਦਾ ਯੋਗ ਭੋਜਨ ਹੈ ਅਤੇ ਇਸ ਤੋਂ ਬਿਨਾਂ ਉਹ ਭੁੱਖਾ ਮਰ ਜਾਵੇਗਾ। ਰਾਜਾ ਸ਼ਿਬੀ ਆਪਣੇ ਖ਼ੁਦ ਦੇ ਮਾਸ ਨੂੰ ਕਬੂਤਰ ਦੇ ਭਾਰ ਦੇ ਬਰਾਬਰ ਤੋਲ ਕੇ ਪੇਸ਼ ਕਰਦੇ ਹੋਏ ਆਪਸੀ ਵਿਰੋਧੀ ਦਾਅਵਿਆਂ ਦਾ ਹੱਲ ਕਰਦੇ ਹਨ। ਰਾਮਾਇਣ ’ਚ ਚਿਤਰਿਤ ਸ਼ਰਨਾਗਤ ਧਰਮ ਦੇ ਇਕ ਰੂਪ ’ਚ, ਭਗਵਾਨ ਰਾਮ ਵਿਭੀਸ਼ਨ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ, ਜਦੋਂ ਉਹ ਆਪਣੇ ਭਰਾ ਰਾਵਣ ਨੂੰ ਛੱਡ ਕੇ ਆਉਂਦਾ ਹੈ ਅਤੇ ਸ਼ਰਨ ਮੰਗਦਾ ਹੈ, ਆਪਣੇ ਸਲਾਹਕਾਰਾਂ ਦੇ ਇਤਰਾਜ਼ਾਂ ਦੇ ਬਾਵਜੂਦ। ਸਿਧਾਂਤ ਇਹ ਹੈ ਕਿ ਜੋ ਕੋਈ ਵੀ ਸ਼ਰਨ ਮੰਗਣ ਆਉਂਦਾ ਹੈ ਉਸ ਨੂੰ ਸ਼ਰਨ ਮਿਲਦੀ ਹੈ, ਭਾਵੇਂ ਉਹ ਦੁਸ਼ਮਣ ਦਾ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ। ਇਹ ਦ ਓਡਿਸੀ ’ਚ ਜ਼ੇਨੀਆ ਦੇ ਵਿਚਾਰ ਦੇ ਸਭ ਤੋਂ ਕਰੀਬ ਹੈ।
ਇਸ ਨੂੰ ਹੋਰ ਸਟੀਕ ਰੂਪ ’ਚ ਸਮਝੀਏ ਤਾਂ, ਸੁਨਹਿਰੀ ਨਿਯਮ ਨੂੰ ਅਕਸਰ 2 ਹਿੱਸਿਅਾਂ ’ਚ ਤੋੜਿਆ ਜਾਂਦਾ ਹੈ— ਜ਼ੇਨੀਆ ਨੀਤੀ ਜੋ ਵਿਅਕਤੀ ਨੂੰ ਅਾਪਸੀ ਤਰੀਕੇ ਨਾਲ ਅਜਨਬੀ ਦਾ ਸਵਾਗਤ ਅਤੇ ਸੁਰੱਖਿਆ ਕਰਨ ਦਾ ਅਗ੍ਰਹਿ ਕਰਦੀ ਹੈ ਅਤੇ ਥੀਓਕਸੇਨੀ ਦਾ ਸਿਧਾਂਤ ਕਿ ਅਜਨਬੀ ਭੇਸ ’ਚ ਕੋਈ ਦੇਵਤਾ ਹੋ ਸਕਦਾ ਹੈ, ਇਸ ਲਈ ਉਨ੍ਹਾਂ ਨਾਲ ਦੁਰਵਿਵਹਾਰ ਕਰਨਾ ਦੈਵੀ ਸਜ਼ਾ ਨੂੰ ਸੱਦਾ ਦਿੰਦਾ ਹੈ। ਗ੍ਰੀਕ, ਪਾਰਸੀ, ਭਾਰਤੀ ਅਤੇ ਰੋਮਨ ਸਮੇਤ ਕਈ ਪ੍ਰਾਚੀਨ ਸੰਸਕ੍ਰਿਤੀਆਂ ਸ਼ਾਸਤਰਾਂ ਅਤੇ ਦੰਦ-ਕਥਾਵਾਂ ਦੇ ਜ਼ਰੀਏ ਇਸ ਗੁਣ ਨੂੰ ਮਨ ’ਚ ਬਿਠਾਉਂਦੀਆਂ ਹਨ।
‘ਅਜਨਬੀਆਂ’ ਜਾਂ ਮਹਿਮਾਨਾਂ ਪ੍ਰਤੀ ਸਮਾਜਿਕ ਦ੍ਰਿਸ਼ਟੀਕੋਣ ’ਚ ਆਏ ਬਦਲਾਅ ਦੇ ਨਤੀਜੇ ਵਜੋਂ ਵਿਆਪਕ ਰੂਪ ’ਚ ਪ੍ਰਵਾਸੀ-ਵਿਰੋਧੀ ਭਾਵਨਾ, ਆਰਥਿਕ ਖੇਤਰਾਂ ’ਚ ਸਰਪ੍ਰਸਤੀਵਾਦ ਅਤੇ ਇਕ ਅਜਿਹਾ ਮਾਹੌਲ ਬਣਿਆ ਹੈ ਜਿੱਥੇ ਆਪਣੇ ‘ਗੁਆਂਢੀ’ ਨਾਲ ਨਫ਼ਰਤ ਕਰਨਾ ਆਮ ਗੱਲ ਹੁੰਦੀ ਜਾ ਰਹੀ ਹੈ।
ਦੂਜਿਆਂ ਨੂੰ ਬੇਗਾਨਾ ਬਣਾਉਣਾ ਉਹ ਨਹੀਂ ਹੈ ਜੋ ਦੂਜੇ ਲੋਕ ਕਰਦੇ ਹਨ, ਇਹ ਉਹ ਹੈ ਜੋ ਸਾਡੇ ’ਚੋਂ ਹਰ ਕੋਈ ਕਰਦਾ ਹੈ। ਜ਼ੇਨੀਆ ਮਹਿਮਾਨ ਅਤੇ ਮੇਜ਼ਬਾਨ ਦੋਵਾਂ ’ਤੇ ਜ਼ਿੰਮੇਵਾਰੀ ਪਾਉਂਦੀ ਹੈ। ਤੱਥ ਇਹ ਹੈ ਕਿ ਪ੍ਰਾਚੀਨ ਗ੍ਰੀਕ, ਨੌਰਸ, ਰੋਮਨ, ਯਹੂਦੀ, ਮਿਸਰਵਾਸੀ, ਫਾਰਸੀ ਅਤੇ ਭਾਰਤੀ ਸੁਤੰਤਰ ਰੂਪ ’ਚ ਇਕ ਸਮਾਨ ਨਿਯਮ ’ਤੇ ਪਹੁੰਚਣ, ਇਹ ਦਰਸਾਉਂਦਾ ਹੈ ਕਿ ਇਹ ਕੋਈ ਮਿਥਿਹਾਸ ਜਾਂ ਦੰਦ-ਕਥਾ ਨਹੀਂ, ਸਗੋਂ ਇਕ ਜ਼ਰੂਰੀ ਸਮਾਜਿਕ ਢਾਂਚਾ ਹੈ। ਸੋਸ਼ਲ ਮੀਡੀਆ ਅਤੇ ਇਸ ਦੇ ਸੌੜੇ ਵਿਚਾਰ-ਬੁਲਬੁਲੇ ਸਾਨੂੰ ਇਸ ਬਾਰੇ ਗ਼ਲਤ ਯਕੀਨਨਤਾ ਪ੍ਰਦਾਨ ਕਰਦੇ ਹਨ ਕਿ ਅਜਨਬੀ ਕੌਣ ਹੈ। ਇਹ ਇਕ ਭਰਮਾਊ ਵਿਸ਼ਵਾਸ ਹੈ ਜੋ ਇਹ ਨਾ ਜਾਣਨ ਦੇ ਬਿਲਕੁਲ ਉਲਟ ਹੈ ਕਿ ਅਜਨਬੀ ਕੌਣ ਹੈ।
ਜੇਕਰ ਕੋਈ ਇਤਿਹਾਸ ਦੇ ਇਤਿਹਾਸਕਾਰਾਂ ’ਤੇ ਵਿਸ਼ਵਾਸ ਕਰੇ, ਤਾਂ ਇਸ ਯੁੱਗ ਦੇ ਨੇਤਾ ਸਾਨੂੰ ਜਾਂ ਤਾਂ ਨਵੀਨੀਕਰਨ ਵੱਲ ਲੈ ਜਾਣਗੇ ਜਾਂ ਤਬਾਹੀ ਵੱਲ। ਇਕ ਸੰਭਾਵੀ ਰਸਤਾ ਸਿਰਫ਼ ਤਬਾਹੀ ਤੋਂ ਬਾਅਦ ਹੀ ਨਵੀਨੀਕਰਨ ਪ੍ਰਤੀਤ ਹੁੰਦਾ ਹੈ। ਸਾਡੇ ਸਮੇਂ ਦੇ ਪ੍ਰਚਲਿਤ ਪ੍ਰਾਚੀਨ ਗੁਰੂ, ਜਿਨ੍ਹਾਂ ਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੋਵਾਂ ਦੁਆਰਾ ਹਵਾਲਾ ਦਿੱਤਾ ਗਿਆ ਹੈ, ਉਹ ਥਿਊਸੀਡਾਈਡਜ਼ ਹਨ, ਜਿਨ੍ਹਾਂ ਦਾ ਪ੍ਰਸਿੱਧ ਕਥਨ ਮੇਲੀਅਨ ਸੰਵਾਦ ’ਚ ਅਨੁਵਾਦਿਤ ਹੁੰਦਾ ਹੈ— ‘ਸ਼ਕਤੀਸ਼ਾਲੀ ਉਹ ਕਰਦੇ ਹਨ ਜੋ ਉਹ ਕਰ ਸਕਦੇ ਹਨ ਅਤੇ ਕਮਜ਼ੋਰ ਉਹ ਸਹਿੰਦੇ ਹਨ ਜੋ ਉਨ੍ਹਾਂ ਨੂੰ ਸਹਿਣਾ ਪੈਂਦਾ ਹੈ।’ ਅਤਿਥੀ ਦੇਵੋ ਭਵ ਜਾਂ ਜ਼ੇਨੀਆ ਇਕ ਅਜਿਹਾ ਦਾਅਵਾ ਹੈ ਕਿ ਸ਼ਕਤੀਸ਼ਾਲੀ ਨੂੰ ਕਮਜ਼ੋਰਾਂ ਪ੍ਰਤੀ ਕੁਝ ਨਾ ਕੁਝ ਫ਼ਰਜ਼ ਨਿਭਾਉਣਾ ਚਾਹੀਦਾ ਹੈ ਕਿਉਂਕਿ ਸ਼ਕਤੀ ਅਸਮਾਨ ਹੈ।
ਮੇਜ਼ਬਾਨ ਸੁਰੱਖਿਅਤ ਹੈ ਅਤੇ ਯਾਤਰੀ ਬੇਵਸ ਹੈ ਅਤੇ ਮਹਿਮਾਨ-ਮੇਜ਼ਬਾਨ ਦੇ ਬੰਧਨ ’ਚ ਨਿਹਿਤ ਸਮਝੌਤਾ ਸ਼ਕਤੀਸ਼ਾਲੀ ਨੂੰ ਕਮਜ਼ੋਰਾਂ ਦਾ ਸ਼ੋਸ਼ਣ ਕਰਨ ਤੋਂ ਰੋਕਣਾ ਹੈ। ਦੁਨੀਆ ਭਰ ਦੇ ਗਣਰਾਜਾਂ ’ਚ, ਇਸ ਬੇਵਸੀ ਦੀ ਸੁਰੱਖਿਆ ਸੰਵਿਧਾਨ ਦੁਆਰਾ ਕੀਤੀ ਜਾਂਦੀ ਹੈ।
ਹਿਤੋਪਦੇਸ਼ ਅਨੁਸਾਰ, ‘ਜੇਕਰ ਕੋਈ ਮਹਿਮਾਨ ਕਿਸੇ ਘਰ ਤੋਂ ਨਿਰਾਸ਼ ਹੋ ਕੇ ਪਰਤਦਾ ਹੈ, ਤਾਂ ਉਹ ਆਪਣੇ ਬੁਰੇ ਕਰਮ ਮੇਜ਼ਬਾਨ ਨੂੰ ਤਬਦੀਲ ਕਰ ਦਿੰਦਾ ਹੈ ਅਤੇ ਮੇਜ਼ਬਾਨ ਦੇ ਸਾਰੇ ਇਕੱਠੇ ਕੀਤੇ ਪੁੰਨਾਂ ਨੂੰ ਆਪਣੇ ਨਾਲ ਲੈ ਜਾਂਦਾ ਹੈ।’
-ਨਾਰਾਇਣ ਰਾਮਚੰਦਰਨ
ਠੱਗੀ ਤੋਂ ਆਜ਼ਾਦੀ : ਹਰਿਆਣਾ ਨੇ ਕਿਵੇਂ ਬਣਾਇਆ ‘ਸਾਈਬਰ ਸੁਰੱਖਿਆ ਕਵਚ’
NEXT STORY