ਲੋਕਾਂ ਨੂੰ ਸਸਤੀ ਅਤੇ ਉੱਚ ਪੱਧਰੀ ਸਿੱਖਿਆ ਅਤੇ ਇਲਾਜ, ਸਾਫ਼ ਪੀਣ ਵਾਲਾ ਪਾਣੀ ਅਤੇ ਨਿਰਵਿਘਨ ਬਿਜਲੀ ਉਪਲੱਬਧ ਕਰਵਾਉਣਾ ਕੇਂਦਰ ਅਤੇ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਆਜ਼ਾਦੀ ਦੇ 79 ਸਾਲਾਂ ਬਾਅਦ ਵੀ ਸਰਕਾਰਾਂ ਇਸ ’ਚ ਅਸਫ਼ਲ ਹੋ ਰਹੀਆਂ ਹਨ। ਇਸੇ ਲਈ ਲੋਕ ਸਰਕਾਰੀ ਹਸਪਤਾਲਾਂ ’ਚ ਇਲਾਜ ਕਰਵਾਉਣ ਤੋਂ ਵੀ ਗੁਰੇਜ਼ ਕਰਦੇ ਹਨ।
ਕੁਝ ਸਰਕਾਰੀ ਹਸਪਤਾਲਾਂ ਦੇ ਮੈਡੀਕਲ ਸਟਾਫ਼ ਦੀ ਲਾਪ੍ਰਵਾਹੀ ਦਾ ਅੰਦਾਜ਼ਾ ਹਾਲ ਹੀ ’ਚ ਸਾਹਮਣੇ ਆਈਆਂ ਹੇਠ ਲਿਖੀਆਂ ਘਟਨਾਵਾਂ ਤੋਂ ਲਾਇਆ ਜਾ ਸਕਦਾ ਹੈ :
* 9 ਜੂਨ ਨੂੰ ‘ਬੀਕਾਨੇਰ’ (ਰਾਜਸਥਾਨ) ਦੇ ਸਰਕਾਰੀ ਹਸਪਤਾਲ ’ਚ ਸਿਜ਼ੇਰੀਅਨ ਡਿਲੀਵਰੀ ਤੋਂ ਬਾਅਦ 6 ਔਰਤਾਂ ਦੀਆਂ ਕਿਡਨੀਆਂ ਫੇਲ ਹੋ ਗਈਆਂ, ਜਿਸ ਕਾਰਨ ਔਰਤਾਂ ਨੂੰ ਵੈਂਟੀਲੇਟਰ ਅਤੇ ਡਾਇਲਸਿਸ ’ਤੇ ਰੱਖਣਾ ਪਿਆ।
ਸ਼ੁਰੂ ’ਚ ਹਸਪਤਾਲ ਪ੍ਰਸ਼ਾਸਨ ਅਤੇ ਡਾਕਟਰ ਇਸ ਪੂਰੇ ਮਾਮਲੇ ਨੂੰ ਦਬਾਉਣ ਅਤੇ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਲਾਪ੍ਰਵਾਹੀ ਤੋਂ ਪ੍ਰਭਾਵਿਤ ਔਰਤਾਂ ਦੀ ਸਥਿਤੀ ਵਿਗੜਨ ਲੱਗੀ ਤਾਂ ਹਸਪਤਾਲ ਦੇ ਪੂਰੇ ਸਿਸਟਮ ਦੀ ਪੋਲ ਖੁੱਲ੍ਹ ਗਈ।
* 9 ਸਤੰਬਰ ਨੂੰ ‘ਪੁਨਾਲੁਰ’ (ਕੇਰਲ) ਸਥਿਤ ਸਰਕਾਰੀ ਹਸਪਤਾਲ ’ਚ ਐਮਰਜੈਂਸੀ ਸੀ-ਸੈਕਸ਼ਨ (ਸਿਜ਼ੇਰੀਅਨ ਆਪ੍ਰੇਸ਼ਨ) ਤੋਂ ਬਾਅਦ ਇਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਨਵਜੰਮੇ ਬੱਚੇ ਦੇ ਵਾਰਿਸਾਂ ਨੇ ਇਲਾਜ ’ਚ ਦੇਰੀ ਅਤੇ ਲਾਪ੍ਰਵਾਹੀ ਦਾ ਦੋਸ਼ ਲਗਾਉਂਦੇ ਹੋਏ ਪੁਲਸ ’ਚ ਸੰਬੰਧਿਤ ਡਾਕਟਰਾਂ ਵਿਰੁੱਧ ਮਾਮਲਾ ਦਰਜ ਕਰਵਾਇਆ।
* 26 ਸਤੰਬਰ ਨੂੰ ‘ਗੰਗਟੋਕ’ (ਸਿੱਕਮ) ਸਥਿਤ ਸਭ ਤੋਂ ਵੱਡੇ ‘ਐੱਸ. ਟੀ. ਐੱਨ. ਐੱਮ. ਸੋਚਿਆਗਾਂਗ ਹਸਪਤਾਲ’ ’ਚ ਇਕ ਔਰਤ ਦੀ ਲੈਪਰੋਸਕੋਪਿਕ (ਦੂਰਬੀਨ ਨਾਲ ਕੀਤੀ ਜਾਣ ਵਾਲੀ) ਸਰਜਰੀ ਦੌਰਾਨ ਵੱਡਾ ‘ਕੱਟ’ ਲੱਗ ਜਾਣ ਦੇ ਨਤੀਜੇ ਵਜੋਂ ਬਹੁਤ ਜ਼ਿਆਦਾ ਖ਼ੂਨ ਵਗਣ ਕਾਰਨ ਉਸ ਦੀ ਮੌਤ ਹੋ ਗਈ।
* 28 ਸਤੰਬਰ ਨੂੰ ‘ਨੋਇਡਾ’ (ਉੱਤਰ ਪ੍ਰਦੇਸ਼) ’ਚ ਸੈਕਟਰ 39 ਸਥਿਤ ਜ਼ਿਲਾ ਹਸਪਤਾਲ ’ਚ ਇਕ ਔਰਤ ਦਾ ਜਣੇਪਾ ਕਰਵਾਉਣ ’ਚ ਡਾਕਟਰ ਵੱਲੋਂ ਬਹੁਤ ਜ਼ਿਆਦਾ ਦੇਰੀ ਕਰਨ ਕਾਰਨ ਉਸ ਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਮੇਂ ’ਤੇ ਔਰਤ ਨੂੰ ਹਸਪਤਾਲ ’ਚ ਦਾਖ਼ਲ ਨਹੀਂ ਕੀਤਾ ਗਿਆ ਅਤੇ ਘੰਟਿਆਂਬੱਧੀ ਉਡੀਕ ਕਰਵਾਈ ਗਈ। ਦੇਰੀ ਨਾਲ ਜਣੇਪਾ ਹੋਣ ਕਾਰਨ ਨਵਜੰਮੇ ਨੂੰ ਸਾਹ ਲੈਣ ’ਚ ਦਿੱਕਤ ਹੋਈ ਅਤੇ ਉਸ ਦੀ ਮੌਤ ਹੋ ਗਈ।
* 28 ਸਤੰਬਰ ਨੂੰ ਹੀ ‘ਮੇਰਠ’ (ਉੱਤਰ ਪ੍ਰਦੇਸ਼) ’ਚ ‘ਸਰਕਾਰੀ ਮਹਿਰਿਸ਼ੀ ਹਸਪਤਾਲ’ ’ਚ ਲੱਤ ਦੀ ਹੱਡੀ ਟੁੱਟਣ ਕਾਰਨ ਆਪ੍ਰੇਸ਼ਨ ਲਈ ਦਾਖ਼ਲ ਹੋਏ 22 ਸਾਲਾ ਨੌਜਵਾਨ ‘ਲਲਿਤ ਕੋਹਲੀ’ ਦੀ ਗ਼ਲਤ ਖ਼ੂਨ ਚੜ੍ਹਾਉਣ ਕਾਰਨ ਮੌਤ ਹੋ ਗਈ।
ਉਸ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਰਾਤ ਦੇ ਆਪ੍ਰੇਸ਼ਨ ਤੋਂ ਬਾਅਦ ਸਵੇਰ ਤੱਕ ਉਨ੍ਹਾਂ ਦਾ ਪੇਸ਼ੈਂਟ ਬਿਲਕੁਲ ਠੀਕ ਸੀ ਅਤੇ ਗੱਲਬਾਤ ਕਰ ਰਿਹਾ ਸੀ, ਪਰ ਹਸਪਤਾਲ ਸਟਾਫ਼ ਵੱਲੋਂ ਗ਼ਲਤ ਖ਼ੂਨ ਚੜ੍ਹਾਉਣ ਤੋਂ ਬਾਅਦ ਉਸ ਨੂੰ ਅਚਾਨਕ ਬੇਚੈਨੀ ਅਤੇ ਘਬਰਾਹਟ ਹੋਣ ਲੱਗੀ ਅਤੇ ਉਸ ਦੀ ਮੌਤ ਹੋ ਗਈ।
* 30 ਸਤੰਬਰ ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ’ਚ ਬੀ. ਐੱਚ. ਯੂ. ਏਮਜ਼ ਦੇ ਟਰੌਮਾ ਸੈਂਟਰ ’ਚ 71 ਸਾਲਾ ਰਾਧਿਕਾ ਦੇਵੀ ਦੀ ਗ਼ਲਤ ਸਰਜਰੀ ਕਾਰਨ ਮੌਤ ਹੋ ਗਈ।
* 30 ਸਤੰਬਰ ਨੂੰ ਹੀ ‘ਊਨਾ’ (ਹਿਮਾਚਲ ਪ੍ਰਦੇਸ਼) ’ਚ ਛਾਤੀ ਦੇ ਦਰਦ ਨਾਲ ਤੜਫ਼ ਰਿਹਾ ਹਰਪਾਲ ਸਿੰਘ ਨਾਂ ਦਾ ਵਿਅਕਤੀ ਖੇਤਰੀ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਪਹੁੰਚਿਆ ਪਰ ਸਮੇਂ ਸਿਰ ਇਲਾਜ ਨਾ ਮਿਲਣ ਨਾਲ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ’ਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਨਾ ਹੀ ਉਸ ਦੀ ਸਹੀ ਜਾਂਚ ਕੀਤੀ ਗਈ ਅਤੇ ਨਾ ਹੀ ਸਮੇਂ ’ਤੇ ਉਚਿਤ ਇਲਾਜ ਕੀਤਾ ਗਿਆ।
* 30 ਸਤੰਬਰ ਨੂੰ ‘ਮੁਰੈਨਾ’ (ਮੱਧ ਪ੍ਰਦੇਸ਼) ਦੇ ਸਰਕਾਰੀ ਹਸਪਤਾਲ ’ਚ ਸੱਜੇ ਪੈਰ ’ਤੇ ਜ਼ਖ਼ਮ ਕਾਰਨ ਦਾਖ਼ਲ ਇਕ ਮਰੀਜ਼ ਤਿੰਨ ਦਿਨ ਤੱਕ ਬਿਸਤਰੇ ’ਤੇ ਬੇਹੋਸ਼ ਪਿਆ ਰਿਹਾ, ਪਰ ਕੋਈ ਡਾਕਟਰ ਉਸ ਨੂੰ ਵੇਖਣ ਨਹੀਂ ਪਹੁੰਚਿਆ।
ਸਹੀ ਸਮੇਂ ’ਤੇ ਇਲਾਜ ਨਾ ਮਿਲਣ ਨਾਲ ਜ਼ਖ਼ਮ ਦੀ ਇਨਫ਼ੈਕਸ਼ਨ ਫੈਲ ਗਈ ਅਤੇ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਜਦੋਂ ਉਸ ਦੇ ਸਰੀਰ ’ਤੇ ਕੀੜੀਆਂ ਰੇਂਗਣ ਲੱਗੀਆਂ, ਉਦੋਂ ਜਾ ਕੇ ਡਾਕਟਰਾਂ ਨੂੰ ਉਸ ਦੀ ਮੌਤ ਦਾ ਪਤਾ ਲੱਗਿਆ।
* 30 ਸਤੰਬਰ ਨੂੰ ਹੀ ‘ਫਿਰੋਜ਼ਾਬਾਦ’ (ਉੱਤਰ ਪ੍ਰਦੇਸ਼) ’ਚ ਸਰਕਾਰੀ ਹਸਪਤਾਲ ਦੇ ਟਰੌਮਾ ਸੈਂਟਰ ’ਚ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਦਾਖ਼ਲ ਕਰਵਾਏ ਗਏ 28 ਸਾਲਾ ਨੌਜਵਾਨ ‘ਮੋਨੂੰ’ ਦੀ ਮੌਤ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਇਕ ਘੰਟੇ ਤੱਕ ਕਿਸੇ ਡਾਕਟਰ ਨੇ ਉਸ ਨੂੰ ਵੇਖਿਆ ਤੱਕ ਨਹੀਂ।
ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਸਰਕਾਰੀ ਹਸਪਤਾਲਾਂ ’ਚ ਟ੍ਰੇਂਡ ਮੈਡੀਕਲ ਸਟਾਫ਼ ਦੀ ਕਮੀ ਅਤੇ ਲਾਪ੍ਰਵਾਹੀ ਨਿਸ਼ਚਿਤ ਹੀ ਇਕ ਭੱਖਦੀ ਸਮੱਸਿਆ ਹੈ, ਜਿਸ ਦਾ ਨਤੀਜਾ ਇਸ ਤਰ੍ਹਾਂ ਦੀਆਂ ਦੁਖਦਾਈ ਘਟਨਾਵਾਂ ’ਚ ਨਿਕਲ ਰਿਹਾ ਹੈ। ਇਸ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਲੱਭਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਹਸਪਤਾਲਾਂ ’ਚ ਇਸੇ ਤਰ੍ਹਾਂ ਮੰਦਭਾਗੀਆ ਘਟਨਾਵਾਂ ਹੁੰਦੀਆਂ ਹੀ ਰਹਿਣਗੀਆਂ।
—ਵਿਜੇ ਕੁਮਾਰ
ਕਮਲਾ ਹੈਰਿਸ ਬਿਲਕੁਲ ਉਹੀ ਕਰ ਰਹੀ ਹਨ ਜੋ ਉਨ੍ਹਾਂ ਦੀ ਪਾਰਟੀ ਉਨ੍ਹਾਂ ਤੋਂ ਚਾਹੁੰਦੀ ਹੈ
NEXT STORY