ਸਾਡੇ ਗੁਆਂਢ ’ਚ, ਭਾਰਤ ਚੀਨ ਦੇ ਨਾਲ 3,488 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ ਪਰ ਕੋਈ ਵੀ ਚੀਨ ਨੂੰ ਆਪਣਾ ਗੁਆਂਢੀ ਨਹੀਂ ਮੰਨਦਾ। ਮੈਨੂੰ ਹੈਰਾਨੀ ਹੈ ਕਿ ਅਜਿਹਾ ਕਿਉਂ? ਲੰਬੀਆਂ ਸਰਹੱਦਾਂ ਵਾਲੇ ਸਾਡੇ 2 ਗੁਆਂਢੀ ਪਾਕਿਸਤਾਨ (3,310 ਕਿ. ਮੀ.) ਅਤੇ ਬੰਗਲਾਦੇਸ਼ (4,096 ਕਿ.ਮੀ.) ਹਨ ਅਤੇ ਅਸੀਂ ਅਮਲੀ ਤੌਰ ’ਤੇ ਸਾਰੀ ਲੰਬਾਈ ’ਚ ਵਾੜ ਲਾ ਦਿੱਤੀ ਹੈ। ਨੇਪਾਲ ਅਤੇ ਭਾਰਤ ਦੀ ਇਕ ‘ਖੁੱਲ੍ਹੀ ਸਰਹੱਦ’ ਨੀਤੀ ਹੈ ਅਤੇ ਕੁਝ ਅੜਿੱਕਿਆਂ ਨੂੰ ਛੱਡ ਕੇ, ਖੁੱਲ੍ਹੀ ਸਰਹੱਦ ਨੇ ਦੋਹਾਂ ਦੇਸ਼ਾਂ ਦਰਮਿਆਨ ਮਾਲ, ਸੇਵਾਵਾਂ ਅਤੇ ਮਨੁੱਖਾਂ ਦੀ ਆਵਾਜਾਈ ਨੂੰ ਸਹੂਲਤ ਵਾਲਾ ਬਣਾਇਆ ਹੈ।
ਭੂਟਾਨ ਇਕ ਛੋਟਾ ਦੇਸ਼ ਹੈ ਜੋ ਭਾਰਤ ਨਾਲ 578 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ ਪਰ ਰਣਨੀਤਿਕ ਤੌਰ ’ਤੇ ਇਕ ਮੁੱਲਵਾਨ ਗੁਆਂਢੀ ਹੈ। ਸ਼੍ਰੀਲੰਕਾ ਸੰਕੀਰਣ ਪਾਕਿ ਜਲਡਮਰੂ ਮੱਧ ਨਾਲ ਵੱਖਰਾ ਹੁੰਦਾ ਹੈ ਅਤੇ ਇਤਿਹਾਸਕ ਅਤੇ ਸੱਭਿਆਚਾਰਕ ਕਾਰਨਾਂ ਕਰ ਕੇ ਇਕ ਅਹਿਮ ਅਤੇ ਕਦੀ-ਕਦੀ ਸਮੱਸਿਆਗ੍ਰਸਤ ਗੁਆਂਢੀ ਹੈ। ਮਾਲਦੀਵ ਕੁਝ ਦੂਰੀ ’ਤੇ ਹੈ ਪਰ ਅਸੀਂ ਚੀਨ ਦੇ ਬਾਵਜੂਦ ਉਸ ਦੇਸ਼ ਨਾਲ ਚੰਗੇ ਸਬੰਧ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ।
1988 ’ਚ ਅਸੀਂ ਮਾਲਦੀਵ ਨੂੰ ਡਾਕੂਆਂ ਦੇ ਇਕ ਸਮੂਹ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਚਾਇਆ ਸੀ ਪਰ ਮੈਨੂੰ ਸ਼ੱਕ ਹੈ ਕਿ ਕਿਸੇ ਨੂੰ ਆਪ੍ਰੇਸ਼ਨ ਕੈਕਟਸ ਯਾਦ ਹੈ। ਅਫਗਾਨਿਸਤਾਨ ਦੀ ਭਾਰਤ ਨਾਲ 106 ਕਿਲੋਮੀਟਰ ਦੀ ਇਕ ਛੋਟੀ ਜਿਹੀ ਸਰਹੱਦ ਹੈ। ਇਸ ਦੀ ਅਸ਼ਾਂਤ ਘਰੇਲੂ ਸਿਆਸਤ ਨੇ ਭਾਰਤ ਨਾਲ ਸਬੰਧਾਂ ਨੂੰ ‘ਆਨ-ਆਫ’ ਮੋਡ ’ਤੇ ਰੱਖਿਆ ਹੈ। ਚੀਨ ਨੂੰ ਛੱਡ ਕੇ ਭਾਰਤ ਅਤੇ ਇਹ ਦੇਸ਼, ਦੱਖਣੀ ਏਸ਼ੀਆਈ ਇਲਾਕਾਈ ਸਹਿਯੋਗ ਸੰਗਠਨ (ਐੱਸ. ਏ. ਆਰ. ਆਰ. ਸੀ.) ਨਾਂ ਦੇ ਇਕ ਇਲਾਕਾਈ ਸਮੂਹ ਦੇ ਮੈਂਬਰ ਹਨ।
ਐੱਸ. ਏ. ਆਰ. ਆਰ. ਸੀ. ਕਿਥੇ ਹੈ?
ਭਾਰਤੀ ਯੋਜਨਾਵਾਂ ’ਚ ਇਨ੍ਹਾਂ ਗੁਆਂਢੀਆਂ ਦਾ ਕੀ ਸਥਾਨ ਹੈ? ਆਈ. ਕੇ. ਗੁਜਰਾਲ ਨੇ ਲੁਕ ਈਸਟ ਨੀਤੀ ਦਾ ਐਲਾਨ ਕੀਤਾ। ਏ. ਬੀ. ਵਾਜਪਾਈ ਨੇ ਚਲਾਕੀ ਨਾਲ ਨੀਤੀ ਨੂੰ ਐਕਟ ਈਸਟ ’ਚ ਬਦਲ ਦਿੱਤਾ।
ਜਿਵੇਂ ਕਿ ਉਨ੍ਹਾਂ ਦਾ ਸੁਭਾਅ ਹੈ, ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੀ ਨੀਤੀ ਵਜੋਂ ਗੁਆਂਢ ਪਹਿਲਾਂ ਦਾ ਐਲਾਨ ਕੀਤਾ।
ਮੈਂ ਗੁਆਂਢੀ ਦੇਸ਼ਾਂ ’ਚ ਪ੍ਰਧਾਨ ਮੰਤਰੀ ਦੀ ਨਿੱਜੀ ਰੁਚੀ ਜਾਣਨ ਲਈ ਉਤਸੁਕ ਸੀ। ਮੈਂ ਪੁੱਛਿਆ ਕਿ ਮੋਦੀ ਨੇ ਆਖਰੀ ਵਾਰ ਐੱਸ. ਏ. ਆਰ. ਆਰ. ਸੀ. (ਸਾਰਕ) ਦੇ ਹਰ ਮੈਂਬਰ ਦੇਸ਼ ਦਾ ਦੌਰਾ ਕਦੋਂ ਕੀਤਾ ਸੀ ਅਤੇ ਮੈਨੂੰ ਐੱਸ. ਏ. ਆਰ. ਆਰ. ਸੀ. ਵੈੱਬਸਾਈਟ ਤੋਂ ਹੇਠਾਂ ਲਿਖੀ ਜਾਣਕਾਰੀ ਮਿਲੀ।
ਭੂਟਾਨ-2024, ਮਾਰਚ
ਨੇਪਾਲ-2022, ਮਈ
ਬੰਗਲਾਦੇਸ਼-2021, ਮਾਰਚ
ਮਾਲਦੀਵ-2019, ਜੂਨ
ਸ਼੍ਰੀਲੰਕਾ-2019, ਜੂਨ
ਅਫਗਾਨਿਸਤਾਨ-2016, ਜੂਨ
ਪਾਕਿਸਤਾਨ-2015, ਦਸੰਬਰ
ਮੈਂ ਇਹ ਵੀ ਦੇਖਿਆ ਕਿ ਪਿਛਲੇ 10 ਸਾਲਾਂ ’ਚ ਪ੍ਰਧਾਨ ਮੰਤਰੀ ਨੇ ਨੇਪਾਲ ਦੀ 5, ਭੂਟਾਨ ਦੀ 3, ਸ਼੍ਰੀਲੰਕਾ ਦੀ 3, ਬੰਗਲਾਦੇਸ਼ ਦੀ 2, ਮਾਲਦੀਵ ਦੀ 2, ਅਫਗਾਨਿਸਤਾਨ ਦੀ 2 ਅਤੇ ਪਾਕਿਸਤਾਨ ਦੀ ਇਕ ਵਾਰ ਯਾਤਰਾ ਕੀਤੀ ਹੈ। ਇਹ 18 ਯਾਤਰਾਵਾਂ ਮੋਦੀ ਦੇ ਕਾਰਜਕਾਲ ’ਚ ਕੀਤੀਆਂ ਗਈਆਂ ਜੋ 82 ਵਿਦੇਸ਼ੀ ਯਾਤਰਾਵਾਂ ’ਚੋਂ ਸਨ। ਮੈਨੂੰ ਇਹ ਦੇਖ ਕੇ ਨਿਰਾਸ਼ਾ ਹੋਈ ਕਿ ਮਾਰਚ 2024 ’ਚ ਭੂਟਾਨ ਦੀ ਇਕ ਦਿਨਾ ਯਾਤਰਾ ਨੂੰ ਛੱਡ ਕੇ ਉਨ੍ਹਾਂ ਨੇ 2 ਸਾਲ ਤੋਂ ਵੱਧ ਸਮੇਂ ਤਕ ਕਿਸੇ ਹੋਰ ਗੁਆਂਢੀ ਦੇਸ਼ ਦਾ ਦੌਰਾ ਨਹੀਂ ਕੀਤਾ।
18ਵਾਂ ਸਾਰਕ ਸਿਖਰ ਸੰਮੇਲਨ ਨਵੰਬਰ 2014 ’ਚ ਨੇਪਾਲ ਦੇ ਕਾਠਮੰਡੂ ’ਚ ਆਯੋਜਿਤ ਕੀਤਾ ਗਿਆ ਸੀ। ਨਵੰਬਰ 2016 ’ਚ ਇਸਲਾਮਾਬਾਦ, ਪਾਕਿਸਤਾਨ ’ਚ ਹੋਣ ਵਾਲੇ 19ਵੇਂ ਸਿਖਰ ਸੰਮੇਲਨ ਦਾ ਭਾਰਤ ਨੇ ਬਾਈਕਾਟ ਕੀਤਾ ਸੀ, ਉਸ ਪਿੱਛੋਂ ਚਾਰ ਹੋਰ ਦੇਸ਼ਾਂ ਨੇ ਇਸ ਦਾ ਬਾਈਕਾਟ ਕੀਤਾ ਸੀ। ਉਸ ਦੇ ਬਾਅਦ ਤੋਂ ਕੋਈ ਸਿਖਰ ਸੰਮੇਲਨ ਨਹੀਂ ਹੋਇਆ ਹੈ। ਵਾਜਪਾਈ ਦੇ ਕਾਰਜਕਾਲ ’ਚ ਵਿਦੇਸ਼ ਮੰਤਰੀ ਰਹੇ ਜਸਵੰਤ ਸਿੰਘ ਨੇ ਸਾਰਕ ਨੂੰ ‘ਪੂਰੀ ਤਰ੍ਹਾਂ ਅਸਫਲ’ ਐਲਾਨਿਆ ਸੀ। ਅਜਿਹਾ ਲੱਗਦਾ ਹੈ ਕਿ ਮੋਦੀ ਸਰਕਾਰ ਨੇ ਉਸ ਸਿੱਟੇ ਨੂੰ ਅੰਤਿਮ ਤੌਰ ’ਤੇ ਸਵੀਕਾਰ ਕਰ ਲਿਆ ਹੈ।
ਡ੍ਰੈਗਨ ਅਤੇ ਹਾਥੀ
ਆਪਣੇ ਕਾਰਜਕਾਲ ਦੌਰਾਨ ਮੋਦੀ ਨੇ 2015 ਤੋਂ ਜੂਨ 2018 ਦੇ ਦਰਮਿਆਨ 5 ਵਾਰ ਚੀਨ ਦਾ ਦੌਰਾ ਕੀਤਾ ਜਿਸ ਪਿੱਛੋਂ ਸਬੰਧਾਂ ’ਚ ਖੱਟਾਸ ਆ ਗਈ। ਉਨ੍ਹਾਂ ਨੇ 2 ਵਾਰ ਮਿਆਂਮਾਰ ਅਤੇ ਇਕ ਵਾਰ ਮਾਰੀਸ਼ਿਸ ਦਾ ਵੀ ਦੌਰਾ ਕੀਤਾ। ਫੌਜੀ ਮੌਜੂਦਗੀ ਦੇ ਮਾਮਲੇ ’ਚ, ਚੀਨ ਨੇ ਐੱਲ. ਏ. ਸੀ. ’ਤੇ ਆਪਣੇ ਫੌਜੀਆਂ ਦੀ ਗਿਣਤੀ ਵਧਾ ਦਿੱਤੀ ਹੈ ਅਤੇ ਸੜਕਾਂ, ਪੁਲ, ਬਸਤੀਆਂ, ਕੈਂਪ, ਜ਼ਮੀਨਦੋਜ਼ ਸਹੂਲਤਾਂ ਅਤੇ ਭੰਡਾਰਨ ਸਥਾਨ ਬਣਾ ਰਿਹਾ ਹੈ। ਵਪਾਰ ਦੇ ਮਾਮਲੇ ’ਚ, ਚੀਨ ਨਾਲ ਘਾਟਾ 2013-14 ’ਚ 37 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 2023-24 ’ਚ 85 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ।
ਮਾਰੀਸ਼ਿਸ ਉਨ੍ਹਾਂ ਲੋਕਾਂ ਲਈ ਇਕ ਸੁਰੱਖਿਅਤ ਸਹਾਰਾ ਬਣ ਕੇ ਖੁਸ਼ ਹੈ ਜੋ ਉਸ ਦੇਸ਼ ’ਚ ਪੈਸਾ ਲਿਆਉਣਾ ਚਾਹੁੰਦੇ ਹਨ ਅਤੇ ਭਾਰਤ ’ਚ ਨਿਵੇਸ਼ ਕਰਨਾ ਚਾਹੁੰਦੇ ਹਨ। ਮਿਆਂਮਾਰ ਰੋਹਿੰਗਿਆ ਸ਼ਰਨਾਰਥੀਆਂ ਨੂੰ ਭਾਰਤ ’ਚ ਧੱਕਦਾ ਹੈ ਅਤੇ ਨਹੀਂ ਤਾਂ, ਇਸ ’ਤੇ ਕਿਸੇ ਦਾ ਧਿਆਨ ਨਾ ਜਾਂਦਾ। ਇਨ੍ਹਾਂ ਨਤੀਜਿਆਂ ਨੂੰ ਬਦਲਣ ’ਚ ਭਾਰਤ ਨੇ ਕੀ ਹਾਸਲ ਕੀਤਾ ਹੈ? ਸਪੱਸ਼ਟ ਤੌਰ ’ਤੇ, ਅਜੇ ਤਕ ਕੁਝ ਵੀ ਨਹੀਂ। ਆਪਣੇ ਗੁਆਂਢ ਦੀ ਅਣਦੇਖੀ ਕਰਨ ਦੀ ਕੀਮਤ ਸਾਨੂੰ ਚੁਕਾਉਣੀ ਪਈ ਹੈ। ਅਸੀਂ ਨੇਪਾਲ ’ਚ ਅੱਧ-ਵਿਚਾਲੇ ਸਰਕਾਰ ਬਦਲਣ ਦੀ ਉਮੀਦ ਨਹੀਂ ਕੀਤੀ ਸੀ ਅਤੇ ਕੇ. ਪੀ. ਸ਼ਰਮਾ ਓਲੀ ਪ੍ਰਧਾਨ ਮੰਤਰੀ ਵਜੋਂ ਵਾਪਸ ਆ ਗਏ ਹਨ। ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਤੋਂ ਸੱਚਮੁੱਚ ਬਾਹਰ ਕੱਢ ਦਿੱਤਾ ਜਾਵੇਗਾ।
ਅਸੀਂ ਰਾਨਿਲ ਵਿਕਰਮਸਿੰਘੇ ਨੂੰ ਖੁਸ਼ ਰੱਖਿਆ, ਪਰ ਅਨੁਰਾ ਦਿਸਾਨਾਇਕੇ ਨਾਲ ਬਹੁਤ ਘੱਟ ਸੰਪਰਕ ਕੀਤਾ, ਜੋ 42.3 ਫੀਸਦੀ ਵੋਟਾਂ ਨਾਲ ਸ਼੍ਰੀਲੰਕਾ ਦੇ ਰਾਸ਼ਟਰਪਤੀ ਚੁਣੇ ਗਏ ਹਨ। ਮਾਲਦੀਵ ਦੇ ਰਾਸ਼ਟਰਪਤੀ ਚੁਣੇ ਜਾਣ ਪਿੱਛੋਂ, ਮੁਹੰਮਦ ਮੁਇਜੂ ਨੇ ਸਭ ਤੋਂ ਪਹਿਲਾਂ ਕੁਝ ਭਾਰਤੀ ਫੌਜੀ ਸਲਾਹਕਾਰਾਂ ਨੂੰ ਬੇਦਖਲ ਕੀਤਾ। ਜਿੱਥੋਂ ਤਕ ਪਾਕਿਸਤਾਨ ਦਾ ਸਵਾਲ ਹੈ, ਮੈਨੂੰ ਸ਼ੱਕ ਹੈ ਕਿ ਮੋਦੀ ਸਰਕਾਰ ਦੀ ਨੀਤੀ ਉਸ ਦੇ ਘਰੇਲੂ ਸਿਆਸੀ ਗਣਿਤ ਨਾਲ ਤੈਅ ਹੁੰਦੀ ਹੈ ਅਤੇ ਉਸ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਉਸ ਦੇਸ਼ ਦੇ ਅਸਲੀ ਸ਼ਾਸਕ ਕੌਣ ਹਨ। ਮੋਦੀ ਦੀ ਵਿਦੇਸ਼ ਨੀਤੀ ਭਾਰਤ ਨੂੰ ਵਿਸ਼ਵ ਮਾਮਲਿਆਂ ’ਚ ‘ਸ਼ਾਂਤੀ ਵਿਚੋਲਗੀ’ ਵਜੋਂ ਪੇਸ਼ ਕਰ ਕੇ ਚਮਕ ਹਾਸਲ ਕਰਨ ਦਾ ਯਤਨ ਕਰ ਰਹੀ ਹੈ।
-ਪੀ. ਚਿਦਾਂਬਰਮ
ਜਾਰੀ ਹੈ ਬਿਹਾਰ ’ਚ ਪੁਲਾਂ ਦੇ ਟੁੱਟਣ ਦਾ ਸਿਲਸਿਲਾ
NEXT STORY