ਪਾਕਿਸਤਾਨ ’ਚ ਬਲੋਚ ਲੜਾਕਿਆਂ ਵਲੋਂ ਰੇਲ ਅਗਵਾ ਦੀ ਘਟਨਾ ਨੇ ਸਮੁੱਚੇ ਵਿਸ਼ਵ ਦਾ ਧਿਆਨ ਇਕ ਦਮ ਬਲੋਚਿਸਤਾਨ ਸਮੱਸਿਆ, ਪਾਕਿਸਤਾਨ ਸਰਕਾਰ ਅਤੇ ਫੌਜ ਦੀ ਲਾਚਾਰੀ ਵੱਲ ਖਿੱਚਿਆ ਹੈ। ਜਦੋਂ ਬਲੋਚ ਲਿਬਰੇਸ਼ਨ ਆਰਮੀ ਜਾਂ ਬੀ. ਐੱਲ. ਏ. ਵਲੋਂ ਕੁਏਟਾ ਤੋਂ ਪਿਸ਼ਾਵਰ ਜਾ ਰਹੀ ਜਾਫਰ ਐਕਸਪ੍ਰੈੱਸ ਟ੍ਰੇਨ ਨੂੰ ਬਲੋਚਿਸਤਾਨ ’ਚ ਬੋਲਨ ਦੱਰੇ ਦੇ ਨੇੜੇ ਅਗਵਾ ਕਰਨ ਦੀ ਖਬਰ ਆਈ, ਪਹਿਲੀ ਪ੍ਰਤੀਕਿਰਿਆ ਇਹੀ ਸੀ ਕਿ ਇਹ ਲੰਬੇ ਸਮੇਂ ਤੱਕ ਨਹੀਂ ਚੱਲੇਗਾ।
ਆਖਿਰ ਕੋਈ ਹਥਿਆਰਬੰਦ ਸੰਗਠਨ ਮੁਕੰਮਲ ਸੱਤਾ ਅਤੇ ਸੁਰੱਖਿਆ ਵਿਵਸਥਾ ਦੇ ਵਿਰੁੱਧ ਕਿਵੇਂ ਟਿਕ ਸਕਦਾ ਹੈ। ਜਦੋਂ ਪਾਕਿਸਤਾਨੀ ਫੌਜ ਨੇ ਕਿਹਾ ਕਿ ਬੰਧਕ ਸੰਕਟ ਖਤਮ ਹੋ ਗਿਆ ਹੈ ਅਤੇ ਸਾਰੇ 33 ਬੀ. ਐੱਲ. ਏ. ਲੜਾਕਿਆਂ ਨੂੰ ਮਾਰ ਮੁਕਾਇਆ ਹੈ ਅਤੇ ਬੰਧਕ ਛੁਡਾ ਲਏ ਗਏ ਹਨ ਤਾਂ ਜਾਪਿਆ ਕਿ ਹੋਇਆ ਹੀ ਹੋਵੇਗਾ।
ਫੌਜ ਨੇ ਬੰਧਕਾਂ ਦੀ ਰਿਹਾਈ ਜਾਂ ਬੀ. ਐੱਲ. ਏ. ਨੂੰ ਪਹੁੰਚਾਏ ਨੁਕਸਾਨ ਦਾ ਨਾ ਤਾਂ ਵੀਡੀਓ ਜਾਰੀ ਕੀਤਾ ਨਾ ਤਸਵੀਰ। ਅਜਿਹਾ ਹੁੰਦਾ ਨਹੀਂ। ਇਸ ਦੇ ਠੀਕ ਬਾਅਦ ਬੀ. ਐੱਲ. ਏ. ਨੇ ਬਿਆਨ ਜਾਰੀ ਕੀਤਾ ਕਿ ‘‘ਪਾਕਿਸਤਾਨੀ ਫੌਜ ਝੂਠ ਬੋਲ ਰਹੀ ਹੈ। ਉਸ ਨੇ ਆਪਣੇ ਜਵਾਨਾਂ ਨੂੰ ਸਾਡੇ ਹੱਥੋਂ ਮਰਨ ਲਈ ਛੱਡ ਦਿੱਤਾ ਹੈ। ਛੁਡਵਾਉਣਾ ਹੁੰਦਾ ਤਾਂ ਸਾਡੀਆਂ ਮੰਗਾਂ ਅਤੇ ਬੰਧਕਾਂ ਦੀ ਰਿਹਾਈ ’ਤੇ ਗੰਭੀਰ ਗੱਲਬਾਤ ਕਰਦੀ।’’
ਬੀ. ਐੱਲ. ਏ. ਨੇ ਬੰਧਕਾਂ ਨੂੰ ਛੱਡਣ ਦੇ ਬਦਲੇ ਬਲੋਚ ਕੈਦੀਆਂ ਦੀ ਰਿਹਾਈ ’ਤੇ ਗੱਲਬਾਤ ਕਰਨ ਲਈ 24 ਘੰਟਿਆਂ ਦਾ ਸਮਾਂ ਦਿੱਤਾ। ਬੀ. ਐੱਲ. ਏ. ਦੇ ਬੁਲਾਰੇ ਜਿਆਂਦ ਬਲੋਚ ਦਾ ਬਿਆਨ ਸੀ, ‘‘ਪਾਕਿਸਤਾਨ ਨੇ ਸਾਰਥਕ ਗੱਲਬਾਤ ਦੀ ਥਾਂ ਪੁਰਾਣੀ ਜ਼ਿੱਦ ਤੇ ਫੌਜੀ ਹੰਕਾਰ ਨੂੰ ਚੁਣਿਆ ਅਤੇ ਜ਼ਮੀਨ ’ਤੇ ਸਥਿਤੀ ਨੂੰ ਸਵੀਕਾਰ ਕਰਨ ’ਚ ਅਸਫਲ ਰਹੀ। ਇਸ ਜ਼ਿੱਦ ਦੇ ਨਤੀਜੇ ਵਜੋਂ ਸਾਰੇ 214 ਬੰਧਕਾਂ ਨੂੰ ਮਾਰ ਦਿੱਤਾ ਗਿਆ ਹੈ।’’ ਬੀ. ਐੱਲ. ਏ. ਨੇ ਝੜਪ ’ਚ ਮਾਰੇ ਗਏ ਆਪਣੇ 12 ਲੜਾਕੂਆਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ’ਚ ਮਜੀਦ ਬ੍ਰਿਗੇਡ ਦੇ 5 ਆਤਮਘਾਤੀ ਸ਼ਾਮਲ ਹਨ।
ਇਹ ਸੱਚ ਹੈ ਕਿ ਬੋਲਨ ਦੱਰੇ ਦੇ ਨੇੜੇ ਕਈ ਘੰਟਿਆਂ ਤੱਕ ਲੜਾਈ ਹੋਈ ਪਰ ਫੌਜ ਸਫਲ ਨਹੀਂ ਹੋਈ। ਬਲੋਚ ਦਾ ਇਹ ਬਿਆਨ ਵੀ ਮੰਨਿਆ ਜਾਵੇਗਾ ਕਿ ਤੁਸੀਂ ਬੀ. ਐੱਲ. ਏ. ਲੜਾਕਿਆਂ ਦੀਆਂ ਲਾਸ਼ਾਂ ਨੂੰ ਆਪਣੀ ਸਫਲਤਾ ਵਜੋਂ ਦਿਖਾ ਰਹੇ ਹੋ ਤਾਂ ਇਹ ਇਸ ਲਈ ਬੇਕਾਰ ਹੈ ਕਿਉਂਕਿ ਉਨ੍ਹਾਂ ਦਾ ਟੀਚਾ ਕਦੇ ਜ਼ਿੰਦਾ ਵਾਪਸ ਪਰਤਣਾ ਸੀ ਹੀ ਨਹੀਂ, ਸਗੋਂ ਆਖਰੀ ਗੋਲੀ ਤੱਕ ਲੜਨਾ ਸੀ। ਫੌਜ ਆਪਣੇ ਜਵਾਨਾਂ ਦੀ ਰਿਹਾਈ ਨਹੀਂ ਕਰ ਸਕੀ। ਉਲਟਾ ਉਸ ਦਾ ਉਹ ਝੂਠ ਉਜਾਗਰ ਹੋ ਗਿਆ ਕਿ ਜਿਹੜੇ ਆਮ ਲੋਕਾਂ ਨੂੰ ਬਚਾਉਣ ਦਾ ਇਹ ਦਾਅਵਾ ਕਰ ਰਹੀ ਹੈ, ਉਨ੍ਹਾਂ ’ਚੋਂ ਵੱਡੀ ਗਿਣਤੀ ਨੂੰ ਬਲੋਚਾਂ ਨੇ ਰਿਹਾਅ ਕਰ ਦਿੱਤਾ ਸੀ।
ਬਲੋਚ ਨੇ ਕਿਹਾ ਕਿ ਉਨ੍ਹਾਂ ਨੂੰ ਜੰਗ ਦੇ ਨਿਯਮਾਂ ਤਹਿਤ ਸੁਰੱਖਿਅਤ ਰਸਤਾ ਦਿੱਤਾ ਿਗਆ ਸੀ। ਰੇਲ ਨੂੰ ਅਗਵਾ ਕਰਦੇ ਸਮੇਂ ਲਗਭਗ 450 ਵਿਅਕਤੀ ਉਸ ’ਚ ਸਵਾਰ ਸਨ ਜਿਨ੍ਹਾਂ ’ਚੋਂ 214 ਫੌਜ ਦੇ ਜਵਾਨ ਸਨ। ਰਿਹਾਅ ਹੋ ਕੇ ਬਾਹਰ ਨਿਕਲੇ ਕਈ ਆਦਮੀਆਂ ਅਤੇ ਔਰਤਾਂ ਨੇ ਕਿਹਾ ਕਿ ਲੜਾਕਿਆਂ ਨੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਰੱਖਿਅਤ ਨਿਕਲਣ ਦਿੱਤਾ ਕਿ ਜੋ ਪਰਿਵਾਰ ਦੇ ਨਾਲ ਹਨ, ਨਿਕਲ ਜਾਣ।
ਇਹ ਬਲੋਚਾਂ ਦੇ ਸੰਘਰਸ਼ ਦਾ ਚਰਿੱਤਰ ਦੱਸਦਾ ਹੈ। ਭਾਵ ਉਹ ਅੱਤਵਾਦੀ ਸੰਗਠਨਾਂ ਵਾਂਗ ਨਿਯਮਹੀਣ ਜ਼ਾਲਮਾਨਾ ਸੰਘਰਸ਼ ਨਹੀਂ ਸਗੋਂ ਕਿਸੇ ਦੇਸ਼ ਵਲੋਂ ਕਬਜ਼ੇ ਤੋਂ ਮੁਕਤ ਹੋਣ ਲਈ ਜੰਗ ਦੇ ਕੌਮਾਂਤਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਲੜ ਰਹੇ ਹਨ। ਪਾਕਿਸਤਾਨੀ ਮੀਡੀਆ ’ਚ ਇਹ ਖਬਰ ਆਉਂਦੇ ਹੀ ਵੱਡੀ ਗਿਣਤੀ ’ਚ ਕੱਫਣ ਲਿਜਾਏ ਗਏ ਹਨ ਜਿਸ ਤੋਂ ਵਸਤੂ ਸਥਿਤੀ ਸਾਹਮਣੇ ਆ ਗਈ।
ਪਾਕਿਸਤਾਨ ’ਚ ਆਮ ਮਰੇ ਵਿਅਕਤੀਆਂ ਲਈ ਨਹੀਂ ਫੌਜ ਲਈ ਕੱਫਣ ਦੀ ਵਰਤੋਂ ਹੁੰਦੀ ਹੈ। ਭਾਵ ਫੌਜ ਅਤੇ ਸਰਕਾਰ ਲੋਕਾਂ ਨੂੰ ਝਮੇਲੇ ’ਚ ਪਾ ਰਹੀ ਹੈ ਅਤੇ ਆਪਣੀ ਸ਼ਰਮਨਾਕ ਹਾਰ ਅਤੇ ਗਲਤ ਢੰਗ ਨਾਲ ਬੰਧਕ ਸਮੱਸਿਆ ਨੂੰ ਹੈਂਡਲ ਕਰਨ ਦੀ ਨੀਤੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਪਾਕਿਸਤਾਨ ’ਚ ਫੌਜ ਨੂੰ ਸਭ ਤੋਂ ਵੱਕਾਰੀ ਅਤੇ ਪ੍ਰਭਾਵੀ ਸੰਸਥਾ ਮੰਨਿਆ ਜਾਂਦਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਘਟਨਾਵਾਂ ਅਤੇ ਸੱਚਾਈਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਨਾਲ ਪਾਕਿਸਤਾਨ ’ਚ ਹੀ ਫੌਜ ਬਦਨਾਮ ਕੌਮ ਹੋ ਗਈ ਹੈ।
ਜਦੋਂ ਇਸ ਘਟਨਾ ਦੇ ਬਾਅਦ ਪਾਕਿਸਤਾਨ ਦੇ ਇੰਟਰ ਸਰਵਿਸ ਪਬਲਿਕ ਰਿਲੇਸ਼ਨਜ਼ ਜਾਂ ਆਈ. ਐੱਸ. ਪੀ. ਆਰ. ਦੇ ਮਹਾਨਿਰਦੇਸ਼ਕ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਪ੍ਰੈੱਸ ਕਾਨਫਰੰਸ ’ਚ ਬੋਲ ਰਹੇ ਸਨ ਕਿ ਅੱਤਵਾਦੀਆਂ ਨਾਲ ਉਵੇਂ ਹੀ ਨਜਿੱਠਿਆ ਜਾਵੇਗਾ ਜਿਵੇਂ ਉਹ ਚਾਹੁੰਦੇ ਹਨ।
ਅਸੀਂ ਉਨ੍ਹਾਂ ਦੇ ਮਦਦਗਾਰਾਂ, ਸਮਰਥਕਾਂ ਨਾਲ ਭਾਵੇਂ ਉਹ ਪਾਕਿਸਤਾਨ ਦੇ ਅੰਦਰ ਹੋਣ ਜਾਂ ਬਾਹਰ ਨਜਿੱਠਾਂਗੇ ਤਾਂ ਆਮ ਜਾਣਕਾਰ ਲੋਕ ਹੱਸ ਰਹੇ ਸਨ।
ਬਲੋਚਿਸਤਾਨ ਦੀ ਪੂਰੀ ਸਥਿਤੀ ਦੇਸ਼ ਦੇ ਸਾਹਮਣੇ ਹੈ। ਫੌਜ ਅਤੇ ਸਰਕਾਰ ਦੇ ਝੂਠ ਮਿੰਟਾਂ ’ਚ ਢਹਿ-ਢੇਰੀ ਕਰ ਦਿੱਤੇ ਜਾਂਦੇ ਹਨ। ਜੇਕਰ ਫੌਜ ਤਸਵੀਰ ਜਾਰੀ ਕਰਕੇ ਦੱਸਦੀ ਹੈ ਕਿ ਉਸ ਨੇ ਇੰਨੇ ਬਲੋਚ ਬਾਗੀਆਂ ਨੂੰ ਮਾਰਿਆ ਜਾਂ ਇਲਾਕੇ ਨੂੰ ਮੁਕਤ ਕਰਾਇਆ ਤਾਂ ਲੋਕ ਸੋਸ਼ਲ ਮੀਡੀਆ ’ਤੇ ਉਨ੍ਹਾਂ ਤਸਵੀਰਾਂ ਦੀ ਸੱਚਾਈ ਲਿਆ ਦਿੰਦੇ ਹਨ। ਇਹ ਕਿਸੇ ਦੂਜੇ ਦੇਸ਼ ਦੀਆਂ ਘਟਨਾਵਾਂ ਦੀਆਂ ਤਸਵੀਰਾਂ ਹੁੰਦੀਆਂ ਹਨ। ਫੌਜ ਵੱਡੀ ਗਿਣਤੀ ’ਚ ਪੜ੍ਹੇ-ਲਿਖੇ ਸਰਗਰਮ ਲੋਕਾਂ ਦੇ ਦਰਮਿਆਨ ਮਜ਼ਾਕ ਦਾ ਵਿਸ਼ਾ ਬਣਦੀ ਗਈ ਹੈ।
ਬਲੋਚਿਸਤਾਨ ਦੇ ਵਧੇਰੇ ਇਲਾਕਿਆਂ ਤੋਂ ਪਾਕਿ ਸਰਕਾਰ ਦਾ ਕੰਟਰੋਲ ਖਤਮ ਹੋ ਚੁੱਕਾ ਹੈ। ਫੌਜ ਜਿਸ ਤਰ੍ਹਾਂ ਉੱਥੇ ਜ਼ੁਲਮ ਕਰਦੀ ਰਹੀ ਹੈ, ਉਸ ਵਿਰੁੱਧ ਆਮ ਜਨਤਾ ’ਚ ਵੀ ਬਗਾਵਤ ਹੈ। ਵਿਦੇਸ਼ ’ਚ ਜਲਾਵਤਨ ਹੋਏ ਜਾਂ ਰਹਿ ਰਹੇ ਬਲੋਚਾਂ ਅਤੇ ਹਥਿਆਰਾਂ ਅਤੇ ਅਹਿੰਸਕ ਢੰਗ ਨਾਲ ਲੜ ਰਹੇ ਬਲੋਚ ਸਮੂਹਾਂ ਨੇ ਫੌਜ ਦੇ ਜ਼ੁਲਮ ਦੇ ਜੋ ਵੇਰਵੇ ਵਾਰ-ਵਾਰ ਦਿੱਤੇ ਹਨ, ਉਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਹਨ। ਲੋਕਾਂ ਨੂੰ ਕਤਾਰਾਂ ’ਚ ਖੜ੍ਹਾ ਕਰ-ਕਰ ਕੇ ਗੋਲੀ ਮਾਰ ਦਿੱਤੀ ਗਈ, ਬੱਚਿਆਂ ਅਤੇ ਔਰਤਾਂ ਤੱਕ ਨੂੰ ਨਹੀਂ ਬਖਸ਼ਿਆ ਗਿਆ।
ਅਜਿਹੀਆਂ ਘਟਨਾਵਾਂ ਹਨ ਜਿਨ੍ਹਾਂ ’ਚ ਗਰਭਵਤੀ ਔਰਤ ਨੂੰ ਹਵਾਈ ਜਹਾਜ਼ ’ਚ ਲਿਜਾ ਕੇ ਉਪਰੋਂ ਹੇਠਾਂ ਸੁੱਟ ਦਿੱਤਾ ਗਿਆ। ਅੱਤਵਾਦ ਨਾਲ ਸੰਘਰਸ਼ ਦਾ ਵਿਸ਼ਵਾਸ ਦਿਖਾਉਣ ਲਈ ਫੌਜ ਬਲੋਚਾਂ ਨੂੰ ਮਾਰਦੀ ਅਤੇ ਅਮਰੀਕਾ ਕੋਲ ਤਸਵੀਰ ਭੇਜਦੀ ਸੀ ਕਿ ਅਸੀਂ ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਦੇ ਵੀ ਸੱਚ ਸਾਹਮਣੇ ਆ ਗਏ।
ਬਲੋਚਿਸਤਾਨ ਦੀ ਆਪਣੀ ਵੱਖਰੀ ਹੋਂਦ ਰਹੀ ਹੈ। ਆਜ਼ਾਦੀ ਦੇ ਬਾਅਦ ਉਸ ਦੀ ਆਪਣੀ ਵਿਵਸਥਾ ਸੀ। ਇਸਲਾਮਾਬਾਦ ’ਚ ਉਸ ਦੇ ਦੂਤਘਰ ਸਨ, ਜਿਸ ’ਚ ਬਲੋਚ ਝੰਡਾ ਲੱਗਾ ਸੀ। ਬਲੋਚਾਂ ਨੇ ਖੁਦ ਨੂੰ ਵੱਖਰਾ ਦੇਸ਼ ਸਾਬਿਤ ਕਰਨ ਲਈ ਮੁਹੰਮਦ ਅਲੀ ਜਿੱਨਾਹ ਨੂੰ ਹੀ ਵਕੀਲ ਰੱਖਿਆ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਸਾਹਮਣੇ ਉਨ੍ਹਾਂ ਦਾ ਕੇਸ ਪੇਸ਼ ਕੀਤਾ। ਬਾਅਦ ’ਚ ਜਿੱਨਾਹ ਨੇ ਹੀ ਬਲੋਚਿਸਤਾਨ ਨੂੰ ਹੜੱਪ ਲਿਆ।
ਪਾਕਿਸਤਾਨੀ ਫੌਜ ਆਮ ਮਨੁੱਖਤਾ ਨੂੰ ਅੱਖੋਂ ਪਰੋਖੇ ਕਰ ਕੇ ਬਲੋਚਾਂ ਨੂੰ ਅਪਰਾਧੀ ਮੰਨ ਕੇ ਬੇਰਹਿਮੀ ਨਾਲ ਉਨ੍ਹਾਂ ਦੇ ਵਿਰੁੱਧ ਹਿੰਸਾ ਕਰਦੀ ਹੈ ਅਤੇ ਉਹ ਵੀ ਸੂਬਾ ਅੱਤਵਾਦ ਹੀ ਹੈ।
ਅਵਧੇਸ਼ ਕੁਮਾਰ
ਰੁਪਿਆ ਪ੍ਰਤੀਕ ਨੂੰ ਨਾ ਮੰਨਣ ਵਾਲਾ ਇਕੋ-ਇਕ ਸੂਬਾ ਹੈ ਤਾਮਿਲਨਾਡੂ
NEXT STORY