21ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਸਾਲ 2008 ’ਚ ਅਮਰੀਕਾ ’ਚੋਂ ਫੁੱਟੇ ਆਰਥਿਕ ਮੰਦਵਾੜੇ ਨੇ ਸਮੁੱਚੀ ਦੁਨੀਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸਾਮਰਾਜੀ ਤੇ ਪੂੰਜੀਵਾਦੀ ਤਾਕਤਾਂ ਵਲੋਂ ਲੱਖਾਂ ਪਾਪੜ ਵੇਲਣ ਦੇ ਬਾਵਜੂਦ ਵੀ ਇਹ ਸੰਕਟ ਕਾਬੂ ’ਚ ਨਹੀਂ ਆ ਰਿਹਾ, ਸਗੋਂ ਦਿਨੋ-ਦਿਨ ਹੋਰ ਡੂੰਘਾ ਹੋ ਰਿਹਾ ਹੈ।
ਛੜੱਪੇ ਮਾਰ ਕੇ ਵਧ ਰਹੀ ਬੇਰੋਜ਼ਗਾਰੀ, ਬੇਲਗਾਮ ਕੀਮਤ ਵਾਧਾ, ਸਮਾਜਿਕ-ਆਰਥਿਕ ਵਿਕਾਸ ਦਾ ਨੀਵਾਂ ਪੱਧਰ, ਭੁੱਖਮਰੀ, ਕੁਪੋਸ਼ਣ ਵਰਗੀਆਂ ਅਲਾਮਤਾਂ ਦਾ ਬੇਕਾਬੂ ਹੋ ਜਾਣਾ ਇਸੇ ਸੰਕਟ ਦਾ ਨਤੀਜਾ ਹਨ। ਨਾਲ ਹੀ ਸਾਮਰਾਜੀ ਸਾਜ਼ਿਸ਼ਾਂ ਦੇ ਸਿੱਟੇ ਵਜੋਂ ਵੱਖੋ-ਵੱਖ ਦੇਸ਼ਾਂ ਵਿਚਕਾਰ ਛਿੜੀਆਂ ਨਿਹੱਕੀਆਂ ਜੰਗਾਂ ਕਰ ਕੇ ਸਥਿਤੀ ਹੋਰ ਵਧੇਰੇ ਗੰਭੀਰ ਬਣ ਗਈ ਹੈ।
ਇਸ ਪੱਖੋਂ ਸਾਮਰਾਜ ਆਪ ਵੀ ਵਧੇਰੇ ਖੂੰਖਾਰ ਬਣ ਗਿਆ ਹੈ। ਯੂਕ੍ਰੇਨ ਸਮੇਤ ਮੱਧ ਪੂਰਬ ਦੇ ਦੇਸ਼ਾਂ ਇਰਾਕ, ਈਰਾਨ, ਲਿਬਨਾਨ ਅਤੇ ਅਫਰੀਕੀ ਮੁਲਕਾਂ ’ਚ ਜੰਗਾਂ ਦੀ ਭੇਟ ਚੜ੍ਹੇ ਲੱਖਾਂ ਬੇਗੁਨਾਹਾਂ ਦੀਆਂ ਲਾਸ਼ਾਂ ਦੇ ਭਿਆਨਕ ਦ੍ਰਿਸ਼ ਦੇਖ ਕੇ ਹਰ ਸੰਵੇਦਨਸ਼ੀਲ ਵਿਅਕਤੀ ਦਾ ਦਿਲ ਕੰਬ ਉਠਦਾ ਹੈ।
ਪਰ ਕਮਾਲ ਦੀ ਗੱਲ ਇਹ ਹੈ ਕਿ ਇਸ ਮੰਦਵਾੜੇ ਦੌਰਾਨ ਵੀ ਬਹੁਕੌਮੀ ਕਾਰਪੋਰੇਸ਼ਨਾਂ ਤੇ ਕਾਰਪੋਰੇਟ ਧਨਾਢਾਂ ਦੀ ਪੂੰਜੀ ’ਚ ਅਨੰਤ ਵਾਧਾ ਹੋਈ ਜਾ ਰਿਹਾ ਹੈ। ਗਰੀਬੀ-ਅਮੀਰੀ ਦੇ ਬੇਤਹਾਸ਼ਾ ਵਧ ਰਹੇ ਪਾੜੇ ਦੀਆਂ ਜੜ੍ਹਾਂ ’ਚ ਵੀ ਵੱਡੇ ਧਨਾਢਾਂ (ਸੁਪਰ ਰਿੱਚ) ਦੀ ਵੱਧ ਤੋਂ ਵੱਧ ਪੂੰਜੀ ਹੜੱਪਣ ਦੀ ਇਹੋ ਲਾਲਸਾ ਕੰਮ ਕਰ ਰਹੀ ਹੈ।
ਆਉਣ ਵਾਲੇ ਦਿਨਾਂ ’ਚ ਸੰਸਾਰ ਭਰ ’ਚ ਹੋਰ ਕਰੋੜਾਂ ਲੋਕ ਰੋਜ਼ਗਾਰ ਤੋਂ ਵਾਂਝੇ ਹੋਣ ਵਾਲੇ ਹਨ, ਕਿਉਂਕਿ ਮਨੁੱਖੀ ਕਿਰਤ ਦੀ ਥਾਂ ਮਸ਼ੀਨਾਂ ਤੇ ਮਸਨੂਈ ਬੁੱਧੀ (ਏ.ਆਈ.) ਨੇ ਮੱਲ ਲਈ ਹੈ। ਇਹ ਗੱਲ ਉਚੇਚੀ ਨੋਟ ਕਰਨ ਯੋਗ ਹੈ ਕਿ ਪੂੰਜੀਵਾਦੀ ਰਾਜ ਪ੍ਰਬੰਧ ਨਵੀਆਂ-ਨਵੀਆਂ ਤਕਨੀਕੀ ਤੇ ਵਿਗਿਆਨਕ ਖੋਜਾਂ ਰਾਹੀਂ ਇਕ ਪਾਸੇ ਧਨਾਢਾਂ ਦੇ ਮੁਨਾਫ਼ਿਆਂ ’ਚ ਭਾਰੀ ਵਾਧਾ ਕਰੀ ਜਾ ਰਿਹਾ ਹੈ ਪਰ ਦੂਜੇ ਪਾਸੇ ਆਮ ਲੋਕ ਦਿਨੋ-ਦਿਨ ਕੰਗਾਲ ਹੁੰਦੇ ਜਾ ਰਹੇ ਹਨ।
ਲੁਟੇਰੇ ਪੂੰਜੀਵਾਦੀ ਢਾਂਚੇ ਦੀ ਸਭ ਤੋਂ ਵੱਡੀ ਦੁਵਿਧਾ ਇਹ ਹੈ ਕਿ ਇਹ ਫਲ ਤਾਂ ਵਿਗਿਆਨ ਦਾ ਖਾਣਾ ਚਾਹੁੰਦਾ ਹੈ ਪਰ ਆਪਣੀ ਸੁਰੱਖਿਆ ਲਈ ਆਮ ਲੋਕਾਂ ਨੂੰ ਦਕਿਆਨੂਸੀ, ਕਰਮ-ਕਾਂਡੀ ਤੇ ਅੰਧ-ਵਿਸ਼ਵਾਸ ਬਣਾਈ ਰੱਖਣ ਲਈ ਹਰ ਹਰਬਾ ਵਰਤ ਰਿਹਾ ਹੈ।
ਅਮਰੀਕਾ ਤੇ ਕਈ ਯੂਰਪੀ ਮੁਲਕਾਂ ’ਚ ਜਿੱਥੇ ਟਰੰਪ ਤੇ ਉਸ ਵਰਗੇ ਹੋਰ ਸਿਆਸਤਦਾਨਾਂ ਨੇ ਨਸਲੀ, ਫਿਰਕੂ ਤੇ ਪ੍ਰਵਾਸੀ ਵਿਰੋਧ ਦਾ ਪੱਤਾ ਖੇਡ ਕੇ ਸੱਤਾ ਹਥਿਆ ਲਈ ਹੈ, ਉੱਥੇ ਭਾਰਤ, ਬੰਗਲਾਦੇਸ਼ ਵਰਗੇ ਸਾਡੇ ਗੁਆਂਢੀ ਦੇਸ਼ਾਂ ’ਚ ਵੀ ਧਰਮ ਦੇ ਅਾਧਾਰ ’ਤੇ ਸਿਆਸੀ ਗੋਟੀਆਂ ਫਿੱਟ ਕਰਨ ਵਾਲੇ ਸੱਜ ਪਿਛਾਖੜੀ ਦਲ ਸੱਤਾ ’ਤੇ ਕਾਬਜ਼ ਹੋਣ ’ਚ ਸਫਲ ਹੋ ਗਏ ਹਨ। ਇਉਂ ਹੀ ਜਰਮਨੀ ਦੇ ਇਕ ਵੱਡੇ ਪ੍ਰਾਂਤ ’ਚ ਫਾਸ਼ੀ ਵਿਚਾਰਾਂ ਵਾਲੀ ਧੁਰ ਸੱਜ ਪਿਛਾਖੜੀ ਪਾਰਟੀ ਨੂੰ ਲੋਕਾਂ ਦਾ ਭਾਰੀ ਮੱਤ ਹਾਸਲ ਹੋਣ ਨਾਲ ਪੱਛਮੀ ਦੇਸ਼ਾਂ ਦੇ ਸਾਵੀਂ ਸੋਚਣੀ ਵਾਲੇ ਲੋਕਾਂ ’ਚ ਚਿੰਤਾ ਦੀ ਲਹਿਰ ਦੌੜ ਗਈ ਹੈ। ਭਾਵੇਂ ਇਸ ਸਮੇਂ ਦੌਰਾਨ ਜਰਮਨੀ ਦੇ ਬਰਲਿਨ ਸ਼ਹਿਰ ਦੀ ਮੇਅਰ ਦੀ ਚੋਣ ਉਸ ਔਰਤ ਨੇ ਜਿੱਤੀ ਹੈ, ਜੋ ਅਤੀਤ ਬਣ ਚੁੱਕੇ ‘ਪੂਰਬੀ ਜਰਮਨ’ ’ਚ ਕਮਿਊਨਿਸਟ ਵਿਚਾਰਧਾਰਾ ਪ੍ਰਤੀ ਸਮਰਪਿਤ ਰਹੀ ਹੈ। ਇਕ ਹੋਰ ਵਿਸ਼ੇਸ਼ ਗੱਲ ਉਭਰ ਕੇ ਇਹ ਸਾਹਮਣੇ ਆ ਰਹੀ ਹੈ ਕਿ ਸਭ ਤੋਂ ਤਾਕਤਵਰ ਤੇ ‘ਲੋਕਰਾਜ’ ਦੀ ਜਨਨੀ ਹੋਣ ਦਾ ਦਾਅਵਾ ਕਰਨ ਵਾਲੇ ਦੇਸ਼, ਅਮਰੀਕਾ ਦਾ ਸਦਰ ਡੋਨਾਲਡ ਟਰੰਪ ਕੇਵਲ ਰਾਜਨੀਤੀਵਾਨ ਹੀ ਨਹੀਂ ਬਲਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ’ਚ ਵੀ ਇਸਦਾ ਨਾਂ ਬੋਲਦਾ ਹੈ। ਭਾਵ ਹੁਣ ਕਾਰਪੋਰੇਟ ਘਰਾਣੇ ਕਿਸੇ ਰਾਜਸੀ ਦਲ ਦੀ ਸਰਕਾਰ ਰਾਹੀਂ ਨਹੀਂ, ਬਲਕਿ ਆਪ ਹੀ ਸੱਤਾ ਦੀ ਸਿਖਰ ’ਤੇ ਬੈਠ ਕੇ ਮੁਨਾਫ਼ਿਆਂ ਦੀ ਹਵਸ ਮਿਟਾਉਣ ਦਾ ਆਪਣਾ ਮਕਸਦ ਪੂਰਾ ਕਰ ਰਹੇ ਹਨ।
ਇਹ ਤੱਥ ਪੂੰਜੀਵਾਦੀ ਪ੍ਰਬੰਧ ਦੇ ਗੈਰ-ਲੋਕਰਾਜੀ ਸੁਭਾਅ ਤੇ ਕਾਰਜਵਿਧੀ ਨੂੰ ਦਰਸਾਉਂਦਾ ਹੈ। ਮੁੱਕਦੀ ਗੱਲ, ਪੂੰਜੀਵਾਦੀ ਪ੍ਰਬੰਧ ਦੀ ਆਮਦ ਨਾਲ ਕਾਇਮ ਹੋਈ ‘ਲੋਕਰਾਜੀ’ ਵਿਵਸਥਾ ਅੱਜ ਆਪਣੇ ਜਨਮਦਾਤਿਆਂ ਹੱਥੋਂ ਹੀ ਸਾਹਸੱਤ-ਹੀਣ ਹੋ ਕੇ ਆਪਣੇ ਖਾਤਮੇ ਵੱਲ ਵਧ ਰਹੀ ਹੈ।
ਉਪਰੋਕਤ ਪ੍ਰਕਿਰਿਆ ਭਾਰਤ ’ਚ ਵੀ ਸਪੱਸ਼ਟ ਮਹਿਸੂਸ ਕੀਤੀ ਜਾ ਸਕਦੀ ਹੈ। ਲੋਕਰਾਜ ਦੇ ਬੁਨਿਆਦੀ ਥੰਮ੍ਹ ਚੋਣ ਕਮਿਸ਼ਨ, ਨਿਆਂਪਾਲਿਕਾ ਤੇ ਨਿਰਪੱਖ ਮੀਡੀਆ ਫਾਸ਼ੀ ਸ਼ਕਤੀਆਂ ਸਾਹਮਣੇ ਲਗਾਤਾਰ ਗੋਡੇ ਟੇਕੀ ਜਾ ਰਹੇ ਹਨ। ਭਾਰਤੀ ਸੰਵਿਧਾਨ ਦੀ ਮੁੱਖ ਵਿਸ਼ੇਸ਼ਤਾ ‘ਹਰ ਨਾਗਰਿਕ ਨੂੰ ਵੋਟ ਪਾਉਣ ਦੀ ਆਜ਼ਾਦੀ’ ਨੂੰ ਹੁਣ ਮੌਜੂਦਾ ਸਰਕਾਰ ਧੋਖੇਬਾਜ਼ੀ ਤੇ ਗੈਰ-ਕਾਨੂੰਨੀ ਢੰਗਾਂ ਨਾਲ ਖਤਮ ਕਰਨ ’ਤੇ ਤੁਲੀ ਹੋਈ ਹੈ। ਯਾਨਿ ਹੁਣ ਵੋਟਰ ਸਰਕਾਰ ਦੀ ਨਹੀਂ, ਬਲਕਿ ਸਰਕਾਰ ਵੋਟਰਾਂ ਦੀ ਚੋਣ ਕਰੇਗੀ! ਅਜੋਕੇ ਹੁਕਮਰਾਨਾਂ ਨੇ ਮਾਇਆ ਦੀ ਚਕਾਚੌਂਧ ਤੇ ਸੱਤਾ ਦੀ ਖੁੱਲ੍ਹੀ ਦੁਰਵਰਤੋਂ ਦੇ ਨਾਲ-ਨਾਲ ਧਰਮ-ਜਾਤੀ ਨੂੰ ਵੀ ਚੋਣਾਂ ਜਿੱਤਣ ਦਾ ਕਾਰਗਰ ਨੁਸਖਾ ਬਣਾ ਲਿਆ ਹੈ। ਫਾਸ਼ੀਵਾਦੀ ਹੁਕਮਰਾਨਾਂ ਵਲੋਂ ਵਿਗਿਆਨਕ ਨਜ਼ਰੀਆ ਤਿਆਗ ਕੇ ਵਿਦਿਅਕ ਪਾਠਕ੍ਰਮ, ਇਤਿਹਾਸ ਤੇ ਵੱਖੋ-ਵੱਖ ਕਲਾ ਵੰਨਗੀਆਂ ਦਾ ਭਗਵਾਂਕਰਨ ਕਰ ਕੇ ਲੋਕ-ਮਾਨਸਿਕਤਾ ਨੂੰ ਪਿਛੇ ਵੱਲ ਧੱਕਿਆ ਜਾ ਰਿਹਾ ਹੈ।
ਪਰ ਤਸੱਲੀ ਦੀ ਗੱਲ ਇਹ ਹੈ ਕਿ ਅਮਰੀਕਾ, ਇਜ਼ਰਾਈਲ ਤੇ ਹੋਰ ਅਨੇਕਾਂ ਪੱਛਮੀ ਦੇਸ਼ਾਂ ਦੇ ਲੋਕਾਂ ਵਾਂਗ ਭਾਰਤ ’ਚ ਵੀ ਲੋਕਪੱਖੀ ਸਿਆਸੀ, ਵਿਚਾਰਧਾਰਕ ਤੇ ਸੱਭਿਆਚਾਰਕ ਤਾਕਤਾਂ ਸੱਜ ਪਿਛਾਖੜੀ ਹਕੂਮਤ ਦਾ ਫਿਰਕੂ-ਫਾਸ਼ੀਵਾਦੀ ਰੱਥ ਰੋਕਣ ਲਈ ਮੈਦਾਨ ’ਚ ਨਿੱਤਰ ਰਹੀਆਂ ਹਨ। ਜੰਤਰ-ਮੰਤਰ, ਨਵੀਂ ਦਿੱਲੀ ਵਿਖੇ ’ਜੈੱਨ-ਜ਼ੀ’ ਵਲੋਂ ਲੜਿਆ ਗਿਆ ਸਿਦਕੀ ਅੰਦੋਲਨ ਅਤੇ ਦੇਸ਼ ਦੀ ਹਰ ਨੁੱਕਰ ’ਚ ਕਿਰਤੀਆਂ ਵੱਲੋਂ ਕੀਤਾ ਜਾ ਰਿਹਾ ਸਰਕਾਰੀ ਨੀਤੀਆਂ ਦਾ ਡੱਟਵਾਂ, ਬਾਦਲੀਲ ਵਿਰੋਧ ਅਤੇ ਆਪਣੀਆਂ ਮੰਗਾਂ-ਮੁਸ਼ਕਿਲਾਂ ਦੇ ਹੱਲ ਲਈ ਵਿੱਢੇ ਸੰਘਰਸ਼ ਉਕਤ ਹਾਂ-ਪੱਖੀ ਵਰਤਾਰੇ ਦੀ ਉੱਘੜਵੀਂ ਮਿਸਾਲ ਹਨ।
ਇਹ ਘੋਲ ਧਰਵਾਸ ਹੌਸਲਾ ਦਿੰਦੇ ਹਨ ਕਿ ਘਾਟਾਂ-ਕਮਜ਼ੋਰੀਆਂ ਦੇ ਬਾਵਜੂਦ ਇਤਿਹਾਸ ਦਾ ਪਹੀਆ ਪਿਛਾਂਹ ਮੋੜਨ ਵਾਲਿਆਂ ਦੀ ਪ੍ਰਗਤੀਸ਼ੀਲ ਤਾਕਤਾਂ ਹੱਥੋਂ ਹਾਰ ਹੋਵੇਗੀ ਅਤੇ ਵਿਗਿਆਨਕ ਨਜ਼ਰੀਏ ਤੇ ਤਰਕਵਾਦੀ ਪਹੁੰਚ ਨਾਲ ਲੁੱਟੇ-ਲਤਾੜੇ ਲੋਕ ਸੱਤਾਧਾਰੀ ਬਣਨ ਦਾ ਆਪਣਾ ਸੁਪਨਾ ਪੂਰਾ ਹੁੰਦਾ ਜ਼ਰੂਰ ਦੇਖਣਗੇ। ਹਾਲਾਂਕਿ ਸਤਹੀ ਹਾਰਾਂ ਤੇ ਰੁਕਾਵਟਾਂ ਅਗਾਂਹਵਧੂ ਧਿਰਾਂ ਦੇ ਇਸ ਸਫਰ ਦੀ ਗਤੀ ’ਚ ਅੌਕੜ ਖੜ੍ਹੀ ਕਰਨ ਦਾ ਹਰ ਸੰਭਵ ਯਤਨ ਕਰਨਗੀਆਂ। ਲੇਕਿਨ ਬਦੀ ’ਤੇ ਨੇਕੀ, ਝੂਠ ’ਤੇ ਸੱਚ ਅਤੇ ਲੋਕ ਵਿਰੋਧੀ ਤਾਕਤਾਂ ’ਤੇ ਲੋਕਪੱਖੀ ਸ਼ਕਤੀਆਂ ਨੇ ਅੰਤਿਮ ਰੂਪ ’ਚ ਹਮੇਸ਼ਾ ਜਿੱਤ ਹਾਸਲ ਕੀਤੀ ਹੈ ਅਤੇ ਅਗਾਂਹ ਨੂੰ ਵੀ ਅਜਿਹਾ ਹੀ ਹੋਵੇਗਾ।
- ਮੰਗਤ ਰਾਮ ਪਾਲਸਾ
ਆਨਲਾਈਨ ਨਫ਼ਰਤ ਖੇਡ ਤੋਂ ਉਸ ਦੀ ਖੁਸ਼ੀ ਖੋਹ ਰਹੀ
NEXT STORY