ਕਦੇ ਸਮਾਜ ਨੇ ਇਹ ਮੰਨ ਲਿਆ ਸੀ ਕਿ ਗਰਭਵਤੀ ਔਰਤਾਂ ਸਿਰਫ ਆਰਾਮ ਅਤੇ ਦੇਖਭਾਲ ਲਈ ਹੁੰਦੀਆਂ ਹਨ ਪਰ ਸਮੇਂ ਨੇ ਦਿਖਾ ਦਿੱਤਾ ਕਿ ਜੇਕਰ ਇੱਛਾਸ਼ਕਤੀ ਦ੍ਰਿੜ੍ਹ ਹੋਵੇ ਤਾਂ ਮਹਿਲਾ ਦੇ ਸਾਹਮਣੇ ਕੋਈ ਪਾਬੰਦੀ ਟਿਕ ਨਹੀਂ ਸਕਦੀ। ਦਿੱਲੀ ਪੁਲਸ ਦੀ ਇਕ ਬਹਾਦਰ ਮਹਿਲਾ ਕਾਂਸਟੇਬਲ ਨੇ ਇਸ ਸੱਚਾਈ ਨੂੰ ਆਪਣੀ ਮਿਹਨਤ, ਸਮਰਪਣ ਅਤੇ ਜਜ਼ਬੇ ਨਾਲ ਸਾਕਾਰ ਕਰ ਦਿਖਾਇਆ ਹੈ। ਗਰਭਵਤੀ ਹੋਣ ਦੇ ਬਾਵਜੂਦ ਉਸ ਨੇ ਵੇਟਲਿਫਟਿੰਗ ਪ੍ਰਤੀਯੋਗਿਤਾ ’ਚ ਨਾ ਸਿਰਫ ਹਿੱਸਾ ਲਿਆ ਸਗੋਂ ਤਮਗਾ ਵੀ ਜਿੱਤਿਆ। ਇਹ ਸਿਰਫ ਖੇਡ ਦੀ ਜਿੱਤ ਨਹੀਂ ਸਗੋਂ ਮਾਨਸਿਕ ਅਤੇ ਸਮਾਜਿਕ ਬੰਧਨਾਂ ’ਤੇ ਜਿੱਤ ਦਾ ਸੰਦੇਸ਼ ਵੀ ਹੈ।
ਇਹ ਕਹਾਣੀ ਉਸ ਨਾਰੀ ਦੀ ਹੈ ਜੋ ਦਿਨ-ਰਾਤ ਸਮਾਜ ਦੀ ਸੁਰੱਖਿਆ ’ਚ ਤਾਇਨਾਤ ਰਹਿੰਦੀ ਹੈ। ਪੁਲਸ ਦੀ ਡਿਊਟੀ ਆਪਣੇ ਆਪ ’ਚ ਚੁਣੌਤੀ ਭਰੀ ਹੁੰਦੀ ਹੈ। ਲੰਬੇ ਸਮੇਂ ਤੱਕ ਿਡਊਟੀ ’ਤੇ ਰਹਿਣਾ, ਤਣਾਅ ਭਰੇ ਹਾਲਾਤ ਨਾਲ ਨਜਿੱਠਣਾ ਅਤੇ ਸਰੀਰਕ ਤੌਰ ’ਤੇ ਮਜ਼ਬੂਤ ਰਹਿਣਾ। ਅਜਿਹੇ ’ਚ ਕਿਸੇ ਮਹਿਲਾ ਦੇ ਲਈ ਜੋ ਗਰਭਵਤੀ ਵੀ ਹੋਵੇ, ਆਪਣੇ ਫਿਟਨੈੱਸ ਪੱਧਰ ਨੂੰ ਇੰਨਾ ਬਣਾਈ ਰੱਖਣਾ ਕਿ ਉਹ ਰਾਸ਼ਟਰੀ ਪੱਧਰ ਦੀ ਵੇਟਲਿਫਟਿੰਗ ਪ੍ਰਤੀਯੋਗਿਤਾ ਜਿੱਤ ਸਕੇ, ਗੈਰ-ਸਾਧਾਰਨ ਗੱਲ ਹੈ ਪਰ ਇਸ ਮਹਿਲਾ ਕਾਂਸਟੇਬਲ ਨੇ ਇਹ ਕਰ ਕੇ ਦਿਖਾ ਦਿੱਤਾ।
ਦਿੱਲੀ ਪੁਲਸ ਦੀ ਕਾਂਸਟੇਬਲ ਸੋਨਿਕਾ ਯਾਦਵ ਦੀ ਪ੍ਰੇਰਣਾਦਾਇਕ ਕਹਾਣੀ ਸਾਹਿਤ ’ਚ ਇਕ ਮਿਸਾਲ ਹੈ। 7 ਮਹੀਨੇ ਦੀ ਗਰਭਵਤੀ ਹੋਣ ਦੇ ਬਾਅਦ ਵੀ ਉਸ ਨੇ 2025 ’ਚ ਆਂਧਰਾ ਪ੍ਰਦੇਸ਼ ਦੇ ਅਮਰਾਵਤੀ ’ਚ ਆਯੋਜਿਤ ਆਲ ਇੰਡੀਆ ਪੁਲਸ ਵੇਟਲਿਫਟਿੰਗ ਕਲੱਸਟਰ ਚੈਂਪੀਅਨਸ਼ਿਪ ’ਚ 145 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੇ ਦਾ ਤਮਗਾ ਜਿੱਤਿਆ। ਇਹ ਉਪਲਬਧੀ ਨਾ ਸਿਰਫ ਉਸ ਦੀ ਸਰੀਰਕ ਤਾਕਤ ਦਾ ਪ੍ਰਦਰਸ਼ਨ ਹੈ ਸਗੋਂ ਮਹਿਲਾਵਾਂ ਦੀ ਹਿੰਮਤ, ਲਗਨ ਅਤੇ ਹੱਦਾਂ ਨੂੰ ਪਾਰ ਕਰਨ ਦੀ ਸਮਰੱਥਾ ਦੀ ਨਵੀਂ ਪਰਿਭਾਸ਼ਾ ਵੀ ਪੇਸ਼ ਕਰਦੀ ਹੈ।
ਉਸ ਦੀ ਯਾਤਰਾ ਆਸਾਨ ਨਹੀਂ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਮਾਂ ਬਣਨ ਵਾਲੀ ਹੈ, ਬਹੁਤਿਆਂ ਨੇ ਸਲਾਹ ਦਿੱਤੀ ਕਿ ਖੇਡ ਤੋਂ ਦੂਰੀ ਬਣਾ ਲਵੇ, ਪੂਰੀ ਤਰ੍ਹਾਂ ਆਰਾਮ ਕਰੇ ਪਰ ਉਸ ਨੇ ਡਾਕਟਰਾਂ ਦੀ ਨਿਗਰਾਨੀ ’ਚ ਹੱਦਾਂ ਨੂੰ ਸਮਝਦੇ ਹੋਏ ਟ੍ਰੇਨਿੰਗ ਜਾਰੀ ਰੱਖੀ। ਇਹ ਉਸ ਦੇ ਅਨੁਸ਼ਾਸਨ, ਮਾਨਸਿਕ ਦ੍ਰਿੜ੍ਹਤਾ ਅਤੇ ਆਤਮ ਕੰਟਰੋਲ ਦੀ ਅਨੋਖੀ ਮਿਸਾਲ ਸੀ। ਉਸ ਦੀ ਰੁਟੀਨ ’ਚ ਡਿਊਟੀ ਦੇ ਨਾਲ ਸਵੇਰ ਦੀ ਐਕਸਰਸਾਈਜ਼, ਕੰਟਰੋਲਡ ਭੋਜਨ ਅਤੇ ਨਿਯਮਿਤ ਡਾਕਟਰੀ ਜਾਂਚ ਸ਼ਾਮਲ ਸੀ।
ਕਈ ਲੋਕ ਸੋਚ ਸਕਦੇ ਹਨ ਕਿ ਗਰਭ ਅਵਸਥਾ ’ਚ ਖੇਡਣਾ ਖਤਰਨਾਕ ਹੋ ਸਕਦਾ ਹੈ ਪਰ ਇਹ ਸਮਝਣਾ ਜ਼ਰੂਰੀ ਹੈ ਿਕ ਹਰ ਗਰਭ ਅਵਸਥਾ ਅਲੱਗ ਹੁੰਦੀ ਹੈ ਅਤੇ ਸਹੀ ਇਲਾਜ ਮਾਰਗਦਰਸ਼ਨ ’ਚ ਹਲਕੀ-ਫੁਲਕੀ ਸਰੀਰਕ ਕਸਰਤ ਨਾ ਸਿਰਫ ਸੁਰੱਖਿਅਤ ਹੁੰਦੀ ਹੈ ਸਗੋਂ ਸਰੀਰਕ ਸਿਹਤ ਲਈ ਜ਼ਰੂਰੀ ਵੀ। ਸੋਨਿਕਾ ਨੇ ਇਸ ਨੂੰ ਇਕ ਮਿਸ਼ਨ ਵਾਂਗ ਲਿਆ। ਉਹ ਇਹ ਦਿਖਾਉਣਾ ਚਾਹੁੰਦੀ ਸੀ ਕਿ ਮਾਂ ਬਣਨ ਅਤੇ ਫਰਜ਼ ਦੇ ਵਿਚਾਲੇ ਕੋਈ ਵਿਰੋਧ ਨਹੀਂ ਹੈ।
ਜਦੋਂ ਪ੍ਰਤੀਯੋਗਿਤਾ ਦਾ ਦਿਨ ਆਇਆ ਤਾਂ ਮੰਚ ’ਤੇ ਉਤਰਦੇ ਸਮੇਂ ਦਰਸ਼ਕਾਂ ਨੇ ਦੇਖਿਆ ਕਿ ਉਹ ਗਰਭਵਤੀ ਹੈ ਪਰ ਉਸ ਦੇ ਚਿਹਰੇ ’ਤੇ ਕਿਸੇ ਕਿਸਮ ਦਾ ਡਰ ਜਾਂ ਝਿਜਕ ਨਹੀਂ ਸੀ, ਬਸ ਆਤਮਵਿਸ਼ਵਾਸ ਅਤੇ ਦ੍ਰਿੜ੍ਹ ਨਿਸ਼ਚਾ ਸੀ। ਉਸ ਨੇ ਜਦੋਂ ਭਾਰ ਚੁੱਕਿਆ ਤਾਂ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਉਨ੍ਹਾਂ ਦੇ ਪ੍ਰਦਰਸ਼ਨ ਨੇ ਇਹ ਸਾਬਿਤ ਕੀਤਾ ਕਿ ਔਰਤਾਂ ਸਿਰਫ ਪਰਿਵਾਰ ਦਾ ਨਹੀਂ ਸਗੋਂ ਸਮਾਜ ਦੀ ਊਰਜਾ ਅਤੇ ਪ੍ਰੇਰਣਾ ਦਾ ਵੀ ਕੇਂਦਰ ਹਨ। ਇਸ ਲਈ ਉਸ ਨੇ ਮੈਡਲ ਜਿੱਤਿਆ ਪਰ ਉਸ ਤੋਂ ਵੱਡਾ ਪੁਰਸਕਾਰ ਸੀ ਲੋਕਾਂ ਦੇ ਦਿਲਾਂ ’ਚ ਸ਼ਲਾਘਾ ਅਤੇ ਮਾਣ ਦਾ ਮਿਲਣਾ।
ਸੋਨਿਕਾ ਦੀ ਇਸ ਉਪਲਬਧੀ ਨੇ ਇਹ ਸੰਦੇਸ਼ ਦਿੱਤਾ ਕਿ ਸਮਾਜ ’ਚ ਪਾਏ ਜਾ ਰਹੇ ਪੱਖਪਾਤ ਅਤੇ ਰਵਾਇਤੀ ਧਾਰਨਾਵਾਂ ਨੂੰ ਤੋੜਿਆ ਜਾ ਸਕਦਾ ਹੈ। ਉਹ ਨਾ ਸਿਰਫ ਇਕ ਪੁਲਸ ਅਧਿਕਾਰੀ ਦੇ ਰੂਪ ’ਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੀ ਹੈ, ਸਗੋਂ ਖੇਡਾਂ ਦੇ ਖੇਤਰ ’ਚ ਵੀ ਉੱਜਵਲ ਉਦਾਹਰਣ ਪੇਸ਼ ਕਰ ਰਹੀ ਹੈ। ਦਿੱਲੀ ਪੁਲਸ ਨੇ ਵੀ ਇਸ ਉਪਲਬਧੀ ’ਤੇ ਮਾਣ ਜ਼ਾਹਿਰ ਕੀਤਾ। ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਕਹਾਣੀਆਂ ਪ੍ਰੇਰਣਾ ਦਿੰਦੀਆਂ ਹਨ ਕਿ ਫਿਟਨੈੱਸ ਅਤੇ ਪੇਸ਼ੇਵਰ ਜ਼ਿੰਮੇਵਾਰੀ ਨਾਲੋ-ਨਾਲ ਨਿਭਾਈ ਜਾ ਸਕਦੀ ਹੈ।
ਪੁਲਸ ਵਿਭਾਗ ’ਚ ਕਈ ਮਹਿਲਾ ਅਧਿਕਾਰੀ ਫਿਟਨੈੱਸ ਪ੍ਰੋਗਰਾਮਾਂ ਨਾਲ ਜੁੜ ਰਹੀਆਂ ਹਨ ਅਤੇ ਆਪਣੇ ਰੋਲ ਮਾਡਲ ਦੇ ਰੂਪ ’ਚ ਕਾਂਸਟੇਬਲ ਸੋਨਿਕਾ ਨੂੰ ਦੇਖ ਰਹੀਆਂ ਹਨ।
ਸਮਾਜ ਲਈ ਇਹ ਕਹਾਣੀ ਇਕ ਵਿਸ਼ੇਸ਼ ਸੰਦੇਸ਼ ਦਿੰਦੀ ਹੈ। ਭਾਰਤ ’ਚ ਅਜੇ ਵੀ ਅਨੇਕ ਔਰਤਾਂ ਅਜਿਹੇ ਮਾਹੌਲ ’ਚ ਕੰਮ ਕਰਦੀਆਂ ਹਨ ਜਿੱਥੇ ਗਰਭ ਅਵਸਥਾ ਨੂੰ ਕਮਜ਼ੋਰੀ ਜਾਂ ‘ਆਰਾਮ ਦਾ ਦੌਰ’ ਸਮਝਿਆ ਜਾਂਦਾ ਹੈ। ਇਹ ਸੋਚ ਬਦਲਣੀ ਹੋਵੇਗੀ। ਸਹੀ ਡਾਕਟਰੀ ਸਲਾਹ ਅਤੇ ਸਮਰਥਨ ਨਾਲ ਔਰਤਾਂ ਆਪਣੇ ਪੇਸ਼ੇਵਰ ਜੀਵਨ ਨੂੰ ਜਾਰੀ ਰੱਖ ਸਕਦੀਆਂ ਹਨ। ਨਾਲ ਹੀ ਸੰਸਥਾਵਾਂ ਨੂੰ ਇਹ ਵੀ ਯਕੀਨੀ ਕਰਨਾ ਹੋਵੇਗਾ ਕਿ ਗਰਭਵਤੀ ਮਹਿਲਾ ਮੁਲਾਜ਼ਮਾਂ ਨੂੰ ਸਹੂਲਤਾਂ, ਸਨਮਾਨ ਅਤੇ ਬਰਾਬਰ ਮੌਕੇ ਮਿਲਣ।
ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਇਸ ਕਹਾਣੀ ਦੇ ਪਿੱਛੇ ਪਰਿਵਾਰ ਦਾ ਸਹਿਯੋਗ ਕਿੰਨਾ ਮਹੱਤਵਪੂਰਨ ਰਿਹਾ। ਉਨ੍ਹਾਂ ਦੇ ਪਤੀ ਅਤੇ ਸਹੁਰੇ ਵਾਲਿਆਂ ਨੇ ਨਾ ਸਿਰਫ ਉਸ ਦਾ ਹੌਸਲਾ ਵਧਾਇਆ ਸਗੋਂ ਘਰੇਲੂ ਜ਼ਿੰਮੇਵਾਰੀਆਂ ਵੰਡ ਕੇ ਉਸ ਨੂੰ ਸਫਲ ਹੋਣ ’ਚ ਮਦਦ ਕੀਤੀ। ਇਹੀ ਉਹ ਸਮਾਜਿਕ ਸਾਂਝੇਦਾਰੀ ਹੈ ਜੋ ਤਬਦੀਲੀ ਦੀ ਅਸਲੀ ਨੀਂਹ ਹੁੰਦੀ ਹੈ।
ਇਹ ਲੇਖ ਕਿਸੇ ਇਕ ਮਹਿਲਾ ਦੀ ਕਹਾਣੀ ਹੀ ਨਹੀਂ ਸਗੋਂ ਉਸ ਯੁੱਗ ਦੀ ਸ਼ੁਰੂਆਤ ਹੈ ਜਿੱਥੇ ਮਾਂ ਬਣਨਾ ਅਤੇ ਹੋਰ ਇੱਛਾਵਾਂ ਨਾਲੋ-ਨਾਲ ਚੱਲ ਸਕਦੀਆਂ ਹਨ। ਇਹ ਇਕ ਪ੍ਰਤੀਕ ਹੈ ਕਿ ਮਹਿਲਾਵਾਂ ਸਿਰਫ ਜੀਵਨ ਦੇਣ ਵਾਲੀਆਂ ਨਹੀਂ ਸਗੋਂ ਸਮਾਜ ਨੂੰ ਦਿਸ਼ਾ ਦੇਣ ਵਾਲੀਆਂ ਵੀ ਹਨ। ਉਨ੍ਹਾਂ ਦੀ ਇੱਛਾਸ਼ਕਤੀ ਹਰ ਵਾਰ ਇਹ ਸਾਬਿਤ ਕਰਦੀ ਹੈ ਕਿ ਹੱਦਾਂ ਉਹ ਖੁਦ ਤੈਅ ਕਰਦੀਆਂ ਹਨ, ਭਾਵੇਂ ਇਹ ਖੇਡ ਦਾ ਮੈਦਾਨ ਹੋਵੇ ਜਾਂ ਕਾਨੂੰਨ ਦੀ ਰੱਖਿਆ ਦਾ ਮੋਰਚਾ।
ਰਜਨੀਸ਼ ਕਪੂਰ
ਯੋਜਨਾਬੱਧ ਹੈ ਹਰਿਆਣਾ ਦਾ ਵਿਕਾਸ ਮਾਡਲ
NEXT STORY