ਜਦੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਦੇਖਿਆ ਕਿ ਭਾਰਤ ਵਿਰੁੱਧ ਸਾਰੇ ਹੱਥਕੰਡੇ ਅਜ਼ਮਾ ਕੇ ਵੀ ਪਾਕਿਸਤਾਨ ਕੁਝ ਹਾਸਲ ਨਹੀਂ ਕਰ ਸਕਿਆ ਤਾਂ ਉਨ੍ਹਾਂ ਭਾਰਤ ਵੱਲ ਦੋਸਤੀ ਦਾ ਹੱਥ ਵਧਾਇਆ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਲਾਹੌਰ ਬੁਲਾ ਕੇ ਦੋਹਾਂ ਨੇ ਆਪਸੀ ਦੋਸਤੀ ਅਤੇ ਸ਼ਾਂਤੀ ਲਈ 21 ਫਰਵਰੀ 1999 ਨੂੰ ‘ਲਾਹੌਰ ਐਲਾਨਾਮਾ’ ’ਤੇ ਹਸਤਾਖਰ ਕੀਤੇ ਸਨ।
ਵਰਨਣਯੋਗ ਹੈ ਕਿ ਇਸ ਸਮਝੌਤੇ ਨੇ ਦੋਹਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਆਮ ਵਾਂਗ ਕਰਨ ਸਬੰਧੀ ਇਕ ਵੱਡੀ ਸਫਲਤਾ ਦਾ ਸੰਕੇਤ ਦਿੱਤਾ ਸੀ ਅਤੇ ਉਦੋਂ ਉਮੀਦ ਬੱਝੀ ਸੀ ਕਿ ਹੁਣ ਇਸ ਖੇਤਰ ’ਚ ਸ਼ਾਂਤੀ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ ਪਰ ਉਸ ਵੇਲੇ ਦੇ ਪਾਕਿਸਤਾਨੀ ਫੌਜ ਦੇ ਮੁਖੀ ਪ੍ਰਵੇਜ਼ ਮੁਸ਼ੱਰਫ ਨੇ ਨਾ ਤਾਂ ਸ਼੍ਰੀ ਵਾਜਪਾਈ ਨੂੰ ਸਲਾਮੀ ਦਿੱਤੀ ਅਤੇ ਨਾ ਹੀ ਸ਼ਰੀਫ ਵਲੋਂ ਸ਼੍ਰੀ ਵਾਜਪਾਈ ਦੇ ਮਾਣ ’ਚ ਦਿੱਤੇ ਭੋਜ ’ਚ ਸ਼ਾਮਲ ਹੋਇਆ।
ਇਹੀ ਨਹੀਂ, ਕੁਝ ਹੀ ਮਹੀਨਿਆਂ ਬਾਅਦ ਮਈ 1999 ’ਚ ਕਾਰਗਿਲ ’ਤੇ ਹਮਲਾ ਕਰ ਕੇ 527 ਭਾਰਤੀ ਫੌਜੀਆਂ ਨੂੰ ਸ਼ਹੀਦ ਕਰਵਾਉਣ ਅਤੇ ਪਾਕਿਸਤਾਨ ਦੇ 700 ਫੌਜੀਆਂ ਨੂੰ ਮਰਵਾਉਣ ਦੇ ਪਿੱਛੇ ਵੀ ਪ੍ਰਵੇਜ਼ ਮੁਸ਼ਰਫ ਦਾ ਹੀ ਹੱਥ ਸੀ। ਕਾਰਗਿਲ ਜੰਗ ਦਾ ਵਿਰੋਧ ਕਰਨ ਅਤੇ ਭਾਰਤ ਨਾਲ ਵਧੀਆ ਸਬੰਧਾਂ ਦਾ ਪੱਖ ਲੈਣ ਕਾਰਨ ਨਵਾਜ਼ ਸ਼ਰੀਫ ਨੂੰ ਪ੍ਰਵੇਜ਼ ਮੁਸ਼ੱਰਫ ਨੇ 1999 ’ਚ ਸੱਤਾ ਤੋਂ ਲਾ ਕੇ ਦੇਸ਼ ਨਿਕਾਲਾ ਦੇ ਦਿੱਤਾ ਸੀ।
ਉਸ ਤੋਂ ਬਾਅਦ ਕਈ ਉਤਾਰ-ਚੜਾਅ ’ਚੋਂ ਲੰਘ ਚੁੱਕੇ ਨਵਾਜ਼ ਸ਼ਰੀਫ ਅੱਜਕਲ ਇਕ ਵਾਰ ਮੁੜ ਪਾਕਿਸਤਾਨ ਦੀ ਸਿਆਸਤ ਦੇ ਕੇਂਦਰ ’ਚ ਹਨ। ਇਸ ਸਬੰਧੀ 9 ਦਸੰਬਰ, 2023 ਨੂੰ ਉਨ੍ਹਾਂ ਕਿਹਾ ਸੀ ਕਿ ‘‘ਜਦੋਂ ਮੈਂ ਕਾਰਗਿਲ ਯੋਜਨਾ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਤਾਂ ਮੈਨੂੰ (ਪ੍ਰਵੇਜ਼ ਮੁਸ਼ੱਰਫ ਨੇ) ਸਰਕਾਰ ਤੋਂ ਬਾਹਰ ਕਰ ਦਿੱਤਾ ਸੀ।’’
ਫਿਰ ਪਾਕਿਸਤਾਨ ’ਚ ਸੰਸਦ ਲਈ ਚੋਣ ਪ੍ਰਚਾਰ ਦੌਰਾਨ 19 ਦਸੰਬਰ, 2023 ਨੂੰ ਉਨ੍ਹਾਂ ਭਾਰਤ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘‘ਆਂਢ-ਗੁਆਂਢ ਦੇ ਦੇਸ਼ ਚੰਦਰਮਾ ’ਤੇ ਪਹੁੰਚ ਗਏ ਹਨ ਅਤੇ ਪਾਕਿਸਤਾਨ ਅਜੇ ਤੱਕ ਧਰਤੀ ਤੋਂ ਹੀ ਉੱਠ ਨਹੀਂ ਸਕਿਆ। ਸਾਡੇ ਦੇਸ਼ ਦੀਆਂ ਸਮੱਸਿਆਵਾਂ ਲਈ ਨਾ ਤਾਂ ਭਾਰਤ ਜ਼ਿੰਮੇਵਾਰ ਹੈ ਅਤੇ ਨਾ ਅਮਰੀਕਾ। ਅਸੀਂ ਆਪਣੇ ਪੈਰਾਂ ’ਤੇ ਖੁਦ ਹੀ ਕੁਹਾੜੀ ਮਾਰੀ ਹੈ।’’
ਹਾਲਾਂਕਿ ਇਸ ਸਾਲ ਪਾਕਿਸਤਾਨ ’ਚ ਚੋਣਾਂ ’ਚ ਨਵਾਜ਼ ਸ਼ਰੀਫ ਦੇ ਹੀ ਇਕ ਵਾਰ ਮੁੜ ਪ੍ਰਧਾਨ ਮੰਤਰੀ ਚੁਣੇ ਜਾਣ ਦੀ ਉਮੀਦ ਸੀ ਪਰ ਸੱਤਾਧਾਰੀ ਗੱਠਜੋੜ ’ਚ ਸ਼ਾਮਲ ਪਾਰਟੀਆਂ ’ਚ ਉਨ੍ਹਾਂ ਦੇ ਨਾਂ ’ਤੇ ਸਹਿਮਤੀ ਨਾ ਹੋਣ ਕਾਰਨ ਉਨ੍ਹਾਂ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ।
ਇਸ ਦੇ ਬਾਵਜੂਦ ਪਾਕਿਸਤਾਨ ਦੀ ਸਿਆਸਤ ’ਚ ਨਵਾਜ਼ ਸ਼ਰੀਫ ਦੀ ਅਹਿਮੀਅਤ ਘੱਟ ਨਹੀਂ ਹੋਈ ਹੈ। ਇਹ ਇਸੇ ਤੋਂ ਸਪੱਸ਼ਟ ਹੈ ਕਿ ਛੇ ਸਾਲ ਬਾਅਦ ਦੁਬਾਰਾ ਉਨ੍ਹਾਂ ਨੂੰ ਆਪਣੀ ਪਾਰਟੀ ‘ਪਾਕਿਸਤਾਨ ਮੁਸਲਿਮ ਲੀਗ (ਐੱਨ)’ ਦਾ ਬਿਨਾਂ ਮੁਕਾਬਲਾ ਪ੍ਰਧਾਨ ਚੁਣ ਲਿਆ ਗਿਆ ਹੈ।
ਇਸ ਮੌਕੇ ’ਤੇ 28 ਮਈ ਨੂੰ ਪਾਰਟੀ ਦੀ ਬੈਠਕ ’ਚ ਬੋਲਦੇ ਹੋਏ ਨਵਾਜ਼ ਸ਼ਰੀਫ ਨੇ ਮੰਨਿਆ ਕਿ ‘‘ਇਸਲਾਮਾਬਾਦ ਨੇ 1999 ’ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਮੇਰੇ ਦਰਮਿਆਨ ਹਸਤਾਖਰਸ਼ੁਦਾ ਸਮਝੌਤੇ ਦੀ ਉਲੰਘਣਾ ਕੀਤੀ ਹੈ।’’
ਉਨ੍ਹਾਂ ਸਾਬਕਾ ਜਨਰਲ ਪ੍ਰਵੇਜ਼ ਮੁਸ਼ੱਰਫ ਨੂੰ ਕਾਰਗਿਲ ’ਤੇ ਕੀਤੇ ਗਏ ਹਮਲੇ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਕ ਵਾਰ ਮੁੜ ਦੁਹਰਾਇਆ ਕਿ ‘‘28 ਮਈ, 1998 ਨੂੰ ਪਾਕਿਸਤਾਨ ਨੇ 5 ਪ੍ਰਮਾਣੂ ਪ੍ਰੀਖਣ ਕੀਤੇ। ਉਸ ਪਿੱਛੋਂ ਵਾਜਪਾਈ ਸਾਹਿਬ ਇੱਥੇ ਆਏ ਅਤੇ ਸਾਡੇ ਨਾਲ ਇਕ ਸਮਝੌਤਾ ਕੀਤਾ ਪਰ ਅਸੀਂ ਉਸ ਸਮਝੌਤੇ ਦੀ ਉਲੰਘਣਾ ਕੀਤੀ। ਇਹ ਸਾਡੀ ਗਲਤੀ ਸੀ।’’
ਨਵਾਜ਼ ਸ਼ਰੀਫ ਦੇ ਉਕਤ ਬਿਆਨਾਂ ਤੋਂ ਸਪੱਸ਼ਟ ਹੈ ਕਿ ਸਮੱਸਿਆਵਾਂ ਨਾਲ ਘਿਰੇ ਪਾਕਿਸਤਾਨ ’ਚ ਅਜੇ ਅਜਿਹੇ ਨੇਤਾ ( ਨਵਾਜ਼ ਸ਼ਰੀਫ) ਮੌਜੂਦ ਹਨ ਜੋ ਦੇਸ਼ ਨੂੰ ਮੌਜੂਦਾ ਸੰਕਟ ’ਚੋਂ ਕੱਢ ਕੇ ਖੁਸ਼ਹਾਲ ਬਣਾਉਣਾ ਚਾਹੁੰਦੇ ਹਨ।
ਪਰ ਇਸ ਦੇ ਨਾਲ ਹੀ ਸਾਡਾ ਇਹ ਵੀ ਮੰਨਣਾ ਹੈ ਕਿ ਜੋ ਗੱਲਾਂ ਨਵਾਜ਼ ਸ਼ਰੀਫ ਆਪਣੇ ਬਿਆਨਾਂ ’ਚ ਕਹਿੰਦੇ ਆ ਰਹੇ ਹਨ, ਉਹ ਗੱਲਾਂ ਉਨ੍ਹਾਂ ਨੂੰ ਆਪਣੇ ਦੇਸ਼ ਦੇ ਸੱਤਾਧਾਰੀਆਂ ਜਿਨ੍ਹਾਂ ਦੇ ਮੁਖੀ ਉਨ੍ਹਾਂ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਹਨ, ਨੂੰ ਵੀ ਸਮਝਾਉਣੀਆਂ ਚਾਹੀਦੀਆਂ ਹਨ, ਤਦ ਹੀ ਇਸ ਤਰ੍ਹਾਂ ਦੀਆਂ ਗੱਲਾਂ ਦਾ ਕੋਈ ਲਾਭ ਹੋਵੇਗਾ।
ਨਵਾਜ਼ ਸ਼ਰੀਫ ਨੇ ਜਿਸ ਭੁੱਲ ਨੂੰ ਪ੍ਰਵਾਨ ਕੀਤਾ ਹੈ ਹੁਣ ਉਸ ਨੂੰ ਸੁਧਾਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਚੰਗਾ ਕੰਮ ਸ਼ੁਰੂ ਕਰਨ ਲਈ ਕੋਈ ਵੀ ਸਮਾਂ ‘ਬੁਰਾ’ ਨਹੀਂ ਹੁੰਦਾ।
ਹਾਲਾਂਕਿ ਇਹ ਗੱਲ ਵੀ ਕਿਸੇ ਤੋਂ ਲੁੱਕੀ ਹੋਈ ਨਹੀਂ ਹੈ ਕਿ ਇਕ ਪਾਸੇ ਤਾਂ ਨਵਾਜ਼ ਸ਼ਰੀਫ ਭਾਰਤ ਨਾਲ ਸਬੰਧ ਵਧੀਆ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ ਪਰ ਦੂਜੇ ਪਾਸੇ ਸ਼ਾਹਬਾਜ਼ ਸ਼ਰੀਫ ਨੇ ਆਪਣੇ ਤੇਵਰ ਪੂਰੀ ਤਰ੍ਹਾਂ ਨਰਮ ਨਹੀਂ ਕੀਤੇ ਹਨ, ਇਸ ਲਈ ਉਨ੍ਹਾਂ ਨੂੰ ਵੀ ਇਸ ਮਾਮਲੇ ’ਚ ਪਹਿਲ ਕਰਨ ਦੀ ਲੋੜ ਹੈ।
–ਵਿਜੇ ਕੁਮਾਰ
ਕੁੰਭ ਰਾਸ਼ੀ ਵਾਲੇ ਖ਼ਰਚਿਆਂ ਦੇ ਦਬਾਅ 'ਚ ਆ ਕੇ ਮਹਿਸੂਸ ਕਰਨਗੇ ਤੰਗੀ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ
NEXT STORY