ਹੁਣ ਜਦ ਕਿ ਦੇਸ਼ ’ਚ ਹਾੜ੍ਹੀ (ਸਰਦੀਆਂ) ਦੀਆਂ ਫਸਲਾਂ ਕਣਕ, ਸਰ੍ਹੋਂ, ਛੋਲੇ, ਆਲੂ ਆਦਿ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ, ਇਨ੍ਹਾਂ ਦੀ ਬਿਹਤਰ ਪੈਦਾਵਾਰ ਲਈ ਜ਼ਰੂਰੀ ‘ਡਾਈ ਅਮੋਨੀਆ ਫਾਸਫੇਟ’ (ਡੀ. ਏ. ਪੀ.) ਖਾਦ ਦੀ ਕਮੀ ਦੇ ਕਾਰਨ ਕਈ ਸੂਬਿਆਂ ਦੇ ਕਿਸਾਨਾਂ ’ਚ ਚਿੰਤਾ ਅਤੇ ਰੋਸ ਹੈ।
ਯੂਰੀਆ ਤੋਂ ਬਾਅਦ ‘ਡੀ. ਏ. ਪੀ.’ ਹੀ ਸਭ ਤੋਂ ਵੱਧ ਇਸਤੇਮਾਲ ਹੋਣ ਵਾਲੀ ਖਾਦ ਹੈ ਜਿਸ ’ਚ ਉਕਤ ਫਸਲਾਂ ਲਈ ਸਭ ਤੋਂ ਵੱਧ ਜ਼ਰੂਰੀ ਪੋਸ਼ਕ ਤੱਤ ਨਾਈਟ੍ਰੋਜਨ ਅਤੇ ਫਾਸਫੋਰਸ ਹੁੰਦੇ ਹਨ ਅਤੇ ਇਸ ਨੂੰ ਲੈਣ ਲਈ ਕਿਸਾਨਾਂ ਨੂੰ ਲੰਬੀਆਂ-ਲੰਬੀਆਂ ਲਾਈਨਾਂ ’ਚ ਖੜ੍ਹੇ ਹੋਣਾ ਪੈ ਰਿਹਾ ਹੈ। ਕਈ ਥਾਵਾਂ ’ਤੇ ਇਸ ਲਈ ਪੁਲਸ ਨੂੰ ਦਖਲਅੰਦਾਜ਼ੀ ਵੀ ਕਰਨੀ ਪੈ ਰਹੀ ਹੈ। ਹਾਲ ਹੀ ’ਚ ਹਰਿਆਣਾ ’ਚ ਕਈ ਥਾਵਾਂ ’ਤੇ ਪੁਲਸ ਦੀ ਮੌਜੂਦਗੀ ’ਚ ‘ਡੀ. ਏ. ਪੀ.’ ਖਾਦ ਵੰਡੀ ਗਈ।
ਅਗਲੇ ਮਹੀਨੇ ਕਣਕ, ਛੋਲੇ, ਆਲੂ, ਸਰ੍ਹੋਂ ਆਦਿ ਦੀ ਬਿਜਾਈ ਸ਼ੁਰੂ ਹੋਣ ’ਤੇ ‘ਡੀ. ਏ. ਪੀ.’ ਖਾਦ ਦੀ ਮੰਗ ਹੋਰ ਵਧ ਜਾਵੇਗੀ। ਇਸੇ ਨੂੰ ਲੈ ਕੇ ਦਾਇਰ ਇਕ ਪਟੀਸ਼ਨ ਦੇ ਆਧਾਰ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ।
ਪਟੀਸ਼ਨਕਰਤਾ ਅਨੁਸਾਰ, ‘‘ਭਾਰਤ ਦੇ ਅੰਨ ਭੰਡਾਰ ’ਚ ਪੰਜਾਬ ਪ੍ਰਮੁੱਖ ਯੋਗਦਾਨ ਪਾਉਂਦਾ ਹੈ ਪਰ ‘ਡੀ. ਏ. ਪੀ.’ ਦੀ ਢੁੱਕਵੀਂ ਸਪਲਾਈ ਨਾ ਹੋਣ ਕਾਰਨ ਕਣਕ ਦੀ ਪੈਦਾਵਾਰ ’ਚ ਕਾਫੀ ਕਮੀ ਆਵੇਗੀ ਜਿਸ ਕਾਰਨ ਉਹ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਜੋ ਆਪਣੀ ਰੋਜ਼ੀ ਲਈ ਫਸਲ ਦੀ ਚੰਗੀ ਪੈਦਾਵਾਰ ’ਤੇ ਨਿਰਭਰ ਰਹਿੰਦੇ ਹਨ। ਇਸ ਲਈ ਸੰਬੰਧਤ ਅਧਿਕਾਰੀਆਂ ਨੂੰ ਪੰਜਾਬ ’ਚ ਸਮੇਂ ਸਿਰ ਢੁੱਕਵੀਂ ਮਾਤਰਾ ’ਚ ‘ਡੀ. ਏ. ਪੀ.’ ਖਾਦ ਮੁਹੱਈਆ ਕਰਵਾਉਣੀ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ।’’
ਜਿਥੇ ‘ਡੀ. ਏ. ਪੀ.’ ਖਾਦ ਦੀ ਕਮੀ ਤੋਂ ਕਿਸਾਨ ਪ੍ਰੇਸ਼ਾਨ ਹਨ, ਉਥੇ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਸਮਾਜ ਵਿਰੋਧੀ ਤੱਤਾਂ ਵਲੋਂ ਨਕਲੀ ਖਾਦ ਅਤੇ ਬੀਜ ਵੇਚ ਕੇ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।
ਜਿਥੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਕਿਸਮ ‘ਪੀ. ਆਰ. 126’ ਦੀ ਬਿਜਾਈ ਦੀ ਸਿਫਾਰਸ਼ ਪਿੱਛੋਂ ਸਪਲਾਈ ਠੀਕ ਢੰਗ ਨਾਲ ਨਾ ਹੋਣ ’ਤੇ ਇਸ ਦੇ ਬੀਜ ’ਚ ਹਾਈਬ੍ਰਿਡ ਬੀਜ ਦੀ ਮਿਲਾਵਟ ਵਰਗੇ ਦੋਸ਼ ਲੱਗ ਰਹੇ ਹਨ, ਉਥੇ ਹੀ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਆਦਿ ’ਚ ਵੱਡੇ ਪੱਧਰ ’ਤੇ ਨਕਲੀ ਖਾਦ ਫੜੀ ਗਈ ਹੈ।
* 19 ਸਤੰਬਰ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਮੋਗਾ (ਪੰਜਾਬ) ’ਚ 2 ਵਾਹਨਾਂ ’ਚ ਲੱਦੀ ਹੋਈ ਨਕਲੀ ‘ਡੀ. ਏ. ਪੀ.’ ਖਾਦ ਜ਼ਬਤ ਕਰ ਕੇ ਪੁਲਸ ਨੂੰ ਸੌਂਪੀ।
* 30 ਸਤੰਬਰ ਨੂੰ ਕਾਂਕੇਰ (ਰਾਜਸਥਾਨ) ਪੁਲਸ ਨੇ ਨਕਲੀ ਖਾਦ ਦੀ ਸਮੱਗਲਿੰਗ ਕਰਨ ਵਾਲੇ ਇਕ ਕੌਮਾਂਤਰੀ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ, ਜੋ ‘ਨਾਵਾ ਸਿਟੀ’ (ਰਾਜਸਥਾਨ) ’ਚ ਨਕਲੀ ਖਾਦ ਦਾ ਨਿਰਮਾਣ ਕਰ ਕੇ ਉਸ ਨੂੰ ਛੱਤੀਸਗੜ੍ਹ ਅਤੇ ਹੋਰ ਸੂਬਿਆਂ ’ਚ ਵੇਚਦੇ ਸਨ।
* 12 ਅਕਤੂਬਰ ਨੂੰ ਪੁਲਸ ਨੇ ਜਬਲਪੁਰ (ਮੱਧ ਪ੍ਰਦੇਸ਼) ’ਚ ਨਾਮੀ ਕੰਪਨੀਆਂ ਦੀਆਂ ਬੋਰੀਆਂ ਨਾਲ ਮਿਲਦੀਆਂ-ਜੁਲਦੀਆਂ ਬੋਰੀਆਂ ’ਚ ਨਕਲੀ ਖਾਦ ਭਰ ਕੇ ਵੇਚਣ ਵਾਲੇ ਇਕ ਖਾਦ ਵਪਾਰੀ ਨੂੰ ਗ੍ਰਿਫਤਾਰ ਕਰ ਕੇ 5000 ਕਿਲੋ ਨਕਲੀ ਖਾਦ ਜ਼ਬਤ ਕੀਤੀ।
* 16 ਅਕਤੂਬਰ ਨੂੰ ਪੁਲਸ ਨੇ ਸਾਦਾਬਾਦ (ਉੱਤਰ ਪ੍ਰਦੇਸ਼) ’ਚ ਇਕ ਗੋਦਾਮ ’ਤੇ ਛਾਪਾ ਮਾਰ ਕੇ ਨਕਲੀ ‘ਡੀ. ਏ. ਪੀ.’ ਖਾਦ ਦੇ 187 ਗੱਟੇ ਜ਼ਬਤ ਕੀਤੇ।
* 22 ਅਕਤੂਬਰ ਨੂੰ ਖੰਡਵਾ (ਮੱਧ ਪ੍ਰਦੇਸ਼) ’ਚ ਫੜੀ ਗਈ ਨਕਲੀ ‘ਡੀ. ਏ. ਪੀ.’ ਖਾਦ ਦੀਆਂ ਬੋਰੀਆਂ ’ਚ ਮਿੱਟੀ, ਪੱਥਰ ਅਤੇ ਰੇਤ ਦੇ ਕਣ ਨਿਕਲੇ।
* 23 ਅਕਤੂਬਰ ਨੂੰ ਸਾਗਰ (ਮੱਧ ਪ੍ਰਦੇਸ਼) ’ਚ 30 ਟਨ ਤੋਂ ਵੱਧ ਨਕਲੀ ‘ਪੋਟਾਸ਼ ਖਾਦ’ ਜ਼ਬਤ ਕੀਤੀ ਗਈ।
ਇਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਜਿਥੇ ਗੈਰ-ਸਮਾਜਿਕ ਤੱਤ ਖਾਦ ਦੀ ਕਾਲਾਬਾਜ਼ਾਰੀ ਕਰ ਕੇ ਅਤੇ ਅਸਲੀ ਦੇ ਨਾਂ ’ਤੇ ਨਕਲੀ ਖਾਦ ਫੜਾ ਕੇ ਕਿਸਾਨਾਂ ਨੂੰ ਲੁੱਟ ਰਹੇ ਹਨ, ਉਥੇ ਖਾਦ ਬਣਾਉਣ ਵਾਲੀਆਂ ਚੰਦ ਕੰਪਨੀਆਂ ਕਿਸਾਨਾਂ ਨੂੰ ‘ਡੀ. ਏ. ਪੀ.’ ਖਾਦ ਦੇ ਨਾਲ ਕੁਝ ਬੇਲੋੜੀ ਵਾਧੂ ਰਸਾਇਣਕ ਸਮੱਗਰੀ ਲੈਣ ਲਈ ਵੀ ਮਜਬੂਰ ਕਰ ਰਹੀਆਂ ਹਨ ਜਿਨ੍ਹਾਂ ਨੂੰ ਨਾ ਲੈਣ ’ਤੇ ਉਨ੍ਹਾਂ ਨੂੰ ਖਾਦ ਨਹੀਂ ਦਿੱਤੀ ਜਾਂਦੀ।
ਅਜਿਹੇ ਹਾਲਾਤ ’ਚ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਵਿਭਾਗ ਵਲੋਂ ਤੈਅ ਕੀਮਤ ’ਤੇ ‘ਡੀ. ਏ. ਪੀ.’ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਜਾਰੀ ਕਰਨ ਤੋਂ ਇਲਾਵਾ ‘ਡੀ. ਏ. ਪੀ.’ ਖਾਦ ਜਾਂ ਹੋਰ ਖਾਦਾਂ ਨਾਲ ਗੈਰ-ਜ਼ਰੂਰੀ ਚੀਜ਼ਾਂ ਦੇਣ ਵਾਲੇ ਡੀਲਰਾਂ ਦੀ ਸ਼ਿਕਾਇਤ ਕਰਨ ਨੂੰ ਕਿਹਾ ਹੈ ਅਤੇ ਇਸ ਦੀ ਨਿਗਰਾਨੀ ਕਰਨ ਅਤੇ ਦੋਸ਼ੀਆਂ ਵਿਰੁੱਧ ਐਕਸ਼ਨ ਲੈਣ ਲਈ ਅਧਿਕਾਰੀ ਤਾਇਨਾਤ ਕੀਤੇ ਗਏ ਹਨ।
ਅਜਿਹੇ ਹੀ ਕਦਮ ਹੋਰ ਸੂਬਿਆਂ ’ਚ ਵੀ ਉਠਾਉਣ ਦੀ ਅਤੇ ਖਾਦ ਦੀ ਸਪਲਾਈ ਸੁਚਾਰੂ ਕਰਨ ਦੀ ਤੁਰੰਤ ਲੋੜ ਹੈ ਤਾਂਕਿ ਖਾਦ ਦੇ ਨਾ ਮਿਲਣ ਕਾਰਨ ਕਿਸਾਨਾਂ ਦੀ ਫਸਲ ਪ੍ਰਭਾਵਿਤ ਨਾ ਹੋਵੇ ਜਿਸ ਦਾ ਅਖੀਰ ਦੇਸ਼ ਨੂੰ ਹੀ ਲਾਭ ਹੋਵੇਗਾ।
–ਵਿਜੇ ਕੁਮਾਰ
ਯੂ. ਪੀ. ਸਰਕਾਰ ਨੂੰ 2 ਆਰਡੀਨੈਂਸ ਵਾਪਸ ਲੈਣੇ ਚਾਹੀਦੇ
NEXT STORY