ਪੰਜਾਬ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਇੱਥੋਂ ਦੇ ਨੌਜਵਾਨਾਂ ਦੇ ਸੁਪਨੇ ਜਿੰਨੇ ਵੱਡੇ ਹਨ, ਉਨ੍ਹਾਂ ਤੱਕ ਪਹੁੰਚਣ ਦਾ ਰਾਹ ਓਨਾ ਹੀ ਧੁੰਦਲਾ ਹੈ। ਇਕ ਪਾਸੇ ਵਿਦੇਸ਼ ਜਾਣ ਦੀਆਂ ਖਾਹਿਸ਼ਾਂ, ਦੂਜੇ ਪਾਸੇ ਸਥਾਨਕ ਰੋਜ਼ਗਾਰ ਦੀ ਕਮੀ ਅਤੇ ਵਿਚਾਲੇ ਉਹ ਨੌਜਵਾਨ ਜੋ 11ਵੀਂ-12ਵੀਂ ਦੀ ਪੜ੍ਹਾਈ ਤੋਂ ਬਾਅਦ ਸਕੂਲ ਛੱਡ ਦਿੰਦਾ ਹੈ।
ਪੰਜਾਬ ਅੱਜ ਇਕ ਅਜਿਹੇ ਮੋੜ ’ਤੇ ਖੜ੍ਹਾ ਹੈ, ਜਿੱਥੇ ਸਭ ਤੋਂ ਵੱਡਾ ਸੰਕਟ ਨਾ ਤਾਂ ਸਿਰਫ ਬੇਰੋਜ਼ਗਾਰੀ ਹੈ ਅਤੇ ਨਾ ਹੀ ਨਸ਼ਾ, ਸਗੋਂ ਉਹ ਖਾਲੀਪਣ ਹੈ, ਜੋ ਸਿੱਖਿਆ ਅਤੇ ਰੋਜ਼ਗਾਰ ਦੇ ਵਿਚਾਲੇ ਫੈਲਦਾ ਜਾ ਰਿਹਾ ਹੈ। ਇਹ ਖਾਲੀਪਣ ਸਭ ਤੋਂ ਜ਼ਿਆਦਾ ਉਨ੍ਹਾਂ ਨੌਜਵਾਨਾਂ ਨੂੰ ਨਿਗਲ ਰਿਹਾ ਹੈ, ਜੋ 11ਵੀਂ-12ਵੀਂ ਦੇ ਆਸ-ਪਾਸ ਪੜ੍ਹਾਈ ਛੱਡ ਦਿੰਦੇ ਹਨ ਜਾਂ 12ਵੀਂ ਪੂਰੀ ਕਰਨ ਤੋਂ ਬਾਅਦ ਅੱਗੇ ਕਿਸੇ ਠੋਸ ਦਿਸ਼ਾ ’ਚ ਨਹੀਂ ਵਧ ਪਾਉਂਦੇ। ਇਹੀ ਉਹ ਨੌਜਵਾਨ ਹਨ, ਜਿਨ੍ਹਾਂ ਦੇ ਹੱਥਾਂ ’ਚ ਹੁਨਰ ਨਹੀਂ, ਜੇਬ ’ਚ ਪੈਸਾ ਨਹੀਂ ਅਤੇ ਨਾ ਹੀ ਦਿਮਾਗ ’ਚ ਭਵਿੱਖ ਦਾ ਸਪੱਸ਼ਟ ਨਕਸ਼ਾ।
ਸਿੱਟੇ ਵਜੋਂ ਉਹ ਜਾਂ ਤਾਂ ਗੈਰ-ਸੰਗਠਿਤ ਖੇਤਰ ’ਚ ਮਜ਼ਦੂਰੀ ਕਰਦੇ ਹਨ ਜਾਂ ਜ਼ਮੀਨ, ਜਾਇਦਾਦ ਵੇਚ ਕੇ ਵਿਦੇਸ਼ਾਂ ’ਚ ਮਜ਼ਦੂਰੀ ਲਈ ਡੰਕੀ ਰੂਟ ਰਾਹੀਂ ਜਾਨ ਜੋਖਮ ’ਚ ਪਾ ਕੇ ਹਿਜਰਤ ਦੀ ਰਾਹ ਫੜਦੇ ਹਨ ਅਤੇ ਫਿਰ ਮਾਨਸਿਕ ਪ੍ਰੇਸ਼ਾਨੀ ਅਤੇ ਨਸ਼ੇ ਵਰਗੀਆਂ ਸਮੱਸਿਆਵਾਂ ਦੀ ਲਪੇਟ ’ਚ ਆ ਜਾਂਦੇ ਹਨ।
ਸਰਕਾਰੀ ਅੰਕੜੇ ਇਸ ਸੰਕਟ ਨੂੰ ਹੋਰ ਉਘਾੜਦੇ ਹਨ। ਯੂਨੀਫਾਈਡ ਡਿਸਟ੍ਰਿਕ ਇਨਫਾਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ (ਯੂ. ਡੀ. ਆਈ. ਐੱਸ. ਈ.) ਮੁਤਾਬਕ ਪੰਜਾਬ ’ਚ ਸੈਕੰਡਰੀ, 12ਵੀਂ ਪੱਧਰ ’ਤੇ ਡਰਾਪਆਊਟ ਦਰ 17 ਫੀਸਦੀ ਤੋਂ ਵੱਧ ਹੈ। ਕਲਾਸ 10 ਤੋਂ 11 ’ਚ ਪਹੁੰਚਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਕੇ ਲਗਭਗ 79 ਫੀਸਦੀ ਰਹਿ ਜਾਂਦੀ ਹੈ। ਇਸ ਦਾ ਸਿੱਧਾ ਅਰਥ ਇਹ ਹੈ ਕਿ ਹਰ ਪੰਜ ’ਚੋਂ ਇਕ ਵਿਦਿਆਰਥੀ ਦਸਵੀਂ ਤੋਂ ਬਾਅਦ ਰਸਮੀ ਸਿੱਖਿਆ ਤੋਂ ਬਾਹਰ ਹੋ ਜਾਂਦਾ ਹੈ। ਇਹੀ ਨਹੀਂ ਕਲਾਸ ਇਕ ਤੋਂ ਕਲਾਸ 12ਵੀਂ ਤੱਕ ਕੁੱਲ ਰਿਟੇਂਸ਼ਨ ਦਰ ਲਗਭਗ 64.5 ਫੀਸਦੀ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਸਕੂਲ ਪ੍ਰਣਾਲੀ ਵੱਡੀ ਗਿਣਤੀ ’ਚ ਬੱਚਿਆਂ ਨੂੰ ਆਖਰੀ ਪੜਾਅ ਤੱਕ ਰੋਕ ਸਕਣ ’ਚ ਅਸਫਲ ਹੋ ਰਹੀ ਹੈ। ਦੂਜੇ ਪਾਸੇ ਆਲ ਇੰਡੀਆ ਸਰਵੇ ਆਨ ਹਾਇਰ ਐਜੂਕੇਸ਼ਨ ਦੇ ਅੰਕੜੇ ਦੱਸਦੇ ਹਨ ਕਿ ਭਾਰਤ ਦਾ ਹਾਇਰ ਐਜੂਕੇਸ਼ਨ ਗ੍ਰੋਸ ਇਨਰੋਲਮੈਂਟ ਰੇਸ਼ੋ ਕਰੀਬ 27.4 ਹੈ। ਭਾਵ 12ਵੀਂ ਦੇ ਬਾਅਦ ਵੀ ਜ਼ਿਆਦਾਤਰ ਨੌਜਵਾਨ ਉੱਚ ਸਿੱਖਿਆ ਲਈ, ਕਾਲਜ ਜਾਂ ਯੂਨੀਵਰਸਿਟੀ ਤੱਕ ਨਹੀਂ ਪਹੁੰਚ ਪਾ ਰਹੇ।
ਸਵਾਲ ਇਹ ਨਹੀਂ ਹੈ ਕਿ ਨੌਜਵਾਨ ਪੜ੍ਹਾਈ ਕਿਉਂ ਛੱਡ ਰਹੇ ਹਨ, ਅਸਲੀ ਸਵਾਲ ਇਹ ਹੈ ਕਿ ਪੜ੍ਹਾਈ ਉਨ੍ਹਾਂ ਨੂੰ ਕੀ ਦੇ ਰਹੀ ਹੈ। ਜਦੋਂ ਸਿੱਖਿਆ ਦਾ ਸਿੱਧਾ ਸੰਬੰਧ ਰੋਜ਼ਗਾਰ, ਆਮਦਨ ਅਤੇ ਸਨਮਾਨਜਨਕ ਜੀਵਨ ਨਾਲ ਨਾ ਜੁੜੇ ਤਾਂ ਉਹ ਗਰੀਬ ਅਤੇ ਹੇਠਲੇ, ਦਰਮਿਆਨੇ ਵਰਗ ਦੇ ਪਰਿਵਾਰਾਂ ਲਈ ਬੋਝ ਬਣ ਜਾਂਦੀ ਹੈ। ਆਰਥਿਕ ਮਜਬੂਰੀ, ਖੇਤੀ ਜਾਂ ਦਿਹਾੜੀ ਕੰਮ ਦੀ ਜ਼ਰੂਰਤ, ਨਿੱਜੀ ਸਿੱਖਿਆ ਦਾ ਖਰਚਾ ਅਤੇ ਸਭ ਤੋਂ ਵੱਧ ਕਿ ਕਰੀਅਰ ਦੀ ਅਸਪੱਸ਼ਟਤਾ, ਇਨ੍ਹਾਂ ਸਭ ਦੇ ਵਿਚਾਲੇ ਕਿਤਾਬਾਂ ’ਚ ਉਲਝੀ ਸਿੱਖਿਆ, ਨੌਜਵਾਨਾਂ ਨੂੰ ਇਹ ਭਰੋਸਾ ਨਹੀਂ ਦਿਵਾ ਪਾਉਂਦੀ ਕਿ ਉੱਚ ਸਿੱਖਿਆ ’ਚ ਉਸ ਦਾ ਭਵਿੱਖ ਸੁਰੱਖਿਅਤ ਹੈ।
ਇੱਥੇ ਹੀ ਹੁਨਰ-ਸਿੱਖਿਆ ਨਾ ਸਿਰਫ ਬਦਲਵੀਂ ਸਿੱਖਿਆ ਨੀਤੀ ਸਗੋਂ ਜ਼ਰੂਰੀ ਹੱਲ ਬਣ ਜਾਂਦੀ ਹੈ। ਹੁਨਰ-ਸਿੱਖਿਆ ਦਾ ਅਰਥ ਇਹ ਨਹੀਂ ਹੈ ਕਿ ਹਰ ਵਿਦਿਆਰਥੀ ਨੂੰ ਡਿਗਰੀ ਤੋਂ ਦੂਰ ਕੀਤਾ ਜਾਵੇ, ਸਗੋਂ ਸਿੱਖਿਆ ਨੂੰ ਕੰਮ ਨਾਲ ਜੋੜਿਆ ਜਾਵੇ। ਜੇਕਰ ਨੌਵੀਂ-ਦਸਵੀਂ ਕਲਾਸ ਤੋਂ ਹੀ ਵਿਦਿਆਰਥੀਆਂ ਨੂੰ ਇਹ ਦਿਸਣ ਲੱਗੇ ਕਿ ਪੜ੍ਹਾਈ ਉਨ੍ਹਾਂ ਨੂੰ ਕਿਸੇ ਹੁਨਰ, ਕਿਸੇ ਪੇਸ਼ੇ ਅਤੇ ਕਿਸੇ ਆਮਦਨ ਨਾਲ ਜੋੜ ਸਕਦੀ ਹੈ, ਡਰਾਪਆਊਟ ਆਪਣੇ-ਆਪ ਘਟਣ ਲੱਗਣਗੇ। ਕਰੀਅਰ ਓਰੀਐਂਟੇਸ਼ਨ, ਸਥਾਨਕ ਰੋਜ਼ਗਾਰ ਆਧਾਰਿਤ ਸਕਿੱਲ ਮਾਡਿਊਲ ਅਤੇ ਉਦਯੋਗਾਂ ਨਾਲ ਸੰਵਾਦ, ਇਹ ਸਾਰੇ ਸਕੂਲ ਸਿੱਖਿਆ ਦਾ ਹਿੱਸਾ ਬਣਨਾ ਚਾਹੁੰਦੇ ਹਨ।
ਜੋ ਵਿਦਿਆਰਥੀ ਪਹਿਲਾਂ ਹੀ 11ਵੀਂ-12ਵੀਂ ਦੇ ਆਸ-ਪਾਸ ਸਿਸਟਮ ਤੋਂ ਬਾਹਰ ਹੋ ਚੁੱਕੇ ਹਨ, ਉਨ੍ਹਾਂ ਲਈ 3 ਤੋਂ 6 ਮਹੀਨਿਆਂ ਦੀ ਪਲੇਸਮੈਂਟ, ਲਿੰਕਡ ਬ੍ਰਿਜ ਕੋਰਸ ਜੀਵਨ ਬਦਲਣ ਵਾਲੇ ਸਾਬਤ ਹੋ ਸਕਦੇ ਹਨ। ਇਨ੍ਹਾਂ ਕੋਰਸਾਂ ’ਚ ਬੁਨਿਆਦੀ ਸਿੱਖਿਆ ਦੇ ਨਾਲ ਵਿਵਹਾਰਕ ਹੁਨਰ ਸਿੱਧੇ ਰੋਜ਼ਗਾਰ ਨਾਲ ਜੁੜੇ ਹੋਣੇ ਚਾਹੀਦੇ ਹਨ। ਹੁਨਰ-ਸਿੱਖਿਆ ਉਦੋਂ ਹੀ ਸਾਰਥਕ ਹੋਵੇਗੀ, ਜਦੋਂ ਉਸ ਦੇ ਅੰਤ ’ਚ ਅਪ੍ਰੈਂਟਿਸਸ਼ਿਪ ਜਾਂ ਨੌਕਰੀ ਦਾ ਭਰੋਸਾ ਹੋਵੇ। ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ‘ਅਰਣ ਵਾਈਲ ਲਰਨ’ ਮਾਡਲ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਬਿਨਾਂ ਆਮਦਨ ਦੇ ਉਨ੍ਹਾਂ ਲਈ ਹੁਨਰ ਟ੍ਰੇਨਿੰਗ ਸੰੰਭਵ ਨਹੀਂ ਹੋ ਸਕਦੀ।
ਪੰਜਾਬ ’ਚ ਹੁਨਰ ਸਿੱਖਿਆ ਦੀ ਦਿਸ਼ਾ ਰਾਜ ਦੀਆਂ ਆਰਥਿਕ ਅਸਲੀਅਤਾਂ ਨਾਲ ਮੇਲ ਖਾਣੀ ਚਾਹੀਦੀ ਹੈ। ਖੇਤੀ ਅਤੇ ਉਸ ਨਾਲ ਜੁੜੇ ਫੂਡ ਪ੍ਰੋਸੈਸਿੰਗ ਉਦਯੋਗ, ਡੇਅਰੀ ਅਤੇ ਕੋਲਡ ਚੇਨ, ਵੇਅਰਹਾਊਸਿੰਗ ਅਤੇ ਲਾਜਿਸਟਿਕਸ, ਇਲੈਕਟ੍ਰੀਸ਼ੀਅਨ, ਆਟੋਮੋਬਾਈਲ ਅਤੇ ਇਲੈਕਟ੍ਰਿਕ ਵ੍ਹੀਕਲ ਰਿਪੇਅਰ, ਰੈਫਰੀਜਰੇਸ਼ਨ, ਏ. ਸੀ., ਵੈਲਡਿੰਗ, ਬਿਊਟੀ, ਵੈੱਲਨੈੱਸ ਅਤੇ ਹੈਲਥ ਕੇਅਰ ਅਜਿਹੇ ਖੇਤਰ ਹਨ ਜਿੱਥੇ ਡਿਗਰੀ ਨਾਲੋਂ ਜ਼ਿਆਦਾ ਹੁਨਰ ਦੀ ਮੰਗ ਹੈ। ਜੇਕਰ ਹੁਨਰ-ਸਿੱਖਿਆ ਇਨ੍ਹਾਂ ਜ਼ਰੂਰਤਾਂ ’ਤੇ ਆਧਾਰਿਤ ਹੋਵੇ ਤਾਂ ਨਾ ਸਿਰਫ ਸਥਾਨਕ ਰੋਜ਼ਗਾਰ ਪੈਦਾ ਹੋਣਗੇ, ਸਗੋਂ ਨੌਜਵਾਨਾਂ ਦੀ ਡੰਕੀ ਰੂਟ ਰਾਹੀਂ ਵਿਦੇਸ਼ਾਂ ’ਚ ਹਿਜਰਤ ਵੀ ਰੁਕੇਗੀ।
ਸਰਕਾਰੀ ਸਕੂਲਾਂ ’ਚ ਸੋਮਿਆਂ ਦੀ ਘਾਟ ਨੂੰ ਬਹਾਨਾ ਨਹੀਂ ਬਣਾਇਆ ਸਕਦਾ। ਹੱਲ ਮਹਿੰਗੇ ਇਨਫਰਾਸਟਰੱਕਚਰ ’ਚ ਨਹੀਂ, ਸਗੋਂ ਸਾਂਝੇ ਸੋਮਿਆਂ ’ਚ ਹੈ। ਹਰ ਬਲਾਕ ’ਚ ਕੁਝ ਸਕੂਲਾਂ ਨੂੰ ਸਕਿੱਲ ਹੱਬ ਦੇ ਰੂਪ ’ਚ ਵਿਕਸਤ ਕਰਕੇ ਸਾਂਝੀ ਲੈਬ, ਟ੍ਰੇਨਰ ਅਤੇ ਇਕ ਸਥਾਨਕ ਐੱਮ. ਐੱਸ. ਐੱਮ. ਈ. ਦੀ ਹਿੱਸੇਦਾਰੀ ਨਾਲ ਪ੍ਰਭਾਵੀ ਮਾਡਲ ਖੜ੍ਹਾ ਕੀਤਾ ਜਾ ਸਕਦਾ ਹੈ।
ਪੰਜਾਬ ਨੂੰ ਹੁਣ ਡਰਾਪਆਊਟ ਲਈ ਅੰਕੜਿਆਂ ਦੀ ਸਮੱਸਿਆ ਨਹੀਂ ਸਗੋਂ ਨੀਤੀ ਦਾ ਕੇਂਦਰ ਬਣਾਉਣਾ ਹੋਵੇਗਾ। 10ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ’ਤੇ ਵਿਸ਼ੇਸ਼ ਨਿਗਰਾਨੀ, ਡਰਾਪਆਊਟ ਅਤੇ ਰੋਜ਼ਗਾਰ ਦੀ ਬਲਾਕ ਪੱਧਰੀ ਪਲੇਸਮੈਂਟ, ਲਿੰਕਡ ਸਕਿੱਲ ਕੋਰਸ ਅਤੇ ਅਪ੍ਰੈਂਟਿਸਸ਼ਿਪ, ਇਹ ਸਭ ਮਿਲ ਕੇ ਹੀ ਹੱਲ ਬਣ ਸਕਦੇ ਹਨ।
ਆਖਿਰਕਾਰ ਪੰਜਾਬ ਦਾ ਭਵਿੱਖ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਉਹ ਆਪਣੇ ਨੌਜਵਾਨਾਂ ਨੂੰ ਡਿਗਰੀ ਦੇ ਪਿੱਛੇ ਦੌੜਨ ਲਈ ਛੱਡ ਦਿੰਦਾ ਹੈ, ਜਾਂ ਉਨ੍ਹਾਂ ਨੂੰ ਹੁਨਰ ਦੇ ਹਥਿਆਰ ਨਾਲ ਅੱਗੇ ਵਧਾਉਂਦਾ ਹੈ।
–ਦਿਨੇਸ਼ ਸੂਦ
(ਲੇਖਕ ਓਰੇਨ ਇੰਟਰਨੈਸ਼ਨਲ ਦੇ ਬਾਨੀ ਐੱਮ. ਡੀ. ਹਨ)
ਵਿਸਥਾਰਵਾਦ ਅਤੇ ਦੱਖਣੀ ਪੂਰਬੀ ’ਤੇ ਮੱਧ ਏਸ਼ੀਆ ’ਚ ਭਾਰਤ ਦੀ ਭੂਮਿਕਾ
NEXT STORY