14 ਜਨਵਰੀ ਨੂੰ ਜੰਮੂ ਵਿਚ ਹਥਿਆਰਬੰਦ ਸੈਨਾ ਦੇ ਦਿੱਗਜ਼ ਦਿਵਸ ਦੇ ਮੌਕੇ ’ਤੇ ਇਕ ਸਮਾਗਮ ਵਿਚ ਬੋਲਦਿਆਂ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਦਾ ‘‘ਮੁਕੁਟ ਰਤਨ’’ ਦੱਸਿਆ, ਜੋ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਤੋਂ ਬਿਨਾਂ ਅਧੂਰਾ ਹੈ, ਜਿਸ ਨੂੰ ਉਨ੍ਹਾਂ ਨੇ ਪਾਕਿਸਤਾਨ ਵਲੋਂ ਗੈਰ-ਕਾਨੂੰਨੀ ਤੌਰ ’ਤੇ ਕਬਜ਼ੇ ’ਚ ਲਿਆ ਦੱਸਿਆ। ਰੱਖਿਆ ਮੰਤਰੀ ਨੇ ਪੀ.ਓ. ਕੇ. ਨੂੰ ਅੱਤਵਾਦ ਲਈ ਆਧਾਰ ਵਜੋਂ ਵਰਤਣ ਵਿਰੁੱਧ ਚਿਤਾਵਨੀ ਦਿੱਤੀ । ਸਿੰਘ ਨੇ ਇਸ ਗੱਲ ’ਤੇ ਰੌਸ਼ਨੀ ਪਾਈ ਕਿ ਜੰਮੂ-ਕਸ਼ਮੀਰ ਵਿਚ ਘੁਸਪੈਠ ਕਰਨ ਵਾਲੇ ਜ਼ਿਆਦਾਤਰ ਅੱਤਵਾਦੀ ਪੀ. ਓ. ਕੇ. ਤੋਂ ਆਉਂਦੇ ਹਨ ਅਤੇ ਉਨ੍ਹਾਂ ਨੇ ਉੱਥੇ ਅੱਤਵਾਦੀ ਨੈੱਟਵਰਕ ਨੂੰ ਖਤਮ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਨੂੰ ਪੀ. ਓ. ਕੇ. ਪ੍ਰਸ਼ਾਸਨ ਦੀ ਆਲੋਚਨਾ ਕੀਤੀ ਕਿ ਉਹ ਆਪਣੇ ਲੋਕਾਂ ਨੂੰ ਸਨਮਾਨਜਨਕ ਜੀਵਨ ਸਥਿਤੀਆਂ ਤੋਂ ਵਾਂਝਾ ਕਰ ਰਿਹਾ ਹੈ ਅਤੇ ਭਾਰਤ ਵਿਰੋਧੀ ਭਾਵਨਾ ਨੂੰ ਉਤਸ਼ਾਹਿਤ ਕਰ ਰਿਹਾ ਹੈ। ਸਿੰਘ ਨੇ ਪਿਛਲੇ ਸੰਘਰਸ਼ਾਂ ਨੂੰ ਯਾਦ ਕੀਤਾ, ਜਿੱਥੇ ਭਾਰਤ ਨੇ ਪਾਕਿਸਤਾਨ ਦੀਆਂ ਫੌਜੀ ਇੱਛਾਵਾਂ ਨੂੰ ਨਾਕਾਮ ਕੀਤਾ ਸੀ, ਅੱਤਵਾਦ ਦਾ ਮੁਕਾਬਲਾ ਕਰਨ ਵਿਚ ਭਾਰਤੀ ਫੌਜਾਂ ਅਤੇ ਸਥਾਨਕ ਮੁਸਲਿਮ ਭਾਈਚਾਰਿਆਂ ਦੀਆਂ ਕੁਰਬਾਨੀਆਂ ’ਤੇ ਰੌਸ਼ਨੀ ਪਾਈ।
ਉਨ੍ਹਾਂ ਨੇ ਜੰਮੂ-ਕਸ਼ਮੀਰ ਅਤੇ ਬਾਕੀ ਭਾਰਤ ਵਿਚਕਾਰ ਪਾੜੇ ਨੂੰ ਪੂਰਾ ਕਰਨ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ, ਇਸ ਖੇਤਰ ਨੂੰ ਰਾਸ਼ਟਰੀ ਮੁੱਖ ਧਾਰਾ ਨਾਲ ਪੂਰੀ ਤਰ੍ਹਾਂ ਜੋੜਨ ਲਈ ਚੱਲ ਰਹੀਆਂ ਪਹਿਲਕਦਮੀਆਂ ’ਤੇ ਜ਼ੋਰ ਦਿੱਤਾ। ਪਾਕਿਸਤਾਨ ਲਈ ਪੀ. ਓ. ਕੇ. ਇਕ ਵਿਦੇਸ਼ੀ ਖੇਤਰ ਤੋਂ ਵੱਧ ਕੁਝ ਨਹੀਂ ਹੈ। ਬਦਕਿਸਮਤੀ ਨਾਲ ਪਾਕਿਸਤਾਨ ਉਪ-ਮਹਾਂਦੀਪ ਵਿਚ ਅੱਤਵਾਦ ਫੈਲਾਉਣ ਲਈ ਪੀ. ਓ. ਕੇ. ਦੀ ਵਰਤੋਂ ਕਰ ਰਿਹਾ ਹੈ। ਦਰਅਸਲ ਪੀ. ਓ. ਕੇ. ਤੋਂ ਬਗੈਰ ਜੰਮੂ-ਕਸ਼ਮੀਰ ਅਧੂਰਾ ਹੈ ਅਤੇ ਜੰਮੂ-ਕਸ਼ਮੀਰ ਤੋਂ ਬਿਨਾਂ ਭਾਰਤ ਅਧੂਰਾ ਹੈ। 80 ਫੀਸਦੀ ਤੋਂ ਵੱਧ ਅੱਤਵਾਦੀਆਂ ਦੀ ਘੁਸਪੈਠ ਦੇ ਨਾਲ ਹੀ ਪੀ. ਓ. ਕੇ. ਦੀ ਵਰਤੋਂ ਅੱਤਵਾਦ ਦੇ ਕਾਰੋਬਾਰ ਨੂੰ ਚਲਾਉਣ ਲਈ ਕੀਤੀ ਜਾ ਰਹੀ ਹੈ।
ਇਹ ਮੰਦਭਾਗਾ ਹੈ ਅਤੇ ਇਸ ਨੇ ਉਪ-ਮਹਾਦੀਪ ਵਿਚ ਸ਼ਾਂਤੀ ਦੇ ਮਾਹੌਲ ਨੂੰ ਵਿਗਾੜ ਦਿੱਤਾ ਹੈ। ਇਹ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦੇ ਹਿੱਤ ਵਿਚ ਹੋਵੇਗਾ ਜੇਕਰ ਪਾਕਿਸਤਾਨ ਅੱਤਵਾਦੀ ਨੈੱਟਵਰਕ ਨੂੰ ਖਤਮ ਕਰ ਦਿੰਦਾ ਹੈ। ਪਾਕਿਸਤਾਨ ਦੇ ਰਵੱਈਏ ਬਾਰੇ ਕੋਈ ਵੀ ਯਕੀਨ ਨਹੀਂ ਕਰ ਸਕਦਾ। ਜੇਕਰ ਕੇਂਦਰ ਸਰਕਾਰ ਵਿਦੇਸ਼ੀ ਫੌਜੀਆਂ ਦੇ ਕਈ ਰਣਨੀਤਕ ਫਾਇਦਿਆਂ ਦਾ ਲਾਭ ਉਠਾਉਣ ਦੇ ਯੋਗ ਹੁੰਦੀ ਅਤੇ ਭਾਰਤ ਨੇ ਦ੍ਰਿੜ੍ਹਤਾ ਨਾਲ ਕਾਰਵਾਈ ਕੀਤੀ ਹੁੰਦੀ ਤਾਂ ਅੱਤਵਾਦ ਦੀ ਸਮੱਸਿਆ 1965 ਵਿਚ ਹੀ ਖਤਮ ਹੋ ਜਾਂਦੀ।
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਸਲਾਮਾਬਾਦ ਕਸ਼ਮੀਰ ਸਮੱਸਿਆ ਦੀ ਜੜ੍ਹ ਰਿਹਾ ਹੈ। ਇਸ ਨੂੰ ਸਿਰਫ਼ ਚੀਨ ਅਤੇ ਪੱਛਮ ਦੇ ਸਮਰਥਨ ਨਾਲ ਹੀ ਬਣਾਈ ਰੱਖਿਆ ਜਾ ਸਕਦਾ ਹੈ। ਮੈਂ ਹਰ ਸਮੱਸਿਆ ’ਤੇ ਚਰਚਾ ਕਰਨ ਦਾ ਪ੍ਰਸਤਾਵ ਨਹੀਂ ਰੱਖਦਾ। ਹਾਲਾਂਕਿ ਜਿਸ ਨੇ ਸਾਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ, ਉਹ ਕਸ਼ਮੀਰ ਹੈ। ਆਓ, ਇਸ ਖੇਤਰ ਦੇ ਇਤਿਹਾਸ ਦੀ ਸਮੀਖਿਆ ਕਰੀਏ।
ਮੂਲ ਰੂਪ ਵਿਚ 2,22,000 ਵਰਗ ਕਿਲੋਮੀਟਰ ਤੋਂ ਵੱਧ ’ਚ ਫੈਲੇ ਹੋਏ ਜੰਮੂ ਅਤੇ ਕਸ਼ਮੀਰ ਦਾ ਵਿਸ਼ਾਲ ਖੇਤਰ ਕਦੀ ਅਫਗਾਨਿਸਤਾਨ ਦੇ ਵਾਖਾਨ ਕੋਰੀਡੋਰ ਅਤੇ ਚੀਨ ਦੇ ਉੱਚੇ ਇਲਾਕਿਆਂ ਨੂੰ ਛੂੰਹਦਾ ਸੀ। ਅੱਜ ਭਾਰਤ ਇਸ ਧਰਤੀ ਦੇ ਅੱਧੇ ਤੋਂ ਵੀ ਘੱਟ ਹਿੱਸੇ ’ਤੇ ਹਕੂਮਤ ਕਰਦਾ ਹੈ, ਬਾਕੀ ਹਿੱਸਾ ਪਾਕਿਸਤਾਨ ਅਤੇ ਚੀਨ ਦੇ ਕੰਟਰੋਲ ’ਚ ਹੈ, ਜੋ ਕਿ ਇਕ ਖੰਡਿਤ ਵਿਰਾਸਤ ਨੂੰ ਉਜਾਗਰ ਕਰਦਾ ਹੈ।
ਜਿਵੇਂ ਹੀ ਭਾਰਤ ਅਤੇ ਪਾਕਿਸਤਾਨ ਬ੍ਰਿਟਿਸ਼ ਸ਼ਾਸਨ ਦੇ ਪਰਛਾਵੇਂ ਤੋਂ ਉੱਭਰ ਕੇ ਸਾਹਮਣੇ ਆਏ, ਬ੍ਰਿਟਿਸ਼ ਚਾਲਾਂ ਨੇ ਇਕ ਸ਼ਾਂਤ ਪਰ ਮਹੱਤਵਪੂਰਨ ਭੂਮਿਕਾ ਨਿਭਾਈ। ਬ੍ਰਿਟਿਸ਼ ਅਫ਼ਸਰ, ਜੋ ਅਜੇ ਵੀ ਉਪ-ਮਹਾਦੀਪ ਦੇ ਸ਼ਕਤੀ ਢਾਂਚੇ ਵਿਚ ਸ਼ਾਮਲ ਸਨ, ਨੇ ਭਾਰਤੀ ਲੀਡਰਸ਼ਿਪ ਨੂੰ ਧੋਖਾ ਦਿੰਦੇ ਹੋਏ ਜੰਮੂ ਅਤੇ ਕਸ਼ਮੀਰ ਉੱਤੇ ਹਮਲਾ ਕਰਨ ਲਈ ਪਾਕਿਸਤਾਨੀ ਫੌਜ ਨਾਲ ਇਕ ਗੁਪਤ ਕਾਰਵਾਈ ਸ਼ੁਰੂ ਕੀਤੀ।
ਇਸ ਵਿਸ਼ਵਾਸਘਾਤ ਦੇ ਨਤੀਜੇ ਵਜੋਂ ਸਕਾਰਦੂ ਗੈਰੀਸਨ ਦਾ ਬੇਰਹਿਮੀ ਨਾਲ ਪਤਨ ਹੋਣਾ ਅਤੇ ਕਤਲੇਆਮ ਹੋਇਆ ਅਤੇ ਜ਼ੋਜਿਲਾ ਦੀ ਲੜਾਈ ਵਰਗੇ ਲੰਬੇ ਸੰਘਰਸ਼ ਹੋਏ, ਜਿੱਥੇ ਭਾਰਤੀ ਫੌਜ ਨੇ ਮੁਸ਼ਕਲਾਂ ਦੇ ਬਾਵਜੂਦ ਬਹਾਦਰੀ ਨਾਲ ਲੜਾਈ ਲੜੀ। 1949 ਵਿਚ ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਹੇਠ ਕਰਾਚੀ ਸਮਝੌਤੇ ਨੇ ਇਕ ਜੰਗਬੰਦੀ ਰੇਖਾ ਬਣਾਈ ਜੋ ਅਸਪੱਸ਼ਟ ਤੌਰ ’ਤੇ ਸਿਰਫ ਐੱਨ. ਜੇ. 9842 (ਇਕ ਨਕਸ਼ਾ ਤਾਲਮੇਲ ਬਿੰਦੂ) ਤੱਕ ਖਿੱਚੀ ਗਈ ਸੀ ਜੋ ਕਿ ਕੰਟਰੋਲ ਰੇਖਾ (ਐੱਲ. ਓ. ਸੀ.) ’ਤੇ ਸਥਿਤ ਹੈ, ਜਿਸ ਵਿਚ ਕੋਈ ਸਪੱਸ਼ਟ ਲਾਈਨਾਂ ਨਹੀਂ ਹਨ ਅਤੇ ਅਸਪੱਸ਼ਟ ਤੌਰ ’ਤੇ ‘ਗਲੇਸ਼ੀਅਰਾਂ ਦੇ ਉੱਤਰ ਵੱਲ’ ਹੈ।
ਇਸ ਅਸਪੱਸ਼ਟਤਾ ਨੇ ਲਗਾਤਾਰ ਟਕਰਾਅ ਦੇ ਬੀਜ ਬੀਜੇ ਹਨ, ਜਿਸ ਦੇ ਬਾਅਦ ਵਿਦੇਸ਼ੀ ਮੈਪਿੰਗ ਅਕਸਰ ਵਿਵਾਦਾਂ ਨੂੰ ਡੂੰਘਾ ਕਰਦੀ ਹੈ, ਖਾਸ ਕਰ ਕੇ ਰਣਨੀਤਕ ਸਿਆਚਿਨ ਗਲੇਸ਼ੀਅਰ ਦੇ ਆਲੇ-ਦੁਆਲੇ। ਮੈਕਮੋਹਨ ਲਾਈਨ ਬਸਤੀਵਾਦੀ ਯੁੱਗ ਦੀ ਇਕ ਸ਼ਿਮਲਾ ਕਨਵੈਨਸ਼ਨ (1913-14) ਦੀ ਇਕ ਨਿਸ਼ਾਨੀ, ਜੋ ਤਿੱਬਤ ਅਤੇ ਭਾਰਤ ਦੀ ਉੱਤਰ-ਪੂਰਬੀ ਸਰਹੱਦ ਵਿਚਕਾਰ ਸੀਮਾ ਨੂੰ ਦਰਸਾਉਂਦੀ ਹੈ।
ਇਸ ਦੀ ਇਤਿਹਾਸਕ ਜਾਇਜ਼ਤਾ ਦੇ ਬਾਵਜੂਦ ਚੀਨ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ, ਜਦੋਂ ਕਿ ਭਾਰਤ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਆਦਰਸ਼ਵਾਦੀ ਅਗਵਾਈ ਹੇਠ ਅਕਸਰ ਆਪਣੇ ਖੇਤਰੀ ਅਧਿਕਾਰਾਂ ਦਾ ਦਾਅਵਾ ਕਰਨ ਵਿਚ ਅਸਫਲ ਰਿਹਾ ਹੈ। ਇਹ ਅਣਗਹਿਲੀ 1962 ਦੇ ਚੀਨੀ ਹਮਲੇ ਦੌਰਾਨ ਸਪੱਸ਼ਟ ਤੌਰ ’ਤੇ ਸਾਹਮਣੇ ਆਈ ਸੀ, ਜਿਸ ਨੇ ਭਾਰਤ ਦੀ ਕਮਜ਼ੋਰੀ ਨੂੰ ਉਜਾਗਰ ਕੀਤਾ ਸੀ। ਇਸ ਪਿਛੋਕੜ ਵਿਚ ਅਫਗਾਨਿਸਤਾਨ ਵਿਚ ਤਾਲਿਬਾਨ ਸ਼ਾਸਨ ਦੇ ਪਤਨ ਅਤੇ ਜਨਰਲ ਪਰਵੇਜ਼ ਮੁਸ਼ੱਰਫ ਵਲੋਂ ਨਿਭਾਈ ਗਈ ਸ਼ੱਕੀ ਭੂਮਿਕਾ ਦੇ ਸੰਦਰਭ ਵਿਚ ਇਸ ਦੀ ਆਲੋਚਨਾਤਮਕ ਜਾਂਚ ਕਰਨੀ ਵੀ ਸਾਰਥਕ ਹੋਵੇਗੀ।
ਜੰਮੂ ਅਤੇ ਕਸ਼ਮੀਰ ਦੀ ਕਹਾਣੀ ਵਾਰ-ਵਾਰ ਹੈਰਾਨੀਆਂ ਅਤੇ ਘੁਸਪੈਠਾਂ ਦੀ ਕਹਾਣੀ ਰਹੀ ਹੈ, ਜਿਵੇਂ ਕਿ 2020 ਦੀ ਗਲਵਾਨ ਘਾਟੀ ਝੜਪ ਵਿਚ ਦੇਖਿਆ ਗਿਆ ਸੀ, ਜਿੱਥੇ ਭਾਰਤੀ ਫੌਜਾਂ ਨੂੰ ਚੀਨੀ ਫੌਜ ਵਲੋਂ ਪਹਿਲਾਂ ਤੋਂ ਯੋਜਨਾਬੱਧ ਹਿੰਸਕ ਝੜਪ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਘਟਨਾਵਾਂ ਪਾਕਿਸਤਾਨ ਅਤੇ ਚੀਨ ਦੋਵਾਂ ਵਲੋਂ ਭਾਰਤ ਉੱਤੇ ਮੰਡਰਾਅ ਰਹੇ ਦੋਹਰੇ ਖਤਰਿਆਂ ਦੀ ਇਕ ਗੰਭੀਰ ਯਾਦ ਦਿਵਾਉਂਦੀਆਂ ਹਨ, ਜੋ ਸਾਨੂੰ ਭਾਰਤ ਦੀ ਰੱਖਿਆ ਰਣਨੀਤੀ ਦਾ ਮੁੜ ਮੁਲਾਂਕਣ ਕਰਨ ਅਤੇ ਇਹ ਪਛਾਣਨ ਦੀ ਅਪੀਲ ਕਰਦੀਆਂ ਹਨ ਕਿ ਸੱਚੀ ਪ੍ਰਭੂਸੱਤਾ ਲਈ ਚੌਕਸੀ, ਲਚਕੀਲਾਪਨ ਅਤੇ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਲਈ ਇਕ ਅਟੁੱਟ ਵਚਨਬੱਧਤਾ ਦੀ ਲੋੜ ਹੁੰਦੀ ਹੈ।
–ਹਰੀ ਜੈਸਿੰਘ
NIKE ਆਪਣੇ ਮੁਕਾਬਲੇ ਦੇ Adidas ਤੋਂ ਕੀ ਸਿੱਖ ਸਕਦਾ ਹੈ?
NEXT STORY