ਆਪਣੀਆਂ ਖੁਸ਼ਹਾਲ ਪ੍ਰੰਪਰਾਵਾਂ, ਮਹਿਮਾਨਨਿਵਾਜ਼ੀ ਤੇ ਭਰਪੂਰ ਖੁਰਾਕ ਸਮਰੱਥਾ ਲਈ ਪ੍ਰਸਿੱਧ ਪੰਜਾਬ ਬੀਤੇ ਕਈ ਸਾਲਾਂ ਤੋਂ ਨਸ਼ੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਸਰਕਾਰਾਂ ਬਦਲੀਆਂ ਪਰ ਸਥਿਤੀ ਬਦ ਤੋਂ ਬਦਤਰ ਹੁੰਦੀ ਚਲੀ ਗਈ। ਫਿਲਹਾਲ, ਆਲਮ ਇਹ ਹੈ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਵੱਲੋਂ ਜਾਰੀ ਅੰਕੜੇ ਕਹਿੰਦੇ ਹਨ, ਬੀਤੇ ਡੇਢ ਸਾਲ ’ਚ 310 ਲੋਕ ਨਸ਼ੇ ਦੇ ਕਾਰਨ ਬੇਮੌਤ ਮਾਰੇ ਗਏ। ਇਕੱਲੇ ਮਾਲਵਾ ਖੇਤਰ ’ਚ 222 ਮੌਤਾਂ ਦਰਜ ਕੀਤੀਆਂ ਗਈਆਂ ਜੋ ਕਿ ਸੂਬੇ ’ਚ ਸਭ ਤੋਂ ਵੱਧ ਰਹੀਆਂ।
ਇਸ ਸੰਦਰਭ ’ਚ ਮੋਗਾ, ਫਿਰੋਜ਼ਪੁਰ, ਲੁਧਿਆਣਾ ਅਤੇ ਬਠਿੰਡਾ ਅਤਿ ਸੰਵੇਦਨਸ਼ੀਲ ਖੇਤਰਾਂ ’ਚ ਆਉਂਦੇ ਹਨ। 2022-23 ਦਰਮਿਆਨ ਇਨ੍ਹਾਂ ਚਾਰ ਜ਼ਿਲਿਆਂ ’ਚ ਨਸ਼ੇ ਕਾਰਨ 235 ਲੋਕਾਂ ਨੂੰ ਜਾਨ ਗਵਾਉਣੀ ਪਈ। ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਦੇ ਹਾਲਾਤ ਵੀ ਚੰਗੇ ਨਹੀਂ ਕਹੇ ਜਾ ਸਕਦੇ। ਹਾਲ ਹੀ ’ਚ ਅੰਮ੍ਰਿਤਸਰ, ਤਰਨਤਾਰਨ ਅਤੇ ਜਲੰਧਰ ਨਾਲ ਸਬੰਧਤ 12 ਤੋਂ ਵੱਧ ਨੌਜਵਾਨਾਂ ਨੂੰ ਨਸ਼ੇ ਦੀ ਆਦਤ ਨੇ ਖਾ ਲਿਆ। ਬੀਤੇ 20 ਮਹੀਨਿਆਂ ਦੌਰਾਨ ਸੂਬੇ ’ਚ 210 ਲੋਕ ਨਸ਼ਿਆਂ ਕਾਰਨ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।
2017 ਤੋਂ 2021 ਦੌਰਾਨ ਮ੍ਰਿਤਕਾਂ ’ਚ ਸ਼ਾਮਲ 136 ਲੋਕ 18 ਤੋਂ 30 ਉਮਰ ਵਰਗ ਦਰਮਿਆਨ ਆਉਂਦੇ ਹਨ। 3 ਮੌਤ ਦੇ ਮਾਮਲਿਆਂ ’ਚ ਤਾਂ ਨਸ਼ਾ ਕਰਨ ਵਾਲਿਆਂ ਦੀ ਉਮਰ ਸਿਰਫ 14 ਤੋਂ 18 ਸਾਲ ਦਰਮਿਆਨ ਰਹੀ। ਰਿਪੋਰਟ ਮੁਤਾਬਕ, ਸੂਬੇ ’ਚ ਔਸਤਨ ਹਰ ਦੂਜੇ ਦਿਨ ਨਸ਼ੇ ਨਾਲ ਇਕ ਮੌਤ ਹੋ ਰਹੀ ਹੈ। ਪਿਛਲੇ 7 ਸਾਲਾਂ ਦੌਰਾਨ ਪੰਜਾਬ ’ਚ ਨਸ਼ੇ ਕਾਰਨ ਕੁਲ 544 ਮੌਤਾਂ ਦਰਜ ਕੀਤੀਆਂ ਗਈਆਂ। ਹਾਲਾਂਕਿ ਕਈ ਮਾਮਲਿਆਂ ’ਚ ਜਾਣਕਾਰੀ ਹਾਸਲ ਨਾ ਹੋਣ ਦਾ ਖਦਸ਼ਾ ਹੈ।
ਪੁਲਸ ਸੂਤਰਾਂ ਦੀ ਮੰਨੀਏ ਤਾਂ ਵਰਤਮਾਨ ’ਚ ਸੂਬੇ ਦੇ 25 ਲੱਖ ਤੋਂ ਵੱਧ ਲੋਕ ਨਸ਼ੇ ਦੀ ਲਪੇਟ ’ਚ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ, ਪੁਲਸ ਵਿਭਾਗ ਨੇ ਨਸ਼ਿਆਂ ਵਿਰੁੱਧ ਵਿਆਪਕ ਮੁਹਿੰਮ ਚਲਾਉਣ ਦੇ ਐਲਾਨ ਕੀਤੇ ਹਨ। ਸੂਚਨਾ ਮੁਤਾਬਕ 14,998 ਤੋਂ ਵੱਧ ਲੋਕਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਕੋਲੋਂ 11382,25 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਣ ਦੀਆਂ ਖਬਰਾਂ ਵੀ ਪ੍ਰਕਾਸ਼ ’ਚ ਆਈਆਂ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਐੱਸ. ਟੀ. ਐੱਫ. ਦਾ ਗਠਨ ਕਰਨ ਸਮੇਤ ਹਰ 10 ਕਿਲੋਮੀਟਰ ਦੀ ਦੂਰੀ ’ਤੇ ਇਕ ਨਸ਼ਾ ਮੁਕਤੀ ਕੇਂਦਰ ਸਥਾਪਿਤ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਰਿਲੀਜ਼ ਮੁਤਾਬਕ, ਸੂਬੇ ’ਚ 208 ਨਸ਼ਾ ਮੁਕਤੀ ਕੇਂਦਰ ਹਨ ਜਦਕਿ 16 ਕੇਂਦਰ ਜੇਲਾਂ ’ਚ ਸੰਚਾਲਿਤ ਹਨ।
ਬਿਨਾਂ ਸ਼ੱਕ, ਨਸ਼ਾ ਛੁਡਾਉਣ ਦੇ ਦ੍ਰਿਸ਼ਟੀਗਤ ਪੰਜਾਬ ਸਰਕਾਰ ਤੇ ਪੁਲਸ ਦੇ ਸਮੂਹਿਕ ਯਤਨ ਸ਼ਲਾਘਾਯੋਗ ਹਨ, ਕੇਂਦਰ ਸਰਕਾਰ ਦੀ ਹਮਾਇਤ ’ਚ ਮੁਹਿੰਮ ਵੱਧ ਮਜ਼ਬੂਤ ਹੋਣ ਦੀ ਆਸ ਵੀ ਬਲਵਾਨ ਹੋਈ ਹੈ ਪਰ ਬਾਵਜੂਦ ਇਸ ਦੇ ਅਸੀਂ ਸਤਹੀ ਸਥਿਤੀ ਤੋਂ ਕਦੀ ਵੀ ਮੂੰਹ ਨਹੀਂ ਮੋੜ ਸਕਦੇ। ਇਸ ਸੰਦਰਭ ’ਚ ਰੋਜ਼ਾਨਾ ਪ੍ਰਕਾਸ਼ਿਤ ਹੋਣ ਵਾਲੀਆਂ ਖਬਰਾਂ ਦਿਲ ਨੂੰ ਪ੍ਰੇਸ਼ਾਨ ਕਰ ਦਿੰਦੀਆਂ ਹਨ। ਨਸ਼ਾ ਕਰਨ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਖੁਦ ਹੀ ਮੌਜੂਦਾ ਹਾਲਾਤ ਦਾ ਕੌੜਾ ਸੱਚ ਬਿਆਨ ਕਰ ਦਿੰਦੀਆਂ ਹਨ ਕਿ ਸਮੱਸਿਆ ਦੀ ਭਿਆਨਕਤਾ ਦੇ ਮੱਦੇਨਜ਼ਰ ਵਿਵਸਥਾਤਮਕ ਯਤਨ ਨਾਕਾਫੀ ਹਨ।
ਦਰਅਸਲ, ਪੰਜਾਬ ਦਾ ਸਰਹੱਦੀ ਖੇਤਰ ਹੋਣਾ ਵੀ ਨਸ਼ੇ ਦੀ ਬਹੁਤਾਤ ’ਚ ਇਕ ਮੁੱਖ ਕਾਰਨ ਹੈ। ਕੌਮਾਂਤਰੀ ਪੱਧਰ ’ਤੇ ‘ਗੋਲਡਨ ਕ੍ਰੇਸੇਟ’ ਨਾਂ ਨਾਲ ਸਰਗਰਮ ਨਸ਼ੇ ਦਾ ਸਭ ਤੋਂ ਵੱਡਾ ਸਰੋਤ ਵਿਵਸਥਾਤਮਕ ਖਾਮੀਆਂ ਕਾਰਨ ਪੰਜਾਬ ਤਕ ਆਪਣੀ ਗੈਰ-ਕਾਨੂੰਨੀ ਪਹੁੰਚ ਬਣਾਉਣ ’ਚ ਕਾਮਯਾਬ ਹੋ ਜਾਂਦਾ ਹੈ। ਇਸ ਦੀ ਸਭ ਤੋਂ ਵੱਡੀ ਖੇਪ ਈਰਾਨ, ਅਫਗਾਨਿਸਤਾਨ, ਪਾਕਿਸਤਾਨ ਵਰਗੇ ਗੁਆਂਢੀ ਦੇਸ਼ਾਂ ਤੋਂ ਆਉਂਦੀ ਹੈ।
ਸਮੁੰਦਰੀ ਮਾਰਗਾਂ ਅਤੇ ਗੁਆਂਢੀ ਸੂਬਿਆਂ ਰਾਹੀਂ ਆਇਆ ਨਸ਼ਾ ਵੀ ਰਿਸ਼ਵਤਖੋਰੀ ਦੀ ਛਤਰ-ਛਾਇਆ ਹੇਠ ਪੰਜਾਬ ਦੀਆਂ ਸਰਹੱਦਾਂ ਨੂੰ ਸਫਲਤਾਪੂਰਵਕ ਪਾਰ ਕਰ ਲੈਂਦਾ ਹੈ। ਭਾਰੀ ਮੰਗ ਕਾਰਨ ਪੰਜਾਬ ’ਚ ਸਰਗਰਮ ਸਮੱਗਲਰ ਗਰੁੱਪ ਸਿਆਸੀ ਸਰਪ੍ਰਸਤੀ ਜਾਂ ਭ੍ਰਿਸ਼ਟਾਚਾਰ ਨਾਲ ਇਸ ਸਪਲਾਈ ਚੇਨ ਨੂੰ ਟੁੱਟਣ ਹੀ ਨਹੀਂ ਦਿੰਦੇ। ਸੂਬੇ ’ਚ ਫੈਲਦੇ ਸਿੰਥੈਟਿਕ ਡਰੱਗ ਨਿਰਮਾਣ ਦੇ ਨਾਜਾਇਜ਼ ਧੰਦਿਆਂ ਨਾਲ ਹਾਲਾਤ ਹੋਰ ਵੀ ਔਖੇ ਹੁੰਦੇ ਜਾ ਰਹੇ ਹਨ।
ਯਕੀਨੀ ਹੀ ਇਹ ਤ੍ਰਾਸਦੀ ਦਾ ਵਿਸ਼ਾ ਹੈ ਕਿ ਮੁਹਿੰਮ ਸਰਗਰਮ ਹੋਣ ਦੇ ਬਾਵਜੂਦ ਵਧੇਰੇ ਛੋਟੀਆਂ ਮੱਛੀਆਂ ਦੀ ਪਕੜ ’ਚ ਆਉਂਦੀਆਂ ਹਨ ਜਦਕਿ ਅਸਲ ਦੋਸ਼ੀ ਸਾਫ ਬਚ ਨਿਕਲਦੇ ਹਨ। ਸਰਕਾਰਾਂ ਬਦਲਣ ਦੇ ਬਾਵਜੂਦ ਜੇ ਹਾਲਾਤ ਪਹਿਲਾਂ ਵਾਂਗ ਬਣੇ ਰਹਿਣ ਤਾਂ ਇਸ ’ਚ ਕਾਫੀ ਹੱਦ ਤਕ ਦੋਸ਼ ਭ੍ਰਿਸ਼ਟਾਚਾਰ, ਸਿਆਸੀ ਸਰਪ੍ਰਸਤੀ ਅਤੇ ਫਰਜ਼ ਦੀ ਅਣਗਹਿਲੀ ਨੂੰ ਦਿੱਤਾ ਜਾ ਸਕਦਾ ਹੈ ਪਰ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਨਿੱਜੀ ਜ਼ਿੰਮੇਵਾਰੀ ਤੋਂ ਅਸੀਂ ਬਿਲਕੁਲ ਵੀ ਪੱਲਾ ਨਹੀਂ ਝਾੜ ਸਕਦੇ।
ਆਮ ਦੇਖਣ ’ਚ ਆਇਆ, ਜਿਸ ਪਰਿਵਾਰ ਦਾ ਕੋਈ ਮੈਂਬਰ ਨਸ਼ੇ ’ਚ ਸ਼ਾਮਲ ਹੈ, ਉੱਥੇ ਭਾਵੀ ਪੀੜ੍ਹੀਆਂ ਦੇ ਨਸ਼ਾਗ੍ਰਸਤ ਹੋਣ ਦੀਆਂ ਸੰਭਾਵਨਾਵਾਂ ਤੇਜ਼ ਹੋ ਜਾਂਦੀਆਂ ਹਨ। ਉਚਿਤ ਮਾਰਗਦਰਸ਼ਨ ਦੀ ਘਾਟ ’ਚ ਉਹ ਗੁੰਮਰਾਹ ਹੋ ਕੇ ਸਮੁੱਚੇ ਸਮਾਜ ਲਈ ਭਿਆਨਕ ਸਿੱਧ ਹੁੰਦਾ ਹੈ। ਅਖਬਾਰ ਅਕਸਰ ਅਜਿਹੇ ਮਾਮਲੇ ਉਜਾਗਰ ਕਰਦੇ ਹਨ ਜਿੱਥੇ ਨਸ਼ੇ ਦੀ ਆਦਤ ਪੂਰੀ ਕਰਨ ਲਈ ਨਾ ਸਿਰਫ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਸਗੋਂ ਘਰ ਦੇ ਦਰਵਾਜ਼ੇ ਤਕ ਵੇਚ ਦਿੱਤੇ ਗਏ। ਇਹੀ ਨਹੀਂ ਸਮਾਜ ’ਚ ਚੋਰੀ-ਚੱਕਾਰੀ, ਲੁੱਟ-ਖੋਹ ਤੋਂ ਲੈ ਕੇ ਹਿੰਸਕ ਵਾਰਦਾਤਾਂ ਤਕ ਨੂੰ ਅੰਜਾਮ ਦਿੱਤਾ ਗਿਆ।
ਅਸਲ ’ਚ ਨਸ਼ੇ ਦੀ ਆਦਤ ਮਾਨਸਿਕ ਬੀਮਾਰੀ ਤੋਂ ਵੱਧ ਕੁਝ ਨਹੀਂ। ਸਮਾਜ, ਪਰਿਵਾਰ ਅਤੇ ਡਾਕਟਰ ਦੇ ਲੋੜੀਂਦੇ ਸਹਿਯੋਗ ਨਾਲ ਰੋਗੀ ਦੀ ਇੱਛਾ ਸ਼ਕਤੀ ਨੂੰ ਮਜ਼ਬੂਤ ਬਣਾਇਆ ਜਾਵੇ ਤਾਂ ਯਕੀਨੀ ਹੀ ਨਸ਼ੇ ਦੇ ਭੈੜੇ ਚੱਕਰ ’ਚੋਂ ਬਾਹਰ ਨਿਕਲਿਆ ਜਾ ਸਕਦਾ ਹੈ। ਪੰਜਾਬ ਦੇ ਹੀ ਕੁਝ ਪਿੰਡ ਇਸ ਸੰਦਰਭ ’ਚ ਅਨੁਕਰਣੀ ਉਦਾਹਰਣਾਂ ਹਨ ਜਿੱਥੇ ਿਪੰਡ ਵਾਸੀਆਂ ਨੇ ਪਿੰਡ ਨੂੰ ਨਸ਼ਾਮੁਕਤ ਬਣਾਉਣ ਦਾ ਬੀੜਾ ਉਠਾਇਆ ਅਤੇ ਇਸ ’ਚ ਸਫਲ ਵੀ ਹੋਏ। ਮਹਿਜ਼ ਟੀਮ ਬਣਾ ਕੇ, ਜਬਰੀ ਨਸ਼ਾ ਮੁਕਤੀ ਕੇਂਦਰ ਪਹੁੰਚਾ ਦੇਣ ਨਾਲ ਇੱਛੁਕ ਨਤੀਜੇ ਆਉਣ ਦੀ ੳੁਮੀਦ ਰੱਖਣਾ ਨਿਰਾਧਾਰ ਹੈ। ਪੱਧਰੀ ਯਤਨਾਂ ਦੇ ਬਾਵਜੂਦ ਅੰਕੜਿਆਂ ’ਚ ਕਮੀ ਨਾ ਆ ਸਕਣਾ ਇਹ ਇਕ ਵਿਚਾਰਨਯੋਗ ਤੱਥ ਹੈ।
ਸਮੱਸਿਆ ਦੇ ਸਿਆਸੀਕਰਨ ਦੀ ਬਜਾਏ ਇਸ ਦੇ ਸਮੁੱਚੇ ਵਿਨਾਸ਼ ਲਈ ਪ੍ਰਭਾਵੀ ਰਣਨੀਤੀਆਂ ਬਣਨ ਤਾਂ ਬਿਨਾਂ ਸ਼ੱਕ ਨਸ਼ੇ ਦੇ ਇਸ ਪੈਦਾ ਹੋਏ ਆਬ ਨੂੰ ਕਾਬੂ ਕੀਤਾ ਜਾ ਸਕਦਾ ਹੈ। ਬੇਕਾਰ ਬੈਠੇ ਨੌਜਵਾਨਾਂ ਦੀ ਊਰਜਾ ਨੂੰ ਢੁੱਕਵੇਂ ਰੋਜ਼ਗਾਰ ’ਚ ਵਿਵਸਥਿਤ ਕਰ ਦਿੱਤਾ ਜਾਵੇ ਤਾਂ ਜਿੱਥੇ ਰੁੱਝੇ ਰਹਿਣ ਕਾਰਨ ਨਸ਼ੇ ਦੇ ਪ੍ਰਤੀ ਉਨ੍ਹਾਂ ਦਾ ਰੁਝਾਨ ਘੱਟ ਹੋਵੇਗਾ, ਉੱਥੇ ਸੂਬੇ ਦੀ ਬਿਹਤਰੀ ਲਈ ਨਵੇਂ ਮੌਕੇ ਵੀ ਪੈਦਾ ਹੋਣਗੇ। ਹਰ ਸਮੱਸਿਆ ਦਾ ਹੱਲ ਸੰਭਵ ਹੈ। ਆਸ ਹੈ ਤਾਂ ਪਰਿਵਾਰ, ਸਮਾਜ ਤੇ ਵਿਵਸਥਾ ਦੇ ਆਪਸੀ ਸਹਿਯੋਗ ਦੀ।
ਦੀਪਿਕਾ ਅਰੋੜਾ
ਮਾਨ ਸਰਕਾਰ ਵੱਲੋਂ ਸਨਅਤਾਂ ਦੇ ਵਿਸਥਾਰ ਲਈ ਕਈ ਯਤਨ ਸ਼ੁਰੂ
NEXT STORY