ਸਾਲ 2025 ਨੂੰ ਭਾਰਤ ਦੀ ਰਾਸ਼ਟਰੀ ਸੁਰੱਖਿਆ ਦੇ ਇਤਿਹਾਸ ’ਚ ਇਕ ਫੈਸਲਾਕੁੰਨ ਮੋੜ ਦੇ ਰੂਪ ’ਚ ਯਾਦ ਕੀਤਾ ਜਾਵੇਗਾ। ਭਾਰਤ ਨੇ ਜੰਗਾਂ, ਭੂਮੀ- ਸਿਆਸੀ ਉਥਲ-ਪੁਥਲ ਅਤੇ ਮਹਾਸ਼ਕਤੀਆਂ ਵਿਚਾਲੇ ਵਧਦੀ ਦੁਸ਼ਮਣੀ ਨਾਲ ਘਿਰੇ ਸੰਸਾਰਕ ਦ੍ਰਿਸ਼ ’ਚ ਵੀ ਸਪੱਸ਼ਟ ਦ੍ਰਿਸ਼ਟੀ, ਠੋਸ ਰਣਨੀਤੀ ਅਤੇ ਅਟੁੱਟ ਸੰਕਲਪ ਨਾਲ ਆਪਣੀ ਭੂਮਿਕਾ ਨੂੰ ਨਿਭਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਰਾਸ਼ਟਰ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜੇ ਖਤਰਿਆਂ ਦਾ ਸਾਹਮਣਾ ਕਰਨ ’ਚ ਅਨਿਸ਼ਚਿਤਤਾ ਅਤੇ ਸੰਕੋਚ ਤੋਂ ਅੱਗੇ ਵਧਦੇ ਹੋਏ, ਨਿਰਣਾਇਕ ਅਤੇ ਪ੍ਰਭਾਵੀ ਕਦਮ ਚੁੱਕੇ।
ਸਾਲ 2025 ’ਚ ਰਾਸ਼ਟਰੀ ਸੁਰੱਖਿਆ ਦੀ ਪਰਿਭਾਸ਼ਾ ਸਿਰਫ ਸੰਜਮ ਤੱਕ ਸੀਮਤ ਨਹੀਂ ਰਹੀ ਸਗੋਂ ਪ੍ਰਭੂਸੱਤਾ ਦੀ ਰੱਖਿਆ ਲਈ ਦ੍ਰਿੜ੍ਹ ਇੱਛਾ ਸ਼ਕਤੀ, ਸਟੀਕ ਕਾਰਵਾਈ ਅਤੇ ਚੰਗੀ ਤਰ੍ਹਾਂ ਵਿਚਾਰੇ ਗਏ ਰਣਨੀਤਿਕ ਸੰਕਲਪ ’ਤੇ ਆਧਾਰਿਤ ਹੋ ਕੇ ਉਭਰ ਕੇ ਸਾਹਮਣੇ ਆਈ।
ਅੱਤਵਾਦ ਵਿਰੁੱਧ ਭਾਰਤ ਦੀ ‘ਨਵੀਂ ਆਮ ਨੀਤੀ’ ਨੇ ਇਸ ਤਬਦੀਲੀ ਨੂੰ ਸਭ ਤੋਂ ਸਪੱਸ਼ਟ ਤੌਰ ’ਤੇ ਪ੍ਰਭਾਸ਼ਿਤ ਕੀਤਾ।
ਆਪ੍ਰੇਸ਼ਨ ਸਿੰਧੂਰ : ਕਾਰਵਾਈ ’ਚ ਸਿਧਾਂਤ
7 ਮਈ, 2025 ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ’ਚ ਸ਼ੁਰੂ ਕੀਤਾ ਗਿਆ ‘ਆਪ੍ਰੇਸ਼ਨ ਸਿੰਧੂਰ’ ਪਿਛਲੇ 5 ਦਹਾਕਿਆਂ ’ਚ ਭਾਰਤ ਵਲੋਂ ਕੀਤੀਆਂ ਗਈਆਂ ਸਭ ਤੋਂ ਮਹੱਤਵਪੂਰਨ ਅਤੇ ਦੂਰਗਾਮੀ ਫੌਜੀ ਕਾਰਵਾਈਆਂ ’ਚੋਂ ਇਕ ਸੀ।
1971 ਤੋਂ ਬਾਅਦ ਪਹਿਲੀ ਵਾਰ, ਭਾਰਤ ਨੇ ਨਾ ਸਿਰਫ ਸਰਹੱਦੀ ਖੇਤਰਾਂ ਤੱਕ ਖੁਦ ਨੂੰ ਸੀਮਤ ਰੱਖਿਆ ਸਗੋਂ ਪਾਕਿਸਤਾਨ ਦੇ ਅੰਦਰੂਨੀ ਇਲਾਕਿਆਂ ’ਚ ਸਥਿਤ ਅਨੇਕ ਅੱਤਵਾਦੀ ਸੰਗਠਨਾਂ ’ਤੇ ਨਾਲੋਂ-ਨਾਲ ਸਟੀਕ ਅਤੇ ਯੋਜਨਾਬੱਧ ਹਮਲੇ ਕੀਤੇ।
ਆਪ੍ਰੇਸ਼ਨ ਸਿੰਧੂਰ ਦੀ ਸਭ ਤੋਂ ਵਿਸ਼ੇਸ਼ ਵਿਸ਼ੇਸ਼ਤਾ ਇਹ ਰਹੀ ਕਿ ਤੀਬਰ ਉਕਸਾਵੇ ਦੇ ਬਾਵਜੂਦ ਭਾਰਤੀ ਸੈਨਾ ਨੇ ਪੂਰੀ ਮੁਹਿੰਮ ਦੌਰਾਨ ਮੁਕੰਮਲ ਕੰਟਰੋਲ ਅਤੇ ਅਨੁਸ਼ਾਸਨ ਬਣਾਈ ਰੱਖਿਆ। 10, ਮਈ 2025 ਨੂੰ ਪਾਕਿਸਤਾਨ ਦੇ 11 ਹਵਾਈ ਅੱਡਿਆਂ ’ਤੇ ਕੀਤੇ ਗਏ ਅਤਿਅੰਤ ਸਟੀਕ ਹਮਲਿਆਂ ’ਚ ਭਾਰਤ ਦੀ ਇਕ ਵੀ ਮਿਜ਼ਾਈਲ ਨੂੰ ਨਕਾਰਾ ਨਹੀਂ ਕੀਤਾ ਜਾ ਸਕਿਆ, ਜੋ ਸਾਡੀ ਤਕਨੀਕੀ ਅਤੇ ਪਰਿਚਾਲਨ ਸ੍ਰੇਸ਼ਠਤਾ ਦਾ ਸਪੱਸ਼ਟ ਪ੍ਰਮਾਣ ਸੀ। ਇਸ ਮੁਹਿੰਮ ’ਚ ਲਗਭਗ 100 ਅੱਤਵਾਦੀ ਮਾਰੇ ਗਏ।
ਸੰਦੇਸ਼ ਪੂਰੀ ਤਰ੍ਹਾਂ ਨਿਰਵਿਵਾਦ ਸੀ, ਭਾਰਤੀ ਨਾਗਰਿਕਾਂ ’ਤੇ ਕਿਸੇ ਕਿਸਮ ਦੇ ਹਮਲੇ ਦੀ ਕੀਮਤ ਚੁਕਾਉਣੀ ਹੋਵੇਗੀ ਅਤੇ ਪ੍ਰਮਾਣੂ ਸ਼ਕਤੀ ਦਾ ਪ੍ਰਦਰਸ਼ਨ ਭਾਰਤ ਦੀ ਪ੍ਰਤੀਕਿਰਿਆ ਨੂੰ ਨਾ ਤਾਂ ਰੋਕ ਸਕਦਾ ਹੈ, ਨਾ ਹੀ ਉਸ ਨੂੰ ਸੀਮਤ ਕਰ ਸਕਦਾ ਹੈ।
ਰਣਨੀਤਿਕ ਸਮਰਥਨ ਦੇ ਰੂਪ ’ਚ ਸਵਦੇਸ਼ੀ ਸਮਰੱਥਾ : ਆਪ੍ਰੇਸ਼ਨ ਸਿੰਧੂਰ ਦੀ ਇਕ ਅਤਿਅੰਤ ਵਰਣਨਯੋਗ ਵਿਸ਼ੇਸ਼ਤਾ ਇਹ ਰਹੀ ਹੈ ਕਿ ਇਸ ਦੀ ਸਫਲਤਾ ਦਾ ਆਧਾਰ ਵਿਆਪਕ ਤੌਰ ’ਤੇ ਸਵਦੇਸ਼ੀ ਸਮਰਥਾਵਾਂ ’ਤੇ ਟਿਕਿਆ ਸੀ।
ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ, ਮੰਡਰਾਉਣ ਵਾਲੇ ਤੇ ਆਤਮਘਾਤੀ ਡਰੋਨ ਅਤੇ ਏਕੀਕ੍ਰਿਤ ਖੁਫੀਆ ਨਿਗਰਾਨੀ, ਟੋਹੀ ਜਹਾਜ਼ਾਂ ਦੀ ਵਰਤੋਂ ਨੇ ਅਤਿਅੰਤ ਸਟੀਕ ਅਤੇ ਸਮਾਂਬੱਧ ਹਮਲਿਆਂ ਨੂੰ ਸੰਭਵ ਬਣਾਇਆ।
ਇਹ ਉਪਲਬਧੀ ਕਿਸੇ ਸਹਿਯੋਗ ਦਾ ਨਤੀਜਾ ਨਹੀਂ ਸੀ, ਆਤਮਨਿਰਭਰਤਾ ਦੀ ਦਿਸ਼ਾ ’ਚ ਇਕ ਦਹਾਕੇ ਤੋਂ ਚੱਲੇ ਆ ਰਹੇ ਠੋਸ ਅਤੇ ਯੋਜਨਾਬੱਧ ਯਤਨਾਂ ਨੇ ਇਹ ਯਕੀਨੀ ਕੀਤਾ ਿਕ ਭਾਰਤ ਤੇਜ਼ੀ ਨਾਲ ਖੁਦਮੁਖਤਾਰੀ ਨਾਲ ਅਤੇ ਬਾਹਰੀ ਦਬਾਅ ਜਾਂ ਰੁਕਾਵਟਾਂ ਤੋਂ ਮੁਕਤ ਹੋ ਕੇ ਕਾਰਵਾਈ ਕਰ ਸਕੇ।
ਰੱਖਿਆ ਆਧੁਨਿਕੀਕਰਨ-ਉਦੇਸ਼ ਦੇ ਨਾਲ ਰਫਤਾਰ : ਸਾਲ 2025 ’ਚ ਭਾਰਤ ਦੀ ਫੌਜੀ ਸਥਿਤੀ ਲਗਾਤਾਰ ਨਿਵੇਸ਼, ਤੁਰੰਤ ਫੈਸਲੇ, ਸਮਰੱਥਾ ਅਤੇ ਲੰਬੇ ਸਮੇਂ ਦੇ ਰਣਨੀਤਿਕ ਦ੍ਰਿਸ਼ਟੀਕੋਣ ’ਤੇ ਆਧਾਰਿਤ ਸੀ। ਰੱਖਿਆ ਬਜਟ 2013-14 ’ਚ 2.53 ਲੱਖ ਕਰੋੜ ਰੁਪਏ ਤੋਂ ਵਧ ਕੇ 2025-26 ’ਚ 6.81 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ, ਜੋ ਆਧੁਨਿਕੀਕਰਨ, ਕਾਰਜਸ਼ੀਲ ਤਿਆਰੀ ਅਤੇ ਫੋਰਸ ਸੰਰਚਨਾ ਨੂੰ ਮਜ਼ਬੂਤ ਕਰਨ ਪ੍ਰਤੀ ਭਾਰਤ ਦੀ ਸਥਾਈ ਵਚਨਬੱਧਤਾ ਨੂੰ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ।
ਇਸੇ ਮਿਆਦ ’ਚ ਰੱਖਿਆ ਉਤਪਾਦਨ 1.54 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ, ਜਦਕਿ ਰੱਖਿਆ ਬਰਾਮਦ 100 ਤੋਂ ਵੱਧ ਦੇਸ਼ਾਂ ਤੱਕ ਵਿਸਥਾਰਤ ਹੋਈ। ਇਹ ਉਪਲਬਧੀ ਭਾਰਤ ਨੂੰ ਸਿਰਫ ਇਕ ਆਤਮਨਿਰਭਰ ਖਪਤਕਾਰ ਹੀ ਨਹੀਂ, ਸਗੋਂ ਇਕ ਭਰੋਸੇਯੋਗ ਅਤੇ ਉਭਰਦੇ ਹੋਏ ਸੰਸਾਰਕ ਰੱਖਿਆ ਵਿਨਿਰਮਾਣ ਕੇਂਦਰ ਦੇ ਰੂਪ ’ਚ ਸਥਾਪਤ ਕਰਦੀ ਹੈ। ਸਾਲ 2025 ’ਚ ਰੱਖਿਆ ਪ੍ਰਾਪਤੀਆਂ ਦੀ ਰਫਤਾਰ ਅਸਲ ’ਚ ਬੇਮਿਸਾਲ ਰਹੀ।
ਇਸੇ ਮਿਆਦ ’ਚ 43 ਲੱਖ ਕਰੋੜ ਰੁਪਏ ਤੋਂ ਵੱਧ ਦੇ ਪੂੰਜੀ ਖਰੀਦ ਪ੍ਰਸਤਾਵਾਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ, ਜੋ ਭਾਰਤ ਦੀ ਫੌਜੀ ਤਿਆਰੀ ਨੂੰ ਤੇਜ਼ੀ ਨਾਲ ਮਜ਼ਬੂਤ ਕਰਨ ਦੇ ਸੰਕਲਪ ਨੂੰ ਦਰਸਾਉਂਦਾ ਹੈ।
ਭਰਤੀ, ਪ੍ਰੀਖਣ ਅਤੇ ਬਾਰਡਰ ਸੁਰੱਖਿਆ
ਭਰਤੀ, ਪ੍ਰੀਖਣ ਅਤੇ ਬਾਰਡਰ ਸੁਰੱਖਿਆ ਦੇ ਖੇਤਰਾਂ ’ਚ ਠੋਸ ਤਰੱਕੀ ਅਤੇ ਮਹੱਤਵਪੂਰਨ ਤਕਨੀਕੀ ਉਪਲਬਧੀਆਂ ਰਾਹੀਂ ਸਾਲ 2025 ’ਚ ਭਾਰਤ ਦੀ ਟੈਸਟਿੰਗ ਸਮਰੱਥਾ ਨੂੰ ਨਿਰਣਾਇਕ ਤੌਰ ’ਤੇ ਮਜ਼ਬੂਤ ਕੀਤਾਗਿਆ।
ਜਨਵਰੀ ’ਚ, ਭਾਰਤੀ ਸਮੁੰਦਰੀ ਫੌਜ ਨੇ ਇਕੋ ਸਮੇਂ ਇਕ ਵਿਨਾਸ਼ਕਾਰੀ, ਇਕ ਫ੍ਰੀਗੇਟ ਅਤੇ ਇਕ ਪਣਡੁੱਬੀ, ਆਈ. ਐੱਨ. ਐੱਸ. ਸੂਰਤ, ਐੱਨ. ਐੱਨ. ਐੱਸ. ਨੀਲਗਿਰੀ ਅਤੇ ਆਈ. ਐੱਨ. ਐੱਸ. ਵਾਗਸ਼ੀਰ ਨੂੰ ਭਾਰਤੀ ਸਮੁੰਦਰੀ ਫੌਜ ’ਚ ਸ਼ਾਮਲ ਕੀਤਾ, ਜੋ ਹਾਲ ਦੇ ਦਹਾਕਿਆਂ ’ਚ ਇਕ ਬੇਮਿਸਾਲ ਅਤੇ ਪ੍ਰਤੀਕਾਤਮਿਕ ਪ੍ਰਾਪਤੀ ਰਹੀ। ਇਸ ਦੇ ਬਾਅਦ ਸਾਲ ਦੇ ਅੰਤ ਤੱਕ 75 ਫੀਸਦੀ ਤੋਂ ਜ਼ਿਆਦਾ ਸਵਦੇਸ਼ੀ ਭਾਈਵਾਲਾਂ ਨਾਲ ਯੁਕਤ 2 ਵਾਧੂ ਸਟੀਲਥ ਫ੍ਰੀਗੇਟਾਂ ਨੂੰ ਸ਼ਾਮਲ ਕੀਤਾਗਿਆ। ਇਹ ਪ੍ਰਾਪਤੀਆਂ ਭਾਰਤ ਦੀ ਵਧਦੀ ਜਹਾਜ਼ ਨਿਰਮਾਣ ਸਮਰੱਥਾ ਨੂੰ ਦਰਸਾਉਂਦੀਆਂ ਹਨ।
ਦਸੰਬਰ 2025 ਤੱਕ ਪਹਿਲੀਆਂ ਸਵਦੇਸ਼ੀ ਏ. ਕੇ. 203 ਅਸਾਲਟ ਰਾਈਫਲਾਂ ਦੀ ਖੇਪ ਭਾਰਤੀ ਫੌਜ ਨੂੰ ਸੌਂਪੇ ਜਾਣ ਦੀ ਯੋਜਨਾ ਹੈ, ਜੋ ਨਿੱਜੀ ਹਥਿਆਰਾਂ ਦੇ ਖੇਤਰ ’ਚ ਆਤਮਨਿਰਭਰਤਾ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਪ੍ਰਾਪਤੀ ਹੋਵੇਗੀ।
ਆਪ੍ਰੇਸ਼ਨ ਸਿੰਧੂਰ ਤੋਂ ਪ੍ਰਾਪਤ ਜੰਗੀ ਤਜਰਬਿਆਂ ਨੂੰ ਅਪਣਾਉਂਦੇ ਹੋਏ ਬੀ. ਐੱਸ. ਐੱਫ. ਨੇ ਉੱਭਰਦੇ ਸਰਹੱਦੀ ਖਤਰਿਆਂ ਵਿਸ਼ੇਸ਼ ਤੌਰ ’ਤੇ ਡਰੋਨ ਆਧਾਰਿਤ ਚੁਣੌਤੀਆਂ ਨਾਲ ਨਜਿੱਠਣ ਲਈ ਟੇਕਾਨਪੁਰ ’ਚ ਭਾਰਤ ਦਾ ਪਹਿਲਾ ਡਰੋਨ ਜੰਗੀ ਟ੍ਰੇਨਿੰਗ ਕੇਂਦਰ ਸਥਾਪਤ ਕੀਤਾ। ਇਸ ਦੇ ਸਮਾਨਾਂਤਰ, ਸਾਲ ਭਰ ਡੀ. ਆਰ. ਡੀ. ਓ. ਨੇ ਹਥਿਆਰਬੰਦ ਬਲਾਂ ਨੂੰ ਅਨੇਕ ਉੱਨਤ ਸਵਦੇਸ਼ੀ ਟੈਕਨਾਲੋਜੀਆਂ ਸੌਂਪੀਆਂ ਅਤੇ ਸਵਦੇਸ਼ੀ ਲੜਾਕੂ ਜਹਾਜ਼ ਬਚਾਅ ਪ੍ਰਣਾਲੀ ਦਾ ਉੱਚ ਰਫਤਾਰ ਰਾਕੇਟ, ਸਲੇਡ ਪ੍ਰੀਖਣ ਸਫਲਤਾਪੂਰਵਕ ਸੰਪੰਨ ਕੀਤਾ।
ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਰੱਖਿਆ ਉਦਯੋਗਿਕ ਗਲਿਆਰਿਆਂ ਨੇ 9,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਕਰਸ਼ਿਤ ਕੀਤਾ।
ਇਕ ਸਥਿਰਕਾਰੀ ਨਿਵਾਰਕ : ਆਪ੍ਰੇਸ਼ਨ ਸਿੰਧੂਰ ਨੇ ਇਹ ਸਪੱਸ਼ਟ ਤੌਰ ’ਤੇ ਪ੍ਰਦਰਸ਼ਿਤ ਕੀਤਾ ਿਕ ਭੜਕਹਾਟ ਦੀ ਸਥਿਤੀ ’ਚ ਫੈਸਲਾਕੁੰਨ ਅਤੇ ਅਨੁਪਾਤਕ ਕਾਰਵਾਈ ਕਰਨ ਦੇ ਸਮਰੱਥ ਹੈ, ਪਰ ਨਾਲ ਹੀ ਉਹ ਤਣਾਅ ਨੂੰ ਬੇਕਾਬੂ ਹੋਣ ਤੋਂ ਰੋਕਣ ਲਈ ਬਰਾਬਰ ਤੌਰ ’ਤੇ ਵਚਨਬੱਧ ਹੈ। ਸਮਰੱਥਾ, ਸਪੱਸ਼ਟ ਰਣਨੀਤੀ ਅਤੇ ਸਿਆਸੀ ਸੰਕਲਪ ਨਾਲ ਸਮਰਥਿਤ ਇਹ ਨਿਵਾਰਕ ਨੀਤੀ ਸੰਘਰਸ਼ ਨੂੰ ਆਮ ਬਣਾਉਣ ਲਈ ਨਹੀਂ ਸਗੋਂ ਉਸ ਨੂੰ ਰੋਕਣ ਅਤੇ ਖੇਤਰੀ ਸੰਤੁਲਨ ਬਣਾਈ ਰੱਖਣ ਲਈ ਵੀ ਤਿਆਰ ਕੀਤੀ ਗਈ ਸੀ।
ਭਾਰਤ 2026 ’ਚ ਦਾਖਲ ਹੁੰਦੇ ਹੋਏ ਨਾ ਸਿਰਫ ਆਪਣੀਆਂ ਸਰਹੱਦਾਂ ਨੂੰ ਸਪੱਸ਼ਟ ਤੌਰ ’ਤੇ ਨਿਰਧਾਰਿਤ ਕਰ ਚੁੱਕਾ ਹੈ, ਸਗੋਂ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਅਤੇ ਆਪਣੀ ਪ੍ਰਤੀਕਿਰਿਆ ਨੀਤੀ ਨੂੰ ਮੁਕੰਮਲ ਤੌਰ ’ਤੇ ਸਪੱਸ਼ਟ ਵੀ ਕਰ ਚੁੱਕਾ ਹੈ।
–ਸਈਦ ਅਤਾ ਹਸਨੈਨ, ਲੈਫਟੀਨੈਂਟ ਜਨਰਲ (ਸੇਵਾਮੁਕਤ)
2025 : ਭਾਰਤ ਦੀ ਤਕਨੀਕੀ ਆਤਮਨਿਰਭਰਤਾ ’ਚ ਇਕ ਫੈਸਲਾਕੁੰਨ ਮੋੜ
NEXT STORY