‘ਵਿਸ਼ਵ ਨਿਮੋਨੀਆ ਦਿਵਸ’ ਹਰ ਸਾਲ 12 ਨਵੰਬਰ ਨੂੰ ਨਿਮੋਨੀਆ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸ ਬੀਮਾਰੀ ਨਾਲ ਲੜਨ ਲਈ ਵਿਸ਼ਵਵਿਆਪੀ ਯਤਨਾਂ ਨੂੰ ਇਕਜੁੱਟ ਕਰ ਕੇ ਇਕ ਪਲੇਟਫਾਰਮ ਪ੍ਰਦਾਨ ਕਰਨ ਲਈ ਮਨਾਇਆ ਜਾਂਦਾ ਹੈ। ਇਸ ਸਾਲ ਨਿਮੋਨੀਆ ਦਿਵਸ ‘ਹਰ ਸਾਹ ਮਾਅਨੇ ਰੱਖਦੀ ਹੈ : ਨਿਮੋਨੀਆ ਨੂੰ ਉਸ ਦੇ ਰਾਹ ’ਚ ਰੋਕੋ’ ਦੇ ਥੀਮ ਨਾਲ ਮਨਾਇਆ ਜਾ ਰਿਹਾ ਹੈ, ਜੋ ਹਰ ਸਾਹ ਦੀ ਮਹੱਤਤਾ ’ਤੇ ਰੋਸ਼ਨੀ ਪਾਉਂਦਾ ਹੈ ਅਤੇ ਮੁੱਢਲੀ ਪਛਾਣ , ਇਲਾਜ ਅਤੇ ਰੋਕਥਾਮ ਰਾਹੀਂ ਨਿਮੋਨੀਆ ਨੂੰ ਰੋਕਣ ਦੀ ਤੱਤਕਾਲ ਲੋੜ ਨੂੰ ਦਰਸਾਉਂਦਾ ਹੈ।
ਅਸਲ ਵਿਚ ਨਿਮੋਨੀਆ ਇਕ ਗੰਭੀਰ ਰੋਗ ਹੈ ਜੋ ਫੇਫੜਿਆਂ ਦੇ ਹਵਾ-ਕੋਸ਼ਾਂ ਵਿਚ ਤਰਲ ਭਰਨ ਦਾ ਕਾਰਨ ਬਣਦਾ ਹੈ ਅਤੇ ਅਕਸਰ ਬੱਚਿਆਂ ਅਤੇ ਬਜ਼ੁਰਗਾਂ ਲਈ ਸਭ ਤੋਂ ਘਾਤਕ ਸਿੱਧ ਹੁੰਦਾ ਹੈ। ਨਿਮੋਨੀਆ ਹਰ ਸਾਲ ਦੁਨੀਆ ਭਰ ਵਿਚ ਲੱਖਾਂ ਲੋਕਾਂ ਦੀ ਜਾਨ ਲੈ ਲੈਂਦਾ ਹੈ। ਯੂਨੀਸੇਫ ਦੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਹਰ ਸਾਲ 45 ਕਰੋੜ ਤੋਂ ਵੱਧ ਲੋਕ ਨਿਮੋਨੀਆ ਤੋਂ ਪੀੜਤ ਹੁੰਦੇ ਹਨ ਅਤੇ ਹਰ 39 ਸਕਿੰਟਾਂ ਵਿਚ ਇਕ ਬੱਚੇ ਦੀ ਮੌਤ ਨਿਮੋਨੀਆ ਨਾਲ ਹੁੰਦੀ ਹੈ। ਭਾਰਤ ਵਿਚ 2018 ਵਿਚ 5 ਸਾਲ ਤੋਂ ਘੱਟ ਉਮਰ ਦੇ ਲਗਭਗ 1.27 ਲੱਖ ਬੱਚਿਆਂ ਦੀਆਂ ਮੌਤਾਂ ਹੋਈਆਂ ਸਨ।
ਹਾਲਾਂਕਿ, ਇਹ ਖੁਸ਼ੀ ਦੀ ਗੱਲ ਹੈ ਕਿ ਸਾਲ ਦਰ ਸਾਲ ਦੇਸ਼ ਵਿਚ ਨਿਮੋਨੀਆ ਕਾਰਨ ਬੱਚਿਆਂ ਦੀ ਮੌਤ ਦਰ ਵਿਚ ਕਮੀ ਆ ਰਹੀ ਹੈ। ਨਿਮੋਨੀਆ ਵਿਸ਼ਵ ਪੱਧਰ ’ਤੇ ਮੌਤ ਦਾ ਇਕ ਪ੍ਰਮੁੱਖ ਕਾਰਨ ਹੈ, ਖਾਸ ਕਰ ਕੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ। 2 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਖਾਸ ਤੌਰ ’ਤੇ ਨਿਮੋਨੀਆ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਤੋਂ ਇਲਾਵਾ, ਜਿਹੜੇ ਲੋਕ ਇਮਿਊਨੋਕੰਪਰੋਮਾਈਜ਼ਡ ਹਨ (ਐੱਚ.ਆਈ.ਵੀ./ਏਡਜ਼ ਦੇ ਮਰੀਜ਼, ਕੈਂਸਰ ਦੇ ਮਰੀਜ਼ ਜਾਂ ਅੰਗ ਟਰਾਂਸਪਲਾਂਟ ਕਰਵਾਉਣ ਵਾਲੇ), ਫੇਫੜਿਆਂ ਦੀ ਬੀਮਾਰੀ ਜਿਵੇਂ ਕਿ ਦਮੇ ਜਾਂ ਪੁਰਾਣੀ ਅਬਸਟਰੱਕਟਿਵ ਪਲਮੋਨਰੀ ਬੀਮਾਰੀ ਵਾਲੇ ਲੋਕ, ਸਿਗਰਟਨੋਸ਼ੀ ਕਰਨ ਵਾਲੇ ਅਤੇ ਕੁਪੋਸ਼ਣ ਤੋਂ ਪੀੜਤ ਲੋਕਾਂ ਨੂੰ ਵੀ ਨਿਮੋਨੀਆ ਹੋਣ ਦਾ ਵੱਧ ਖ਼ਤਰਾ ਹੁੰਦਾ ਹੈ।
ਕਿਉਂਕਿ ਛੋਟੇ ਬੱਚਿਆਂ ਦੇ ਇਮਿਊਨ ਸਿਸਟਮ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੇ ਹਨ, ਇਸ ਲਈ ਉਹ ਲਾਗਾਂ ਨਾਲ ਲੜਨ ਦੇ ਘੱਟ ਸਮਰੱਥ ਹੁੰਦੇ ਹਨ ਅਤੇ ਉਨ੍ਹਾਂ ਨੂੰ ਨਿਮੋਨੀਆ ਦਾ ਵਧੇਰੇ ਖ਼ਤਰਾ ਹੁੰਦਾ ਹੈ।
ਖਾਸ ਤੌਰ ’ਤੇ, ਕੁਪੋਸ਼ਣ ਬੱਚਿਆਂ ਦੇ ਇਮਿਊਨ ਸਿਸਟਮ (ਪ੍ਰਤੀਰੱਖਿਆ ਪ੍ਰਣਾਲੀ) ਨੂੰ ਹੋਰ ਕਮਜ਼ੋਰ ਕਰਦਾ ਹੈ, ਜਿਸ ਨਾਲ ਨਿਮੋਨੀਆ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ। ਬੱਚਿਆਂ ਵਿਚ ਨਿਮੋਨੀਆ ਤੇਜ਼ੀ ਨਾਲ ਵਿਗੜ ਸਕਦਾ ਹੈ ਅਤੇ ਗੰਭੀਰ ਪੇਚੀਦਗੀਆਂ ਪੈਦਾ ਕਰ ਸਕਦਾ ਹੈ। ਇਸੇ ਤਰ੍ਹਾਂ ਬਜ਼ੁਰਗਾਂ ਵਿਚ ਵੀ ਵਧਦੀ ਉਮਰ ਦੇ ਨਾਲ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਉਹ ਇਨਫੈਕਸ਼ਨਾਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦੇ ਹਨ। ਕਈ ਬਜ਼ੁਰਗ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਲੈਂਦੇ ਹਨ ਜੋ ਇਮਿਊਨ ਸਿਸਟਮ ਨੂੰ ਦਬਾ ਸਕਦੀਆਂ ਹਨ, ਜਿਸ ਨਾਲ ਲਾਗ ਨਾਲ ਲੜਨ ਦੀ ਉਨ੍ਹਾਂ ਦੀ ਸਮਰੱਥਾ ਘੱਟ ਹੋ ਸਕਦੀ ਹੈ। ਬਜ਼ੁਰਗ ਲੋਕਾਂ ਨੂੰ ਅਕਸਰ ਹੋਰ ਸਿਹਤ ਸਮੱਸਿਆਵਾਂ ਹੁੰਦੀਆਂ ਹਨ ਜਿਵੇਂ ਕਿ ਦਿਲ-ਫੇਫੜਿਆਂ ਦੀ ਬੀਮਾਰੀ, ਸ਼ੂਗਰ ਆਦਿ, ਜੋ ਨਿਮੋਨੀਆ ਦੇ ਜੋਖਮ ਨੂੰ ਵਧਾ ਸਕਦੀਆਂ ਹਨ।
ਨਿਮੋਨੀਆ ਦੇ ਮੁੱਖ ਕਾਰਨਾਂ ਵਿਚ ਬੈਕਟੀਰੀਆ, ਵਾਇਰਸ ਅਤੇ ਉੱਲੀ ਸ਼ਾਮਲ ਹਨ। ਨਿਊਮੋਕੋਕਸ ਸਭ ਤੋਂ ਆਮ ਬੈਕਟੀਰੀਆ ਹੈ ਜੋ ਨਿਮੋਨੀਆ ਦਾ ਕਾਰਨ ਬਣਦਾ ਹੈ। ਇਨਫਲੂਐਂਜ਼ਾ ਅਤੇ ਰੈਸਪੀਰੇਟਰੀ ਸਿੰਸ਼ਿਟੀਅਲ ਵਾਇਰਸ ਨਿਮੋਨੀਆ ਦੇ ਆਮ ਵਾਇਰਲ ਕਾਰਨ ਹਨ, ਜਦੋਂ ਕਿ ਫੰਗਲ ਨਿਮੋਨੀਆ ਇਮਿਊਨੋਕੰਪਰੋਮਾਈਜ਼ਡ ਵਿਅਕਤੀਆਂ ਵਿਚ ਵਧੇਰੇ ਆਮ ਹੁੰਦਾ ਹੈ। ਫੇਫੜਿਆਂ ਵਿਚ ਇਨਫੈਕਸ਼ਨ ਨੂੰ ‘ਨਿਮੋਨੀਆ’ ਕਿਹਾ ਜਾਂਦਾ ਹੈ, ਜੋ ਬੈਕਟੀਰੀਆ, ਵਾਇਰਸ ਜਾਂ ਫੰਗਸ ਕਾਰਨ ਹੁੰਦਾ ਹੈ। ਇਸ ਇਨਫੈਕਸ਼ਨ ਕਾਰਨ ਫੇਫੜਿਆਂ ’ਚ ਸੋਜ ਆ ਜਾਂਦੀ ਹੈ ਅਤੇ ਬਲਗਮ ਜਮ੍ਹਾ ਹੋਣ ਲੱਗਦੀ ਹੈ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਲਗਭਗ 90 ਪ੍ਰਤੀਸ਼ਤ ਕੇਸ ਬੈਕਟੀਰੀਆ ਵਾਲੇ ਨਿਮੋਨੀਆ ਨਾਲ ਸਬੰਧਤ ਹੁੰਦੇ ਹਨ। ਡਬਲਯੂ. ਐੱਚ.ਓ. ਅਨੁਸਾਰ ਫਲੂ, ਸਵਾਈਨ ਫਲੂ ਆਦਿ ਵਰਗੀਆਂ ਬੀਮਾਰੀਆਂ ਵਿਚ ਵਾਇਰਸਾਂ ਦੇ ਮਾੜੇ ਪ੍ਰਭਾਵਾਂ ਕਾਰਨ ਫੇਫੜਿਆਂ ਵਿਚ ਸੰਕਰਮਣ ਹੁੰਦਾ ਹੈ ਅਤੇ ਬੈਕਟੀਰੀਆ ਦੀ ਲਾਗ ਕਾਰਨ ਫੇਫੜਿਆਂ ਵਿਚ ਟੀ.ਬੀ. ਕਾਰਨ ਹੋਣ ਵਾਲੇ ਸੰਕਰਮਣ ਨੂੰ ਵੀ ਨਿਮੋਨੀਆ ਅਧੀਨ ਮੰਨਿਆ ਜਾਂਦਾ ਹੈ। ਨਿਮੋਨੀਆ ਦੇ ਲੱਛਣਾਂ ਵਿਚ ਬੁਖਾਰ, ਖੰਘ, ਸਾਹ ਚੜ੍ਹਨਾ, ਛਾਤੀ ਵਿਚ ਦਰਦ, ਥਕਾਵਟ, ਭੁੱਖ ਨਾ ਲੱਗਣਾ ਆਦਿ ਸ਼ਾਮਲ ਹਨ।
ਇਸ ਦੇ ਲੱਛਣ ਬੱਚਿਆਂ ਅਤੇ ਬਜ਼ੁਰਗਾਂ ਵਿਚ ਵੱਖ-ਵੱਖ ਹੋ ਸਕਦੇ ਹਨ। ਬੱਚਿਆਂ ਵਿਚ ਨਿਮੋਨੀਆ ਦੇ ਵਾਧੂ ਲੱਛਣਾਂ ਵਿਚ ਉਲਟੀਆਂ, ਦਸਤ, ਸਾਹ ਲੈਂਦੇ ਸਮੇਂ ਘਰਰ-ਘਰਰ ਦੀ ਆਵਾਜ਼, ਪੱਸਲੀਆਂ ਚੱਲਣਾ, ਦੁੱਧ ਪੀਣਾ ਛੱਡਣਾ, ਬੁਖਾਰ ਦੇ ਨਾਲ ਠੰਢ ਲੱਗਣੀ, ਚਮੜੀ ਦਾ ਲਾਲ ਹੋਣਾ ਅਤੇ ਘਬਰਾਹਟ ਵੀ ਦੇਖੀ ਜਾਂਦੀ ਹੈ ਜਦੋਂ ਕਿ ਬਜ਼ੁਰਗਾਂ ਵਿਚ ਵਾਧੂ ਲੱਛਣਾਂ ਵਿਚ ਉਲਝਣ, ਮਾਸਪੇਸ਼ੀਆਂ ਵਿਚ ਦਰਦ, ਨਹੁੰ ਨੀਲੇ ਹੋ ਜਾਣੇ, ਠੰਢ ਲੱਗਣਾ, ਬਹੁਤ ਕਮਜ਼ੋਰ ਮਹਿਸੂਸ ਕਰਨਾ, ਖੁਸ਼ਕ ਖੰਘ, ਬੇਕਾਬੂ ਬਲੱਡ ਪ੍ਰੈਸ਼ਰ ਆਦਿ ਪ੍ਰਮੁੱਖ ਹੁੰਦੇ ਹਨ।
ਭਾਵੇਂ ਅਸੀਂ ਟੀਕਾਕਰਨ, ਹੱਥਾਂ ਦੀ ਸਫਾਈ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾ ਕੇ ਨਿਮੋਨੀਆ ਨੂੰ ਰੋਕਣ ਵਿਚ ਸਫਲ ਹੋ ਸਕਦੇ ਹਾਂ ਪਰ ਇਹ ਚਿੰਤਾ ਦਾ ਵਿਸ਼ਾ ਹੈ ਕਿ ਨਿਮੋਨੀਆ ਅਜੇ ਵੀ ਇਕ ਵੱਡੀ ਵਿਸ਼ਵ ਸਿਹਤ ਸਮੱਸਿਆ ਬਣੀ ਹੋਈ ਹੈ। ਨਿਊਮੋਕੋਕਲ ਵੈਕਸੀਨ ਅਤੇ ਇਨਫਲੂਐਂਜ਼ਾ ਵੈਕਸੀਨਜ਼ ਨਿਮੋਨੀਆ ਤੋਂ ਬਚਣ ਵਿਚ ਸਹਾਇਕ ਹੁੰਦੀਆਂ ਹਨ। ਇਸ ਤੋਂ ਇਲਾਵਾ ਵਾਰ-ਵਾਰ ਹੱਥ ਧੋਣ ਨਾਲ ਨਿਮੋਨੀਆ ਦੀ ਲਾਗ ਫੈਲਣ ਦਾ ਖਤਰਾ ਘੱਟ ਜਾਂਦਾ ਹੈ ਅਤੇ ਸਿਹਤਮੰਦ ਭੋਜਨ ਖਾਣਾ, ਨਿਯਮਿਤ ਤੌਰ ’ਤੇ ਕਸਰਤ ਕਰਨਾ ਅਤੇ ਸਿਗਰਟਨੋਸ਼ੀ ਨਾ ਕਰਨਾ ਵੀ ਨਿਮੋਨੀਆ ਨਾਲ ਲੜਨ ਵਿਚ ਮਦਦਗਾਰ ਸਾਬਤ ਹੋ ਸਕਦੇ ਹਨ।
ਨਿਮੋਨੀਆ ਨੂੰ ਪੂਰੀ ਤਰ੍ਹਾਂ ਰੋਕਣ ਲਈ, ਟੀਕਾਕਰਨ, ਸਫਾਈ ਅਤੇ ਸਿਹਤਮੰਦ ਜੀਵਨਸ਼ੈਲੀ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਨਿਮੋਨੀਆ ਦਾ ਇਲਾਜ ਆਮ ਤੌਰ ’ਤੇ ਮਰੀਜ਼ ਦੇ ਇਤਿਹਾਸ, ਸਰੀਰਕ ਮੁਆਇਨਾ ਅਤੇ ਛਾਤੀ ਦੇ ਐਕਸ-ਰੇ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਖੂਨ ਅਤੇ ਥੁੱਕ ਦੇ ਟੈਸਟਾਂ ਦੀ ਵੀ ਲੋੜ ਹੋ ਸਕਦੀ ਹੈ। ਨਿਮੋਨੀਆ ਦਾ ਇਲਾਜ ਇਸ ਦੇ ਕਾਰਨ ’ਤੇ ਨਿਰਭਰ ਕਰਦਾ ਹੈ। ਬੈਕਟੀਰੀਅਲ ਨਿਮੋਨੀਆ ਦਾ ਇਲਾਜ ਐਂਟੀਬਾਇਓਟਿਕਸ ਨਾਲ ਕੀਤਾ ਜਾਂਦਾ ਹੈ, ਜਦੋਂ ਕਿ ਵਾਇਰਲ ਨਿਮੋਨੀਆ ਦਾ ਇਲਾਜ ਆਮ ਤੌਰ ’ਤੇ ਕੁਝ ਦਵਾਈਆਂ ਦੇ ਨਾਲ ਆਰਾਮ ਅਤੇ ਤਰਲ ਪਦਾਰਥਾਂ ਵਰਗੇ ਸਹਾਇਕ ਇਲਾਜਾਂ ਨਾਲ ਕੀਤਾ ਜਾਂਦਾ ਹੈ। ਗੰਭੀਰ ਮਾਮਲਿਆਂ ਵਿਚ, ਹਸਪਤਾਲ ਵਿਚ ਭਰਤੀ ਅਤੇ ਆਕਸੀਜਨ ਥੈਰੇਪੀ ਦੀ ਵੀ ਲੋੜ ਹੋ ਸਕਦੀ ਹੈ। ਸਟੈਮ ਸੈੱਲ ਥੈਰੇਪੀ ਦੀ ਵਰਤੋਂ ਨਿਮੋਨੀਆ ਨਾਲ ਨੁਕਸਾਨੇ ਗਏ ਫੇਫੜਿਆਂ ਦੀ ਮੁਰੰਮਤ ਕਰਨ ਲਈ ਕੀਤੀ ਜਾ ਸਕਦੀ ਹੈ ਅਤੇ ਜੀਨ ਥੈਰੇਪੀ ਦੀ ਵਰਤੋਂ ਨਿਮੋਨੀਆ ਦੇ ਪ੍ਰਤੀਰੋਧ ਨੂੰ ਵਧਾਉਣ ਲਈ ਕੀਤੀ ਜਾ ਸਕਦੀ ਹੈ।
ਹਾਲ ਹੀ ਦੇ ਸਾਲਾਂ ਵਿਚ ਨਿਮੋਨੀਆ ਦੇ ਇਲਾਜ ਵਿਚ ਬਹੁਤ ਤਰੱਕੀ ਅਤੇ ਬਹੁਤ ਸਾਰੀਆਂ ਇਨਕਲਾਬੀ ਖੋਜਾਂ ਹੋਈਆਂ ਹਨ। ਨਿਮੋਨੀਆ ਦੇ ਇਲਾਜ ਵਿਚ ਨਵੀਨਤਮ ਤਰੱਕੀ ਨੇ ਇਸ ਬੀਮਾਰੀ ਦੇ ਵਿਰੁੱਧ ਲੜਾਈ ਵਿਚ ਨਵੀਂ ਅਾਸ ਪ੍ਰਦਾਨ ਕੀਤੀ ਹੈ। ਬੈਕਟੀਰੀਆ ਵਾਲੇ ਨਿਮੋਨੀਆ ਦੇ ਇਲਾਜ ਲਈ ਨਵੀਆਂ ਅਤੇ ਵਧੇਰੇ ਪ੍ਰਭਾਵਸ਼ਾਲੀ ਐਂਟੀਬਾਇਓਟਿਕਸ ਵਿਕਸਤ ਕੀਤੀਆਂ ਗਈਆਂ ਹਨ, ਜੋ ਕਿ ਪਹਿਲਾਂ ਦੀਆਂ ਦਵਾਈਆਂ ਨਾਲੋਂ ਵਧੇਰੇ ਪ੍ਰਭਾਵੀ ਹਨ ਅਤੇ ਘੱਟ ਮਾੜੇ ਪ੍ਰਭਾਵਾਂ ਦਾ ਕਾਰਨ ਬਣਦੀਆਂ ਹਨ। ਜਿਵੇਂ ਕਿ ਨਿਮੋਨੀਆ ਦੇ ਕਾਰਨਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾਂਦਾ ਹੈ, ਵਿਗਿਆਨੀ ਹੁਣ ਨਿਮੋਨੀਆ ਦੀਆਂ ਖਾਸ ਕਿਸਮਾਂ ਲਈ ਮਿੱਥਿਅਾ ਹੋਇਅਾ (ਸੇਧਤ) ਇਲਾਜ ਵਿਕਸਿਤ ਕਰ ਰਹੇ ਹਨ।
ਨਿਮੋਨੀਆ ਦੇ ਵਿਰੁੱਧ ਨਵੇਂ ਅਤੇ ਵਧੇਰੇ ਪ੍ਰਭਾਵੀ ਟੀਕੇ ਵਿਕਸਿਤ ਕੀਤੇ ਜਾ ਰਹੇ ਹਨ, ਜੋ ਕਿ ਬਜ਼ੁਰਗਾਂ ਅਤੇ ਇਮਿਊਨੋ-ਕੰਪਰੋਮਾਈਜ਼ਡ ਵਿਅਕਤੀਆਂ ਲਈ ਵਿਸ਼ੇਸ਼ ਤੌਰ ’ਤੇ ਲਾਭਕਾਰੀ ਹੋ ਸਕਦੇ ਹਨ। ਇਲਾਜ ਦੀ ਨਵੀਂ ਤਕਨੀਕ ‘ਏਕਮੋ’ ਹੈ, ਜੋ ਸਰੀਰ ’ਚੋਂ ਖੂਨ ਨੂੰ ਬਾਹਰ ਕੱਢ ਕੇ ਉਸ ਨੂੰ ਆਕਸੀਜਨ ਦਿੰਦੀ ਹੈ ਅਤੇ ਫਿਰ ਵਾਪਸ ਸਰੀਰ ’ਚ ਪਹੁੰਚਾਉਂਦੀ ਹੈ। ਖੋਜਕਰਤਾਵਾਂ ਦੇ ਅਨੁਸਾਰ, ਇਹ ਗੰਭੀਰ ਨਿਮੋਨੀਆ ਵਾਲੇ ਮਰੀਜ਼ਾਂ ਲਈ ਜੀਵਨ ਬਚਾਉਣ ਵਾਲਾ ਇਲਾਜ ਹੋ ਸਕਦਾ ਹੈ। ਸੀ.ਟੀ. ਸਕੈਨ, ਐੱਮ.ਆਰ.ਆਈ ਵਰਗੀਆਂ ਉੱਨਤ ਇਮੇਜਿੰਗ ਤਕਨੀਕਾਂ ਨੇ ਨਿਮੋਨੀਆ ਦਾ ਵਧੇਰੇ ਸਹੀ ਨਿਦਾਨ ਕਰਨਾ ਸੰਭਵ ਬਣਾਇਆ ਹੈ ਕਿਉਂਕਿ ਇਹ ਤਕਨੀਕਾਂ ਫੇਫੜਿਆਂ ਵਿਚ ਸੋਜ ਅਤੇ ਲਾਗ ਦੇ ਖੇਤਰਾਂ ਨੂੰ ਵਧੇਰੇ ਸਪਸ਼ਟ ਰੂਪ ਵਿਚ ਦਰਸਾਉਂਦੀਆਂ ਹਨ। ਵਿਗਿਆਨੀ ਹੁਣ ਅਜਿਹੇ ਬਾਇਓਮਾਰਕਰਾਂ ਦੀ ਵੀ ਖੋਜ ਕਰ ਰਹੇ ਹਨ, ਜੋ ਨਿਮੋਨੀਆ ਦੀ ਗੰਭੀਰਤਾ ਨੂੰ ਦਰਸਾ ਸਕਣ।
ਵਾਇਰਲ ਨਿਮੋਨੀਆ ਦੇ ਇਲਾਜ ਲਈ ਨਵੀਆਂ ਐਂਟੀਵਾਇਰਲ ਦਵਾਈਆਂ ਵਿਕਸਤ ਕੀਤੀਆਂ ਜਾ ਰਹੀਆਂ ਹਨ, ਜੋ ਵਾਇਰਸ ਨੂੰ ਗੁਣਾ ਹੋਣ ਤੋਂ ਰੋਕ ਕੇ ਲਾਗ ਨੂੰ ਕੰਟਰੋਲ ਕਰਨ ਵਿਚ ਮਦਦ ਕਰਦੀਆਂ ਹਨ। ਕੁਝ ਮਾਮਲਿਆਂ ਵਿਚ, ਇਮਿਊਨੋਥੈਰੇਪੀ ਦੀ ਵਰਤੋਂ ਮਰੀਜ਼ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਕੀਤੀ ਜਾ ਸਕਦੀ ਹੈ ਤਾਂ ਜੋ ਉਹ ਲਾਗ ਨਾਲ ਲੜ ਸਕੇ। ਇਸ ਕਾਰਨ ਆਸ ਵਧਣ ਲੱਗੀ ਹੈ ਕਿ ਆਉਣ ਵਾਲੇ ਸਮੇਂ ਵਿਚ ਨਿਮੋਨੀਆ ਨੂੰ ਪੂਰੀ ਤਰ੍ਹਾਂ ਦੁਨੀਆ ’ਚੋਂ ਖਤਮ ਕੀਤਾ ਜਾ ਸਕੇਗਾ।
ਯੋਗੇਸ਼ ਕੁਮਾਰ ਗੋਇਲ
ਏ.ਐੱਮ.ਯੂ. ਦੇ ਘੱਟ ਗਿਣਤੀ ਦਰਜੇ ’ਤੇ ਇਤਿਹਾਸਕ ਫੈਸਲਾ ਅਤੇ ਇਸ ਦੇ ਦੂਰਗਾਮੀ ਸਿੱਟੇ
NEXT STORY