ਅੱਜਕੱਲ ਵਿਆਹ ਅਤੇ ਰਿਸ਼ਤਿਆਂ ਦਾ ਨਵਾਂ ਟ੍ਰੈਂਡ ਸੁਰਖੀਆ ’ਚ ਹੈ, ਜਿਸ ਨੂੰ ਓਪਨ ਮੈਰਿਜ ਭਾਵ ਖੁੱਲ੍ਹੇ ਵਿਆਹ ਦਾ ਨਾਂ ਦਿੱਤਾ ਜਾ ਰਿਹਾ ਹੈ। ਵਿਆਹ, ਜਿਸ ਨੂੰ ਆਮ ਤੌਰ ’ਤੇ ਸਮਰਪਣ ਅਤੇ ਭਰੋਸੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉਸ ’ਚ ਹੁਣ ਓਪਨ ਮੈਰਿਜ ਦੇ ਕਨਸੈਪਟ ਨੇ ਜ਼ਬਰਦਸਤ ਸੰਨ੍ਹ ਲਗਾ ਦਿੱਤੀ ਹੈ। ਪਹਿਲਾਂ ਇਹ ਟ੍ਰੈਂਡ ਉੱਚ ਸਮਾਜ ਅਤੇ ਬੜੇ ਅਮੀਰ ਲੋਕਾਂ ਤੱਕ ਹੀ ਸੀਮਤ ਸੀ ਪਰ ਅੱਜਕੱਲ ਦਰਮਿਆਨੇ ਵਰਗ ਦੇ ਲੋਕ ਵੀ ਇਸ ਨੂੰ ਅਪਣਾ ਰਹੇ ਹਨ।
ਸਮਾਜ ਵਿਗਿਆਨੀ ਕਹਿੰਦੇ ਹਨ ਕਿ ਓਪਨ ਮੈਰਿਜ ਨਾਨ-ਮੋਨੋਗੈਮੀ ਭਾਵ ਇਕ ਤੋਂ ਵੱਧ ਲਾਈਫ ਪਾਰਟਨਰ ਦੇ ਰਿਵਾਜ ਦਾ ਹੀ ਇਕ ਰੂਪ ਹੈ ਜਿਸ ’ਚ ਜੋੜੇ ਇਸ ਗੱਲ ’ਤੇ ਸਹਿਮਤ ਹੁੰਦੇ ਹਨ ਕਿ ਕੋਈ ਵੀ ਵਿਆਹ ਦੇ ਬਾਅਦ ਵੀ ਬਾਹਰ ਸੰਬੰਧ ਰੱਖ ਸਕਦਾ ਹੈ, ਇਸ ਨੂੰ ਬੇਵਫਾਈ ਨਹੀਂ ਕਹਿ ਸਕਦਾ ਪਰ ਦੋਵਾਂ ਦੀ ਸਹਿਮਤੀ ਦੇ ਨਾਲ। ਇਸ ਨਾਲ ਦੋਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਔਖ ਨਹੀਂ ਹੋਵੇਗੀ ਭਾਵ ਪਤੀ ਆਪਣੇ ਲਈ ਤਾਂ ਗਰਲਫ੍ਰੈਂਡ ਰੱਖ ਸਕਦਾ ਹੈ, ਉਧਰ ਪਤਨੀ ਵੀ ਪ੍ਰਵਾਨਗੀ ਨਾਲ ਬੁਆਏਫ੍ਰੈਂਡ ਰੱਖ ਸਕਦੀ ਹੈ।
ਅਜਿਹੇ ’ਚ ਕਪਲ ਦਾ ਪ੍ਰੇਮ ਸੰਬੰਧ ਘਰ ਦੇ ਬਾਹਰ ਵੀ ਬਿਨਾਂ ਕਿਸੇ ਰੋਕ-ਟੋਕ ਦੇ ਬਣਿਆ ਰਹਿੰਦਾ ਹੈ। ਓਪਨ ਮੈਰਿਜ ਇਕ ਅਜਿਹਾ ਵਿਆਹੁਤਾ ਸੰਬੰਧ ਹੈ ਜਿਸ ’ਚ ਪਤੀ-ਪਤਨੀ ਦੀ ਸਹਿਮਤੀ ਨਾਲ ਵਿਆਹ ਦੇ ਬਾਅਦ ਵੀ ਹੋਰ ਰੋਮਾਂਟਿਕ ਜਾਂ ਸਰੀਰਕ ਸੰਬੰਧ ਬਣਾਏ ਜਾ ਸਕਦੇ ਹਨ।
ਇਸਦਾ ਭਾਵ ਇਹ ਹੈ ਕਿ ਦੋਵੇਂ ਪਾਰਟਨਰ ਆਪਣੇ ਵਿਆਹ ਦੇ ਬਾਅਦ ਕਿਸੇ ਹੋਰ ਦੇ ਨਾਲ ਵੀ ਰਿਸ਼ਤੇ ’ਚ ਆ ਸਕਦੇ ਹਨ, ਬਸ਼ਰਤੇ ਇਸ ’ਚ ਦੋਵਾਂ ਦੀ ਆਪਸੀ ਸਹਿਮਤੀ ਹੋਵੇ। ਇਸ ਤਰ੍ਹਾਂ ਦੇ ਰਿਸ਼ਤੇ ’ਚ ਫਿਜ਼ੀਕਲ ਜਾਂ ਭਾਵਨਾਤਮਕ ਜੁੜਾਅ ਹੋ ਸਕਦਾ ਹੈ, ਪਰ ਇਹ ਰਵਾਇਤੀ ਵਿਆਹ ਦੀ ਪਰਿਭਾਸ਼ਾ ਨਾਲੋਂ ਅਲੱਗ ਹੁੰਦਾ ਹੈ।
ਇਸਦੇ ਨਾਲ ਹੀ ਇਕ ਮਿਲਦਾ-ਜੁਲਦਾ ਨਾਂ ਵੀ ਚਰਚਾ ’ਚ ਹੈ ਜਿਸ ਨੂੰ ਪਾਲੀਏਮੋਰੀ ਕਹਿੰਦੇ ਹਨ। ਮਨੋਵਿਗਿਆਨ ਦੱਸਦਾ ਹੈ ਕਿ ਪਾਲੀਏਮੋਰੀ ਅਤੇ ਓਪਨ ਮੈਰਿਜ ’ਚ ਫਰਕ ਹੈ। ਪਾਲੀਏਮੋਰੀ ’ਚ ਇਕ ਵਿਅਕਤੀ ਕਈ ਵਿਅਕਤੀਆਂ ਨਾਲ ਰੋਮਾਂਟਿਕ ਅਤੇ ਭਾਵਨਾਤਮਕ ਸੰਬੰਧ ਰੱਖ ਸਕਦਾ ਹੈ ਅਤੇ ਇਹ ਫਿਜ਼ੀਕਲ ਰਿਸ਼ਤੇ ਤੋਂ ਪਹਿਲਾਂ ਭਾਵਨਾਤਮਕ ਜੁੜਾਅ ’ਤੇ ਵੱਧ ਧਿਆਨ ਦਿੰਦਾ ਹੈ।
ਉਧਰ, ਓਪਨ ਮੈਰਿਜ ਦਾ ਫੋਕਸ ਜ਼ਿਆਦਾਤਰ ਫਿਜ਼ੀਕਲ ਰਿਲੇਸ਼ਨਸ਼ਿਪ ’ਤੇ ਹੁੰਦਾ ਹੈ, ਜਿਸ ’ਚ ਭਾਵਨਾਤਮਕ ਜੁੜਾਅ ਹੋ ਵੀ ਸਕਦਾ ਹੈ ਅਤੇ ਨਹੀਂ ਵੀ। ਓਪਨ ਮੈਰਿਜ ’ਚ ਇਹ ਮਹੱਤਵਪੂਰਨ ਹੈ ਕਿ ਦੋਵਾਂ ਪਾਰਟਰਨਰਜ਼ ’ਚ ਵੀ ਸਹਿਮਤੀ ਹੋਵੇ ਅਤੇ ਦੋਵੇਂ ਇਕ-ਦੂਜੇ ਦੇ ਫੈਸਲਿਆਂ ਦਾ ਸਨਮਾਨ ਕਰਨ।
ਜਿਵੇਂ ਇਕ ਆਮ ਵਿਆਹ ਲਈ ਸਮਰਪਣ ਅਤੇ ਸਿਆਣਪ ਦੀ ਲੋੜ ਹੁੰਦੀ ਹੈ, ਉਵੇਂ ਹੀ ਓਪਨ ਮੈਰਿਜ ਲਈ ਕੁਝ ਖਾਸ ਨਿਯਮ ਅਤੇ ਹੱਦਾਂ ਹੁੰਦੀਆਂ ਹਨ। ਹਰ ਕਿਸੇ ਲਈ ਇਹ ਕਨਸੈਪਟ ਢੁੱਕਵਾਂ ਨਹੀਂ ਹੋ ਸਕਦਾ ਹੈ। ਇਸ ਦੇ ਫਾਇਦੇ ਅਤੇ ਨੁਕਸਾਨ ਹਨ, ਜਿਨ੍ਹਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਰਿਸ਼ਤੇ ’ਚ ਦਾਖਲ ਹੋਣ ਤੋਂ ਪਹਿਲਾਂ ਦੋਵਾਂ ਪਾਰਟਨਰਜ਼ ਨੂੰ ਇਸ ਦੇ ਸਾਰੇ ਪਹਿਲੂਆਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਰਿਸ਼ਤੇ ’ਚ ਭਾਵਨਾਤਮਕ ਸਥਿਰਤਾ ਅਤੇ ਮਾਨਸਿਕ ਸੰਤੁਲਨ ਦਾ ਹੋਣਾ ਬੜਾ ਜ਼ਰੂਰੀ ਹੈ। ਜੇਕਰ ਕੋਈ ਵਿਅਕਤੀ ਇਸ ਰਿਸ਼ਤੇ ਲਈ ਮਾਨਸਿਕ ਤੌਰ ’ਤੇ ਤਿਆਰ ਨਹੀਂ ਹੈ ਤਾਂ ਇਹ ਰਿਸ਼ਤੇ ’ਚ ਸਮੱਸਿਆ ਦਾ ਕਾਰਨ ਬਣ ਸਕਦਾ ਹੈ।
ਭਾਰਤ ’ਚ, ਖਾਸ ਕਰਕੇ ਸ਼ਹਿਰੀ ਇਲਾਕੇ ’ਚ ਓਪਨ ਮੈਰਿਜ ਹੌਲੀ-ਹੌਲੀ ਇਕ ਪ੍ਰਸਿੱਧ ਬਦਲ ਬਣਦੀ ਜਾ ਰਹੀ ਹੈ, ਹਾਲਾਂਕਿ, ਇਸ ਨੂੰ ਜਨਤਕ ਤੌਰ ’ਤੇ ਪ੍ਰਵਾਨ ਕਰਨ ਵਾਲਿਆਂ ਦੀ ਗਿਣਤੀ ਅਜੇ ਵੀ ਬੜੀ ਘੱਟ ਹੈ।
ਇਕ ਸਰਵੇਖਣ ਅਨੁਸਾਰ, ਭਾਰਤ ’ਚ ਲਗਭਗ 3 ਮਿਲੀਅਨ (30 ਲੱਖ) ਲੋਕ ਗਲੀਡੇਨ ਨਾਂ ਦੇ ਐਕਸਟ੍ਰਾ ਮੈਰੀਟਲ ਡੇਟਿੰਗ ਐਪ ਦੀ ਵਰਤੋਂ ਕਰ ਰਹੇ ਹਨ। ਇਹ ਐਪ ਉਨ੍ਹਾਂ ਵਿਆਹੇ ਹੋਏ ਲੋਕਾਂ ਲਈ ਹੈ ਜੋ ਬਿਨਾਂ ਕਿਸੇ ਝੂਠ ਦੇ ਆਪਣੇ ਵਿਆਹ ਦੇ ਬਾਅਦ ਨਵੇਂ ਿਰਸ਼ਤੇ ਦੀ ਭਾਲ ਕਰ ਰਹੇ ਹਨ।
ਇਸ ਦੇ ਇਲਾਵਾ, ਇਕ ਹੋਰ ਸਰਵੇ ਅਨੁਸਾਰ 60 ਫੀਸਦੀ ਸਿੰਗਲ ਭਾਰਤੀ ਇਸ ਗੱਲ ਨਾਲ ਸਹਿਮਤ ਹਨ ਕਿ ਓਪਨ ਮੈਰਿਜ ਅਤੇ ਪਾਲੀਏਮੋਰੀ ਵਰਗੇ ਸੰਬੰਧ ਭਵਿੱਖ ’ਚ ਉਨ੍ਹਾਂ ਲਈ ਇਕ ਬਦਲ ਹੋ ਸਕਦੇ ਹਨ।
ਜਿਵੇਂ ਕਿ ਹਰ ਰਿਸ਼ਤੇ ਦੇ ਕੁਝ ਫਾਇਦੇ ਅਤੇ ਨੁਕਸਾਨ ਹੁੰਦੇ ਹਨ, ਉਵੇਂ ਹੀ ਓਪਨ ਮੈਰਿਜ ’ਚ ਵੀ ਦੋਵੇਂ ਪਹਿਲੂ ਹਨ। ਮਨੋਵਿਗਿਆਨੀ ਓਪਨ ਮੈਰਿਜ ਬਾਰੇ ਦੱਸਦੇ ਹਨ ਕਿ ਇਸ ’ਚ ਪਾਰਟਨਰਜ਼ ਨੂੰ ਇਕ-ਦੂਜੇ ਨਾਲ ਖੁੱਲ੍ਹ ਕੇ ਆਪਣੀਆਂ ਇੱਛਾਵਾਂ ਨੂੰ ਸਾਂਝਾ ਕਰਨ ਦਾ ਮੌਕਾ ਮਿਲਦਾ ਹੈ।
ਜੇਕਰ ਰਿਸ਼ਤੇ ’ਚ ਕੋਈ ਇਕ ਪਾਰਟਨਰ ਸੰਤੁਸ਼ਟ ਨਹੀਂ ਹੈ, ਤਾਂ ਉਸ ਨੂੰ ਰਿਸ਼ਤੇ ਤੋਂ ਬਾਹਰ ਤਸੱਲੀ ਹਾਸਲ ਕਰਨ ਦਾ ਬਦਲ ਮਿਲਦਾ ਹੈ। ਕਈ ਵਾਰ ਪਾਰਟਨਰ ਇਸ ਰਿਸ਼ਤੇ ’ਚ ਭਾਵਨਾਤਮਕ ਤੌਰ ’ਤੇ ਅਸਥਿਰ ਹੋ ਸਕਦੇ ਹਨ।
ਓਪਨ ਮੈਰਿਜ ’ਚ ਰਿਸ਼ਤਾ ਭਾਵੇਂ ਕਿੰਨਾ ਵੀ ਖਿੱਚ ਭਰਪੂਰ ਕਿਉਂ ਨਾ ਜਾਪਦਾ ਹੋਵੇ, ਪਰ ਹਮੇਸ਼ਾ ਕੁਝ ਗੱਲਾਂ ਦਾ ਡਰ ਲੱਗਦਾ ਹੈ, ਜਿਵੇਂ-ਜੇਕਰ ਇਮੋਸ਼ਨਲ ਅਟੈਚਮੈਂਟ ਹੋ ਜਾਵੇ ਤਾਂ ਆਪਣੇ ਮਨ ਨੂੰ ਕਿਵੇਂ ਮਨਾਈਏ। ਕਈ ਵਾਰ ਤਾਂ ਸਮਾਜ ਦੇ ਸਾਹਮਣੇ ਸੱਚ ਦਾ ਖੌਫ ਪੈਦਾ ਹੋ ਜਾਂਦਾ ਹੈ। ਇਸ ਨਾਲ ਇੱਛਾ ਅਤੇ ਮਾਨਸਿਕ ਦਬਾਅ ਦਾ ਖਤਰਾ ਵਧਦਾ ਹੈ, ਜੋ ਦਿਮਾਗ ਲਈ ਬਿਲਕੁੱਲ ਵੀ ਚੰਗਾ ਨਹੀਂ। ਬਿਹਤਰ ਹੈ ਕਿ ਇਸ ’ਚ ਦਾਖਲ ਹੋਣ ਤੋਂ ਪਹਿਲਾਂ ਦੋਵੇਂ ਪਾਰਟਰਨਜ਼ ਪੂਰੀ ਤਰ੍ਹਾਂ ਨਾਲ ਮਾਨਸਿਕ ਤੌਰ ’ਤੇ ਤਿਆਰ ਹੋਣ ਅਤੇ ਰਿਸ਼ਤੇ ਦੇ ਸਾਰੇ ਪਹਿਲੂਆਂ ਨੂੰ ਸਮਝਣ।
ਦੇਸ਼ ਦੇ ਰਵਾਇਤੀ ਸਮਾਜ ’ਚ ਅਜਿਹੇ ਗੈਰ-ਰਵਾਇਤੀ ਰਿਸ਼ਤੇ ਨੂੰ ਅਜੇ ਸਮਾਜਿਕ ਪ੍ਰਵਾਨਗੀ ਨਹੀਂ ਮਿਲ ਸਕਦੀ ਹੈ ਕਿਉਂਕਿ ਓਪਨ ਮੈਰਿਜ ਉਲਟ ਲਿੰਗਾਂ ਦੇ ਦਰਮਿਆਨ ਇਕ ਅਜਿਹੀ ਖਿੱਚ ਹੈ ਜੋ ਰਵਾਇਤੀ ਵਿਆਹ ਦੀ ਧਾਰਨਾ ਨਾਲੋਂ ਕਾਫੀ ਵੱਖਰੀ ਹੈ।
ਡਾ. ਵਰਿੰਦਰ ਭਾਟੀਆ
ਡਿਪੋਰਟ ਦੀ ਪੀੜ ਨਾਲ ਜੂਝਦਾ ਅੰਤਰਮਨ
NEXT STORY