ਪ੍ਰਭੂ ਸ਼੍ਰੀ ਰਾਮ ਦੀ ਲਹਿਰ ਚੱਲ ਰਹੀ ਹੈ। ਰਾਮ ਹਰ ਯੁੱਗ ’ਚ ਵਿਆਪਤ ਰਹੇ ਹਨ, ਹਰ ਔਖੀ ਘੜੀ ’ਚ ਸੰਕਟ ਮੋਚਕ ਵਾਂਗ ਦੇਖੇ ਜਾਂਦੇ ਰਹੇ ਹਨ, ਦੁੱਖ ’ਚ ਇਕ ਆਸ ਦੀ ਕਿਰਨ ਮੰਨੇ ਜਾਂਦੇ ਰਹੇ ਹਨ। ਜਦ ਕੋਈ ਸੰਕਟ ਆਉਂਦਾ ਹੈ ਤਾਂ ਰਾਮ ’ਤੇ ਉਸ ਤੋਂ ਦੂਰ ਕਰਨ ਦਾ ਕੰਮ ਛੱਡ ਕੇ ਨਿਸ਼ਚਿੰਤ ਹੋ ਜਾਂਦੇ ਹਾਂ ਅਤੇ ਕਹਿੰਦੇ ਹਾਂ ਕਿ ਰਾਮ ਸਭ ਭਲੀ ਕਰਨਗੇ। ਜੋ ਕਰਨਾ ਹੈ, ਉਹੀ ਕਰਨਗੇ, ਜੋ ਹੋਵੇਗਾ ਉਨ੍ਹਾਂ ਦੀ ਇੱਛਾ ਨਾਲ ਹੋਵੇਗਾ। ਅਸੀਂ ਸਿਰਫ ਉਸ ਨੂੰ ਸਵੀਕਾਰ ਕਰਨਾ ਹੈ ਅਤੇ ਅਤੇ ਜਾਹੀ ਵਿਧ ਰਾਖੇ ਰਾਮ ਤਾਹਿ ਵਿਧ ਰਹੀਏ, ਸੋਚ ਕੇ ਆਪਣੇ ਕੰਮ ’ਚ ਲੱਗ ਜਾਂਦੇ ਹਾਂ। ਰਾਮ ਦੀ ਇਹੀ ਮਹਿਮਾ ਹੈ।
ਰਾਮ ਅਤੇ ਕ੍ਰਿਸ਼ਨ ਦਾ ਉਲਟ ਸਰੂਪ : ਸਾਡੇ ਦੇਸ਼ ’ਚ ਦੋ ਭਗਵਾਨਾਂ ਦੀ ਪ੍ਰਮੁੱਖਤਾ ਹੈ। ਇਕ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਅਤੇ ਦੂਜੇ ਲੀਲਾ ਪੁਰਸ਼ੋਤਮ ਸ਼੍ਰੀ ਕ੍ਰਿਸ਼ਨ। ਜਦ ਮਨੁੱਖ ਕਿਸੇ ਬਿਪਤਾ ’ਚ ਹੁੰਦਾ ਹੈ ਤਾਂ ਰਾਮ ਨੂੰ ਯਾਦ ਕਰਦਾ ਹੈ ਅਤੇ ਜਦ ਕੋਈ ਪ੍ਰੇਮ ਪ੍ਰਸੰਗ ਜਾਂ ਹਾਸੇ-ਠੱਠੇ ਦੀ ਗੱਲ ਆਉਂਦੀ ਹੈ ਤਾਂ ਨਟਖਟ ਕ੍ਰਿਸ਼ਨ ਦੀ ਸੁਧ ਲਈ ਜਾਂਦੀ ਹੈ। ਰਾਮ ਅਤੇ ਕ੍ਰਿਸ਼ਨ ਦੀ ਸ਼ਖ਼ਸੀਅਤ ਅਤੇ ਚਰਿੱਤਰ ’ਚ ਇਹੀ ਫਰਕ ਹੈ।
ਰਾਮ ਨੇ ਪਤਨੀਵਰਤ ਧਾਰਨ ਕੀਤਾ ਹੋਇਆ ਸੀ ਜਦਕਿ ਕ੍ਰਿਸ਼ਨ ਦੀਆਂ ਕਈ ਪਤਨੀਆਂ ਸਨ। ਉਨ੍ਹਾਂ ’ਚੋਂ ਵੀ ਰਾਧਾ ਜੋ ਹਾਲਾਂਕਿ ਬਾਕਾਇਦਾ ਉਨ੍ਹਾਂ ਨਾਲ ਵਿਆਹੀ ਨਹੀਂ ਸੀ ਪਰ ਉਨ੍ਹਾਂ ਬਿਨਾਂ ਕ੍ਰਿਸ਼ਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਕ ਪਾਸੇ ਸੀਤਾ-ਰਾਮ ਹਨ ਤਾਂ ਦੂਜੇ ਪਾਸੇ ਰਾਧਾ-ਕ੍ਰਿਸ਼ਨ ਹਨ।
ਸੀਤਾ ਦਾ ਵਿਆਹ ਰਾਮ ਨਾਲ ਹੋਇਆ ਸੀ ਅਤੇ ਉਨ੍ਹਾਂ ਤੋਂ ਇਲਾਵਾ ਰਾਮ ਦੇ ਜੀਵਨ ’ਚ ਕੋਈ ਹੋਰ ਔਰਤ ਨਹੀਂ ਆਈ ਪਰ ਕ੍ਰਿਸ਼ਨ ਦੇ ਜੋ ਬਾਕਾਇਦਾ ਵਿਆਹ ਹੋਏ, ਉਨ੍ਹਾਂ ਤੋਂ ਵੱਖਰਾ ਉਨ੍ਹਾਂ ਦਾ ਨਾਂ ਰਾਧਾ ਨਾਲ ਹੀ ਲਿਆ ਜਾਂਦਾ ਹੈ ਜਦਕਿ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਸੀ। ਉਹ ਰਾਸਲੀਲਾ ਕਰਦੇ ਸਨ, ਗੋਪੀਆਂ ਦੇ ਦਿਲ ’ਚ ਸਮਾਏ ਰਹਿੰਦੇ ਸਨ।
ਕੁਝ ਲੋਕ ਇਸ ਨੂੰ ਕ੍ਰਿਸ਼ਨ ਦੀ ਅਸ਼ਲੀਲਤਾ ਸਮਝ ਕੇ ਉਨ੍ਹਾਂ ਨੂੰ ਰਾਮ ਤੋਂ ਘੱਟ ਸਮਝਣ ਦੀ ਭੁੱਲ ਕਰ ਲੈਂਦੇ ਹਨ ਜਦਕਿ ਰਾਮ ਹੋਣ ਜਾਂ ਕ੍ਰਿਸ਼ਨ ਦੋਵੇਂ ਹੀ ਜ਼ਰੂਰੀ ਹਨ। ਨਾ ਅਸੀਂ ਰਾਮ ਬਿਨਾਂ ਰਹਿ ਸਕਦੇ ਹਾਂ ਅਤੇ ਨਾ ਕ੍ਰਿਸ਼ਨ ਦੇ ਬਿਨਾਂ, ਇਸ ਲਈ ਭਜਨ ਵੀ ਇਹ ਕਰਦੇ ਹਾਂ : ਹਰੇ ਰਾਮ, ਰਾਮ ਰਾਮ ਹਰੇ ਹਰੇ। ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ। ਰਾਮ ਅਤੇ ਕ੍ਰਿਸ਼ਨ ਦੋਵੇਂ ਇਕੱਠੇ ਜਦਕਿ ਸੁਭਾਅ, ਚਰਿੱਤਰ ਅਤੇ ਜੀਵਨ ਪ੍ਰਸੰਗ ਦੋਵਾਂ ਦੇ ਇਕ-ਦੂਜੇ ਤੋਂ ਬਿਲਕੁਲ ਵੱਖਰੇ। ਜੋ ਵੀ ਹੋਵੇ, ਦੋਵੇਂ ਹੀ ਪੂਜਨੀਕ ਹਨ ਅਤੇ ਸਾਨੂੰ ਦੋਵੇਂ ਹੀ ਜ਼ਿੰਦਗੀ ’ਚ ਚਾਹੀਦੇ ਹਨ।
ਸੰਕਟ ਮੋਚਕ ਰਾਮ : ਮੁਗਲਾਂ ਨੇ ਭਾਰਤ ’ਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਵੇਂ ਕਿ ਹਰ ਹਮਲਾਵਰ ਕਰਦਾ ਹੈ, ਉਨ੍ਹਾਂ ਨੇ ਵੀ ਕੀਤਾ। ਸਾਡੇ ਸੱਭਿਆਚਾਰ, ਵਿਰਾਸਤ ਅਤੇ ਪੁਰਾਤਨ ਸੱਭਿਅਤਾ ਅਤੇ ਉਸ ਦੇ ਖੰਡਰਾਂ ਨੂੰ ਨਸ਼ਟ ਕਰ ਕੇ ਉਨ੍ਹਾਂ ਦੀ ਥਾਂ ਆਪਣੀਆਂ ਕਦਰਾਂ-ਕੀਮਤਾਂ ਸਥਾਪਿਤ ਕੀਤੀਆਂ ਤਾਂ ਕਿ ਉਨ੍ਹਾਂ ਨੂੰ ਭੁਲਾ ਕੇ ਇਨ੍ਹਾਂ ਦੇ ਰੰਗ ’ਚ ਰੰਗਿਆ ਜਾਵੇ।
ਸਾਡੇ ਮੰਦਰਾਂ ’ਤੇ ਹਮਲੇ ਹੋਏ, ਉਨ੍ਹਾਂ ਨੂੰ ਨਸ਼ਟ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਅਤੇ ਜੇ ਪੂਰਾ ਨਸ਼ਟ ਨਹੀਂ ਕਰ ਸਕੇ ਤਾਂ ਉਨ੍ਹਾਂ ਸਥਾਨਾਂ ’ਤੇ ਆਪਣੇ ਨਿਰਮਾਣ ਕਰ ਲਏ। ਜਦੋਂ ਜ਼ੁਲਮ ਹੁੰਦੇ ਹਨ ਅਤੇ ਜ਼ੁਲਮ ਦਾ ਜਵਾਬ ਜਾਂ ਮੁਕਾਬਲਾ ਕਰਨ ਦੀ ਸਥਿਤੀ ’ਚ ਨਹੀਂ ਹੁੰਦੇ ਤਾਂ ਭਗਤ ਦਾ ਜਨਮ ਹੁੰਦਾ ਹੈ। ਦੀਨ ਜਾਂ ਯਾਚਕ ਵਾਂਗ ਭਗਤੀ ਭਾਵ ਪੈਦਾ ਹੋਣ ਲੱਗਦਾ ਹੈ। ਲੱਗਦਾ ਹੈ ਕਿ ਇਹੀ ਇਕ ਮਾਰਗ ਹੈ ਜੋ ਜ਼ਾਲਮ ਤੋਂ ਬਚਾ ਸਕਦਾ ਹੈ।
ਭਗਤੀ ਯੁੱਗ ਦੇ ਇਸ ਕਾਲ ’ਚ ਤੁਲਸੀਦਾਸ ਆਏ ਅਤੇ ਉਨ੍ਹਾਂ ਨੇ ਰਾਮਚਰਿਤਮਾਨਸ ਦੀ ਰਚਨਾ ਕੀਤੀ ਅਤੇ ਇਸੇ ਲੜੀ ’ਚ ਸੂਰਦਾਸ ਆਏ ਅਤੇ ਉਨ੍ਹਾਂ ਨੇ ਕ੍ਰਿਸ਼ਨ ਭਗਤੀ ਨਾਲ ਭਰਪੂਰ ਰਚਨਾਵਾਂ ਕੀਤੀਆਂ। ਰਾਮ ਅਤੇ ਕ੍ਰਿਸ਼ਨ ਗਰੀਬ ਅਤੇ ਅਮੀਰ ਸਾਰਿਆਂ ਦੇ ਪੂਜਨੀਕ ਤਾਂ ਸਨ ਹੀ। ਜਿੱਥੇ ਗਰੀਬ ਲੁੱਟਿਆ-ਪੁੱਟਿਆ ਰਹਿੰਦਾ ਸੀ, ਉੱਥੇ ਅਮੀਰ ਦਾ ਵੀ ਸ਼ੋਸ਼ਣ ਹੁੰਦਾ ਸੀ।
ਸਭ ਦੀ ਰੱਖਿਆ ਰਾਮ ਅਤੇ ਕ੍ਰਿਸ਼ਨ ਕਰਦੇ ਹਨ, ਅਜਿਹਾ ਭਾਵ ਮਨ ’ਚ ਰਹਿੰਦਾ ਹੈ। ਭਗਤੀਕਾਲ ਦੇ ਕਵੀਆਂ ਦੀਆਂ ਰਚਨਾਵਾਂ ਤੋਂ ਲੋਕਾਂ ਦੇ ਮਨ ਨੂੰ ਸਕੂਨ ਮਿਲਦਾ ਸੀ। ਜ਼ਾਲਮ ਦਾ ਮੁਕਾਬਲਾ ਕਰਨ ਦਾ ਸਾਹਸ ਪੈਦਾ ਹੁੰਦਾ ਸੀ ਅਤੇ ਉਹ ਆਪਣੇ ਆਪਸੀ ਮਤਭੇਦਾਂ ਨੂੰ ਭੁਲਾ ਕੇ ਇਕ-ਦੂਜੇ ਨਾਲ ਸਹਿਯੋਗ ਕਰਨ ਬਾਰੇ ਨੀਤੀਆਂ ਬਣਾਉਂਦੇ ਸਨ।
ਛਤਰਪਤੀ ਸ਼ਿਵਾਜੀ ਸਭ ਦੇ ਆਦਰਸ਼ ਬਣ ਗਏ। ਉਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਬੱਚੇ-ਬੱਚੇ ਦੀ ਜ਼ੁਬਾਨ ’ਤੇ ਸਨ। ਰਾਮ ਕਥਾ ਪੜ੍ਹਨਾ ਅਤੇ ਸੁਣਨਾ ਹਰ ਪਰਿਵਾਰ ਦੀ ਰੋਜ਼ਮੱਰਾ ਦੀ ਜ਼ਿੰਦਗੀ ’ਚ ਸ਼ਾਮਲ ਹੋ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ ਅਤੇ ਉਨ੍ਹਾਂ ਨੇ ਵੀ ਜੋ ਰਚਨਾਵਾਂ ਕੀਤੀਆਂ ਉਨ੍ਹਾਂ ’ਚ ਵੀ ਰਾਮ ਦਾ ਵਰਨਣ ਹੁੰਦਾ ਸੀ। ਰਾਮ ਜਨਮ ਭੂਮੀ ’ਤੇ ਬਾਬਰੀ ਮਸਜਿਦ ਵੀ ਇਸੇ ਕਾਲਖੰਡ ’ਚ ਬਣੀ।
ਇਸੇ ਕਾਰਨ ਜਦੋਂ ਅੱਜ ਉਸ ਸਥਾਨ ’ਤੇ ਰਾਮ ਮੰਦਰ ਬਣਿਆ ਤਾਂ ਪੂਰਾ ਦੇਸ਼ ਇਕ ਆਵਾਜ਼ ’ਚ ਉਸ ਨਾਲ ਹੋ ਗਿਆ। ਇੰਨਾ ਉਤਸ਼ਾਹ, ਇੰਨੀ ਊਰਜਾ ਅਤੇ ਹੌਸਲਾ ਇਕੱਠੇ ਪ੍ਰਗਟ ਹੋਣ ਦਾ ਕਾਰਨ ਇਹੀ ਸੀ ਕਿ ਇੰਨੇ ਸਾਲਾਂ ਬਾਅਦ ਲੋਕਾਂ ਦੇ ਅੰਦਰ ਨਿਆਂ ਹੋਣ ਵਰਗੀ ਭਾਵਨਾ ਬਲਵਾਨ ਹੋ ਰਹੀ ਸੀ।
ਮੁਗਲਾਂ ਪਿੱਛੋਂ ਅੰਗ੍ਰੇਜ਼ ਆਏ ਤੇ ਉਨ੍ਹਾਂ ਨੇ ਵੀ ਭਾਰਤ ਦੀ ਸੰਸਕ੍ਰਿਤੀ ਤੇ ਸੱਭਿਅਤਾ ਨੂੰ ਨਸ਼ਟ ਕਰਨ ਦਾ ਕੰਮ ਕੀਤਾ। ਇਸ ਦੌਰ ’ਚ ਸਾਹਿਤ ’ਚ ਵੀ ਅਜਿਹੇ ਕਵੀ ਹੋਏ ਜਿਨ੍ਹਾਂ ਨੇ ਰਾਮ ਦੀ ਕਈ ਤਰ੍ਹਾਂ ਨਾਲ ਉਸਤਤ ਕੀਤੀ। ਸਾਹਿਤ ’ਚ ਛਾਇਆਵਾਦ ਦੇ ਰੂਪ ’ਚ ਜਾਣੇ ਗਏ ਇਸ ਯੁੱਗ ’ਚ ਮਹਾਕਵੀ ਪੰਡਿਤ ਸੂਰਿਆਕਾਂਤ ਤ੍ਰਿਪਾਠੀ ਨਿਰਾਲਾ ਦੀ ਰਚਨਾ ‘ਰਾਮ ਕੀ ਸ਼ਕਤੀ ਪੂਜਾ’ ਰਾਮਚਰਿਤਮਾਨਸ ਵਾਂਗ ਪ੍ਰਸਿੱਧ ਹੋਈ। ਦੂਜੇ ਥੰਮ੍ਹ ਜੈ ਸ਼ੰਕਰ ਪ੍ਰਸਾਦ ਸਨ ਜਿਨ੍ਹਾਂ ਨੇ ਕਾਮਾਇਨੀ ਵਰਗੀ ਬੇਜੋੜ ਕਿਰਤ ਦੀ ਰਚਨਾ ਕੀਤੀ।
ਇਸ ਦੇ ਜੋੜ ਦੀ ਰਚਨਾ ਭਾਰਤੀ ਹੀ ਨਹੀਂ ਵਿਸ਼ਵ ਸਾਹਿਤ ’ਚ ਵੀ ਸ਼ਾਇਦ ਹੀ ਮਿਲੇ। ਤੀਜੇ ਕਵੀ ਸੁਮਿੱਤਰਾ ਨੰਦਨ ਪੰਤ ਹੋਏ ਜਿਨ੍ਹਾਂ ਨੇ ਰਸ਼ਮੀ ਬੰਧ ਦੀ ਰਚਨਾ ਕਰ ਕੇ ਪਾਠਕਾਂ ਨੂੰ ਅਦਭੁੱਤ ਰਚਨਾ ਦਿੱਤੀ। ਛਾਇਆਵਾਦ ਦਾ ਅਗਲਾ ਥੰਮ੍ਹ ਸੀ ਮਹਾਦੇਵੀ ਵਰਮਾ, ਜਿਨ੍ਹਾਂ ਨੇ ਪ੍ਰੇਮ, ਭਗਤੀ ਅਤੇ ਸ਼ਿੰਗਾਰ ਨਾਲ ਦਿਲ ਦੇ ਤਾਰ ਛੇੜ ਸਕਣ ਵਾਲੀਆਂ ਰਚਨਾਵਾਂ ਦਿੱਤੀਆਂ। ਇਕ ਪਾਸੇ ਇਨਕਲਾਬੀ ਅਕਸ ਵਾਲੇ ਬਾਬਾ ਨਾਗਾਰਜੁਨ ਨੇ ਰਾਮ ਨੂੰ ਲੈ ਕੇ ਇਕ ਭਾਵਭਿੰਨੀ ਰਚਨਾ ਦੇ ਕੇ ਹਿੰਦੀ ਸਾਹਿਤ ਨੂੰ ਖੁਸ਼ਹਾਲ ਕੀਤਾ।
ਰਾਮਰਾਜ ਦੀ ਕਲਪਨਾ : ਹੁਣ ਜਿੱਥੋਂ ਤੱਕ ਰਾਮਰਾਜ ਦੀ ਗੱਲ ਹੈ ਤਾਂ ਇਸ ਦੀ ਭੂਮਿਕਾ ਨੂੰ ਲੈ ਕੇ ਬਾਪੂ ਗਾਂਧੀ ਨੇ ਆਜ਼ਾਦੀ ਤੋਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਦਾ ਅਰਥ ਨਿਆਂ ਨਾਲ ਚੱਲਣ ਵਾਲਾ ਸ਼ਾਸਨ ਹੈ। ਇਸ ਦਾ ਅਰਥ ਇਹ ਹੋਇਆ ਕਿ ਅੰਗ੍ਰੇਜ਼ ਸਰਕਾਰ ਨਿਆਂਪੂਰਨ ਨਹੀਂ ਹੈ, ਇਸ ਲਈ ਇਸ ਤੋਂ ਮੁਕਤੀ ਮਿਲਣੀ ਹੀ ਚਾਹੀਦੀ ਹੈ। ਭਾਰਤ ਛੱਡੋ ਅੰਦੋਲਨ ਇਸ ਦਾ ਨਤੀਜਾ ਸੀ।
ਹੁਣ ਅੱਜ ਜਦੋਂ ਅਸੀਂ ਦੇਸ਼ ’ਚ ਰਾਮਰਾਜ ਦੀ ਸਥਾਪਨਾ ਦੀ ਗੱਲ ਵੱਖ-ਵੱਖ ਮੰਚਾਂ ਤੋਂ ਸੁਣਦੇ ਹਾਂ ਤਾਂ ਇਹ ਕਿਹੋ ਜਿਹਾ ਹੋਵੇਗਾ ਇਸ ਦੀ ਰੂਪਰੇਖਾ ਬਾਰੇ ਕੁਝ ਵੀ ਸਪੱਸ਼ਟ ਨਾ ਹੋਣ ਨਾਲ ਕਈ ਭਰਮ ਹਨ। ਇਸ ਦੀ ਪਹਿਲੀ ਸ਼ਰਤ ਹੈ ਕਿ ਸਭ ਲਈ ਨਿਆਂ ਪਾਉਣਾ ਸੁਖਾਲਾ ਹੋਵੇ। ਅਜੇ ਤਾਂ ਇਹ ਇੰਨਾ ਮਹਿੰਗਾ ਅਤੇ ਗੁੰਝਲਦਾਰ ਹੈ ਕਿ ਸਾਧਾਰਨ ਵਿਅਕਤੀ ਇਸ ਦੀ ਥਾਂ ਅਨਿਆਂ ਸਹਿਣ ਜਾਂ ਸਮਝੌਤਾ ਕਰਨ ਦਾ ਰਾਹ ਅਪਣਾਉਂਦਾ ਹੈ।
ਅਦਾਲਤਾਂ ’ਚ ਪੈਂਡਿੰਗ ਮੁਕੱਦਮੇ ਅਤੇ ਪੀੜ੍ਹੀਆਂ ਤੱਕ ਸੁਣਵਾਈ ਹੀ ਚੱਲਦੀ ਰਹਿਣ ਕਾਰਨ ਨਿਆਂ ਵਿਵਸਥਾ ’ਤੇ ਭਰੋਸਾ ਨਹੀਂ ਹੁੰਦਾ। ਰਾਮਰਾਜ ਦੀ ਦੂਜੀ ਸ਼ਰਤ ਹੈ ਕਿ ਸਿੱਖਿਆ ਅਤੇ ਰੋਜ਼ਗਾਰ ਸਭ ਲਈ ਹੋਵੇ। ਦੇਸ਼ ’ਚ ਅਜੇ ਇਹ ਦੂਰ ਦੀ ਕੌਡੀ ਹੈ। ਭੇਦਭਾਵ ਕਰਨ ਵਾਲੀ ਸਿੱਖਿਆ ਨੀਤੀ ਅਤੇ ਯੋਗਤਾ ਅਤੇ ਲੋੜ ਦੇ ਆਧਾਰ ’ਤੇ ਰੋਜ਼ਗਾਰ ਨਾ ਮਿਲਣਾ ਅਸਲੀਅਤ ਹੈ।
ਰਾਮਰਾਜ ਦੀ ਤੀਜੀ ਸ਼ਰਤ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ। ਮਨ ਦੀ ਗੱਲ ਕਹਿਣ ’ਚ ਡਰ ਲੱਗੇ ਅਤੇ ਕਹਿ ਵੀ ਦੇਈਏ ਤਾਂ ਉਸ ਦਾ ਕੋਈ ਪ੍ਰਭਾਵ ਨਾ ਹੋਵੇ, ਅਣਡਿੱਠ ਹੋਣ ਵਰਗਾ ਭਾਵ ਮਨ ’ਚ ਹੋਵੇ। ਇਹੀ ਨਹੀਂ ਆਲੋਚਨਾ ਦਾ ਨਤੀਜਾ ਤਸ਼ੱਦਦ ਦਾ ਡਰ ਹੋਵੇ ਤਾਂ ਕਿਵੇਂ ਕਿਹਾ ਜਾ ਸਕਦਾ ਹੈ ਕਿ ਭਾਵੇਂ ਸਾਡੀ ਗੱਲ ਕਿੰਨੀ ਵੀ ਅਰਥਪੂਰਨ ਹੋਵੇ, ਬੋਲਣ ਦੀ ਆਜ਼ਾਦੀ ਹੈ। ਆਸ ਹੈ ਕਿ ਕਦੀ ਤਾਂ ਰਾਮਰਾਜ ਦੀ ਕਲਪਨਾ ਸਾਕਾਰ ਹੋਵੇਗੀ।
ਪੂਰਨ ਚੰਦ ਸਰੀਨ
ਹਰਿਆਣਾ ਦੇ ਵਿਕਾਸ ਦਾ ਆਧਾਰ ਹੈ ਡਿਜੀਟਲਾਈਜ਼ੇਸ਼ਨ
NEXT STORY