ਦਿੱਲੀ ਦੀ ਅਣਕਿਆਸੀ ਹਾਰ ਦੇ ਮਗਰੋਂ ਕਈ ਵਿਅਕਤੀ ਖਾਸ ਕਰ ਕੇ ਕੇਜਰੀਵਾਲ ਦੇ ਵਿਰੋਧੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਆਮ ਆਦਮੀ ਪਾਰਟੀ (ਆਪ) ਹੁਣ ਖਤਮ ਹੋ ਗਈ ਹੈ ਪਰ ਪੰਜਾਬ ਅਤੇ ਗੁਜਰਾਤ ਦੇ ਲੋਕਾਂ ਨੇ ਪੂਰੇ ਦੇਸ਼ ਨੂੰ ਮਜ਼ਬੂਤ ਸੰਦੇਸ਼ ਭੇਜਿਆ ਹੈ ਕਿ ਬਦਲਵੀਂ ਸਿਆਸਤ ਦੀ ਆਸ ਨਾ ਸਿਰਫ ਜ਼ਿੰਦਾ ਹੈ, ਸਗੋਂ ਕੇਜਰੀਵਾਲ ਦੀ ਸਿਆਸਤ ’ਚ ਲੋਕਾਂ ਦਾ ਭਰੋਸਾ ਦੇਸ਼ ਭਰ ’ਚ ਵਧ ਰਿਹਾ ਹੈ। ਦੋਵਾਂ ਸੀਟਾਂ ’ਤੇ ਆਮ ਆਦਮੀ ਪਾਰਟੀ ਨੇ ਆਮ ਚੋਣਾਂ ’ਚ ਹਾਸਲ ਕੀਤੀਆਂ ਵੋਟਾਂ ਤੋਂ ਵੀ ਵੱਧ ਫਰਕ ਨਾਲ ਜਿੱਤ ਦਰਜ ਕੀਤੀ ਹੈ ਜੋ ਉਪ ਚੋਣ ਦੇ ਲਿਹਾਜ਼ ਨਾਲ ਅਣਕਿਆਸੀ ਹੈ।
ਚੋਣਾਂ ਜਿੱਤਣ ਦੇ ਤੁਰੰਤ ਬਾਅਦ ਰਾਜ ਸਭਾ ਦੀ ਸੀਟ ਠੁਕਰਾ ਕੇ ਕੇਜਰੀਵਾਲ ਨੇ ਵਿਰੋਧੀਆਂ ਦਾ ਮੂੰਹ ਤਾਂ ਬੰਦ ਕਰ ਹੀ ਦਿੱਤਾ ਹੈ, ਆਪਣੇ ਸਿਆਸੀ ਕਿਰਦਾਰ ਨੂੰ ਬੜਾ ਉੱਚਾ ਕਰ ਲਿਆ ਹੈ। ਭਾਜਪਾ ਅਤੇ ਕਾਂਗਰਸ ਦੀ ਮਿਲੀਭੁਗਤ ਅਤੇ ਸਹੂਲਤ ਦੀ ਸਿਆਸਤ ਨੂੰ ਖੁੱਲ੍ਹੀ ਚੁਣੌਤੀ ਦੇ ਕੇ ਕੇਜਰੀਵਾਲ ਨੇ ਇਕ ਲਕੀਰ ਖਿੱਚ ਦਿੱਤੀ ਹੈ ਜਿਸ ਨੇ ਬਦਲਵੀਂ ਸਿਆਸਤ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਦਿੱਲੀ ’ਚ ਭਾਜਪਾ ਸਰਕਾਰ ਆਉਣ ਦੇ ਬਾਅਦ ਜਿਸ ਤਰ੍ਹਾਂ ਲੋਕ ਕੇਜਰੀਵਾਲ ਨੂੰ ਯਾਦ ਕਰ ਰਹੇ ਹਨ ਉਹ ਸੰਦੇਸ਼ ਸਿਰਫ ਦਿੱਲੀ ਤੱਕ ਸੀਮਤ ਨਹੀਂ ਰਿਹਾ ਸਗੋਂ ਪੂਰੇ ਦੇਸ਼ ’ਚ ਗੂੰਜ ਰਿਹਾ ਹੈ। ਪਹਿਲੀ ਵਾਰ ਸਿਰਫ ਦਿੱਲੀ ਨਹੀਂ ਪੂਰੇ ਦੇਸ਼ ’ਚ ਇਹ ਅਹਿਸਾਸ ਹੈ ਕਿ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ’ਚ ਵਾਕਈ ਸ਼ਾਨਦਾਰ ਕੰਮ ਕੀਤੇ ਸਨ ਪਰ ਸ਼ਾਇਦ ਇਸੇ ਅਹਿਸਾਸ ਨਾਲ ਦੇਸ਼ ਭਰ ’ਚ ਬਦਲਵੀਂ ਸਿਆਸਤ ਦੀ ਇਕ ਆਸ ਜਾਗੀ ਹੈ ਕਿ ਬਿਜਲੀ, ਪਾਣੀ, ਸਕੂਲ, ਹਸਪਤਾਲ ਵਰਗੀਆਂ ਮੁੱਢਲੀਆਂ ਸਹੂਲਤਾਂ ਲਈ ਉਨ੍ਹਾਂ ਦੇ ਸੂਬਿਆਂ ’ਚ ਵੀ ਕੇਜਰੀਵਾਲ ਕਮਾਲ ਕਰ ਸਕਦੇ ਹਨ।
ਦੇਸ਼ ਦੀ ਸਿਆਸਤ ’ਚ ਹਮੇਸ਼ਾ ਤੋਂ ਹੀ ਤੀਜੇ ਬਦਲ ਦੀ ਭਾਲ ਚੱਲਦੀ ਰਹੀ ਹੈ। ਲੋਕ 7-8 ਦਹਾਕਿਆਂ ’ਚ ਭਾਜਪਾ ਅਤੇ ਕਾਂਗਰਸ ਦੇ ਰਾਜ ਨੂੰ ਦੇਖ ਚੁੱਕੇ ਹਨ ਅਤੇ ਇਹ ਵੀ ਜਾਣ ਚੁੱਕੇ ਹਨ ਕਿ ਇਹ ਦੋਵੇਂ ਪਾਰਟੀਆਂ ਬੇਸ਼ੱਕ ਇਕ-ਦੂਜੇ ਦੀਆਂ ਵਿਰੋਧੀ ਨਜ਼ਰ ਆਉਂਦੀਆਂ ਹੋਣ ਪਰ ਲੋਕਾਂ ਨੂੰ ਜੋ ਸਹੂਲਤਾਂ ਚਾਹੀਦੀਆਂ ਹਨ, ਉਹ ਦੋਵੇਂ ਹੀ ਪਾਰਟੀਆਂ ਆਪਣੇ ਸ਼ਾਸਨ ’ਚ ਨਹੀਂ ਦੇ ਸਕੀਆਂ। ਕੇਜਰੀਵਾਲ ’ਚ ਲੋਕਾਂ ਨੂੰ ਬਦਲਵੀਂ ਸਿਆਸਤ ਦੀ ਉਹ ਆਸ ਨਜ਼ਰ ਆਉਂਦੀ ਹੈ ਜੋ ਕਾਂਗਰਸ ਅਤੇ ਭਾਜਪਾ ਦੀ ਸਥਾਪਿਤ ਸਿਆਸਤ ਅਤੇ ਪਰੰਪਰਾ ਨੂੰ ਚੁਣੌਤੀ ਦਿੰਦੀ ਹੈ।
ਦਰਅਸਲ ਕੇਜਰੀਵਾਲ ਇਕ ਬਹੁਪੱਖੀ ਸ਼ਖਸੀਅਤ ਹਨ ਅਤੇ ਜਿੱਥੇ ਜੁਟਦੇ ਹਨ ਦਿਲੋਂ-ਜਾਨ ਤੋਂ ਜੁਟ ਜਾਂਦੇ ਹਨ। ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਪਿਆਰ ਦਿੱਤਾ ਅਤੇ ਦਿੱਲੀ ਦੀ ਗੱਦੀ ’ਤੇ ਬਿਠਾਇਆ ਤਾਂ ਕੇਜਰੀਵਾਲ ਪੂਰੇ ਮਨ ਨਾਲ ਦਿੱਲੀ ਦੀ ਸੇਵਾ ’ਚ ਜੁਟ ਗਏ। ਜਦ ਤੱਕ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਤਦ ਤੱਕ ਸ਼ਾਇਦ ਇੰਨਾ ਸਮਾਂ ਕੇਜਰੀਵਾਲ ਪੰਜਾਬ ਅਤੇ ਦੇਸ਼ ਦੇ ਦੂਜੇ ਸੂਬਿਆਂ ਦੇ ਸੰਗਠਨ ਅਤੇ ਯੋਜਨਾ ਬਣਾਉਣ ਲਈ ਨਹੀਂ ਦੇ ਸਕਦੇ ਸਨ ਪਰ ਦਿੱਲੀ ’ਚ ਜਦੋਂ ਆਮ ਆਦਮੀ ਪਾਰਟੀ ਦੀ ਹਾਰ ਹੋਈ ਤਾਂ ਕੇਜਰੀਵਾਲ ਨੇ ਨਾ ਸਿਰਫ ਦੇਸ਼ ਭਰ ’ਚ ਸੰਗਠਨ ਨੂੰ ਮਜ਼ਬੂਤ ਕਰਨ ਸਗੋਂ ਪੰਜਾਬ ’ਚ ਆਮ ਆਦਮੀ ਪਾਰਟੀ ਵਲੋਂ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ’ਚ ਆਪਣਾ ਸਮਾਂ ਲਗਾਉਣਾ ਸ਼ੁਰੂ ਕੀਤਾ, ਜਿਸ ਦਾ ਨਤੀਜਾ ਸਿਰਫ 3-4 ਮਹੀਨਿਆਂ ’ਚ ਹੀ ਨਜ਼ਰ ਆਉਣ ਲੱਗਾ ਹੈ।
ਲੁਧਿਆਣਾ ਵੈਸਟ ਇਕ ਸ਼ਹਿਰੀ ਸੀਟ ਹੈ ਅਤੇ ਇੱਥੇ ਪਹਿਲਾਂ ਤੋਂ ਵੀ ਵੱਧ ਵੋਟਾਂ ਲੈ ਕੇ ਜਿੱਤਣਾ ਇਹ ਦੱਸਦਾ ਹੈ ਕਿ ਪੰਜਾਬ ਦੇ ਸ਼ਹਿਰਾਂ ’ਚ ਆਮ ਆਦਮੀ ਪਾਰਟੀ ਦਾ ਆਧਾਰ ਹੋਰ ਜ਼ਿਆਦਾ ਮਜ਼ਬੂਤ ਹੋ ਰਿਹਾ ਹੈ। ਇਸ ਦੇ ਿਪੱਛੇ ਪ੍ਰਮੁੱਖ ਕਾਰਨ ਪੰਜਾਬ ’ਚ ਕੇਜਰੀਵਾਲ ਦੇ ਸਰਗਰਮ ਹੋਣ ਦੇ ਬਾਅਦ ਪਿਛਲੇ ਕੁਝ ਮਹੀਨਿਆਂ ’ਚ ਨਸ਼ੇ ਦੇ ਵਿਰੁੱਧ ਚਲਾਈ ਗਈ ਮੁਹਿੰਮ, ਨਵੇਂ ਵਪਾਰ ਲਗਾਉਣ ਲਈ ਸਿੰਗਲ ਵਿੰਡੋ ਸਿਸਟਮ, ਤਹਿਸੀਲ ਦਫਤਰਾਂ ਨੂੰ ਆਨਲਾਈਨ ਕਰਨ ਵਰਗੇ ਕਈ ਕ੍ਰਾਂਤੀਕਾਰੀ ਫੈਸਲੇ ਹਨ।
ਦੂਜੇ ਪਾਸੇ ਗੁਜਰਾਤ ਦੀ ਵਿਸਾਵਦਰ ਸੀਟ ’ਤੇ ਪਹਿਲਾਂ ਨਾਲੋਂ ਵੀ ਵੱਧ ਫਰਕ ਨਾਲ ਭਾਜਪਾ ਨੂੰ ਪਛਾੜ ਕੇ ਆਮ ਆਦਮੀ ਪਾਰਟੀ ਨੇ ਖੁਦ ਨੂੰ ਇਕ ਬਦਲ ਵਜੋਂ ਮਜ਼ਬੂਤ ਕਰ ਲਿਆ ਹੈ। ਇਹ ਗੱਲ ਲੁਕੀ ਨਹੀਂ ਹੈ ਕਿ ਭਾਜਪਾ ਦੀ ਗੁਜਰਾਤ ਸਰਕਾਰ ਨੇ ਵਿਸਾਵਦਰ ਵਿਧਾਨ ਸਭਾ ਉਪ ਚੋਣ ’ਚ ਆਪਣਾ ਪੂਰਾ ਮੰਤਰੀ ਮੰਡਲ ਅਤੇ ਤਾਕਤ ਝੋਕ ਦਿੱਤੀ ਸੀ ਤਾਂ ਕਿ ਆਪ ਆਦਮੀ ਪਾਰਟੀ ਦੇ ਮਜ਼ਬੂਤ ਨੇਤਾ ਗੋਪਾਲ ਇਟਾਲੀਆ ਵਿਧਾਨ ਸਭਾ ’ਚ ਨਾ ਪੁੱਜ ਸਕਣ। ਗੋਪਾਲ ਇਟਾਲੀਆ ਗੁਜਰਾਤ ’ਚ ਆਮ ਆਦਮੀ ਪਾਰਟੀ ਦਾ ਪ੍ਰਮੁੱਖ ਚਿਹਰਾ ਹਨ ਅਤੇ ਉਨ੍ਹਾਂ ਦੇ ਵਿਧਾਨ ਸਭਾ ਪਹੁੰਚਣ ਨਾਲ ਵਿਰੋਧੀ ਧਿਰ ਦੇ ਰੂਪ ’ਚ ਆਮ ਆਦਮੀ ਪਾਰਟੀ ਦੀ ਆਵਾਜ਼ ਕਾਂਗਰਸ ਨਾਲੋਂ ਕਿਤੇ ਵੱਧ ਮਜ਼ਬੂਤ ਹੋ ਜਾਵੇਗੀ।
ਕਾਂਗਰਸ ਕਦੇ ਵੀ ਗੁਜਰਾਤ ਦੇ ਲੋਕਾਂ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਨਹੀਂ ਉਠਾ ਸਕੀ ਜਿਸ ਕਾਰਨ 35 ਸਾਲ ਤੋਂ ਲਗਾਤਾਰ ਚੋਣ ਹਾਰ ਰਹੀ ਹੈ। ਗੋਪਾਲ ਇਟਾਲੀਆ ’ਚ ਉਹ ਦਮ ਹੈ ਕਿ ਉਹ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਖਾਲੀ ਪਈ ਉਸ ਥਾਂ ਨੂੰ ਭਰ ਸਕਣ, ਇਸ ਲਈ ਗੁਜਰਾਤ ’ਚ ਆਮ ਆਦਮੀ ਪਾਰਟੀ ਦੀ ਇਸ ਜਿੱਤ ਤੋਂ ਭਾਜਪਾ ਵੀ ਪ੍ਰੇਸ਼ਾਨ ਹੈ ਅਤੇ ਕਾਂਗਰਸ ਵੀ ਪ੍ਰੇਸ਼ਾਨ ਹੈ।
ਆਮ ਆਦਮੀ ਪਾਰਟੀ ਨੇ ਬੀਤੇ ਦਿਨੀਂ 15 ਸੂਬਿਆਂ ’ਚ ਨਵੇਂ ਇੰਚਾਰਜ ਨਿਯੁਕਤ ਕਰ ਕੇ ਸੰਗਠਨ ਦੇ ਵਾਧੇ ਨੂੰ ਤੇਜ਼ ਕੀਤਾ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵੀ ਆਮ ਆਦਮੀ ਪਾਰਟੀ ਸਾਰੀਆਂ 243 ਸੀਟਾਂ ’ਤੇ ਚੋਣ ਲੜ ਕੇ ਬਿਹਾਰ ਦੇ ਲੋਕਾਂ ਨੂੰ ਇਕ ਸਿਆਸੀ ਬਦਲ ਦੇ ਰਹੀ ਹੈ। ਦੇਸ਼ ਭਰ ’ਚ 5 ਸੀਟਾਂ ’ਤੇ ਹੋਈ ਉਪ ਚੋਣ ’ਚ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੂੰ ਪਿੱਛੇ ਛੱਡ ਕੇ ਆਮ ਆਦਮੀ ਪਾਰਟੀ ਨੇ 2 ਸੀਟਾਂ ਜਿੱਤੀਆਂ ਜਦਕਿ ਭਾਜਪਾ, ਕਾਂਗਰਸ ਅਤੇ ਟੀ. ਐੱਮ. ਸੀ. ਨੂੰ ਇਕ-ਇਕ ਸੀਟ ਹਾਸਲ ਹੋਈ। ਇਨ੍ਹਾਂ ਉਪ ਚੋਣਾਂ ਦੇ ਨਤੀਜਿਆਂ ਦੇ ਬਾਅਦ ਬਿਹਾਰ ਵਿਧਾਨ ਸਭਾ ਚੋਣਾਂ ਜਾਂ ਬਾਕੀ ਕਿਸੇ ਸੂਬੇ ’ਚ ਆਉਣ ਵਾਲੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਲੈ ਕੇ ਲੋਕਾਂ ਦਾ ਰੁਝਾਨ ਅਤੇ ਉਤਸ਼ਾਹ ਤੇਜ਼ੀ ਨਾਲ ਵਧੇਗਾ। ਇਹ ਨਤੀਜੇ ਦੇਸ਼ ਭਰ ’ਚ ਬਦਲਵੀਂ ਸਿਆਸਤ ਦੀ ਆਸ ਨੂੰ ਵਧਾ ਰਹੇ ਹਨ।
ਅਨੁਰਾਗ ਢਾਂਡਾ
(ਰਾਸ਼ਟਰੀ ਮੀਡੀਆ ਇੰਚਾਰਜ, ਆਮ ਆਦਮੀ ਪਾਰਟੀ)
‘ਰੇਲਗੱਡੀਆਂ ’ਚ ਲਗਾਤਾਰ ਵਧ ਰਹੀ’ ਲੁੱਟਮਾਰ ਅਤੇ ਗੁੰਡਾਗਰਦੀ!
NEXT STORY