ਅੱਜ ਹਰ ਥਾਂ ਆਪਾ-ਧਾਪੀ ਜਿਹੀ ਮਚੀ ਹੋਈ ਹੈ। ਕਿਤੇ ਬੰਬ ਧਮਾਕੇ, ਕਿਤੇ ਸਿਆਸੀ ਉਤਾਰ-ਚੜ੍ਹਾਅ ਅਤੇ ਕਿਤੇ ਤਰ੍ਹਾਂ-ਤਰ੍ਹਾਂ ਦੇ ਜੁਰਮ ਜਾਰੀ ਹਨ। ਅਜਿਹੇ ’ਚ ਪਾਠਕਾਂ ਦੇ ਲਈ ਅਜਿਹੀਆਂ ਤਣਾਅ ਦੇਣ ਵਾਲੀਆਂ ਖਬਰਾਂ ਤੋਂ ਹਟ ਕੇ ਅੱਜ ਅਸੀਂ ਕੁਝ ਅਜਬ-ਗਜ਼ਬ ਖਬਰਾਂ ਇਥੇ ਪੇਸ਼ ਕਰ ਰਹੇ ਹਾਂ, ਜੋ ਤੁਹਾਨੂੰ ਦੱਸਣਗੀਆਂ ਕਿ ਉਪਰ ਲਿਖੀਆਂ ਗੱਲਾਂ ਤੋਂ ਇਲਾਵਾ ਵੀ ਦੇਸ਼ ’ਚ ਕਿਸ-ਕਿਸ ਤਰ੍ਹਾਂ ਦੇ ਦਿਲਚਸਪ ਘਟਨਾਕ੍ਰਮ ਹੋ ਰਹੇ ਹਨ :
* 15 ਮਈ, 2024 ਨੂੰ ਆਗਰਾ (ਉੱਤਰ ਪ੍ਰਦੇਸ਼) ’ਚ ਜਦੋਂ ਇਕ ਔਰਤ ਦਾ ਪਤੀ ਸ਼ਾਮ ਨੂੰ ਘਰ ਪਰਤਣ ਸਮੇਂ ਉਸ ਲਈ ਕੁਰਕੁਰੇ ਲਿਆਉਣਾ ਭੁੱਲ ਗਿਆ ਤਾਂ ਦੋਵਾਂ ’ਚ ਖੂਬ ਬਹਿਸ ਹੋਈ, ਜੋ ਇੰਨੀ ਵਧ ਗਈ ਕਿ ਪਤਨੀ ਰੁੱਸ ਕੇ ਆਪਣੇ ਪੇਕਿਆਂ ਨੂੰ ਚਲੀ ਗਈ।
* 16 ਜੁਲਾਈ, 2024 ਨੂੰ ਮੁੰਬਈ ਵਿਚ ਇਕ ਚੋਰ ਨੂੰ ਉਸ ਸਮੇਂ ਪਛਤਾਵਾ ਹੋਇਆ, ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੇ ਜਿਸ ਘਰ ਵਿਚੋਂ ਐੱਲ. ਈ. ਡੀ. ਟੈਲੀਵਿਜ਼ਨ ਅਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਸੀ, ਉਹ ਪ੍ਰਸਿੱਧ ਮਰਾਠੀ ਕਵੀ ਸਵ. ਨਾਰਾਇਣ ਸੁਰਵੇ ਦਾ ਸੀ। ਚੋਰ ਚੋਰੀ ਕੀਤਾ ਹੋਇਆ ਸਾਰਾ ਸਾਮਾਨ ਉਨ੍ਹਾਂ ਦੇ ਘਰ ਦੇ ਬਾਹਰ ਰੱਖ ਆਇਆ ਅਤੇ ਨਾਲ ਹੀ ਕੰਧ ’ਤੇ ਇਕ ਨੋਟ ਵੀ ਲਿਖ ਕੇ ਚਿਪਕਾ ਦਿੱਤਾ ਕਿ ਉਸ ਦੀ ਇਸ ਗਲਤੀ ਲਈ ਮਾਫ ਕਰ ਦਿੱਤਾ ਜਾਵੇ।
* 3 ਜਨਵਰੀ, 2025 ਨੂੰ ਕੋਹਲਾਪੁਰ (ਮਹਾਰਾਸ਼ਟਰ) ਦੇ ਇਕ ਹਸਪਤਾਲ ’ਚ ਇਲਾਜ ਅਧੀਨ ‘ਪਾਂਡੂਰੰਗ ਉਲਪੇ’ ਨਾਂ ਦੇ ਇਕ 65 ਸਾਲਾ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰਨ ਪਿੱਛੋਂ ਘਰ ਵਾਲੇ ਉਸ ਦੀ ਲਾਸ਼ ਐਂਬੂਲੈਂਸ ’ਚ ਘਰ ਲਿਆ ਰਹੇ ਸਨ।
ਰਸਤੇ ’ਚ ਇਕ ਐਂਬੂਲੈਂਸ ਇਕ ਸਪੀਡ ਬ੍ਰੇਕਰ ਦੇ ਉਪਰੋਂ ਲੰਘੀ ਤਾਂ ਲਾਸ਼ ਸਮੇਤ ਐਂਬੂਲੈਂਸ ’ਚ ਬੈਠੇ ਲੋਕਾਂ ਨੂੰ ਝਟਕਾ ਲੱਗਿਆ ਅਤੇ ਮ੍ਰਿਤਕ ਐਲਾਨੇ ਬਜ਼ੁਰਗ ‘ਪਾਂਡੂਰੰਗ ਉਲਪੇ’ ਦੇ ਸਾਹ ਵੀ ਚੱਲਣ ਲੱਗੇ।
* 12 ਜਨਵਰੀ, 2025 ਨੂੰ ਤਿਰੂਪਤੀ (ਆਂਧਰਾ ਪ੍ਰਦੇਸ਼) ’ਚ ਤੇਲਗੂ ਫਿਲਮ ‘ਡਾਕੂ ਮਹਾਰਾਜ’ ਦੇ ਪ੍ਰਦਰਸ਼ਨ ਤੋਂ ਪਹਿਲਾਂ ਉਥੋਂ ਦੇ ਇਕ ਸਿਨੇਮਾ ਘਰ ’ਚ ਭੇਡ ਦੀ ਬਲੀ ਦੇਣ ਅਤੇ ਉਸ ਦਾ ਖੂਨ ਫਿਲਮ ਦੇ ਹੀਰੋ ਤੇ ਵਿਧਾਇਕ ਐੱਨ. ਬਾਲਕ੍ਰਿਸ਼ਨ ਦੇ ਪੋਸਟਰ ’ਤੇ ਲਾਉਣ ਦੇ ਦੋਸ਼ ’ਚ ਐੱਨ. ਬਾਲਕ੍ਰਿਸ਼ਨ ਦੇ 5 ਪ੍ਰਸ਼ੰਸਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
*13 ਜਨਵਰੀ, 2025 ਨੂੰ ਪੁਰੀ (ਓਡਿਸ਼ਾ) ਵਿਚ ‘ਬਾਊਲੰਗਾ’ ਸਥਿਤ ਰੈਵੇਨਿਊ ਇੰਸਪੈਕਟਰ ‘ਮਾਰਸ਼ਲ ਪ੍ਰਧਾਨ’ ਡਿਊਟੀ ਸਮੇਂ ਸ਼ਰਾਬ ਦੇ ਨਸ਼ੇ ’ਚ ਧੁੱਤ ਹੋ ਕੇ ਦਫਤਰ ’ਚ ਆ ਕੇ ਉਲਟੀਆਂ-ਸਿੱਧੀਆਂ ਹਰਕਤਾਂ ਕਰਨ ਲੱਗਾ ਅਤੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹੀ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ। ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਤੱਕ ਪਹੁੰਚਣ ’ਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।
* 15 ਜਨਵਰੀ, 2025 ਨੂੰ ਕੰਨੂਰ (ਉੱਤਰੀ ਕੇਰਲ) ’ਚ ਡਾਕਟਰਾਂ ਵੱਲੋਂ ਮ੍ਰਿਤਕ ਐਲਾਨੇ ‘ਪਵਿੱਤਰਨ’ ਨਾਂ ਵਿਅਕਤੀ ਨੂੰ ਜਦੋਂ ਉਸ ਦੇ ਪਰਿਵਾਰ ਵਾਲੇ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਲਿਜਾਣ ਹੀ ਵਾਲੇ ਸਨ ਕਿ ਤਦ ਹੀ ਉਸ ਦੇ ਸਰੀਰ ’ਚ ਹਰਕਤ ਦੇਖ ਕੇ ਉਸ ਦੇ ਪਰਿਵਾਰ ਵਾਲਿਆਂ ਨੇ ਡਾਕਟਰਾਂ ਨੂੰ ਸੂਚਿਤ ਕੀਤਾ, ਜਿਸ ਪਿੱਛੋਂ ਉਸ ਨੂੰ ਤੁਰੰਤ ਆਈ. ਸੀ. ਯੂ. ’ਚ ਪਹੁੰਚਾਇਆ ਗਿਆ।
* 16 ਜਨਵਰੀ, 2025 ਨੂੰ ਮੁਕਤਸਰ (ਪੰਜਾਬ) ’ਚ ਲੱਗੇ ਵਿਸ਼ਵ ਪੱਧਰੀ 10 ਦਿਨਾ ‘ਘੋੜਾ ਬਾਜ਼ਾਰ’ ਵਿਚ ਵੱਖ-ਵੱਖ ਸੂਬਿਆਂ ਤੋਂ ਘੋੜਾ ਵਪਾਰੀ ਅਤੇ ਪਾਲਕ ਪਹੁੰਚੇ। ਇਸ ਬਾਜ਼ਾਰ ’ਚ ਆਏ ਇਕ ਘੋੜਾ ਮਾਲਕ ਨੇ ਆਪਣੇ ਤਿੰਨ ਸਾਲਾ ਘੋੜੇ ‘ਡੇਵਿਡ’ ਦੀ ਕੀਮਤ 21 ਕਰੋੜ ਰੁਪਏ ਦੱਸੀ ਹੈ। ਉਸ ਦਾ ਦਾਅਵਾ ਹੈ ਕਿ 72 ਇੰਚ ਲੰਬਾ ਇਹ ਘੋੜਾ ਪੂਰੇ ਭਾਰਤ ’ਚ ਸਭ ਤੋਂ ਲੰਬਾ ਘੋੜਾ ਹੈ।
ਇਸੇ ਬਾਜ਼ਾਰ ’ਚ ‘ਨੂਰੀ’ ਨਾਂ ਦੀ ਇਕ ਘੋੜੀ ਵੀ ਵਿਕਣ ਲਈ ਲਿਆਂਦੀ ਗਈ ਹੈ, ਜਿਸ ਦੀ ਕੀਮਤ 60 ਲੱਖ ਰੁਪਏ ਦੱਸੀ ਜਾਂਦੀ ਹੈ।
* 19 ਜਨਵਰੀ, 2025 ਨੂੰ ਧਮਤਰੀ (ਛੱਤੀਸਗੜ੍ਹ) ’ਚ ਮਨਾਏ ਜਾ ਰਹੇ ‘ਆਵਾਜਾਈ ਜਾਗਰੂਕਤਾ ਪੰਦਰਵਾੜਾ’ ਦੌਰਾਨ ਪੁਲਸ ਵੱਲੋਂ ਆਯੋਜਿਤ ਆਦਰਸ਼ ਵਿਆਹ ਪ੍ਰੋਗਰਾਮ ਦੌਰਾਨ 5 ਦਿਵਿਆਂਗ ਲਾੜਿਆਂ ਨੂੰ ਪੁਲਸ ਨੇ ਹੈਲਮੇਟ ਦੇ ਕੇ ਸਨਮਾਨਿਤ ਕੀਤਾ। ਇਸ ਪਿੱਛੋਂ ਸ਼ਹਿਰ ’ਚ ਦਿਵਿਆਂਗਾਂ ਦੀ ਇਕ ਅਨੋਖੀ ਬਾਰਾਤ ਨਿਕਲੀ, ਜਿਸ ’ਚ ਇਹ ਦਿਵਿਆਂਗ ਲਾੜੇ ਸਿਰਾਂ ’ਤੇ ਪੱਗ ਦੀ ਥਾਂ ਹੈਲਮੇਟ ਪਹਿਨੀ ਨਜ਼ਰ ਆਏ।
* 19 ਜਨਵਰੀ, 2025 ਨੂੰ ਹੀ ਤਿਰੂਤੰਨੀ (ਤਾਮਿਲਨਾਡੂ) ’ਚ ਲੁਟੇਰਿਆਂ ਨੇ ਇਕ ਸ਼ਰਾਬ ਦੀ ਦੁਕਾਨ ’ਤੇ ਧਾਵਾ ਬੋਲ ਦਿੱਤਾ ਅਤੇ ਉਥੇ ਗੱਲੇ ’ਚ ਪਏ ਲਗਭਗ 3 ਲੱਖ ਰੁਪਈਆਂ ਵੱਲ ਉਨ੍ਹਾਂ ਨੇ ਦੇਖਿਆ ਤੱਕ ਨਹੀਂ ਅਤੇ ਸਿਰਫ ਉੱਥੇ ਪਈ ਬੀਅਰ ਪੀ ਕੇ ਚੱਲਦੇ ਬਣੇ।
ਅਸੀਂ ਆਸ ਕਰਦੇ ਹਾਂ ਕਿ ਉਪਰੋਕਤ ਖਬਰਾਂ ਪੜ੍ਹ ਕੇ ਪਾਠਕਾਂ ਨੂੰ ਥੋੜ੍ਹਾ ਜਿਹਾ ਮਹਿਸੂਸ ਹੋਇਆ ਹੋਵੇਗਾ ਕਿ ਅੱਜ ਭਾਰਤ ’ਚ ਸਿਆਸਤ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਅਜਬ-ਗਜ਼ਬ ਹੋ ਰਿਹਾ ਹੈ।
–ਵਿਜੇ ਕੁਮਾਰ
ਭਾਰਤੀਆਂ ਨੂੰ ਕਿਉਂ ਕਰਨੀ ਚਾਹੀਦੀ ਸਖਤ ਮਿਹਨਤ
NEXT STORY