ਅੱਜ ਤੁਹਾਡਾ ਪਿਆਰਾ ‘ਪੰਜਾਬ ਕੇਸਰੀ’ 60ਵੇਂ ਸਾਲ ’ਚ ਦਾਖਲ ਹੋ ਰਿਹਾ ਹੈ। ਸਾਨੂੰ ਯਾਦ ਹੈ ਕਿ ਜਦੋਂ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੇ ‘ਹਿੰਦ ਸਮਾਚਾਰ’ (ਉਰਦੂ) ਪਿੱਛੋਂ ਹਿੰਦੀ ਦੀ ਰੋਜ਼ਾਨਾ ਅਖਬਾਰ ‘ਪੰਜਾਬ ਕੇਸਰੀ’ ਨੂੰ ਸ਼ੁਰੂ ਕਰਨ ਦਾ ਫੈਸਲਾ ਕਰ ਕੇ ਸਾਡੇ ਨਾਲ ਗੱਲ ਕੀਤੀ ਤਾਂ ਸ਼੍ਰੀ ਰਮੇਸ਼ ਜੀ ਅਤੇ ਮੈਂ ਸੋਚ ’ਚ ਪੈ ਗਏ।
ਧਨ ਤੋਂ ਇਲਾਵਾ ਸਾਡੀ ਚਿੰਤਾ ਇਹ ਸੀ ਕਿ ਸਾਨੂੰ ਸਟਾਫ ਕਿੱਥੋਂ ਮਿਲੇਗਾ ਅਤੇ ਛਪਾਈ ਕਿਵੇਂ ਹੋਵੇਗੀ। ਅਖੀਰ ਜਦੋਂ ਅਸੀਂ ਇਸ ਸਬੰਧੀ ਕੁਝ ਸਮਾਂ ਮੰਗਿਆ ਤਾਂ ਉਹ ਬੋਲੇ, ‘‘ਇਸ ਨੂੰ ਰੋਕਣਾ ਨਹੀਂ। ਪ੍ਰਭੂ ਦੀ ਕਿਰਪਾ ਨਾਲ ਸਭ ਠੀਕ ਹੋ ਜਾਵੇਗਾ।’’
ਪਿਤਾ ਜੀ ਦੇ ਕਥਨ ਮੁਤਾਬਕ ਹੀ ਸਟਾਫ ਵੀ ਆ ਗਿਆ ਅਤੇ 13 ਜੂਨ, 1965 ਨੂੰ 3000 ਕਾਪੀਆਂ ਨਾਲ ‘ਪੰਜਾਬ ਕੇਸਰੀ’ ਦਾ ਪ੍ਰਕਾਸ਼ਨ ਸ਼ੁਰੂ ਹੋਇਆ ਜੋ ਅੱਜ ਸਫਲਤਾ ਦੀਆਂ ਬੁਲੰਦੀਆਂ ਛੂਹ ਰਿਹਾ ਹੈ। ਇਹ ਪੂਜਨੀਕ ਪਿਤਾ ਜੀ ਦੇ ਆਸ਼ੀਰਵਾਦ ਅਤੇ ਦ੍ਰਿੜ੍ਹ ਸੰਕਲਪ ਕਾਰਨ ਹੀ ਹੋਇਆ ਹੈ। ਇਸ ਮੌਕੇ ’ਤੇ ਅਸੀਂ ਪੂਜਨੀਕ ਪਿਤਾ ਜੀ ਵੱਲੋਂ ਲਿਖੇ 13 ਜੂਨ, 1965 ਦੇ ਪਹਿਲੇ ਅੰਕ ’ਚ ਪ੍ਰਕਾਸ਼ਿਤ ਸੰਪਾਦਕੀ ਨੂੰ ਹੇਠਾਂ ਪੇਸ਼ ਕਰ ਰਹੇ ਹਾਂ :
‘ਮਹਾਨ ਨੇਤਾ ਦੀ ਯਾਦ ’ਚ’
‘‘ਦੈਨਿਕ ਪੰਜਾਬ ਕੇਸਰੀ’ ਦਾ ਪਹਿਲਾ ਅੰਕ ਪਾਠਕਾਂ ਦੇ ਸਾਹਮਣੇ ਪੇਸ਼ ਕਰਨ ’ਚ ਮੈਨੂੰ ਜਿੰਨੀ ਖੁਸ਼ੀ ਹੋ ਰਹੀ ਹੈ ਉਸ ਦਾ ਅਨੁਮਾਨ ਪਾਠਕ ਨਹੀਂ ਲਗਾ ਸਕਦੇ। ਅੱਜ ਮੇਰੀਆਂ ਅੱਖਾਂ ਦੇ ਸਾਹਮਣੇ ਲਾਹੌਰ ਸੈਂਟ੍ਰਲ ਜੇਲ ਦੀ ਸੰਪੂਰਨ ਤਸਵੀਰ ਘੁੰਮ ਗਈ ਹੈ। ਜਦੋਂ ਮੈਂ ਆਦਰਯੋਗ ਲਾਲਾ ਲਾਜਪਤ ਰਾਏ ਜੀ ਦੇ ਚਰਨਾਂ ’ਚ ਬੈਠ ਕੇ ਪ੍ਰਤਿਗਿਆ ਕੀਤੀ ਸੀ ਕਿ ਮੈਂ ਹਿੰਦੀ ’ਚ ਉਨ੍ਹਾਂ ਦੇ ਨਾਂ ’ਤੇ ਰੋਜ਼ਾਨਾ ਅਖਬਾਰ ਕੱਢਣ ਤੋਂ ਬਾਅਦ ਹੀ ਆਪਣਾ ਜੀਵਨ ਸਫਲ ਮੰਨਾਂਗਾ।’’
‘‘1920 ’ਚ ਜਦੋਂ ਮਹਾਤਮਾ ਗਾਂਧੀ ਜੀ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕਾਲਜ ਅਤੇ ਸਕੂਲ ਛੱਡ ਕੇ ਆਜ਼ਾਦੀ ਸੰਗ੍ਰਾਮ ’ਚ ਜੁੱਟ ਜਾਣ ਲਈ ਭਾਰਤੀ ਵਿਦਿਆਰਥੀਆਂ ਨੂੰ ਲਲਕਾਰਿਆ ਸੀ ਤਾਂ ਉਸ ਸਮੇਂ ਮੈਂ ਲਾਅ-ਕਾਲਜ ਨੂੰ ਛੱਡ ਦਿੱਤਾ।’’
‘‘ਮੇਰੇ ਪਿਤਾ ਉਨ੍ਹਾਂ ਦਿਨਾਂ ’ਚ ਲਾਇਲਪੁਰ ’ਚ ਇਕ ਪ੍ਰਸਿੱਧ ਵਕੀਲ ਦੇ ਮੁਨਸ਼ੀ ਸਨ। ਜਦੋਂ ਉਨ੍ਹਾਂ ਪੜ੍ਹਾਈ ਅਧੂਰੀ ਛੱਡਣ ਦਾ ਮੇਰਾ ਫੈਸਲਾ ਸੁਣਿਆ ਤਾਂ ਮੇਰੇ ਮਾਤਾ-ਪਿਤਾ ਤਾਂ ਹੈਰਾਨ ਹੀ ਰਹਿ ਗਏ। ਉਨ੍ਹਾਂ ਅਤੇ ਪਰਿਵਾਰ ਦੇ ਹੋਰਨਾਂ ਬਜ਼ੁਰਗਾਂ ਨੇ ਪੂਰਾ ਯਤਨ ਕੀਤਾ ਪਰ ਜਦੋਂ ਮੈਂ ਆਪਣਾ ਫੈਸਲਾ ਅਟੱਲ ਰੱਖਿਆ ਤਾਂ ਸਭ ਮੌਨ ਹੋ ਗਏ।’’
‘‘ਮੈਂ ਲਾਹੌਰ ਕਾਂਗਰਸ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਵ. ਲਾਲਾ ਠਾਕੁਰ ਦਾਸ ਕਪੂਰ ਨੇ ਮੈਨੂੰ ਲਾਹੌਰ ਜ਼ਿਲਾ ਕਾਂਗਰਸ ਦਾ ਜੁਆਇੰਟ ਜਨਰਲ ਸਕੱਤਰ ਬਣਾ ਦਿੱਤਾ। ਮੈਂ ਕੁਝ ਸਮਾਂ ਕੰਮ ਕੀਤਾ ਅਤੇ ਕਾਂਗਰਸ ਦੇ ਸਵੈਮ-ਸੇਵਕਾਂ ਨੂੰ ਕੰਬਲ ਅਤੇ ਰੋਟੀ ਆਦਿ ਹਵਾਲਾਤ ਤੇ ਜੇਲ ’ਚ ਦੇਣ ਦੇ ਅਪਰਾਧ ਹੇਠ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ।’’
‘‘ਮੇਰੇ ਜੀਵਨ ’ਚ ਮੋੜ ਉਸ ਸਮੇਂ ਸ਼ੁਰੂ ਹੋਇਆ ਜਦੋਂ ਮੈਨੂੰ ਲਾਹੌਰ ਸੈਂਟ੍ਰਲ ਜੇਲ ਭੇਜਿਆ ਗਿਆ। ਇਹ ਮੇਰੀ ਪਹਿਲੀ ਜੇਲ ਯਾਤਰਾ ਸੀ। ਮੇਰੇ ਮਾਮਾ ਸ਼੍ਰੀ ਲਾਲ ਚੰਦ ਜੀ, ਜੋ ਲਾਲਾ ਲਾਜਪਤ ਰਾਏ ਜੀ ਦੇ ਜਾਣੂ ਸਨ, ਉਹ ਵੀ ਮੈਨੂੰ ਜੇਲ ’ਚ ਛੱਡਣ ਆਏ ਹੋਏ ਸਨ। ਉਨ੍ਹਾਂ ਲਾਲਾ ਲਾਜਪਤ ਰਾਏ ਜੀ ਨੂੰ ਦੱਸਿਆ ਕਿ ਜਗਤ ਨਾਰਾਇਣ ਮੇਰਾ ਭਾਣਜਾ ਹੈ। ਇਹ ਪਹਿਲੀ ਵਾਰ ਜੇਲ ਆ ਰਿਹਾ ਹੈ ਅਤੇ ਆਪਣੇ ਮਾਤਾ-ਪਿਤਾ ਦੀ ਇਕੋ ਇਕ ਔਲਾਦ ਹੈ। ਇਸ ਦੇ ਮਾਤਾ-ਪਿਤਾ ਬਹੁਤ ਘਬਰਾਏ ਹੋਏ ਹਨ। ਤੁਸੀਂ ਇਸ ਨੂੰ ਘਬਰਾਉਣ ਨਹੀਂ ਦੇਣਾ।’’
‘‘ਮੈਂ ਲਾਲਾ ਲਾਜਪਤ ਰਾਏ ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ ਸਨ। ਲਾਲਾ ਲਾਜਪਤ ਰਾਏ ਜੀ ਨੇ ਮੇਰੇ ਲਈ ਆਪਣੇ ਨਾਲ ਦੀ ਕੋਠੜੀ ਖਾਲੀ ਕਰਵਾਈ ਜਿੱਥੇ ਸਿਰਫ ਨੇਤਾ ਹੀ ਰਹਿੰਦੇ ਸਨ। ਆਦਰਯੋਗ ਲਾਲਾ ਲਾਜਪਤ ਰਾਏ ਜੀ ਨੇ ਮੈਨੂੰ ਆਪਣੇ ਪੁੱਤਰ ਬਰਾਬਰ ਜੇਲ ’ਚ ਰੱਖਿਆ। ਉਦੋਂ ਜੇਲ ’ਚ ਰਹਿਣ ਦੌਰਾਨ ਮੇਰੇ ਮਨ ’ਚ ਵਿਚਾਰ ਆਇਆ ਕਿ ਕੀ ਮੈਨੂੰ ਉਨ੍ਹਾਂ ਦੀ ਯਾਦ ’ਚ ਕੋਈ ਵਿਸ਼ੇਸ਼ ਕੰਮ ਕਰਨ ਦਾ ਮੌਕਾ ਮਿਲੇਗਾ।’’
‘‘ਉਸ ਸਮੇਂ ਜੇਲ ’ਚ ਲਾਲਾ ਲਾਜਪਤ ਰਾਏ ਜੀ ਨਾਲ ਪੰਜਾਬ ਦੇ ਵੱਡੇ-ਵੱਡੇ ਨੇਤਾ ਸਨ ਅਤੇ ਉਨ੍ਹਾਂ ਨਾਲ ਰੋਜ਼ਾਨਾ ‘ਵੰਦੇ ਮਾਤਰਮ’ ਦੇ 6-7 ਸੰਪਾਦਕ ਸਨ, ਜਿਨ੍ਹਾਂ ਨੂੰ ਵਾਰੀ-ਵਾਰੀ ਅੰਗ੍ਰੇਜ਼ ਸਰਕਾਰ ਬੰਦੀ ਬਣਾ ਕੇ ਲਿਆਈ ਸੀ। ਉਸ ਜੇਲ ’ਚ ਸਾਰਾ ਵਾਤਾਵਰਣ ਪੱਤਰਕਾਰਾਂ ਦਾ ਸੀ, ਜਿੱਥੇ ਮੈਨੂੰ ਢਾਈ ਸਾਲ ਰਹਿਣ ਦਾ ਮੌਕਾ ਮਿਲਿਆ। ਫਿਰ ਮੈਂ ਫੈਸਲਾ ਕੀਤਾ ਸੀ ਕਿ ਰਿਹਾਅ ਹੋ ਕੇ ਮੈਂ ਅਖਬਾਰ ’ਚ ਹੀ ਕੰਮ ਕਰਾਂਗਾ।’’
‘‘ਮੇਰੇ ਰਿਹਾਅ ਹੋਣ ’ਤੇ ਲਾਲਾ ਲਾਜਪਤ ਰਾਏ ਜੀ ਮੈਨੂੰ ‘ਸਰਵੈਂਟਸ ਆਫ ਪੀਪਲਜ਼ ਸੋਸਾਇਟੀ’ ਦਾ ਮੈਂਬਰ ਬਣਾਉਣਾ ਚਾਹੁੰਦੇ ਸਨ ਪਰ ਮੈਂ ਆਜ਼ਾਦ ਕੰਮ ਕਰਨਾ ਚਾਹੁੰਦਾ ਸੀ। ਸ਼ਰਧਾ ਯੋਗ ਭਾਈ ਪਰਮਾਨੰਦ ਜੀ ਉਨ੍ਹਾਂ ਦਿਨਾਂ ’ਚ ਇਸ ਦੇ ਪ੍ਰਧਾਨ ਸਨ। ਉਨ੍ਹਾਂ ਮੈਨੂੰ ਆਪਣੇ ਹਿੰਦੀ ਹਫਤਾਵਾਰੀ ‘ਆਕਾਸ਼ਵਾਣੀ’ ਦਾ ਸੰਪਾਦਕ ਬਣਾ ਕੇ ਵਿਰਜਾਨੰਦ ਪ੍ਰੈੱਸ ਤੋਂ ਮਾਸਿਕ ਤਨਖਾਹ ਦੇਣ ਦਾ ਵੀ ਪ੍ਰਬੰਧ ਕਰ ਦਿੱਤਾ।’’
‘‘ਕਈ ਕਾਰਨਾਂ ਕਾਰਨ ਮੈਨੂੰ ‘ਆਕਾਸ਼ਵਾਣੀ’ ਨੂੰ ਛੱਡਣਾ ਪਿਆ ਪਰ ਕੁਝ ਸਮੇਂ ਬਾਅਦ ਭਾਈ ਜੀ ਨੇ ‘ਆਕਾਸ਼ਵਾਣੀ’ ਅਤੇ ‘ਵਿਰਜਾਨੰਦ ਪ੍ਰੈੱਸ’ ਮੈਨੂੰ ਵੇਚ ਦਿੱਤੇ। ਮੈਂ ‘ਆਕਾਸ਼ਵਾਣੀ’ ਨੂੰ ਚਲਾਉਣ ਦਾ ਯਤਨ ਕੀਤਾ ਪਰ ਇਸ ’ਚ ਸਫਲ ਨਹੀਂ ਹੋਇਆ।’’
‘‘ਇਸ ਤੋਂ ਬਾਅਦ ਸਵ. ਬਾਬੂ ਪੁਰਸ਼ੋਤਮ ਦਾਸ ਟੰਡਨ ਜੀ ਨੇ ਲਾਲਾ ਲਾਜਪਤ ਰਾਏ ਜੀ ਦੀ ਮਿੱਠੀ ਯਾਦ ’ਚ ‘ਪੰਜਾਬ ਕੇਸਰੀ’ ਨਾਮੀ ਹਿੰਦੀ ਹਫਤਾਵਾਰੀ ਕੱਢਿਆ। ਮੈਂ ਵੀ ਉਸ ਨਾਲ ਸਬੰਧਤ ਸੀ। ਸਵ. ਪੰਡਿਤ ਭੀਮ ਸੇਨ ਜੀ ਉਸ ਦੇ ਪਹਿਲੇ ਸੰਪਾਦਕ ਸਨ।’’
‘‘ਉਨ੍ਹਾਂ ਤੋਂ ਬਾਅਦ ਪੰ. ਅਮਰਨਾਥ ਵਿਦਿਆਲੰਕਾਰ ਇਸ ਦੇ ਸੰਪਾਦਕ ਬਣੇ। ਬ੍ਰਿਟਿਸ਼ ਸਰਕਾਰ ਨੇ ਸਾਡੇ ਦੋਵਾਂ ’ਤੇ ਮੁਕੱਦਮਾ ਬਣਾ ਦਿੱਤਾ। ਅਸੀਂ ਜੇਲ ਚਲੇ ਗਏ ਅਤੇ ਪੱਤਰ ਬੰਦ ਹੋ ਗਿਆ। ਰਿਹਾਅ ਹੋਣ ਪਿੱਛੋਂ ਮੁੜ ‘ਪੰਜਾਬ ਕੇਸਰੀ’ ਚਲਾਉਣ ਦਾ ਯਤਨ ਕੀਤਾ ਪਰ ਸਫਲ ਨਹੀਂ ਹੋ ਸਕੇ।’’
‘‘1942 ’ਚ ਜਦੋਂ ਅੰਗ੍ਰੇਜ਼ਾਂ ਨੇ ਗਾਂਧੀ ਜੀ ਦੇ ਸੱਤਿਆਗ੍ਰਹਿ ਅੰਦੋਲਨ ’ਚ ਸਭ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਮੈਨੂੰ ਵੀ ਸਿਆਲਕੋਟ ਜੇਲ ’ਚ ਪੰਜਾਬ ਦੇ ਸਭ ਨੇਤਾਵਾਂ ਅਤੇ ਵਰਕਰਾਂ ਨਾਲ ਰਹਿਣ ਦਾ ਮੌਕਾ ਮਿਲਿਆ। ਤਦ ਮੈਂ ਹਿੰਦੀ ਅਤੇ ਉਰਦੂ ਦੀ ਰੋਜ਼ਾਨਾ ਅਖਬਾਰ ਕੱਢਣ ਦੀ ਗੱਲ ਸਭ ਨੇਤਾਵਾਂ ਨਾਲ ਕੀਤੀ ਪਰ ਉਤਸ਼ਾਹ ਨਹੀਂ ਮਿਲ ਸਕਿਆ। ਮੇਰੇ ਆਪਣੇ ਮਨ ’ਚ ਇਹ ਸੰਕਲਪ ਜ਼ਰੂਰ ਸੀ ਕਿ ਕਿਸੇ ਸਮੇਂ ਰੋਜ਼ਾਨਾ ਅਖਬਾਰ ਕੱਢਣੀ ਹੀ ਹੈ।’’
‘‘ਇਹ ਸੰਕਲਪ ਦੇਸ਼ ਦੀ ਵੰਡ ਪਿੱਛੋਂ ਪੂਰਾ ਹੋਇਆ ਜਦੋਂ ਜਲੰਧਰ ’ਚ ‘ਰੋਜ਼ਾਨਾ ਜੈ ਹਿੰਦ’ ਨੂੰ ਸ਼ੁਰੂ ਕੀਤਾ ਗਿਆ। ਸ਼੍ਰੀ ਵਰਿੰਦਰ ਲਾਹੌਰ ’ਚ ਇਸ ਨੂੰ ਕੱਢਦੇ ਸਨ। ਮੈਂ ਉਨ੍ਹਾਂ ਦੀ ਗੈਰ-ਹਾਜ਼ਰੀ ’ਚ ਇਸ ਨੂੰ ਕੱਢਿਆ ਤੇ ਉਨ੍ਹਾਂ ਮੇਰੇ ਨਾਲ ਮਿਲ ਕੇ ਇਸ ਨੂੰ ਚਾਲੂ ਰੱਖਣ ਦਾ ਫੈਸਲਾ ਕੀਤਾ। ਅਸੀਂ ਇਕੱਠੇ ਚੱਲ ਨਹੀਂ ਸਕੇ ਤਾਂ ਫਿਰ ਮੈਂ ‘ਹਿੰਦ ਸਮਾਚਾਰ’ (ਉਰਦੂ) ਕੱਢਿਆ। ਕਾਫੀ ਮੁਸ਼ਕਲਾਂ ਪਿੱਛੋਂ ਅੱਜ ਇਹ ਆਪਣੇ ਪੈਰਾਂ ’ਤੇ ਖੜ੍ਹਾ ਹੋ ਗਿਆ ਹੈ।’’
‘‘ਅੱਜ ਮਹਾਨ ਨੇਤਾ ਲਾਲਾ ਲਾਜਪਤ ਰਾਏ ਜੀ ਦੀ ਮਿਠੀ ਯਾਦ ’ਚ ਹਿੰਦੀ ਦੀ ਰੋਜ਼ਾਨਾ ਅਖਬਾਰ ‘ਪੰਜਾਬ ਕੇਸਰੀ’ ਪਾਠਕਾਂ ਦੀ ਸੇਵਾ ’ਚ ਪੇਸ਼ ਕੀਤੀ ਜਾ ਰਹੀ ਹੈ। ਸਾਨੂੰ ਪਤਾ ਹੈ ਕਿ ਪੰਜਾਬ ’ਚ ਹਿੰਦੀ ਦੀ ਅਖਬਾਰ ਚਲਾਉਣੀ ਬਹੁਤ ਔਖੀ ਹੈ। ਹਜ਼ਾਰਾਂ ਰੁਪਏ ਮਾਸਿਕ ਦਾ ਘਾਟਾ ਕਈ ਸਾਲ ਸਹਿਣਾ ਪਵੇਗਾ ਪਰ ਜੋ ਸੰਕਲਪ 1923 ਤੇ 1924 ’ਚ ਪੂਜਨੀਕ ਲਾਲਾ ਲਾਜਪਤ ਰਾਏ ਜੀ ਦੇ ਚਰਨਾਂ ’ਚ ਜੇਲ ’ਚ ਬੈਠ ਕੇ ਲਿਆ ਸੀ, ਉਹ ਅੱਜ ਪੂਰਾ ਹੋ ਗਿਆ ਹੈ।’’
‘‘ਮੈਂ ਆਦਰਯੋਗ ਲਾਲਾ ਲਾਜਪਤ ਰਾਏ ਜੀ ਦੇ ਚਰਨਾਂ ਦੀ ਧੂੜ ਵੀ ਨਹੀਂ ਹਾਂ ਪਰ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਮੈਂ ਜੋ ਖੁਦ ’ਚ ਥੋੜ੍ਹੀ ਬਹੁਤ ਨਿਡਰਤਾ ਹਾਸਲ ਕੀਤੀ ਹੈ ਉਹ ਮੈਂ ਲਾਲਾ ਜੀ ਦੇ ਚਰਨਾਂ ’ਚ ਬੈਠ ਕੇ ਹੀ ਸਿੱਖੀ ਸੀ।’’
‘‘ਪ੍ਰਭੂ ਦੇ ਦਰਬਾਰ ’ਚ ਮੇਰੀ ਇਹ ਪ੍ਰਾਰਥਨਾ ਹੈ ਕਿ ਅੱਜ ਜਦੋਂ ਅਸੀਂ ਆਦਰਯੋਗ ਲਾਲਾ ਲਾਜਪਤ ਰਾਏ ਜੀ ਦੀ ਯਾਦ ’ਚ ‘ਪੰਜਾਬ ਕੇਸਰੀ’ ਸ਼ੁਰੂ ਕਰ ਰਹੇ ਹਾਂ ਤਾਂ ਸਾਡੇ ਪਰਿਵਾਰ ਨੂੰ ਪ੍ਰਭੂ ਉਹ ਤਾਕਤ ਦੇਣ ਕਿ ਅਸੀਂ ਲਾਲਾ ਲਾਜਪਤ ਰਾਏ ਜੀ ਦੇ ਪਵਿੱਤਰ ਨਾਂ ਨੂੰ ਇਸ ਅਖਬਾਰ ’ਚ ਉੱਜਵਲ ਕਰੀਏ ਤੇ ਉਨ੍ਹਾਂ ਵੱਲੋਂ ਦੱਸੇ ਗਏ ਰਾਹ ’ਤੇ ਚੱਲ ਕੇ ਪੰਜਾਬ ਅਤੇ ਭਾਰਤ ਦੀ ਸੇਵਾ ਮੁਕੰਮਲ ਨਿਡਰਤਾ ਨਾਲ ਕਰੀਏ ਤਾਂ ਜੋ ਸਾਡਾ ਸੂਬਾ ਅਤੇ ਦੇਸ਼ ਪੂਰੀ ਤਰ੍ਹਾਂ ਪਨਪ ਸਕੇ।’’
‘‘ਪ੍ਰਮਾਤਮਾ ਸਾਨੂੰ ਤਾਕਤ ਦੇਣ ਕਿ ਅਸੀਂ ਇਸ ਦੇ ਰਾਹੀਂ ਲੋਕਾਂ ਦੀ ਸੇਵਾ ਨਿੱਜੀ ਹਿੱਤਾਂ ਤੋਂ ਉਪਰ ਉਠ ਕੇ ਕਰੀਏ ਅਤੇ ਸੱਚਾਈ ਦੇ ਰਾਹ ਤੋਂ ਲਾਂਭੇ ਨਾ ਹੋਈਏ। ਮੈਨੂੰ ਮੁਕੰਮਲ ਉਮੀਦ ਹੈ ਕਿ ਪਾਠਕ ‘ਹਿੰਦ ਸਮਾਚਾਰ’ ਵਾਂਗ ‘ਪੰਜਾਬ ਕੇਸਰੀ’ ਨੂੰ ਸਫਲਤਾ ਦੀ ਸਿਖਰ ’ਤੇ ਪਹੁੰਚਾ ਦੇਣਗੇ ਤਾਂ ਜੋ ‘ਹਿੰਦ ਸਮਾਚਾਰ ਪਰਿਵਾਰ’ ਲੋਕਾਂ ਦੇ ਦਰਬਾਰ ’ਚ ਸੁਰਖਰੂ ਹੋ ਸਕੇ ਕਿ ਭਾਰਤ ਦੀ ਰਾਸ਼ਟਰਭਾਸ਼ਾ ’ਚ ਅਖਬਾਰ ਜਾਰੀ ਕਰ ਕੇ ਉਨ੍ਹਾਂ ਆਪਣਾ ਫਰਜ਼ ਨਿਭਾਉਣ ਦਾ ਯਤਨ ਕੀਤਾ ਹੈ। –ਜਗਤ ਨਾਰਾਇਣ’’
ਜਿਨ੍ਹਾਂ ਆਦਰਸ਼ਾਂ-ਸੰਕਲਪਾਂ ਨੂੰ ਲੈ ਕੇ ਪੂਜਨੀਕ ਪਿਤਾ ਜੀ ਨੇ ‘ਪੰਜਾਬ ਕੇਸਰੀ’ ਦਾ ਪ੍ਰਕਾਸ਼ਨ ਸ਼ੁਰੂ ਕੀਤਾ ਸੀ, ‘ਪੰਜਾਬ ਕੇਸਰੀ’ ਦੇ 60ਵੇਂ ਸਾਲ ’ਚ ਦਾਖਲ ਹੁੰਦੇ ਹੋਏ ‘ਪੰਜਾਬ ਕੇਸਰੀ ਪਰਿਵਾਰ’ ਉਨ੍ਹਾਂ ’ਤੇ ਚੱਲਣ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਰਹੇਗਾ।
–ਵਿਜੇ ਕੁਮਾਰ
ਸਪਾ-ਭਾਜਪਾ ਹੁਣ ਆਪਣੀ ਅਗਲੀ ਲੜਾਈ ਦੀ ਤਿਆਰੀ ’ਚ
NEXT STORY