ਇਕ ਪਾਸੇ ਜਿੱਥੇ ਭਾਰਤ ’ਚ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮਦਿਨ ਦੇ ਮੌਕੇ ’ਤੇ 5 ਸਤੰਬਰ ਨੂੰ ‘ਅਧਿਆਪਕ ਦਿਵਸ’ ਮਨਾਇਆ ਜਾਂਦਾ ਹੈ,ਉੱਥੇ ਦੁਨੀਆ ਦੇ ਕਈ ਦੇਸ਼ 5 ਅਕਤੂਬਰ ਨੂੰ ‘ਕੌਮਾਂਤਰੀ ਅਧਿਆਪਕ ਦਿਵਸ’ ਮਨਾਉਂਦੇ ਹਨ ਅਤੇ ਇਸ ਮੌਕੇ ’ਤੇ ਅਧਿਆਪਕਾਂ ਦੇ ਸਤਿਕਾਰ ’ਚ ਸਮੁੱਚੀ ਦੁਨੀਆ ਦੇ ਦੇਸ਼ਾਂ ’ਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ।
ਅਸਲ ’ਚ ਕਿਸੇ ਵੀ ਦੇਸ਼ ਦੇ ਵਿਕਾਸ ਦੀ ਕਲਪਨਾ ਸਿੱਖਿਆ ਤੋਂ ਬਿਨਾਂ ਬੇਤੁਕੀ ਹੀ ਹੈ, ਇਸ ਲਈ ਸਮੁੱਚੀ ਦੁਨੀਆ ਦੇ ਅਧਿਆਪਕਾਂ ਦੀ ਅਹਿਮੀਅਤ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਸਤਿਕਾਰ ਦੇਣ ਲਈ ਹੀ ਕੌਮਾਂਤਰੀ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ ਮਨਾਉਣ ਦਾ ਮੂਲ ਮੰਤਵ ਸਮੁੱਚੀ ਦੁਨੀਆ ’ਚ ਪੜ੍ਹਾਈ ਅਤੇ ਅਧਿਆਪਕਾਂ ਦੇ ਮੂਲ ਮੁੱਦਿਆਂ ’ਤੇ ਚਰਚਾ ਕਰਨੀ ਹੈ।
ਸਾਲ 1960 ਦੇ ਆਸ-ਪਾਸ ਲਗਭਗ ਸਭ ਦੇਸ਼ਾਂ ’ਚ ਅਧਿਆਪਕਾਂ ਨੂੰ ਵੱਖ-ਵੱਖ ਕਿਸਮ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਲਈ 5 ਅਕਤੂਬਰ 1966 ਨੂੰ ‘ਟੀਚਿੰਗ ਇਨ ਫ੍ਰੀਡਮ ਸੰਧੀ’ ਨੂੰ ਸਾਕਾਰ ਰੂਪ ਦਿੱਤਾ ਗਿਆ। ਇਸ ’ਚ ਸਾਰੀ ਦੁਨੀਆ ਦੇ ਅਧਿਆਪਕਾਂ ਦੀ ਹਾਲਤ ਨੂੰ ਸੁਧਾਰਨ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਇਕ ਸਮਝੌਤਾ ਕੀਤਾ ਗਿਆ।
ਅਸਲ ’ਚ 5 ਅਕਤੂਬਰ 1966 ਨੂੰ ਪੈਰਿਸ ’ਚ ਇਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ, ਜਿਸ ’ਚ ਅਧਿਆਪਕਾਂ ਦੇ ਅਧਿਕਾਰ ਅਤੇ ਜ਼ਿੰਮੇਵਾਰੀਆਂ ਸਮੇਤ ਉਨ੍ਹਾਂ ਨਾਲ ਸਬੰਧਤ ਕਈ ਮੁੱਦਿਆਂ ’ਤੇ ਯੂਨੈਸਕੋ ਅਤੇ ਕੌਮਾਂਤਰੀ ਕਿਰਤ ਸੰਗਠਨ (ਆਈ. ਐੱਲ. ਓ.) ਦੀਆਂ ਸਿਫਾਰਿਸ਼ਾਂ ਨੂੰ ਯੂਨੈਸਕੋ ਵੱਲੋਂ ਅਪਣਾਇਆ ਗਿਆ ਸੀ। ਯੂਨੈਸਕੋ ਅਤੇ ਆਈ. ਐੱਲ. ਓ. ਦੀ ਉਕਤ ਬੈਠਕ ’ਚ ਅਧਿਆਪਕਾਂ ਦੇ ਅਧਿਕਾਰਾਂ, ਜ਼ਿੰਮੇਵਾਰੀਆਂ, ਰੋਜ਼ਗਾਰ ਅਤੇ ਸਿੱਖਿਆ ਲਈ ਦਿਸ਼ਾ-ਨਿਰਦੇਸ਼ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ।
ਉਸ ਤੋਂ ਬਾਅਦ ਅਧਿਆਪਕ ਦਿਵਸ ਨੂੰ ਕੌਮਾਂਤਰੀ ਪੱਧਰ ’ਤੇ ਮਨਾਉਣ ਲਈ 1994 ’ਚ 100 ਦੇਸ਼ਾਂ ਦੀ ਹਮਾਇਤ ਨਾਲ ਸੰਯੁਕਤ ਰਾਸ਼ਟਰ ’ਚ ਯੂਨੈਸਕੋ ਦੀਆਂ ਇਨ੍ਹਾਂ ਸਿਫਾਰਿਸ਼ਾਂ ਨੂੰ ਪਾਸ ਕੀਤਾ ਗਿਆ। ਉਸ ਤੋਂ ਬਾਅਦ 5 ਅਕਤੂਬਰ 1994 ਤੋਂ ਕੌਮਾਂਤਰੀ ਅਧਿਆਪਕ ਦਿਵਸ ਦੀ ਸ਼ੁਰੂਆਤ ਹੋਈ ਅਤੇ ਉਦੋਂ ਤੋਂ ਹਰ ਸਾਲ 5 ਅਕਤੂਬਰ ਨੂੰ ਇਸ ਨੂੰ ਵਿਸ਼ਵ ਅਧਿਆਪਕ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਸਾਲ ਸਮੁੱਚੀ ਦੁਨੀਆ 29ਵਾਂ ਵਿਸ਼ਵ ਅਧਿਆਪਕ ਦਿਵਸ ਮਨਾ ਰਹੀ ਹੈ।
ਯੂਨੈਸਕੋ ਵੱਲੋਂ ਕੌਮਾਂਤਰੀ ਅਧਿਆਪਕ ਦਿਵਸ ਲਈ ਹਰ ਸਾਲ ਇਕ ਥੀਮ ਨਿਰਧਾਰਿਤ ਕੀਤਾ ਜਾਂਦਾ ਹੈ। ਇਸ ਸਾਲ ਦਾ ਵਿਸ਼ਾ ‘ਸਾਨੂੰ ਜੋ ਸਿੱਖਿਆ ਚਾਹੀਦੀ ਹੈ, ਉਸ ਲਈ ਅਧਿਆਪਕਾਂ ਦੀ ਲੋੜ, ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨ ਲਈ ਕੌਮਾਂਤਰੀ ਲੋੜ ਹੈ।’ ਅਧਿਆਪਕਾਂ ਦੀ ਗਿਣਤੀ ’ਚ ਆ ਰਹੀ ਕਮੀ ਨੂੰ ਰੋਕਣ, ਉਨ੍ਹਾਂ ਦੀ ਗਿਣਤੀ ਨੂੰ ਵਧਾ ਕੇ ਕੌਮਾਂਤਰੀ ਪੱਧਰ ’ਤੇ ਵੱਧ ਤੋਂ ਵੱਧ ਲੋਕਾਂ ਨੂੰ ਸਿੱਖਿਅਤ ਕਰਨ ਦੇ ਇਰਾਦੇ ਨਾਲ ਹੀ ਇਸ ਸਾਲ ਇਹ ਵਿਸ਼ਾ ਨਿਰਧਾਰਿਤ ਕੀਤਾ ਗਿਆ ਹੈ।
ਅਸਲ ’ਚ ਯੂਨੈਸਕੋ ਦਾ ਮੰਨਣਾ ਹੈ ਕਿ ਪੂਰੀ ਦੁਨੀਆ ਨੂੰ ਇਸ ਸਮੇਂ ਕੌਮਾਂਤਰੀ ਪੱਧਰ ’ਤੇ ਅਧਿਆਪਕਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਉਨ੍ਹਾਂ ਦੇ ਕੰਮਕਾਜੀ ਹਾਲਾਤ ਅਤੇ ਸਥਿਤੀ ਦੀ ਗਿਰਾਵਟ ਕਾਰਨ ਹੋਰ ਵੀ ਗੰਭੀਰ ਹੋ ਗਿਆ ਹੈ।
2022 ’ਚ ਵਿਸ਼ਵ ਅਧਿਆਪਕ ਦਿਵਸ ‘ਸਿੱਖਿਆ ਦੀ ਤਬਦੀਲੀ ਅਧਿਆਪਕਾਂ ਤੋਂ ਸ਼ੁਰੂ ਹੁੰਦੀ ਹੈ’ ਥੀਮ ਨਾਲ ਮਨਾਇਆ ਗਿਆ ਸੀ। ਅਸਲ ’ਚ ਉਂਝ ਤਾਂ ਵਿਅਕਤੀ ਸਾਰੀ ਉਮਰ ਸਿੱਖਦਾ ਰਹਿੰਦਾ ਹੈ ਪਰ ਅਧਿਆਪਕ ਤੋਂ ਬਿਨਾਂ ਸਹੀ ਗਿਆਨ ਨਹੀਂ ਮਿਲਦਾ। ਇਸੇ ਲਈ ਅਧਿਆਪਕ ਦਿਵਸ ਦੀ ਖਾਸ ਅਹਿਮੀਅਤ ਹੁੰਦੀ ਹੈ। 5 ਅਕਤੂਬਰ ਵਾਲੇ ਦਿਨ ਸਮੁੱਚੀ ਦੁਨੀਆ ’ਚ 100 ਤੋਂ ਵੱਧ ਦੇਸ਼ਾਂ ’ਚ ਵਿਸ਼ਵ ਅਧਿਆਪਕ ਦਿਵਸ ਦੇ ਮੌਕੇ ’ਤੇ ਕਈ ਤਰ੍ਹਾਂ ਦੇ ਆਯੋਜਨ ਕੀਤੇ ਜਾਂਦੇ ਹਨ। ਹਰ ਦੇਸ਼ ’ਚ ਇਸ ਦਿਨ ਦਾ ਆਪਣੇ-ਆਪਣੇ ਢੰਗ ਨਾਲ ਸਵਾਗਤ ਕੀਤਾ ਜਾਂਦਾ ਹੈ।
ਕਈ ਦੇਸ਼ਾਂ ’ਚ ਤਾਂ ਇਸ ਦਿਨ ਜਨਤਕ ਛੁੱਟੀ ਵੀ ਕੀਤੀ ਜਾਂਦੀ ਹੈ ਪਰ ਉੱਥੇ ਛੁੱਟੀ ਦੇ ਇਨ੍ਹਾਂ ਪਲਾਂ ਨੂੰ ਲੋਕ ਆਪਣੇ ਅਧਿਆਪਕਾਂ ਨਾਲ ਕਿਸੇ ਨਾ ਕਿਸੇ ਰੂਪ ’ਚ ਸ਼ੇਅਰ ਕਰਦੇ ਹਨ। ਸਹੀ ਅਰਥਾਂ ’ਚ ਵਿਸ਼ਵ ਅਧਿਆਪਕ ਦਿਵਸ ਸਿਰਫ ਜਨਤਕ ਛੁੱਟੀ ਨਹੀਂ ਸਗੋਂ ਇਕ ਕੌਮਾਂਤਰੀ ਉਤਸਵ ਹੈ।
ਹਾਲਾਂਕਿ ਭਾਰਤ ਸਮੇਤ ਕੁਝ ਦੇਸ਼ ਅਜਿਹੇ ਵੀ ਹਨ ਜਿੱਥੇ ਅਧਿਆਪਕ ਦਿਵਸ ਮਨਾਏ ਜਾਣ ਦੀ ਮਿਤੀ ਵੱਖ-ਵੱਖ ਹੈ ਪਰ ਸਭ ਦਾ ਮੰਤਵ ਇਕ ਹੀ ਹੈ। ਚੀਨ ’ਚ ਕਨਫਿਊਸ਼ੀਅਸ ਦੇ ਜਨਮਦਿਨ ਮੌਕੇ ’ਤੇ 27 ਅਗਸਤ 1939 ਨੂੰ ਅਧਿਆਪਕ ਦਿਵਸ ਮਨਾਉਣਾ ਸ਼ੁਰੂ ਹੋਇਆ ਸੀ ਪਰ 1951 ’ਚ ਇਹ ਐਲਾਨ ਵਾਪਸ ਲੈ ਲਿਆ ਗਿਆ ਅਤੇ 1985 ਤੋਂ 10 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਣ ਲੱਗਾ। ਰੂਸ ’ਚ 1994 ਤੋਂ 5 ਅਕਤੂਬਰ ਵਾਲੇ ਦਿਨ ਹੀ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਪਰ 1965 ਤੋਂ 1994 ਤੱਕ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਇਹ ਦਿਨ ਮਨਾਇਆ ਜਾਂਦਾ ਸੀ।
ਸ਼ਵੇਤਾ ਗੋਇਲ
ਚੀਨ ਦੀ ਬੇਨਤੀ ਦੇ ਬਾਵਜੂਦ ਅਮਰੀਕਾ ਚੀਨੀ ਦਰਾਮਦ ਤੋਂ ਨਹੀਂ ਹਟਾ ਰਿਹਾ ਟੈਰਿਫ
NEXT STORY