ਅਜਿਹਾ ਲੱਗਦਾ ਹੈ ਕਿ ਫਿਲਮੀ ਕਲਾਕਾਰ ਹੀ ਸਿਆਸਤ ’ਚ ਨਹੀਂ ਆ ਰਹੇ, ਸਾਡੇ ਸਿਆਸੀ ਆਗੂਆਂ ’ਤੇ ਵੀ ਫਿਲਮੀ ਨਾਟਕੀਅਤਾ ਦਾ ਅਸਰ ਪੈਂਦਾ ਜਾ ਰਿਹਾ ਹੈ। ਇਕ ਦਹਾਕੇ ’ਚ ਹੀ 2 ਸੂਬਿਆਂ ਦੀ ਸੱਤਾ ਅਤੇ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ (ਆਪ) ਦੇ ਕਾਰ-ਮੁਖਤਾਰ ਅਰਵਿੰਦ ਕੇਜਰੀਵਾਲ ਦੀ ਸਿਆਸੀ ਸ਼ੈਲੀ ਹਮੇਸ਼ਾ ਹੈਰਾਨ ਕਰ ਦੇਣ ਵਾਲੀ ਰਹੀ ਹੈ। ਉਹ ਕਦੋਂ ਕਿਹੜਾ ਸਿਆਸੀ ਦਾਅ ਚੱਲਣਗੇ, ਇਹ ਸ਼ਾਇਦ ਉਨ੍ਹਾਂ ਦੇ ਨਜ਼ਦੀਕੀਆਂ ਨੂੰ ਵੀ ਪਤਾ ਨਹੀਂ ਲੱਗਦਾ। ਕਥਿਤ ਸ਼ਰਾਬ ਨੀਤੀ ਘਪਲੇ ’ਚ ਗ੍ਰਿਫਤਾਰੀ ਦੇ ਬਾਅਦ ਤੋਂ ਹੀ ਭਾਜਪਾ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਕੇਜਰੀਵਾਲ ਦਾ ਅਸਤੀਫਾ ਮੰਗਦੇ-ਮੰਗਦੇ ਥੱਕ ਗਈ, ਪਰ ਉਹ ਜੇਲ ਤੋਂ ਹੀ ਸਰਕਾਰ ਚਲਾਉਣ ਦੀ ਜ਼ਿੱਦ ਕਰ ਕੇ ਉਸ ਨੂੰ ਚਿੜਾਉਂਦੇ ਰਹੇ।
ਇਹ ਸੱਚ ਹੈ ਕਿ ਮੁੱਖ ਮੰਤਰੀ ਅਹੁਦਾ ਵਾਪਸ ਲੈ ਲਏ ਜਾਣ ’ਤੇ ਚੰਪਈ ਸੋਰੇਨ ਬਗਾਵਤ ਕਰ ਕੇ ਭਾਜਪਾਈ ਹੋ ਗਏ, ਪਰ ਇਸ ਨਾਲ ਹੇਮੰਤ ਸੋਰੇਨ ਦੀ ਨੈਤਿਕ ਚੜ੍ਹਤ ਘੱਟ ਨਹੀਂ ਹੋ ਜਾਂਦੀ। ਉਨ੍ਹਾਂ ਨੇ ਗ੍ਰਿਫਤਾਰੀ ਕਾਰਨ ਅਸਤੀਫਾ ਦੇਣ ਦੀ ਨੈਤਿਕਤਾ ਦਿਖਾਈ ਅਤੇ ਤਦ ਹੀ ਅਹੁਦਾ ਵਾਪਸ ਸੰਭਾਲਿਆ, ਜਦ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ। ਜ਼ਮਾਨਤ ਦਿੰਦੇ ਸਮੇਂ ਹਾਈਕੋਰਟ ਨੇ ਜੋ ਟਿੱਪਣੀਆਂ ਕੀਤੀਆਂ, ਉਹ ਹੇਮੰਤ ਨੂੰ ਗ੍ਰਿਫਤਾਰ ਕਰਨ ਵਾਲੀ ਈ. ਡੀ. ਦੀ ਸਾਖ ’ਤੇ ਸਵਾਲੀਆ ਨਿਸ਼ਾਨ ਲਾਉਂਦੀਆਂ ਹਨ।
ਬੇਸ਼ੱਕ ਨਵੇਂ ਮੁੱਖ ਮੰਤਰੀ ਦੀ ਚੋਣ ‘ਆਪ’ ਲੀਡਰਸ਼ਿਪ ਅਤੇ ਵਿਧਾਇਕ ਦਲ ਦਾ ਵਿਸ਼ੇਸ਼ ਅਧਿਕਾਰ ਹੈ। ਆਤਿਸ਼ੀ ਦੇ ਅਕਸ ਨੂੰ ਦੇਖਦੇ ਹੋਏ ਉਨ੍ਹਾਂ ਦੀ ਚੋਣ ’ਤੇ ਸਵਾਲ ਵੀ ਨਹੀਂ ਉਠਾਇਆ ਜਾ ਸਕਦਾ, ਪਰ ਨਾਲ ਕੇਜਰੀਵਾਲ ਦੀ ਕੁਰਸੀ ਰੱਖ ਕੇ ਦੂਜੀ ਕੁਰਸੀ ’ਤੇ ਬੈਠ ਕੇ ਸ਼ਾਸਨ ਚਲਾਉਣ ਦਾ ਫੈਸਲਾ ਕਈ ਅਸਹਿਜ ਸਵਾਲ ਖੜ੍ਹੇ ਕਰਦਾ ਹੈ। ਭਾਰਤ ਦੇ ਸੰਵਿਧਾਨ ’ਚ ‘ਅਪ੍ਰਤੱਖ ਸ਼ਾਸਨ’ ਜਾਂ ‘ਖੜਾਵਾਂ ਰਾਜ’ ਦੀ ਕੋਈ ਵਿਵਸਥਾ ਨਹੀਂ ਹੈ। ਜਦ ਜ਼ਮਾਨਤ ’ਤੇ ਬਾਹਰ ਆਉਣ ਦੇ 2 ਦਿਨ ਬਾਅਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਉਹ 2 ਦਿਨ ਪਿੱਛੋਂ ਅਸਤੀਫਾ ਦੇ ਦੇਣਗੇ, ਤਦ ਹੀ ਇਕ ਮੰਤਰੀ ਸੌਰਭ ਭਾਰਦਵਾਜ ਨੇ ਸੰਕੇਤ ਦਿੱਤਾ ਸੀ ਕਿ ਨਵਾਂ ਮੁੱਖ ਮੰਤਰੀ ਜੋ ਵੀ ਹੋਵੇਗਾ, ਉਹ ਕੇਜਰੀਵਾਲ ਦੇ ਨਾਂ ’ਤੇ ‘ਖੜਾਵਾਂ ਰਾਜ’ ਹੀ ਚਲਾਏਗਾ। ਖੁਦ ਆਤਿਸ਼ੀ ਨੇ ਵਿਧਾਇਕ ਦਲ ਦੀ ਆਗੂ ਚੁਣੇ ਜਾਣ ਪਿੱਛੋਂ ਕਿਹਾ ਸੀ ਕਿ ਉਹ ਵਿਸ਼ਵਾਸ ਜਤਾਉਣ ਲਈ ਧੰਨਵਾਦੀ ਹੈ ਪਰ ਦਿੱਲੀ ਦਾ ਇਕ ਹੀ ਮੁੱਖ ਮੰਤਰੀ ਹੈ ਅਤੇ ਉਹ ਹਨ ਅਰਵਿੰਦ ਕੇਜਰੀਵਾਲ।
ਇਹ ਸਭ ਕਹਿਣਾ-ਸੁਣਨਾ ਸਿਆਸੀ ਦਾਅ-ਪੇਚ ਅਤੇ ਚੋਣ ਮਾਹੌਲ ਲਈ ਤਾਂ ਠੀਕ ਹਨ, ਪਰ 23 ਸਤੰਬਰ ਨੂੰ ਅਹੁਦਾ ਸੰਭਾਲਦੇ ਹੋਏ ਆਤਿਸ਼ੀ ਜਿਵੇਂ ਨਾਲ ਕੇਜਰੀਵਾਲ ਦੀ ਖਾਲੀ ਕੁਰਸੀ ਰੱਖਦਿਆਂ ਦੂਜੀ ਕੁਰਸੀ ’ਤੇ ਬੈਠੀ ਅਤੇ ਸਾਫ-ਸਾਫ ਕਿਹਾ ਕਿ ਉਹ ਉਸੇ ਤਰ੍ਹਾਂ ‘ਖੜਾਵਾਂ ਰਾਜ’ ਚਲਾਏਗੀ, ਜਿਵੇਂ 14 ਸਾਲ ਲਈ ਬਨਵਾਸ ’ਤੇ ਗਏ ਰਾਮ ਦੀ ਥਾਂ ਉਨ੍ਹਾਂ ਦੇ ਛੋਟੇ ਭਰਾ ਭਰਤ ਨੇ ਚਲਾਇਆ ਸੀ।
ਨਵੇਂ ਮੁੱਖ ਮੰਤਰੀ ਦੇ ਰੂਪ ’ਚ ਸਹੁੰ ਚੁੱਕਣ ਪਿੱਛੋਂ ਆਤਿਸ਼ੀ ਨੇ ਜਿਵੇਂ ਰਾਜਨਿਵਾਸ ’ਚ ਕੇਜਰੀਵਾਲ ਦੇ ਪੈਰ ਛੂਹੇ, ਉਸ ਨੂੰ ਤੇਜ਼ੀ ਨਾਲ ਅਲੋਪ ਹੋ ਰਹੇ ਸੰਸਕਾਰ ਅਤੇ ਸ਼ਿਸ਼ਟਾਚਾਰ ਦੀ ਮਿਸਾਲ ਮੰਨਿਆ ਜਾ ਸਕਦਾ ਹੈ ਪਰ ਕੇਜਰੀਵਾਲ ਨੂੰ ‘ਰਾਮ’ ਦੱਸਦੇ ਹੋਏ ਖੁਦ ‘ਭਰਤ’ ਬਣ ਕੇ ਜਿਵੇਂ ‘ਖੜਾਵਾਂ ਰਾਜ’ ਦੀ ਗੱਲ ਆਤਿਸ਼ੀ ਕਹਿ ਰਹੀ ਹੈ, ਉਹ ਅਜਿਹੀ ਨਾਟਕੀਅਤਾ ਹੈ, ਜੋ ਨਾ ਸਿਰਫ ਇਤਰਾਜ਼ਯੋਗ ਹੈ, ਸਗੋਂ ਵਿਰੋਧੀ ਧਿਰ ਨੂੰ ਚੋਣ ਮੁੱਦਾ ਵੀ ਮੁਹੱਈਆ ਕਰਵਾਏਗੀ। ਸੰਵਿਧਾਨ ਤਹਿਤ ਸ਼ਾਸਨ ਦੀ ਸਹੁੰ ਚੁੱਕਣ ਪਿੱਛੋਂ ਆਪਣੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਤੋਂ ਮੂੰਹ ਮੋੜ ਕੇ ਕਿਸੇ ਹੋਰ ਦੇ ਨਾਂ ‘ਖੜਾਵਾਂ ਰਾਜ’ ਚਲਾਉਣਾ ਗੈਰ-ਸੰਵਿਧਾਨਿਕ ਅਤੇ ਗੈਰ-ਲੋਕਤੰਤਰਿਕ ਹੈ। ਭਾਵੇਂ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ’ਚ ਅਜਿਹਾ ਕਰਨ ਵਾਲੀ ਆਤਿਸ਼ੀ ਪਹਿਲੀ ਸਿਆਸੀ ਆਗੂ ਨਹੀਂ ਹੈ। ਉਨ੍ਹਾਂ ਤੋਂ ਪਹਿਲਾਂ ਜੈਲਲਿਤਾ ਦੀ ਸਵਾਮੀਭਗਤੀ ’ਚ ਪੰਨੀਰਸੇਲਵਮ ਅਜਿਹਾ ਕਰ ਚੁੱਕੇ ਹਨ।
ਆਪਣੇ ਦੌਰ ਦੀ ਚਰਚਿਤ ਫਿਲਮ ਅਦਾਕਾਰਾ ਵੀ ਰਹੀ, ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਜਦੋਂ ਜੇਲ ਗਈ ਤਾਂ ਉਨ੍ਹਾਂ ਦੀ ਥਾਂ ਮੁੱਖ ਮੰਤਰੀ ਪੰਨੀਰਸੇਲਵਮ ਵੀ ਉਨ੍ਹਾਂ ਦਾ ਸਿੰਘਾਸਨ ਖਾਲੀ ਛੱਡ ਕੇ ਨਾਲ ਕੁਰਸੀ ਰੱਖ ਕੇ ਸ਼ਾਸਨ ਚਲਾਇਆ ਕਰਦੇ ਸਨ। ਇਹ ਜਾਣਨਾ ਵੀ ਦਿਲਚਸਪ ਹੋਵੇਗਾ ਕਿ ਜੇਲ ਤੋਂ ਜੈਲਲਿਤਾ ਦਾ ਫੋਨ ਆਉਣ ’ਤੇ ਪੰਨੀਰਸੇਲਵਮ ਸਮੇਤ ਪੂਰਾ ਮੰਤਰੀ ਮੰਡਲ ਖੜ੍ਹੇ ਹੋ ਕੇ ਗੱਲ ਕਰਦਾ ਹੁੰਦਾ ਸੀ।
ਜੈਲਲਿਤਾ ਦੀ ਅਜੇਤੂ ਦਿਸਣ ਵਾਲੀ ਅੰਨਾਦ੍ਰਮੁਕ ਦਾ ਅਖੀਰ ਕੀ ਹਸ਼ਰ ਹੋਇਆ, ਸਭ ਦੇ ਸਾਹਮਣੇ ਹੈ। ਭਾਵੇਂ ਲੋਕ-ਲੁਭਾਉਣੇ ਚੋਣ ਮੁੱਦਿਆਂ ਜ਼ਰੀਏ ਹੀ ਸਹੀ, ‘ਆਪ’ ਨੇ ਇਕ ਨਵੀਂ ਸਿਆਸਤ ਦੀ ਸ਼ੁਰੂਆਤ ਦੇਸ਼ ’ਚ ਕੀਤੀ ਹੈ। ਅਰਵਿੰਦ ਕੇਜਰੀਵਾਲ ਦੇਸ਼ ਦੇ ਹਰਮਨਪਿਆਰੇ ਆਗੂਆਂ ’ਚੋਂ ਇਕ ਹਨ। ਕਥਿਤ ਸ਼ਰਾਬ ਨੀਤੀ ਘਪਲੇ ’ਚ ਗ੍ਰਿਫਤਾਰੀ ਅਤੇ ਅਸਤੀਫਾ ਦੇਣ ’ਚ ਦੇਰੀ ਨਾਲ ਉਨ੍ਹਾਂ ਦੀ ਸਾਖ ’ਤੇ ਸਵਾਲ ਉੱਠੇ ਹਨ ਪਰ ਦਿੱਲੀ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ’ਚ ‘ਆਪ’ ਦੀ ਜਿੱਤ ’ਚ ਸ਼ੱਕ ਦਾ ਕੋਈ ਠੋਸ ਆਧਾਰ ਨਜ਼ਰ ਨਹੀਂ ਆਉਂਦਾ।
ਉਹ ਸੰਵਿਧਾਨ ਅਤੇ ਲੋਕਤੰਤਰ ਦੀਆਂ ਭਾਵਨਾਵਾਂ ਨੂੰ ਬਾਖੂਬੀ ਸਮਝ ਸਕਦੀ ਹੈ। ਸੰਭਵ ਹੈ, ਆਤਿਸ਼ੀ ਦੇ ਇਸ ਆਚਰਣ ਤੋਂ ਅਰਵਿੰਦ ਕੇਜਰੀਵਾਲ ਪ੍ਰਸੰਨ ਹੋਣ। ਉਨ੍ਹਾਂ ਦੇ ਪੈਰੋਕਾਰ ਵੀ ਖੁਸ਼ ਹੋ ਸਕਦੇ ਹਨ, ਪਰ ਸਮਝਦਾਰ ਵੋਟਰਾਂ ਨੂੰ ਸੰਵਿਧਾਨ ਅਤੇ ਲੋਕਤੰਤਰ ਦਾ ਅਜਿਹਾ ਮਖੌਲ ਪਸੰਦ ਨਹੀਂ ਆਏਗਾ। ਸਿਆਸੀ ਆਗੂਆਂ ਨੂੰ ‘ਦੇਵਤਾ’ ਅਤੇ ‘ਭਗਵਾਨ’ ਬਣਾਉਣ ਦਾ ਚਾਪਲੂਸੀ ਵਾਲਾ ਸੱਭਿਆਚਾਰ ਬੇਹੱਦ ਖਤਰਨਾਕ ਹੈ। ਹਾਲ ਹੀ ’ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼ਰਾਬ ਘਪਲੇ ਦੇ ਇਕ ਹੋਰ ਦੋਸ਼ੀ ਮਨੀਸ਼ ਸਿਸੋਦੀਆ ਨੇ ਵੀ ਬਿਆਨ ਦਿੱਤਾ ਕਿ ਰਾਮ-ਲਛਮਣ ਦੀ ਜੋੜੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਜ਼ਾਹਿਰ ਹੈ ਉਹ ਕੇਜਰੀਵਾਲ ਨੂੰ ‘ਰਾਮ’ ਅਤੇ ਖੁਦ ਨੂੰ ‘ਲਛਮਣ’ ਦੱਸ ਰਹੇ ਹਨ।
- ਰਾਜ ਕੁਮਾਰ ਸਿੰਘ
ਗੁਆਂਢ ’ਚ ਅਸੀਂ ਕੀ ਗੁਆਇਆ ਅਸੀਂ ਕੀ ਪਾਇਆ
NEXT STORY