ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਦੇ ਮਤੇ ’ਤੇ ਲੋਕ ਸਭਾ ’ਚ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਇਕ ਨਵਾਂ ਨਾਂ ਦਿੱਤਾ ਪਰਜੀਵੀ। 18ਵੀਂ ਲੋਕ ਸਭਾ ਦੇ ਚੋਣ ਨਤੀਜਿਆਂ ਦੇ ਹਵਾਲੇ ਨਾਲ ਮੋਦੀ ਨੇ ਦੱਸਿਆ ਕਿ ਕਾਂਗਰਸ ਆਪਣੇ ਜ਼ੋਰ ’ਤੇ ਨਹੀਂ ਸਗੋਂ ਭਾਈਵਾਲ ਪਾਰਟੀਆਂ ਦੇ ਦਮ ’ਤੇ ਅੱਗੇ ਵਧੀ ਹੈ।
ਬੇਸ਼ੱਕ ਇਨ੍ਹਾਂ ਚੋਣਾਂ ’ਚ ਕਾਂਗਰਸ 52 ਤੋਂ 99 ਸੀਟਾਂ ਤੱਕ ਪਹੁੰਚੀ ਤਾਂ ਉਸ ’ਚ ‘ਇੰਡੀਆ’ ਗੱਠਜੋੜ ਦੇ ਭਾਈਵਾਲਾਂ ਦੇ ਦਰਮਿਆਨ ਤਾਲਮੇਲ ਦਾ ਵੱਡਾ ਯੋਗਦਾਨ ਹੈ। ਜਿਸ ਉੱਤਰ ਪ੍ਰਦੇਸ਼ ’ਚ ਕਾਂਗਰਸ ਪਿਛਲੀ ਵਾਰ ਰਾਏਬਰੇਲੀ ਦੀ ਸੀਟ ’ਤੇ ਸੁੰਗੜ ਗਈ ਸੀ, ਸਮਾਜਵਾਦੀ ਪਾਰਟੀ ਨਾਲ ਗੱਠਜੋੜ ਕਰ ਕੇ ਲੜੀਆਂ 8 ਸੀਟਾਂ ’ਚੋਂ 5 ਜਿੱਤ ਗਈ। ਗੱਠਜੋੜ ਕੀਤੇ ਹੀ ਆਪਸੀ ਲਾਭ ਦੇ ਗਣਿਤ ਦੇ ਆਧਾਰ ’ਤੇ ਜਾਂਦੇ ਹਨ।
ਆਪਸੀ ਸਵਾਰਥ ’ਤੇ ਬਣੇ ਰਿਸ਼ਤੇ ਉਦੋਂ ਤੱਕ ਚੱਲਦੇ ਹਨ ਜਦੋਂ ਤੱਕ ਦੋਵਾਂ ਦਾ ਸਵਾਰਥ ਸਿੱਧ ਹੁੰਦਾ ਹੈ। ਇਹ ਵੀ ਸੱਚ ਹੈ ਕਿ ਅਕਸਰ ਵੱਡੀਆਂ ਪਾਰਟੀਆਂ ਛੋਟੀਆਂ ਪਾਰਟੀਆਂ ਨੂੰ ਖਾ ਜਾਂਦੀਆਂ ਹਨ, ਨਹੀਂ ਤਾਂ ਕਮਜ਼ੋਰ ਜ਼ਰੂਰ ਕਰਦੀਆਂ ਹਨ। ਇਸ ਮਾਮਲੇ ’ਚ ਕੋਈ ਵੀ ਰਾਸ਼ਟਰੀ ਪਾਰਟੀ ਅਪਵਾਦ ਨਹੀਂ ਹੈ।
ਚੋਣਾਂ ਦੇ ਤੁਰੰਤ ਬਾਅਦ ਪੁਰਾਣੇ ਰਿਸ਼ਤੇ ਤੋੜ ਕੇ ਨਵੇਂ ਬਣਾਉਣ ਦੀਆਂ ਉਦਾਹਰਣਾਂ ਵੀ ਹਨ। ਹੁਣ ਭਾਜਪਾ ਵਾਲੇ ਰਾਜਗ ’ਚ ਭਾਜਪਾ ਦੇ ਬਾਅਦ ਜੋ ਤੇਲਗੂ ਦੇਸ਼ਮ ਪਾਰਟੀ ਦੂਜੀ ਵੱਡੀ ਪਾਰਟੀ ਹੈ, ਉਹ ਕਦੀ ਤੇਲਗੂ ਸਿਨੇਮਾ ਦੇ ਸੁਪਰਸਟਾਰ ਐੱਨ. ਟੀ. ਰਾਮਾਰਾਓ ਨੇ ਬਣਾਈ ਸੀ। ਜਨਤਾ ਦੇ ਜ਼ਬਰਦਸਤ ਸਮਰਥਨ ਨਾਲ ਉਹ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਬਣੇ।
ਐੱਨ. ਟੀ. ਆਰ. ਦੇ ਦਿਹਾਂਤ ਦੇ ਬਾਅਦ ਉਨ੍ਹਾਂ ਦੇ ਜਵਾਈ ਚੰਦਰਬਾਬੂ ਨਾਇਡੂ ’ਤੇ ਤੇਦੇਪਾ ’ਤੇ ਕਬਜ਼ਾ ਕਰਨ ਦੇ ਦੋਸ਼ ਲੱਗੇ ਅਤੇ ਉਨ੍ਹਾਂ ਦੀ ਵਿਧਵਾ ਲਕਸ਼ਮੀ ਪਾਰਵਤੀ ਨੇ ਵੱਖਰੀ ਐੱਨ. ਟੀ. ਆਰ. ਤੇਦੇਪਾ ਬਣਾ ਲਈ।
1998 ਦੀਆਂ ਚੋਣਾਂ ਭਾਜਪਾ ਨੇ ਉਸੇ ਐੱਨ. ਟੀ. ਆਰ. ਤੇਦੇਪਾ ਨਾਲ ਗੱਠਜੋੜ ਕਰ ਕੇ ਲੜੀਆਂ ਸਨ ਪਰ ਜਦੋਂ ਨਤੀਜੇ ਚੰਦਰਬਾਬੂ ਨਾਇਡੂ ਦੀ ਤੇਦੇਪਾ ਦੇ ਪੱਖ ’ਚ ਗਏ ਤਾਂ ਪੁਰਾਣਾ ਰਿਸ਼ਤਾ ਤੋੜ ਕੇ ਨਵਾਂ ਰਿਸ਼ਤਾ ਬਣਾਉਣ ’ਚ ਦੇਰ ਨਹੀਂ ਲਗਾਈ ਕਿਉਂਕਿ ਗੱਠਜੋੜ ਦਾ ਮਕਸਦ ਆਂਧਰਾ ਪ੍ਰਦੇਸ਼ ’ਚ ਆਪਣੇ ਪੈਰ ਜਮਾਉਣਾ ਸੀ। ਨਾਇਡੂ ਨਾਲ ਭਾਜਪਾ ਦੀ ਦੋਸਤੀ ਲੰਬੀ ਚੱਲੀ।
ਹੰਕਾਰ ਦੇ ਟਕਰਾਅ ਕਾਰਨ ਵਿਚਾਲਿਓਂ ਟੁੱਟੀ ਤਾਂ ਸਿਆਸੀ ਲੋੜਾਂ ਨੇ ਫਿਰ ਨਾਲ ਰਲਾ ਲਿਆ। ਹੁਣ ਦੋਵੇਂ ਹੀ ਰਿਸ਼ਤੇ ’ਚ ਜਿਹੋ ਜਿਹੀ ਗਰਮਜੋਸ਼ੀ ਦਿਖਾ ਰਹੇ ਹਨ, ਉਸ ਨੂੰ ਦੇਖ ਕੇ ਕੋਈ ਯਕੀਨ ਨਹੀਂ ਕਰ ਸਕਦਾ ਕਿ 2018 ਦੇ ਬਾਅਦ ਇਹ ਹੀ ਆਪਸੀ ਦੋਸ਼-ਪ੍ਰਤੀਦੋਸ਼ ’ਚ ਨੀਵੇਂ ਪੱਧਰ ਦੇ ਸ਼ਿਸ਼ਟਾਚਾਰ ਦੀਆਂ ਵੀ ਹੱਦਾਂ ਟੱਪ ਗਏ ਸਨ। ਦਰਅਸਲ ਸਿਆਸਤ, ਹੁਣ ਰਾਜ ਦੀ ਨੀਤੀ ਭਰ ਬਣ ਕੇ ਰਹਿ ਗਈ ਹੈ। ਰਾਜ ਜਿਵੇਂ ਵੀ ਮਿਲੇ ਅਤੇ ਫਿਰ ਬਣਿਆ ਰਹੇ, ਇਸੇ ਮਕਸਦ ਨਾਲ ਸਭ ਸਿਆਸੀ ਕਵਾਇਦ ਕੀਤੀ ਜਾਂਦੀ ਹੈ।
ਬਿਹਾਰ ਦੀ ਉਦਾਹਰਣ ਦੇਖ ਲਓ। 1996 ’ਚ ਜਦੋਂ ਭਾਜਪਾ ਦੇ ਵਿਰੁੱਧ ਸਿਆਸੀ ਅਛੂਤਪੁਣਾ ਸਿਖਰ ’ਤੇ ਸੀ, ਉਦੋਂ ਜਾਰਜ ਫਰਨਾਂਡੀਜ਼ ਦੀ ਅਗਵਾਈ ਵਾਲੀ ਸਮਤਾ ਪਾਰਟੀ ਨੇ ਪ੍ਰਧਾਨ ਮੰਤਰੀ ਵਜੋਂ ਅਟਲ ਬਿਹਾਰੀ ਵਾਜਪਾਈ ਦੇ ਸਮਰਥਨ ਦਾ ਜੋਖਮ ਲਿਆ ਸੀ। ਉਸੇ ਸਮਤਾ ਪਾਰਟੀ ਦਾ ਨਵਾਂ ਨਾਂ ਜਨਤਾ ਦਲ ਯੂਨਾਈਟਿਡ ਹੋਇਆ।
ਇਸ ਪੱਖੋਂ ਜਦ-ਯੂ, ਭਾਜਪਾ ਦੇ ਸਭ ਤੋਂ ਪੁਰਾਣੇ ਸਿਆਸੀ ਮਿੱਤਰਾਂ ’ਚੋਂ ਹੈ ਪਰ ਨਿਤੀਸ਼ ਕੁਮਾਰ ਦੇ 2 ਵਾਰ ਵੱਖ ਹੋਣ ਦੇ ਸਮੇਂ ਦੋਵਾਂ ਹੀ ਪਾਰਟੀਆਂ ਨੇ ਇਕ-ਦੂਜੇ ਪ੍ਰਤੀ ਜਿਹੋ ਜਿਹੀ ਸ਼ਬਦਾਵਲੀ ਵਰਤੀ, ਉਹ ਤਾਂ ਆਮ ਵਿਵਹਾਰ ’ਚ ਵੀ ਉਚਿਤ ਨਹੀਂ ਮੰਨੀ ਜਾਂਦੀ ਪਰ ਬਦਲਦੀਆਂ ਸਿਆਸੀ ਲੋੜਾਂ ਦੇ ਦਰਮਿਆਨ ਵਾਰ-ਵਾਰ ਰਿਸ਼ਤੇ ਵੀ ਬਿਨਾਂ ਝਿਜਕ ਬਦਲਦੇ ਰਹੇ।
ਜਦ-ਯੂ ਨੂੰ ਕਮਜ਼ੋਰ ਕਰਨ ਦੇ ਦੋਸ਼ ਵੀ ਭਾਜਪਾ ’ਤੇ ਲੱਗੇ। 2020 ਦੀਆਂ ਵਿਧਾਨ ਸਭਾ ਚੋਣਾਂ ’ਚ ਗੱਠਜੋੜ ਦੇ ਬਾਵਜੂਦ ਜਦ-ਯੂ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਚਿਰਾਗ ਪਾਸਵਾਨ ਦੀ ਲੋਜਪਾ ਦੀ ਵਰਤੋਂ ਦਾ ਦੋਸ਼ ਖੁਦ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਲਗਾਇਆ।
ਵਿਧਾਨ ਸਭਾ ’ਚ ਸਿਰਫ 43 ਸੀਟਾਂ ਨਾਲ ਤੀਜੇ ਨੰਬਰ ’ਤੇ ਤਿਲਕ ਕੇ ਜਦ-ਯੂ ਕਮਜ਼ੋਰ ਹੋਇਆ ਵੀ। ਆਰ. ਸੀ. ਪੀ. ਸਿੰਘ ਕਾਂਡ ਨੂੰ ਵੀ ਜਦ-ਯੂ ਨੂੰ ਕਮਜ਼ੋਰ ਕਰਨ ਦੀ ਕਵਾਇਦ ਵਜੋਂ ਦੇਖਿਆ ਗਿਆ ਪਰ ਹਾਲ ਦੀਆਂ ਲੋਕ ਸਭਾ ਚੋਣਾਂ ਤੋਂ ਕੁਝ ਹੀ ਪਹਿਲਾਂ ਫਿਰ ਜਦ-ਯੂ ਅਤੇ ਭਾਜਪਾ ਦੋਸਤ ਬਣ ਗਏ।
ਬਾਲ ਠਾਕਰੇ ਦੀ ਸ਼ਿਵਸੈਨਾ ਵੀ ਭਾਜਪਾ ਦੇ ਪੁਰਾਣੇ ਮਿੱਤਰਾਂ ’ਚ ਰਹੀ। ਮਹਾਰਾਸ਼ਟਰ ਦੀ ਸਿਆਸਤ ’ਚ ਭਾਜਪਾ, ਸ਼ਿਵਸੈਨਾ ਦੇ ਸਹਾਰੇ ਹੀ ਅੱਗੇ ਵਧੀ। ਭਾਜਪਾ ਜੂਨੀਅਰ ਪਾਰਟਨਰ ਸੀ, ਇਸ ਲਈ ਲੋਕ ਫਤਵਾ ਮਿਲਣ ’ਤੇ ਮੁੱਖ ਮੰਤਰੀ ਦਾ ਅਹੁਦਾ ਸ਼ਿਵਸੈਨਾ ਨੂੰ ਮਿਲਦਾ ਰਿਹਾ ਅਤੇ ਭਾਜਪਾ ਨੂੰ ਉਪ-ਮੁੱਖ ਮੰਤਰੀ ਦਾ ਅਹੁਦਾ। ਬਾਲ ਠਾਕਰੇ ਦੇ ਦਿਹਾਂਤ ਦੇ ਬਾਅਦ ਵੀ ਸ਼ਿਵਸੈਨਾ ਨਾਲ ਭਾਜਪਾ ਦਾ ਗੱਠਜੋੜ ਤਾਂ ਬਣਿਆ ਰਿਹਾ ਪਰ ਖਾਹਿਸ਼ਾਂ ਵਧ ਗਈਆਂ ਜਿਸ ਦਾ ਨਤੀਜਾ 2019 ’ਚ ਵੱਖ ਹੋਣ ਦੇ ਰੂਪ ’ਚ ਆਇਆ।
ਊਧਵ ਠਾਕਰੇ ਨੇ ਦਾਅਵਾ ਕੀਤਾ ਕਿ ਚੋਣਾਂ ਤੋਂ ਪਹਿਲਾਂ ਢਾਈ-ਢਾਈ ਸਾਲ ਦੇ ਮੁੱਖ ਮੰਤਰੀ ਕਾਲ ’ਤੇ ਸਮਝੌਤਾ ਹੋਇਆ ਸੀ ਪਰ ਭਾਜਪਾ ਨੇ ਉਸ ਤੋਂ ਸਾਫ ਨਾਂਹ ਕਰ ਦਿੱਤੀ। ਸ਼ਰਦ ਪਵਾਰ ਦੇ ਤਾਂ ਠਾਕਰੇ ਪਰਿਵਾਰ ਨਾਲ ਪੁਰਾਣੇ ਸਬੰਧ ਹਨ ਪਰ ਭਾਜਪਾ ਨਾਲ ਸਬੰਧਾਂ ’ਚ ਆਈ ਤਲਖੀ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਊਧਵ ਨੇ ਉਸ ਕਾਂਗਰਸ ਨਾਲ ਵੀ ਹੱਥ ਮਿਲਾ ਲਿਆ ਜਿਸ ਦੇ ਵਿਰੁੱਧ ਬਾਲ ਠਾਕਰੇ ਨੇ ਸ਼ਿਵਸੈਨਾ ਬਣਾਈ ਸੀ।
ਤਲਖੀ ਇਕਪਾਸੜ ਨਹੀਂ ਸੀ। ਜੋ ਭਾਜਪਾ ਊਧਵ ਨੂੰ ਢਾਈ ਸਾਲ ਲਈ ਮੁੱਖ ਮੰਤਰੀ ਅਹੁਦਾ ਦੇਣ ਲਈ ਤਿਆਰ ਨਾ ਹੋਈ, ਉਸੇ ਨੇ ਸ਼ਿਵਸੈਨਾ ਤੋੜ ਕੇ ਬਾਗੀ ਧੜੇ ਦੇ ਨੇਤਾ ਏਕਨਾਥ ਸ਼ਿੰਦੇ ਨੂੰ ਮੁੱਖ ਮੰਤਰੀ ਬਣਵਾ ਦਿੱਤਾ।
ਜਦ (ਯੂ) ਅਤੇ ਸ਼ਿਵਸੈਨਾ ਵਾਂਗ ਸ਼੍ਰੋਮਣੀ ਅਕਾਲੀ ਦਲ ਵੀ ਭਾਜਪਾ ਦਾ ਪੁਰਾਣਾ ਮਿੱਤਰ ਰਿਹਾ। ਅਟਲ ਬਿਹਾਰੀ ਵਾਜਪਾਈ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਦੋਸਤੀ ਦੀ ਨੀਂਹ ਰੱਖੀ, ਉਹ ਪੰਜਾਬ ’ਚ ਦਹਾਕਿਆਂ ਤੱਕ ਚੱਲੀ। ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ’ਚ ਗੱਠਜੋੜ ਸਰਕਾਰ ਚਲਾਈ ਅਤੇ ਕੇਂਦਰ ’ਚ ਵੀ ਭਾਈਵਾਲ ਰਹੇ ਪਰ ਖਾਹਿਸ਼ਾਂ ਦੇ ਟਕਰਾਅ ਨਾਲ ਸਬੰਧ ਕਮਜ਼ੋਰ ਹੋਣ ਲੱਗੇ।
ਜਿਹੜੇ ਨਵਜੋਤ ਸਿੰਘ ਸਿੱਧੂ ਨੇ ਭਾਜਪਾ ’ਚ ਰਹਿੰਦੇ ਹੋਏ ਬਾਦਲ ਪਰਿਵਾਰ ਵਿਰੁੱਧ ਮੋਰਚਾ ਖੋਲ੍ਹਿਆ ਸੀ, ਉਹ ਤਾਂ ਅਖੀਰ ਕਾਂਗਰਸ ’ਚ ਚਲੇ ਗਏ ਪਰ ਵਿਵਾਦਿਤ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਨਾਲ ਅਕਾਲੀ ਦਲ ਨੂੰ ਰਾਜਗ ਛੱਡਣ ਦਾ ਮੌਕਾ ਮਿਲ ਗਿਆ। ਪਿਛਲੇ ਕੁਝ ਸਾਲਾਂ ਤੋਂ ਅਕਾਲੀ ਦਲ ’ਚ ਤਾਂ ਨਾਰਾਜ਼ਗੀ ਅਤੇ ਬਗਾਵਤ ਦੇਖਣ ਨੂੰ ਮਿਲੀ ਹੈ, ਉਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਸਮਰੱਥਾ ਦਾ ਸੰਕੇਤ ਤਾਂ ਹਰਗਿਜ਼ ਨਹੀਂ ਪਰ ਉਸ ਦੀਆਂ ਤਾਰਾਂ ਭਾਜਪਾ ਨਾਲ ਵੀ ਜੋੜੀਆਂ ਜਾਂਦੀਆਂ ਰਹੀਆਂ ਹਨ।
ਇਨ੍ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੇਦੇਪਾ ਵਾਂਗ ਅਕਾਲੀ ਦਲ ਨਾਲ ਵੀ ਫਿਰ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬੇਯਕੀਨੀ ਦਾ ਪਾੜਾ ਪੂਰਿਆ ਨਾ ਜਾ ਸਕਿਆ। ਜ਼ਾਹਿਰ ਹੈ, ਛੋਟੀਆਂ ਪਾਰਟੀਆਂ ਦੀ ਵਰਤੋਂ ਕਰਨ ’ਚ ਕੋਈ ਵੀ ਰਾਸ਼ਟਰੀ ਪਾਰਟੀ ਝਿਜਕਦੀ ਨਹੀਂ। ਕਈ ਸੂਬਿਆਂ ’ਚ ਵੱਡੀਆਂ ਪਾਰਟੀਆਂ ਸਰਕਾਰ ਬਣਾਉਂਦੇ ਹੋਏ ਸਭ ਤੋਂ ਪਹਿਲਾਂ ਸਮਰਥਕ ਛੋਟੀਆਂ ਪਾਰਟੀਆਂ ਨੂੰ ਹੀ ਤੋੜਦੀਆਂ ਹਨ।
ਇਸ ਪੱਖੋਂ ਪੱਛਮੀ ਬੰਗਾਲ ’ਚ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਰਾਜ ਕਰਨ ਵਾਲਾ ਖੱਬੇਪੱਖੀ ਮੋਰਚਾ ਨਿਰਵਿਵਾਦ ਰਿਹਾ ਜਿਸ ’ਚ ਕਿਸੇ ਪਾਰਟੀ ਨੇ ਦੂਜੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਸ਼ਾਇਦ ਇਸੇ ਲਈ ਕਿ ਉਸ ਦਾ ਆਧਾਰ ਇਕਸਾਰ ਵਿਚਾਰਧਾਰਾ ਸੀ। ਉਂਝ ਕਈ ਵਾਰ ਪਾਸਾ ਪਲਟ ਵੀ ਜਾਂਦਾ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਕਾਂਗਰਸ ਦੀ ਕਮਜ਼ੋਰੀ ਨੂੰ ਕਈ ਆਬਜ਼ਰਵਰ ਅਤੇ ਖੇਤਰੀ ਪਾਰਟੀਆਂ ਨਾਲ ਗੱਠਜੋੜ ਦਾ ਨਤੀਜਾ ਵੀ ਮੰਨਦੇ ਹਨ, ਜਿਨ੍ਹਾਂ ਨੇ ਉਸ ਦਾ ਲੋਕ ਆਧਾਰ ਖੋਹ ਲਿਆ।
ਰਾਜ ਕੁਮਾਰ ਸਿੰਘ
ਫਰਾਂਸੀਸੀ ਚੋਣਾਂ : ‘ਲੈਫਟ’-‘ਲਿਬਰਲ’ ਦਾ ਸੱਚ
NEXT STORY