ਆਰਥਿਕ ਪ੍ਰੇਸ਼ਾਨੀਆਂ ਕਾਰਨ ਚੀਨ ਤੋਂ ਨਿੱਤ ਨਵੀਆਂ ਖ਼ਬਰਾਂ ਦੇਖਣ ਨੂੰ ਮਿਲ ਰਹੀਆਂ ਹਨ। ਕਦੀ ਸਾਨੂੰ ਚੀਨ ਦੇ ਅਮੀਰਾਂ ਵੱਲੋਂ ਆਪਣੇ ਪੈਸੇ ਨਾਲ ਦੇਸ਼ ਛੱਡਣ ਦੀਆਂ ਖਬਰਾਂ ਮਿਲਦੀਆਂ ਹਨ ਤਾਂ ਕਦੀ ਵਿਦਿਆਰਥੀਆਂ ਨੂੰ ਵਿਦੇਸ਼ੀ ਯੂਨੀਵਰਸਿਟੀ ’ਚ ਦਾਖਲੇ ਦੀ ਸਕੀਮ ਲੜਾਉਂਦਿਆਂ ਦੇਖਿਆ ਜਾ ਸਕਦਾ ਹੈ। ਚੀਨ ਦੇ ਗਰੀਬ ਮਜ਼ਦੂਰ ਯੂਨਾਨ ਸੂਬੇ ਤੋਂ ਵੀਅਤਨਾਮ ਜਾਣ ਲਈ ਲੰਮੀਆਂ ਕਤਾਰਾਂ ’ਚ ਖੜ੍ਹੇ ਹਨ ਕਿਉਂਕਿ ਸਾਰੀਆਂ ਫੈਕਟਰੀਆਂ ਵੀਅਤਨਾਮ ਜਾ ਰਹੀਆਂ ਹਨ, ਜਿਸ ਕਰਕੇ ਇਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ। ਚੀਨ ’ਚ ਕਾਊਂਟੀ ਅਤੇ ਸੂਬਾ ਪੱਧਰ ਤੋਂ ਕੇਂਦਰ ਤਕ ਦੀ ਸਰਕਾਰ ਇੰਨੀ ਭ੍ਰਿਸ਼ਟ ਹੈ ਕਿ ਹਰ ਥਾਂ ਉਨ੍ਹਾਂ ਨੇ ਪੈਸਿਆਂ ਦਾ ਘਪਲਾ ਕੀਤਾ ਹੈ। ਹੁਣ ਨਵੀਂ ਖ਼ਬਰ ਸਿਚੁਆਨ ਸੂਬੇ ਤੋਂ ਮਿਲ ਰਹੀ ਹੈ, ਜਿੱਥੇ ਆਰਥਿਕ ਤੰਗੀ ਕਾਰਨ ਲੇਸ਼ਾਨ ਜਾਇੰਟ ਬੁੱਧ ਨੂੰ ਵੇਚਿਆ ਜਾ ਰਿਹਾ ਹੈ।
ਸਿਚੁਆਨ ਸੂਬੇ ’ਚ ਲੇਸ਼ਾਨ ਪਹਾੜ ’ਤੇ ਬਣੀ ਵਿਸ਼ਾਲ ਬੁੱਧ ਦੀ ਮੂਰਤੀ ਇਕ ਪ੍ਰਸਿੱਧ ਸੈਲਾਨੀ ਸਥਾਨ ਹੈ। ਹਰ ਸਾਲ ਇੱਥੇ ਹਜ਼ਾਰਾਂ-ਲੱਖਾਂ ਦੇਸੀ-ਵਿਦੇਸ਼ੀ ਸੈਲਾਨੀ ਆਉਂਦੇ ਹਨ ਪਰ ਜਿਹੜੀ ਹੈਰਾਨ ਕਰਨ ਵਾਲੀ ਖਬਰ ਇੱਥੋਂ ਨਿਕਲ ਕੇ ਆ ਰਹੀ ਹੈ ਉਸ ਅਨੁਸਾਰ ਸਿਚੁਆਨ ਦੀ ਸੂਬਾਈ ਸਰਕਾਰ ਨੇ ਵਿਸ਼ਾਲ ਬੁੱਧ ਦੀ ਮੂਰਤੀ ਨੂੰ ਹੀ ਵੇਚ ਦਿੱਤਾ ਹੈ। ਇਸ ਸਮੇਂ ਚੀਨ ਦੇ ਹਰ ਸੂਬੇ ਦੀ ਸਰਕਾਰ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੈ ਅਤੇ ਕੇਂਦਰ ਦੀ ਕਮਿਊਨਿਸਟ ਸਰਕਾਰ ਨੇ ਆਪਣੇ ਸਾਰੇ ਸੂਬਿਆਂ ਨੂੰ ਕਹਿ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੇ ਖਰਚ ਲਈ ਪੈਸਿਆਂ ਦਾ ਜੁਗਾੜ ਵੀ ਖੁਦ ਹੀ ਕਰਨਾ ਪਵੇਗਾ।
ਇਸ ਕਰਕੇ ਹਰ ਸੂਬੇ ਦੀ ਸਰਕਾਰ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 25 ਜੂਨ ਨੂੰ ਇਹ ਖਬਰ ਆਈ ਕਿ ਸਿਚੁਆਨ ਸੂਬੇ ਨੇ ਲੇਸ਼ਾਨ ਵਿਸ਼ਾਲ ਬੁੱਧ ਸੈਲਾਨੀ ਸਥਾਨ ਦਾ ਕੰਟਰੋਲ ਅਗਲੇ 30 ਸਾਲਾਂ ਲਈ ਇਕ ਪ੍ਰਾਈਵੇਟ ਕੰਪਨੀ ਨੂੰ 1 ਅਰਬ 70 ਕਰੋੜ ਯੁਆਨ ’ਚ ਵੇਚ ਦਿੱਤਾ ਹੈ।
ਜਿਉਂ ਹੀ ਇਹ ਖਬਰ ਆਈ ਪੂਰੇ ਚੀਨ ’ਚ ਜੰਗਲ ਦੀ ਅੱਗ ਵਾਂਗ ਫੈਲ ਗਈ। ਇਕ ਪਾਸੇ ਜਿੱਥੇ ਪੂਰੇ ਚੀਨ ’ਚ ਇਸ ਵੇਲੇ ਰੀਅਲ ਐਸਟੇਟ ਬਾਜ਼ਾਰ ਮੂਧੇ-ਮੂੰਹ ਡਿੱਗਿਆ ਹੈ, ਉੱਥੇ ਹੀ ਇਸ ਖਬਰ ਨੂੰ ਲੋਕ ਹੱਥੋਂ-ਹੱਥ ਲੈ ਰਹੇ ਹਨ ਅਤੇ ਜੰਮ ਕੇ ਕਮਿਊਨਿਸਟ ਸਰਕਾਰ ਨੂੰ ਕੋਸ ਰਹੇ ਹਨ। ਸੋਸ਼ਲ ਮੀਡੀਆ ’ਤੇ ਜਾਰੀ ਇਸ ਪੋਸਟ ’ਚ ਵਿਸ਼ਾਲ ਬੁੱਧ ਦੀ ਮੂਰਤੀ ਨਾਲ ਇਕ ਲਿਖਤ ਸੰਦੇਸ਼ ਵੀ ਹੈ, ਜਿਸ ’ਚ ਲਿਖਿਆ ਗਿਆ ਹੈ ਕਿ ਲੇਸ਼ਾਨ ਵਿਸ਼ਾਲ ਬੁੱਧ ਦਾ ਪੂਰਾ ਸੈਲਾਨੀ ਸਥਾਨ, ਸੈਲਾਨੀਆਂ ਨੂੰ ਇੱਥੇ ਲਿਆਉਣ ਵਾਲੀਆਂ ਬੱਸਾਂ ਅਤੇ ਇੱਥੇ ਲੱਗਣ ਵਾਲੇ ਸਟਾਲਾਂ ਨੂੰ ਅਗਲੇ 30 ਸਾਲਾਂ ਲਈ ਪੱਟੇ ’ਤੇ ਦਿੱਤਾ ਗਿਆ ਹੈ, ਹੁਣ ਲੇਸ਼ਾਨ ਵਿਸ਼ਾਲ ਬੁੱਧ ਉਦਯੋਗਿਕ ਕੰਪਨੀ ਇਸ ਪੂਰੇ ਸੈਲਾਨੀ ਸਥਾਨ ਦਾ ਪ੍ਰਸ਼ਾਸਨ ਸੰਭਾਲੇਗੀ, ਨਾਲ ਹੀ ਨਾਲ ਇੱਥੇ ਟਿਕਟਾਂ ਦੇ ਭਾਅ ਵੀ ਤੈਅ ਕਰੇਗੀ।
ਚੀਨ ਦੇ ਇਕ ਮੀਡੀਆ ਅਨੁਸਾਰ ਲੇਸ਼ਾਨ ਵਿਸ਼ਾਲ ਬੁੱਧ ਸੈਲਾਨੀ ਖੇਤਰ ਪ੍ਰਬੰਧਨ ਕਮੇਟੀ ਨੇ 26 ਜੂਨ ਨੂੰ ਇਸ ਗੱਲ ਦੀ ਤਸਦੀਕ ਕੀਤੀ ਕਿ ਇਹ ਸੌਦਾ ਹੋਇਆ ਜ਼ਰੂਰ ਹੈ ਪਰ ਅਜੇ ਨਹੀਂ ਹੋਇਆ। ਉਨ੍ਹਾਂ ਨੇ ਆਪਣੀ ਖੱਲ ਬਚਾਉਣ ਲਈ ਲੋਕਾਂ ਨੂੰ ਦੱਸਿਆ ਕਿ ਇਹ ਸੌਦਾ ਸਾਲਾਂ ਪਹਿਲਾਂ ਹੋਇਆ ਸੀ, ਇਸ ਬਾਰੇ ਜਨਤਕ ਸੂਚਨਾ ਤੋਂ ਪਤਾ ਲੱਗਦਾ ਹੈ ਕਿ ਇਸ ਦੀ ਨਿਲਾਮੀ ਦਾ ਨੋਟਿਸ 26 ਅਕਤੂਬਰ, 2021 ਤੋਂ 29 ਨਵੰਬਰ, 2021 ਦਰਮਿਆਨ ਜਾਰੀ ਹੋਇਆ ਸੀ। ਹਾਲਾਂਕਿ ਸਥਾਨਕ ਪ੍ਰਸ਼ਾਸਨ ਨੇ ਇਹ ਸੂਚਨਾ ਕਦੇ ਵੀ ਜਨਤਕ ਨਹੀਂ ਹੋਣ ਦਿੱਤੀ। ਸਿਚੁਆਨ ਸੂਬੇ ’ਚ ਅੈਮੀ ਪਹਾੜ ’ਤੇ ਵੱਸਿਆ ਲੇਸ਼ਾਨ ਵਿਸ਼ਾਲ ਬੁੱਧ ਸੈਲਾਨੀ ਸਥਾਨ ਸਾਲ 1996 ਤੋਂ ਯੂਨੈਸਕੋ ਵਰਲਡ ਹੈਰੀਟੇਜ ਦੀ ਸੂਚੀ ’ਚ ਸ਼ਾਮਲ ਹੈ।
ਇਸ ਨੂੰ ਪੱਟੇ ’ਤੇ ਦਿੱਤੇ ਜਾਣ ਤੋਂ ਬਾਅਦ ਕਈ ਸਾਰੇ ਚੀਨੀ ਨੈਟੀਜ਼ਨਾਂ ਨੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। ਕੁਝ ਲੋਕ ਇਸ ਨੂੰ ਭ੍ਰਿਸ਼ਟ ਸਰਕਾਰ ਨਾਲ ਜੋੜ ਕੇ ਆਪਣੇ ਕੁਮੈਂਟ ਕਰ ਰਹੇ ਸਨ ਤਾਂ ਕੁਝ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਇਸ ਨੂੰ ਪੱਟੇ ’ਤੇ ਦੇਣ ਲਈ ਵਿਅੰਗ ਭਰੀਆਂ ਗੱਲਾਂ ਲਿਖੀਆਂ। ਇਕ ਨੈਟੀਜ਼ਨ ਨੇ ਲਿਖਿਆ ਕਿ ਜਦ ਤੱਕ ਦੇਸ਼ ਦੀ ਸਰਕਾਰ ਮਜ਼ਬੂਤ ਸਥਿਤੀ ’ਚ ਹੈ, ਉਹ ਵਿਸ਼ਾਲ ਬੁੱਧ ਸੈਲਾਨੀ ਸਥਾਨ ਨੂੰ ਵੇਚ ਸਕਦੀ ਹੈ, ਉਹ ਹਵਾਈ ਅੱਡਿਆਂ ਨੂੰ ਵੇਚ ਸਕਦੀ ਹੈ, ਇੱਥੋਂ ਤੱਕ ਕਿ ਉਹ ਪੂਰੇ ਦੇਸ਼ ਨੂੰ ਵੀ ਵੇਚ ਸਕਦੀ ਹੈ।
ਉੱਥੇ ਹੀ ਕੁਝ ਦੂਸਰੇ ਨੈਟੀਜ਼ਨਾਂ ਨੇ ਸਰਕਾਰ ਨੂੰ ਇਸੇ ਰਾਹ ’ਤੇ ਅੱਗੇ ਵਧਣ ਦਾ ਸੁਝਾਅ ਦੇ ਦਿੱਤਾ ਅਤੇ ਕਿਹਾ ਕਿ ਪੇਈਚਿੰਗ ਨੂੰ ਚਾਹੀਦਾ ਹੈ ਕਿ ਉਹ ਫਾਰਬਿਡੇਨ ਸਿਟੀ ਨੂੰ ਵੇਚ ਦੇਵੇ, ਉਹ ਪਾਤਾਲਿੰਗ ਨਾਲ ਚੀਨ ਦੀ ਕੰਧ ਨੂੰ ਵੇਚ ਦੇਵੇ, ਗਰਮ ਰੁੱਤ ਮਹਿਲ ਨੂੰ ਵੇਚ ਦੇਵੇ ਅਤੇ ਬਾਕੀ ਸੈਲਾਨੀ ਸਥਾਨਾਂ ਨੂੰ ਵੀ ਚੰਗੇ ਭਾਅ ’ਤੇ ਵੇਚ ਦੇਣਾ ਚਾਹੀਦਾ ਹੈ। ਘੱਟੋ-ਘੱਟ ਇਸ ਨਾਲ ਚੀਨ ਸਰਕਾਰ ਨੂੰ ਚੰਗੀ ਆਮਦਨ ਹੋਵੇਗੀ ਅਤੇ ਦੇਸ਼ ਦੀ ਅਰਥਵਿਵਸਥਾ ਡੁੱਬਣ ਤੋਂ ਬਚੇਗੀ। ਜੇ ਸਾਰਾ ਦੇਸ਼ ਵੇਚ ਕੇ ਕੁਝ ਯੁਆਨ ਮਿਲਣ ਤਾਂ ਉਸ ਨਾਲ ਕੁਝ ਲੋਕਾਂ ਦੀ ਝੋਲੀ ਤਾਂ ਭਰ ਜਾਵੇਗੀ ਅਤੇ ਫਿਰ ਇਹ ਲੋਕ ਸਮਾਂ ਮਿਲਦੇ ਹੀ ਆਪਣੇੇ ਪਰਿਵਾਰ ਅਤੇ ਇਨ੍ਹਾਂ ਪੈਸਿਆਂ ਨਾਲ ਹਮੇਸ਼ਾ ਲਈ ਦੇਸ਼ ਛੱਡ ਕੇ ਦੌੜ ਜਾਣਗੇ।
ਇਸ ਸਮੇਂ ਸਿਚੁਆਨ ਸੂਬੇ ਦੀ ਸਰਕਾਰ ਕੋਲ ਇਨ੍ਹਾਂ ਨੈਟੀਜ਼ਨਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ, ਨਾ ਹੀ ਇਨ੍ਹਾਂ ਨੂੰ ਆਮਦਨ ਦਾ ਕੋਈ ਸਾਧਨ ਦਿਸ ਰਿਹਾ ਹੈ ਜਿਸ ਨਾਲ ਇਹ ਆਪਣੇ ਨੌਕਰਸ਼ਾਹਾਂ ਅਤੇ ਮੁਲਾਜ਼ਮਾਂ ਦੀ ਮਹੀਨੇ ਦੀ ਤਨਖਾਹ ਕੱਢ ਸਕਣ।
ਬੈਲਟ ਐਂਡ ਰੋਡ ਪ੍ਰਾਜੈਕਟ ਨੂੰ ਲੈ ਕੇ ਨੇਪਾਲ ਅਤੇ ਚੀਨ ’ਚ ਅਣਬਣ
NEXT STORY