ਜਬਰ-ਜ਼ਨਾਹ ਅਤੇ ਯੌਨ ਸ਼ੋਸ਼ਣ ਦੀ ਬੁਰਾਈ ਸਮਾਜ ਦੇ ਹਰ ਖੇਤਰ ’ਚ ਫੈਲਦੀ ਜਾ ਰਹੀ ਹੈ, ਇੱਥੋਂ ਤੱਕ ਕਿ ਸਿੱਖਿਆ ਅਤੇ ਖੇਡ ਸੰਸਥਾਵਾਂ ’ਚ ਵੀ ਅਧਿਆਪਕਾਂ ਅਤੇ ਕੋਚਾਂ ਵਲੋਂ ਆਪਣੇ ਅਧੀਨ ਪੜ੍ਹਨ ਜਾਂ ਟ੍ਰੇਨਿੰਗ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਜਾਂ ਖਿਡਾਰਨਾਂ ਨਾਲ ਜਬਰ-ਜ਼ਨਾਹ, ਜਿਨਸੀ ਸ਼ੋਸ਼ਣ ਅਤੇ ਤੰਗ-ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਆਮ ਹੋ ਗਈਆਂ ਹਨ ਜਿਨ੍ਹਾਂ ਦੀਆਂ ਇਕ ਸਾਲ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 7 ਜਨਵਰੀ, 2025 ਨੂੰ ‘ਹਰਿਦੁਆਰ’ (ਉੱਤਰਾਖੰਡ) ’ਚ ਇਕ ਨਾਬਾਲਿਗ ਹਾਕੀ ਖਿਡਾਰਨ ਨੂੰ ਬਹਾਨੇ ਨਾਲ ਆਪਣੇ ਹੋਟਲ ਦੇ ਕਮਰੇ ’ਚ ਬੁਲਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਕੋਚ ਨੂੰ ਗ੍ਰਿਫਤਾਰ ਕੀਤਾ ਗਿਆ।
* 31 ਜਨਵਰੀ, 2025 ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ਦੇ ‘ਪਨਕੀ’ ਇਲਾਕੇ ’ਚ ਸਥਿਤ ਇਕ ਕ੍ਰਿਕਟ ਕੋਚਿੰਗ ਅਕੈਡਮੀ ’ਚ ਕੋਚਿੰਗ ਲਈ ਜਾਣ ਵਾਲੀ ਇਕ 12 ਸਾਲਾ ਬੱਚੀ ਨੇ ਆਪਣੇ ਕੋਚ ’ਤੇ ਉਸ ਨੂੰ ਨਸ਼ਾ ਪਿਲਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ’ਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
* 29 ਮਾਰਚ, 2025 ਨੂੰ ‘ਖਰੜ’ (ਪੰਜਾਬ) ਪੁਲਸ ਨੇ ਇਕ ਸਪੋਰਟਸ ਕੋਚ ਦੇ ਵਿਰੁੱਧ ਇਕ 19 ਸਾਲਾ ਵਿਦਿਆਰਥਣ ਨੂੰ ਇਕ ਖੇਡ ਪ੍ਰਤੀਯੋਗਿਤਾ ’ਚ ਹਿੱਸਾ ਲੈਣ ਦਾ ਮੌਕਾ ਦਿਵਾਉਣ ਦਾ ਝਾਂਸਾ ਦੇ ਕੇ ਸੋਲਨ (ਹਿਮਾਚਲ ਪ੍ਰਦੇਸ਼) ਦੇ ਇਕ ਹੋਟਲ ’ਚ ਲਿਜਾ ਕੇ ਨਸ਼ਾ ਪਿਲਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ।
* 6 ਅਪ੍ਰੈਲ, 2025 ਨੂੰ ‘ਬੈਂਗਲੁਰੂ’ (ਕਰਨਾਟਕ) ਦੇ ‘ਹੁਲੀਮਾਵੂ’ ’ਚ ਇਕ 16 ਸਾਲਾ ਵਿਦਿਆਰਥਣ ਨੂੰ ਖੇਡ ਦੇ ਟਿੱਪ ਦੇਣ ਦੇ ਬਹਾਨੇ ਆਪਣੇ ਘਰ ਲਿਜਾ ਕੇ ਉਸ ਨਾਲ 2 ਸਾਲ ਤੱਕ ਲਗਾਤਾਰ ਜਬਰ-ਜ਼ਨਾਹ ਕਰਨ ਅਤੇ 8 ਹੋਰ ਨਾਬਾਲਿਗਾਂ ਦੇ ਨਿਊਡ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਦੋਸ਼ ’ਚ ਪੁਲਸ ਨੇ 26 ਸਾਲਾ ਬੈਡਮਿੰਟਨ ਕੋਚ ‘ਸੁਰੇਸ਼ ਬਾਲਾਜੀ’ ਨੂੰ ਗ੍ਰਿਫਤਾਰ ਕੀਤਾ।
* 21 ਜੂਨ, 2025 ਨੂੰ ‘ਮੇਰਠ’ (ਉੱਤਰ ਪ੍ਰਦੇਸ਼) ’ਚ ਇਕ 10 ਸਾਲਾ ਕੌਮਾਂਤਰੀ ਜੂਡੋ ਖਿਡਾਰਨ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ’ਚ ਉਸ ਦੇ ਕੋਚ ‘ਮਨੀਸ਼ ਉਰਫ ਮੈਕਸ’ ਨੂੰ ਵਿਸ਼ੇਸ਼ ਜੱਜ ਪੋਕਸੋ ਕਾਨੂੰਨ ‘ਸੰਗੀਤਾ’ ਦੀ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ।
* 27 ਜੂਨ, 2025 ਨੂੰ ‘ਪੁਣੇ’ (ਮਹਾਰਾਸ਼ਟਰ) ’ਚ ਇਕ ਪ੍ਰਸਿੱਧ ਕੋਚਿੰਗ ਇੰਸਟੀਚਿਊਟ ਦੇ 2 ਸੰਚਾਲਕਾਂ ‘ਵਿਜੇ ਪਵਾਰ’ ਅਤੇ ‘ਪ੍ਰਸ਼ਾਂਤ ਖਟਾਵਕਰ’ ਵਿਰੁੱਧ 12ਵੀਂ ਕਲਾਸ ਦੀ ਇਕ 17 ਸਾਲਾ ਨਾਬਾਲਿਗ ਵਿਦਿਆਰਥਣ ਦਾ ਜੁਲਾਈ 2024 ਤੋਂ ਮਈ 2025 ਦੇ ਵਿਚਾਲੇ ਕਈ ਵਾਰ ਯੌਨ ਸ਼ੋਸ਼ਣ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਿਗਆ।
* ਅਤੇ ਹੁਣ 6 ਜਨਵਰੀ, 2026 ਨੂੰ ‘ਫਰੀਦਾਬਾਦ’ (ਹਰਿਆਣਾ) ’ਚ ਰਾਸ਼ਟਰੀ ਪੱਧਰ ਦੇ ਸ਼ੂਟਿੰਗ ਕੋਚ ਅੰਕੁਸ਼ ਭਾਰਦਵਾਜ ਦੇ ਵਿਰੁੱਧ ਐੱਨ. ਆਈ. ਟੀ. ਮਹਿਲਾ ਥਾਣੇ ’ਚ ‘ਪੋਕਸੋ’ ਐਕਟ ਅਧੀਨ ਦਰਜ ਕਰਵਾਈ ਗਈ ਐੱਫ. ਆਈ. ਆਰ. ’ਚ ਇਕ 17 ਸਾਲਾ ਨਾਬਾਲਿਗ ਨਿਸ਼ਾਨੇਬਾਜ਼ ਨੇ ਉਸ ਨੂੰ ‘ਪਰਫਾਰਮੈਂਸ ਰੀਵਿਊ’ ਦੇ ਬਹਾਨੇ ਸੂਰਜਕੁੰਡ ਦੇ ਇਕ ਹੋਟਲ ’ਚ ਬੁਲਾ ਕੇ ਉਥੇ ਉਸ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ।
ਸ਼ਿਕਾਇਤ ਅਨੁਸਾਰ ਕੋਚ ਨੇ ਪੀੜਤਾ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦਾ ਕਰੀਅਰ ਬਰਬਾਦ ਕਰ ਦੇਵੇਗਾ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ 8 ਜਨਵਰੀ, 2026 ਨੂੰ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਨੇ ਜਾਂਚ ਪੂਰੀ ਹੋਣ ਤੱਕ ਕੋਚ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਕੋਚਾਂ ਦੁਆਰਾ ਖਿਡਾਰਨਾਂ ਦੇ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਣ ਦੇ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਖੇਡ ਸੰਸਥਾਵਾਂ ’ਚ ਮਹਿਲਾ ਕੋਚਾਂ ਦੀ ਗਿਣਤੀ ਬਹੁਤ ਘੱਟ ਹੈ। ਲਿਹਾਜ਼ਾ ਜਿੱਥੇ ਮਹਿਲਾ ਖਿਡਾਰੀਆਂ ਦੀ ਮਰਦ ਕੋਚਾਂ ’ਤੇ ਨਿਰਭਰਤਾ ਕੁਝ ਘੱਟ ਕਰਨ ਲਈ ਖੇਡ ਸੰਸਥਾਵਾਂ ’ਚ ਸਾਰੇ ਪੱਧਰਾਂ ’ਤੇ ਮਹਿਲਾ ਕੋਚਾਂ ਦੀ ਗਿਣਤੀ ਵਧਾਉਣ ਦੀ ਲੋੜ ਹੈ, ਉਥੇ ਹੀ ਦੋਸ਼ੀ ਕੋਚਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਵੀ ਲੋੜ ਹੈ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗ ਸਕੇ।
ਇਸ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ’ਚ ਪੜ੍ਹਾਉਣ ਵਾਲੇ ਅਧਿਆਪਕਾਂ ਬਾਰੇ ਸੰਸਥਾਵਾਂ ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਨੌਕਰੀ ’ਤੇ ਰੱਖਣ, ਇਸ ਦੇ ਨਾਲ ਹੀ ਸਰਪ੍ਰਸਤਾਂ ਨੂੰ ਵੀ ਆਪਣੇ ਬੱਚਿਆਂ ਨੂੰ ਅਜਿਹੇ ਮਾਮਲਿਆਂ ’ਚ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਕਿ ਉਹ ਇਸ ਤਰ੍ਹਾਂ ਦੇ ਯੌਨ ਅਪਰਾਧਾਂ ਦੇ ਸ਼ਿਕਾਰ ਹੋਣ ਤੋਂ ਬਚ ਸਕਣ।
–ਵਿਜੇ ਕੁਮਾਰ
ਹੁਨਰ-ਸਿੱਖਿਆ : ਪੰਜਾਬ ਦੇ ਸਕੂਲ ਡਰਾਪਆਊਟਸ ਨੂੰ ਰੋਕਣ ਦਾ ਹੱਲ
NEXT STORY