ਦੇਸ਼ ’ਚ ਔਰਤਾਂ ਵਿਰੁੱਧ ਅਪਰਾਧ ਲਗਾਤਾਰ ਜਾਰੀ ਹਨ। ਹਾਲਤ ਇਸ ਕਦਰ ਖ਼ਰਾਬ ਹੋ ਗਈ ਹੈ ਕਿ ਹੁਣ ਤਾਂ ਭਾਰਤ ’ਚ ਰਹਿਣ ਵਾਲੀਆਂ ਜਾਂ ਘੁੰਮਣ ਆਈਆਂ ਵਿਦੇਸ਼ੀ ਔਰਤਾਂ ਵੀ ਦਰਿੰਦਿਆਂ ਦਾ ਸ਼ਿਕਾਰ ਹੋ ਰਹੀਆਂ ਹਨ।1 ਮਾਰਚ ਨੂੰ ਝਾਰਖੰਡ ਦੇ ਦੁਮਕਾ ’ਚ ‘ਹੰਸਡਿਹਾ’ ਥਾਣਾ ਖੇਤਰ ਦੇ ‘ਕੁਰੂਮਾਹਾਟ’ ’ਚ ਆਪਣੇ ਪਤੀ (64) ਦੇ ਨਾਲ ਬਾਈਕ ’ਤੇ ਦੁਨੀਆ ਦੀ ਸੈਰ ’ਤੇ ਨਿਕਲੀ ਸਪੇਨ ਦੀ ਇਕ ਔਰਤ (28) ‘ਟ੍ਰੈਵਲ ਬਲਾਗਰ’ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣਾ ਆਇਆ ਹੈ।
ਪੁਲਸ ਦੀ ਗਸ਼ਤੀ ਟੀਮ ਨੂੰ ਇਹ ਦੋਵੇਂ 1 ਮਾਰਚ ਰਾਤ ਨੂੰ ਲਗਭਗ 11 ਵਜੇ ਸੜਕ ਦੇ ਕੰਢੇ ਪਏ ਮਿਲੇ ਅਤੇ ਕਿਉਂਕਿ ਦੋਵੇਂ ਸਪੈਨਿਸ਼ ਭਾਸ਼ਾ ਹੀ ਬੋਲ ਰਹੇ ਸਨ, ਇਸ ਲਈ ਪੁਲਸ ਮੁਲਾਜ਼ਮ ਉਨ੍ਹਾਂ ਦੀ ਗੱਲ ਸਮਝ ਨਹੀਂ ਸਕੇ। ਉਨ੍ਹਾਂ ਨੂੰ ਘਟਨਾ ਸਥਾਨ ਤੋਂ 50 ਕਿਲੋਮੀਟਰ ਦੂਰ ਸਥਿਤ ਸਿਹਤ ਕੇਂਦਰ ’ਚ ਪਹੁੰਚਾਇਆ ਗਿਆ, ਜਿੱਥੇ ਔਰਤ ਨੇ ਆਪਣੇ ਬਿਆਨ ਦਰਜ ਕਰਵਾਏ। ਇਹ ਦੋਵੇਂ 1 ਮਾਰਚ ਨੂੰ ਕੋਲਕਾਤਾ ਤੋਂ ਨੇਪਾਲ ਲਈ ਨਿਕਲੇ ਸਨ। ‘ਹੰਸਡਿਹਾ’ ’ਚ ਸ਼ਾਮ ਹੋ ਜਾਣ ’ਤੇ ਉਨ੍ਹਾਂ ਨੇ ਉੱਥੇ ਹੀ ਰੁਕਣ ਦਾ ਫੈਸਲਾ ਕੀਤਾ ਅਤੇ ‘ਕੁਰੂਮਾਹਾਟ’ ’ਚ ਸੜਕ ਤੋਂ ਲਗਭਗ 2 ਕਿਲੋਮੀਟਰ ਦੂਰ ਇਕ ਅਸਥਾਈ ਤੰਬੂ ਲਾ ਕੇ ਸੌਂ ਗਏ।
ਪੁਲਸ ਨੂੰ 3 ਸਫਿਆਂ ਦੀ ਸ਼ਿਕਾਇਤ ’ਚ ਔਰਤ ਨੇ ਦੱਸਿਆ ਹੈ ਕਿ ਰਾਤ ਲਗਭਗ 11 ਵਜੇ 7 ਨੌਜਵਾਨ ਨਸ਼ੇ ਦੀ ਹਾਲਤ ’ਚ ਉੱਥੇ ਪਹੁੰਚੇ। ਉਨ੍ਹਾਂ ਨੇ ਉਨ੍ਹਾਂ ਦੋਵਾਂ ਨੂੰ ਜਗਾਇਆ ਅਤੇ ਉਨ੍ਹਾਂ ਦੋਵਾਂ ਦੀ ਗਰਦਨ ’ਤੇ ਚਾਕੂ ਰੱਖਿਆ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਫਿਰ ਔਰਤ ਦੇ ਪਤੀ ਨੂੰ ਕੁੱਟਣ ਅਤੇ ਤੰਬੂ ’ਚ ਬੰਨ੍ਹਣ ਪਿੱਛੋਂ ਔਰਤ ਨੂੰ ਟੈਂਟ ਤੋਂ ਕੁਝ ਦੂਰ ਲਿਜਾ ਕੇ ਸੱਤਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਉਸ ਨਾਲ ਇਹ ਦਰਿੰਦਗੀ ਤਿੰਨ ਘੰਟੇ ਤੱਕ ਜਾਰੀ ਰਹੀ ਅਤੇ ਇਸ ਦੌਰਾਨ ਸਾਰੇ ਦਰਿੰਦੇ ਉਸ ਨੂੰ ਲਗਾਤਾਰ ਲੱਤਾਂ-ਮੁੱਕੇ ਮਾਰਦੇ ਰਹੇ ਅਤੇ ਜਾਂਦੇ ਸਮੇਂ ਔਰਤ ਦੇ ਪਤੀ ਦੀ ਹੀਰੇ ਦੀ ਅੰਗੂਠੀ, ਸਮਾਰਟ ਵਾਚ, ਪਰਸ, 300 ਅਮਰੀਕੀ ਡਾਲਰ, ਸਪੇਨ ਦੀ ਬੈਂਕ ਦਾ ਕ੍ਰੈਡਿਟ ਕਾਰਡ, ਬਲੂਟੁੱਥ ਅਤੇ ਬੰਗਲਾਦੇਸ਼ ਦੀ ਕਰੰਸੀ ਤੋਂ ਇਲਾਵਾ 11,000 ਭਾਰਤੀ ਰੁਪਏ ਵੀ ਲੁੱਟ ਕੇ ਲੈ ਗਏ।
ਇਸ ਦਰਮਿਆਨ ਪੀੜਤਾ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ ’ਚ ਉਹ ਕਹਿ ਰਹੀ ਹੈ ਕਿ ‘‘ਜਿਹੋ-ਜਿਹੀ ਘਟਨਾ ਮੇਰੇ ਨਾਲ ਹੋਈ ਹੈ, ਉਹੋ-ਜਿਹੀ ਕਿਸੇ ਹੋਰ ਦੇ ਨਾਲ ਨਾ ਹੋਵੇ। ਮੈਨੂੰ ਤਾਂ ਲੱਗ ਰਿਹਾ ਸੀ ਕਿ ਅਸੀਂ ਮਰ ਜਾਵਾਂਗੇ ਪਰ ਰੱਬ ਦਾ ਸ਼ੁਕਰ ਹੈ ਕਿ ਅਸੀਂ ਜਿਊਂਦੇ ਹਾਂ।’’ ਇਹ ਇਸ ਤਰ੍ਹਾਂ ਦੀ ਇਕੱਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਵਿਦੇਸ਼ਾਂ ਤੋਂ ਭਾਰਤ ਆਈਆਂ ਕਈ ਔਰਤਾਂ ’ਤੇ ਇਸੇ ਤਰ੍ਹਾਂ ਦੇ ਅੱਤਿਆਚਾਰ ਹੁੰਦੇ ਰਹੇ ਹਨ।
* 6 ਦਸੰਬਰ, 2018 ਨੂੰ ਮਨਾਲੀ (ਹਿਮਾਚਲ ਪ੍ਰਦੇਸ਼) ’ਚ ਇਕ ਵਿਦੇਸ਼ੀ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਪੁਲਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ’ਚੋਂ ਇਕ ਨੇਪਾਲ ਦਾ ਅਤੇ ਦੂਜਾ ਪਾਲਮਪੁਰ ਦਾ ਸੀ।
* 7 ਸਤੰਬਰ, 2019 ਨੂੰ ਮਥੁਰਾ (ਉੱਤਰ ਪ੍ਰਦੇਸ਼) ’ਚ ਇਕ ਵਿਦੇਸ਼ੀ ਔਰਤ ਦੀ ਵੀਜ਼ਾ ਮਿਆਦ ਵਧਾਉਣ ਦੇ ਬਹਾਨੇ ਲਖਨਊ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ’ਚ ਉੱਤਰ ਪ੍ਰਦੇਸ਼ ਪੁਲਸ ਦੇ ਦੋ ਸਿਪਾਹੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ।
*11 ਅਪ੍ਰੈਲ, 2021 ਨੂੰ ਇਕ ਵਿਦੇਸ਼ੀ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਨੂੰ ਕਰਨਾਟਕ ਦੇ ‘ਹੋਸਕੋਟੇ’ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ।
*25 ਜੁਲਾਈ, 2022 ਨੂੰ ਗੁੜਗਾਓਂ (ਹਰਿਆਣਾ) ’ਚ ਇਕ ਵਿਦੇਸ਼ੀ ਔਰਤ ਨਾਲ ਦੋਸਤੀ ਕਰ ਕੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਨੌਜਵਾਨ ਵਿਰੁੱਧ ਸੈਕਟਰ-53 ਥਾਣਾ ਪੁਲਸ ਨੇ ਸ਼ਿਕਾਇਤ ਦਰਜ ਕੀਤੀ।
*15 ਮਾਰਚ, 2023 ਨੂੰ ਵਿਦੇਸ਼ ਤੋਂ ਆਪਣੇ ਬੇਟੇ ਦੇ ਇਲਾਜ ਦੇ ਸਿਲਸਿਲੇ ’ਚ ਭਾਰਤ ਆਈ ਔਰਤ ਦੀ ਸਹਾਇਤਾ ਕਰਨ ਦੇ ਬਹਾਨੇ ਨਾਲ ਇਕ ਵਿਅਕਤੀ ਨੇ ਉਸ ਨੂੰ ਨਸ਼ੀਲਾ ਜੂਸ ਪਿਲਾ ਕੇ ਜਬਰ-ਜ਼ਨਾਹ ਕੀਤਾ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਭਾਰਤ ਆਈਆਂ ਵਿਦੇਸ਼ੀ ਔਰਤਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਕਰ ਕੇ ਚੰਦ ਦਰਿੰਦੇ ਨਾ ਸਿਰਫ ਦੇਸ਼ ਅਤੇ ਸਬੰਧਤ ਸੂਬਿਆਂ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ, ਸਗੋਂ ਅਜਿਹੀਆਂ ਘਟਨਾਵਾਂ ਨਾਲ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ’ਚ ਕਮੀ ਆਵੇਗੀ ਅਤੇ ਇਸ ਦੇ ਨਤੀਜੇ ਵਜੋਂ ਉਨ੍ਹਾਂ ਵੱਲੋਂ ਖਰੀਦਦਾਰੀ ਅਤੇ ਲੈਣ-ਦੇਣ ਪ੍ਰਭਾਵਿਤ ਹੋਣ ਨਾਲ ਦੇਸ਼ ਬਹੁਤ ਕੀਮਤੀ ਵਿਦੇਸ਼ੀ ਮੁਦਰਾ ਤੋਂ ਵੀ ਵਾਂਝਾ ਹੋਵੇਗਾ।
ਹਾਲ ਦੀ ਘੜੀ, ਸਪੇਨ ਦੀ ਔਰਤ ਅਤੇ ਉਸ ਦੇ ਪਤੀ ਨਾਲ ਦਰਿੰਦਗੀ ਦੇ ਮਾਮਲੇ ’ਚ 7 ’ਚੋਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 3 ਹੋਰ ਦੋਸ਼ੀਆਂ ਦੀ ਵੀ ਸ਼ਨਾਖਤ ਹੋ ਗਈ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ’ਚ ਸ਼ਾਮਲ ਪਾਏ ਜਾਣ ਵਾਲੇ ਲੋਕਾਂ ਵਿਰੁੱਧ ਤੁਰੰਤ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਇਸ ਨਾਲ ਕੌਮਾਂਤਰੀ ਪੱਧਰ ’ਤੇ ਭਾਰਤ ਦੇਸ਼ ਦੇ ਪ੍ਰਸ਼ਾਸਨ ਦੀ ਵੀ ਬਦਨਾਮੀ ਹੁੰਦੀ ਹੈ ਅਤੇ ਸਬੰਧਤ ਦੇਸ਼ਾਂ ਨਾਲ ਕੂਟਨੀਤਿਕ ਸੰਬੰਧਾਂ ’ਤੇ ਵੀ ਭਾਰੀ ਅਸਰ ਪੈਂਦਾ ਹੈ।
-ਵਿਜੇ ਕੁਮਾਰ
ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਸਿਆਸੀ ਪਾਰਟੀਆਂ ਨੂੰ ਸਲਾਹ
NEXT STORY