ਲੈਫਟੀਨੈਂਟ ਜਨਰਲ ਰੋਸਤਮ ਕੇਕੁਸ਼ਰੂ ਨਾਨਾਵਤੀ ਨੇ ‘ਸਿੱਧੇ ਨਿਸ਼ਾਨੇ’ ਲਾਉਣਾ ਕਿੱਥੇ ਅਤੇ ਕਦੋਂ ਸਿੱਖਿਆ? ਉਨ੍ਹਾਂ ਨੇ ਇਹ ਗੁਣ ਅਤੇ ਹੋਰ ਬਹੁਤ ਸਾਰੇ ਸ਼ਾਨਦਾਰ ਗੁਣ ਆਪਣੇ ਪਿਤਾ ਕੇਕੁਸ਼ਰੂ ਜਹਾਂਗੀਰ ਨਾਨਾਵਤੀ ਤੋਂ ਗ੍ਰਹਿਣ ਕੀਤੇ ਜਦੋਂ ਉਹ (ਰੋਸਤਮ) ਕਿਸ਼ੋਰ ਅਵਸਥਾ ਵਿਚ ਸੀ।
ਸੀਨੀਅਰ ਨਾਨਾਵਤੀ ਜਦੋਂ ਸੇਵਾਮੁਕਤ ਹੋਏ ਤਾਂ ਉਹ ਮਹਾਰਾਸ਼ਟਰ ਸੂਬੇ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਸਨ। ਮੈਂ 30 ਸਾਲਾਂ ਦਾ ਸੀ ਜਦੋਂ ਮੈਨੂੰ ਪੂਨਾ (ਹੁਣ ਪੁਣੇ) ਸ਼ਹਿਰ ਦਾ ਆਖਰੀ ਪੁਲਸ ਸੁਪਰਡੈਂਟ ਨਿਯੁਕਤ ਕੀਤਾ ਗਿਆ ਸੀ। ਰੋਸਤਮ ਦੇ ਪਿਤਾ ਉਸ ਸਮੇਂ ਸੂਬੇ ਦੇ ਪੁਲਸ ਮੁਖੀ ਸਨ। 60 ਦੇ ਦਹਾਕੇ ਵਿਚ ਕੋਈ ਪੁਲਸ ਡਾਇਰੈਕਟਰ ਜਨਰਲ ਨਹੀਂ ਸੀ। ਇਹ ਨਾਮਕਰਨ 2 ਦਹਾਕੇ ਬਾਅਦ 80 ਦੇ ਦਹਾਕੇ ਦੇ ਸ਼ੁਰੂ ਵਿਚ ਦਿੱਤਾ ਗਿਆ ਸੀ।
ਪਿੱਛੇ ਮੁੜ ਕੇ ਦੇਖਦਿਆਂ ਮੈਨੂੰ ਅਹਿਸਾਸ ਹੋਇਆ ਕਿ ਇਹ ਰੋਸਤਮ ਦੇ ਪਿਤਾ ਹੀ ਹੋਣਗੇ ਜਿਨ੍ਹਾਂ ਨੇ ਮੇਰੀ ਇਸ ਨਿਯੁਕਤੀ ਲਈ ਸਿਫ਼ਾਰਸ਼ ਕੀਤੀ ਹੋਵੇਗੀ ਜੋ ਕਿ ਉਸ ਸਮੇਂ ਤੱਕ ਸੇਵਾ ਵਿਚ ਮੇਰੇ ਤੋਂ ਬਹੁਤ ਸੀਨੀਅਰ ਅਧਿਕਾਰੀਆਂ ਦਾ ਵਿਸ਼ੇਸ਼ ਅਧਿਕਾਰ ਰੱਖਦੇ ਸਨ। ਮੈਨੂੰ ਸ਼ੋਲਾਪੁਰ ਵਿਚ ਆਪਣੀ ਪੋਸਟਿੰਗ ਤੋਂ ਬਦਲੀ ਹੋਣ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ। ਮੈਨੂੰ ਇਸ ਬਦਲਾਅ ਬਾਰੇ ਉਦੋਂ ਹੀ ਪਤਾ ਲੱਗਾ ਜਦੋਂ ਮੈਂ ਕਰਨਾਟਕ ਅਤੇ ਮਹਾਰਾਸ਼ਟਰ ਦੀ ਸਰਹੱਦ ’ਤੇ ਸਥਿਤ ਅਕਾਲਕੋਟ ਦੇ ਪੇਂਡੂ ਪੁਲਸ ਸਟੇਸ਼ਨ ਦਾ ਨਿਰੀਖਣ ਕਰਦੇ ਸਮੇਂ ਆਪਣੇ ਦਫ਼ਤਰ ਤੋਂ ਭੇਜੀ ਗਈ (ਡਾਕ) ਮੇਲ ਖੋਲ੍ਹੀ।
ਸੀਨੀਅਰ ਨਾਨਾਵਤੀ ਆਪਣੇ ਵਤੀਰੇ ਵਿਚ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਸਨ। ਉਨ੍ਹਾਂ ਨੂੰ ਕੋਈ ਪਸੰਦ ਜਾਂ ਨਾਪਸੰਦ ਨਹੀਂ ਸੀ, ਉਹ ਅਧਿਕਾਰੀਆਂ ਦਾ ਨਿਰਪੱਖਤਾ ਅਤੇ ਸਮਝਦਾਰੀ ਨਾਲ ਮੁਲਾਂਕਣ ਕਰਦੇ ਸਨ, ਈਮਾਨਦਾਰੀ ਅਤੇ ਯੋਗਤਾ ਦੇ ਉੱਚ ਮਿਆਰਾਂ ਦੀ ਉਮੀਦ ਕਰਦੇ ਸਨ ਅਤੇ ਅੱਗੇ ਵਧ ਕੇ ਅਗਵਾਈ ਕਰਦੇ ਸਨ।
ਇਸ ਲਈ ਜਦੋਂ ਮੈਂ ‘ਸ਼ੂਟਿੰਗ ਸਟ੍ਰੇਟ’-ਲੈਫਟੀਨੈਂਟ ਜਨਰਲ ਰੋਸਤਮ ਕੇ. ਨਾਨਾਵਤੀ ਦੀ ਇਕ ਫੌਜੀ ਜੀਵਨੀ ਕਿਤਾਬ ਪੜ੍ਹੀ ਜੋ ਊਧਮਪੁਰ ਵਿਖੇ ਉੱਤਰੀ ਕਮਾਂਡ ਦੇ ਜੀ. ਓ. ਸੀ. ਇਨ ਸੀ. ਵਜੋਂ ਭਾਰਤੀ ਫੌਜ ਤੋਂ ਸੇਵਾਮੁਕਤ ਹੋਏ ਸਨ, ਤਾਂ ਮੈਨੂੰ ਆਪਣੇ ਪਿਆਰੇ ਬੌਸ ਦੇ ਪੁੱਤਰ ਵਲੋਂ ਫੌਜ ਵਿਚ ਆਪਣੇ 42 ਸਾਲਾਂ ਦੌਰਾਨ ਇਕ ਸਿਪਾਹੀ ਦੇ ਤੌਰ ’ਤੇ ਪ੍ਰਦਰਸ਼ਿਤ ਲੀਡਰਸ਼ਿਪ ਦੇ ਸ਼ਾਨਦਾਰ ਗੁਣਾਂ ਬਾਰੇ ਪੜ੍ਹ ਕੇ ਬਿਲਕੁਲ ਵੀ ਹੈਰਾਨੀ ਨਹੀਂ ਹੋਈ।
ਸੀਨੀਅਰ ਨਾਨਾਵਤੀ 1963 ਤੋਂ 1966 ਤੱਕ 3 ਸਾਲ ਮਹਾਰਾਸ਼ਟਰ ਦੇ ਆਈ. ਜੀ. ਪੀ. ਰਹੇ। ਜੀ. ਸੀ. (ਜੈਂਟਲਮੈਨ ਕੈਡੇਟ) ਆਰ. ਕੇ. ਨਾਨਾਵਤੀ ਆਪਣੇ ਪਿਤਾ ਦੇ ਆਈ. ਜੀ. ਪੀ. ਬਣਨ ਤੋਂ ਪਹਿਲਾਂ ਹੀ, ਜੁਲਾਈ 1961 ਵਿਚ, ਦੇਹਰਾਦੂਨ ਵਿਖੇ ਆਈ. ਐੱਮ. ਏ. (ਇੰਡੀਅਨ ਮਿਲਟਰੀ ਅਕੈਡਮੀ) ਵਿਚ ਸ਼ਾਮਲ ਹੋ ਚੁੱਕੇ ਸਨ। ਰੋਸਤਮ ਦਸੰਬਰ 1962 ਵਿਚ 31ਵੇਂ ਰੈਗੂਲਰ ਕੋਰਸ ਨਾਲ ਪਾਸ ਹੋ ਗਿਆ, ਜੋ ਕਿ ਸਮੇਂ ਤੋਂ ਛੇ ਮਹੀਨੇ ਪਹਿਲਾਂ ਸੀ, ਕਿਉਂਕਿ ਉਸ ਸਮੇਂ 1962 ਦੀ ਚੀਨ-ਭਾਰਤ ਜੰਗ ਚੱਲ ਰਹੀ ਸੀ। ਉਨ੍ਹਾਂ ਨੇ ਆਪਣੇ ਕੋਰਸ ਵਿਚ ‘ਸਵੋਰਡ ਆਫ ਆਨਰ’ ਜਿੱਤੀ ਅਤੇ 2/8 ਗੋਰਖਿਆਂ ਵਿਚ ਕਮਿਸ਼ਨ ਪ੍ਰਾਪਤ ਕੀਤਾ।
ਇਕ ਹੋਰ ਦਿਲਚਸਪ ਤੱਥ ਜੋ ਮੇਰੇ ਮਨ ਵਿਚ ਆਉਂਦਾ ਹੈ, ਉਹ ਇਹ ਹੈ ਕਿ ਜਦੋਂ ਅਕਤੂਬਰ 1999 ਵਿਚ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ, ਤਾਂ ਉਨ੍ਹਾਂ ਨੇ ਮੈਨੂੰ ਜੰਮੂ-ਕਸ਼ਮੀਰ ਦੇ ਰਾਜਪਾਲ ਦੀ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ। ਮੈਂ ਆਪਣੀ ਪਤਨੀ ਨਾਲ ਵਾਅਦਾ ਕੀਤਾ ਸੀ ਕਿ ਮੁੰਬਈ ਵਿਚ ਆਪਣੇ ਪੱਕੇ ਘਰ ਤੋਂ ਭਟਕਣ ਦੇ ਮੇਰੇ ਦਿਨ ਖਤਮ ਹੋ ਗਏ ਹਨ। ਇਸ ਲਈ, ਮੈਂ ਇਨਕਾਰ ਕਰ ਦਿੱਤਾ।
ਮੈਨੂੰ ਯਾਦ ਹੈ ਕਿ ਪ੍ਰਧਾਨ ਮੰਤਰੀ ਨੇ ਖੁਦ ਮੈਨੂੰ ਕਿਹਾ ਸੀ ਕਿ ਫੌਜ ਦੇ ਅਧਿਕਾਰੀ ਵੀ ਮੈਨੂੰ ਇਸ ਭੂਮਿਕਾ ਵਿਚ ਚਾਹੁੰਦੇ ਹਨ! ਰੋਸਤਮ ਦੇ ਫੌਜੀ ਦਿਨਾਂ ਦਾ ਵਰਣਨ ਕਰਨ ਵਾਲੀ ਕਿਤਾਬ ਪੜ੍ਹਨ ਤੋਂ ਬਾਅਦ ਮੈਨੂੰ ਹੈਰਾਨੀ ਹੋਈ ਕਿ ਕੀ ਰੋਸਤਮ ਉਨ੍ਹਾਂ ਫੌਜੀ ਅਫਸਰਾਂ ਵਿਚੋਂ ਇਕ ਸੀ ਜਿਨ੍ਹਾਂ ਬਾਰੇ ਉਨ੍ਹਾਂ ਨੇ ਗੱਲ ਕੀਤੀ ਸੀ। ਰੋਸਤਮ ਨੇ ਫਰਵਰੀ 2001 ਵਿਚ ਜੰਮੂ ਅਤੇ ਕਸ਼ਮੀਰ ਵਿਚ ਅੱਤਵਾਦ ਵਿਰੋਧੀ ਕਾਰਵਾਈਆਂ ਦੀ ਜ਼ਿੰਮੇਵਾਰੀ ਦੇ ਨਾਲ ਜੀ. ਓ. ਸੀ.-ਇਨ ਸੀ. ਉੱਤਰੀ ਕਮਾਂਡ ਬਣ ਗਏ। ਤਰੀਕਾਂ ਮੇਲ ਨਹੀਂ ਖਾਂਦੀਆਂ।
ਉੱਘੇ ਫੌਜੀ ਇਤਿਹਾਸਕਾਰ ਏਅਰ ਵਾਈਸ ਮਾਰਸ਼ਲ (ਸੇਵਾਮੁਕਤ) ਅਰਜੁਨ ਸੁਬਰਾਮਨੀਅਮ ਵਲੋਂ ਲਿਖੀ ਗਈ ਇਕ ਕਿਤਾਬ ਵਿਚ ਰੋਸਤਮ ਬਾਰੇ ਪੜ੍ਹਦੇ ਹੋਏ, ਮੈਨੂੰ ਇਹ ਮੰਨਣਾ ਪਵੇਗਾ ਕਿ ਇਹ ਕਿਸੇ ਫੌਜੀ ਆਗੂ ਦੇ ਜੀਵਨ ਦਾ ਪਹਿਲਾ ਬਿਰਤਾਂਤ ਹੈ ਜੋ ਮੈਂ ਕਦੇ ਪੜ੍ਹਿਆ ਹੈ। ਇਹ ਮੈਨੂੰ ਅਰਨਵਾਜ਼ (ਏਰਨਾ) ਰੋਸਤਮ ਦੀ ਵੱਡੀ ਭੈਣ ਨੇ ਨਿੱਜੀ ਤੌਰ ’ਤੇ ਸੌਂਪਿਆ ਸੀ, ਜਿਨ੍ਹਾਂ ਨੂੰ ਮੈਂ ਉਨ੍ਹਾਂ ਦੀ ਕਿਸ਼ੋਰ ਅਵਸਥਾ ਤੋਂ ਕਈ ਸਾਲਾਂ ਤੋਂ ਜਾਣਦਾ ਹਾਂ। ਏਰਨਾ ਨੂੰ ਹਮੇਸ਼ਾ ਆਪਣੇ ਛੋਟੇ ਭਰਾ ’ਤੇ ਬਹੁਤ ਮਾਣ ਸੀ।
ਏ. ਵੀ. ਐੱਮ. ਅਰਜੁਨ ਸੁਬਰਾਮਨੀਅਮ ਦੀ ਕਿਤਾਬ ਆਈ. ਪੀ. ਐੱਸ. ਪ੍ਰੋਬੇਸ਼ਨਰਾਂ ਨੂੰ ਵੀ ਪੜ੍ਹਨੀ ਚਾਹੀਦੀ ਹੈ। ਕਿਸਮਤ ਦੇ ਇਕ ਅਜੀਬ ਸੰਜੋਗ ਨਾਲ ਜਨਰਲ ਨਾਨਾਵਤੀ ਨੇ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਅਤੇ ਨਾਗਾਲੈਂਡ ਅਤੇ ਮਣੀਪੁਰ ਵਿਚ ਬਾਗੀਆਂ ਨਾਲ ਨਜਿੱਠਣ ਲਈ ਭੇਜੇ ਗਏ ਫੌਜੀਆਂ ਦੀ ਕਮਾਨ ਸੰਭਾਲੀ। ਉਸ ਭੂਮਿਕਾ ਵਿਚ ਉਨ੍ਹਾਂ ਦਾ ਤਜਰਬਾ ਅਨਮੋਲ ਹੈ। ਇਸੇ ਤਰ੍ਹਾਂ ਦੀਆਂ ਭੂਮਿਕਾਵਾਂ ਲਈ ਤਾਇਨਾਤ ਪੁਲਸ ਅਧਿਕਾਰੀ ਰੋਸਤਮ ਤੋਂ ਬਹੁਤ ਕੁਝ ਸਿੱਖ ਸਕਦੇ ਹਨ।
ਪਾਰਸੀ ਭਾਈਚਾਰਾ ਘਟਦਾ ਜਾ ਰਿਹਾ ਹੈ। ਇਹ ਇਕ ਵੱਡੀ ਤ੍ਰਾਸਦੀ ਹੈ। ਇਹ ਇਕ ਅਜਿਹਾ ਭਾਈਚਾਰਾ ਸੀ ਅਤੇ ਹੈ ਜੋ ਆਪਣੇ ਭਾਰ ਤੋਂ ਕਿਤੇ ਵੱਧ ਕੰਮ ਕਰਦਾ ਹੈ। ਫੀਲਡ ਮਾਰਸ਼ਲ ਸੈਮ ਮਾਨਕਸ਼ਾਅ ਇਕ ਪਾਰਸੀ ਸਨ। ਜਲ ਸੈਨਾ ਦੇ ਮੁਖੀ ਐਡਮਿਰਲ ਜਲ ਕੁਰਸੇਟਜੀ ਸਨ ਅਤੇ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਐਸਪੀ ਇੰਜੀਨੀਅਰ ਅਤੇ ਫਾਲੀ ਮੇਜਰ ਸਨ।
ਪਾਰਸੀ ਡਾਕਟਰੀ ਪੇਸ਼ੇ ਅਤੇ ਕਾਨੂੰਨ ਦੇ ਅਭਿਆਸ ਵਿਚ ਚਮਕਦੇ ਹਨ। ਮੁੰਬਈ ਦੇ ਪ੍ਰਮੁੱਖ ਡਾਕਟਰ ਫਾਰੂਖ ਉਦਵਾਡੀਆ ਅਤੇ ਕਾਨੂੰਨੀ ਦਿੱਗਜ ਨਾਨੀ ਪਾਲਕੀਵਾਲਾ ਅਤੇ ਫਲੀ ਨਰੀਮਨ ਉਹ ਨਾਂ ਹਨ ਿਜਨ੍ਹਾਂ ਨੂੰ ਮੁੰਬਈ ਵਿਚ ਹਰ ਕੋਈ ਜਾਣਦਾ ਹੈ ਪਰ ਇਹ ਉਹ ਉਚਾਈਆਂ ਨਹੀਂ ਹਨ ਜਿਨ੍ਹਾਂ ’ਤੇ ਉਹ ਪਹੁੰਚੇ ਹਨ ਸਗੋਂ ਸੱਚਾਈ, ਈਮਾਨਦਾਰੀ ਅਤੇ ਨਿਆਂ ਦੀਆਂ ਮਜ਼ਬੂਤ ਨੈਤਿਕ ਕਦਰਾਂ-ਕੀਮਤਾਂ ਹਨ ਜੋ ਇਸ ਛੋਟੇ ਜਿਹੇ ਭਾਈਚਾਰੇ ਨੂੰ ਪਰਿਭਾਸ਼ਿਤ ਕਰਦੀਆਂ ਹਨ।
ਮੇਰੇ ਦੋ ਪੜਪੋਤਿਆਂ ਵਿਚੋਂ ਇਕ ਅੱਜ ਸਿਰਫ਼ 4 ਸਾਲ ਦਾ ਹੈ। ਉਸ ਦਾ ਪਿਤਾ ਪਾਰਸੀ ਹੈ। ਮੇਰੀ ਛੋਟੀ ਧੀ ਦੇ ਇਕ ਪਾਰਸੀ ਨਾਲ ਵਿਆਹ ਤੋਂ 2 ਬੱਚੇ ਹਨ। ਉਸ ਦੀ ਧੀ ਨੇ ਇਕ ਸ਼ਾਹ ਨਾਲ ਵਿਆਹ ਕੀਤਾ ਜੋ ਇਕ ਗੁਜਰਾਤੀ ਹਿੰਦੂ ਸੀ ਜਿਸ ਦੀ ਆਪਣੀ ਮਾਂ ਇਕ ਪਾਰਸੀ ਸੀ, ਜਿਸ ਦੀ ਮੌਤ ਉਸ ਸਮੇਂ ਹੋਈ ਜਦੋਂ ਉਸ ਦੇ ਪੁੱਤਰ ਛੋਟੇ ਸਨ।
ਮੇਰੇ ਦੋ ਪੜਦੋਹਤਰੇ (ਮੇਰੀ ਛੋਟੀ ਧੀ ਦੇ ਪੋਤਰੇ) ਇਕ ਚੌਥਾਈ ਗੁਜਰਾਤੀ ਹਿੰਦੂ ਹਨ, ਇਕ ਚੌਥਾਈ ਗੋਆ ਦੇ ਇਸਾਈ ਅਤੇ ਦੋ-ਚੌਥਾਈ ਪਾਰਸੀ ਹਨ। ਇਹ ਮੇਰੇ 3 ਪੜਦੋਹਤੇ-ਪੜਦੋਹਤਰੀਆਂ ਦੇ ਪਾਰਸੀ ਜੀਨ ਹਨ ਜਿਨ੍ਹਾਂ ’ਤੇ ਮੈਂ ਭਰੋਸਾ ਕਰਦਾ ਹਾਂ, ਜੋ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੇ ਹੋਰ ਜੀਨਾਂ ਦੇ ਨਾਲ ਮਿਲ ਕੇ ਉਨ੍ਹਾਂ ਨੂੰ ਸਾਡੇ ਦੇਸ਼ ਦੇ ਚੰਗੇ ਨਾਗਰਿਕ ਅਤੇ ਸਭ ਤੋਂ ਵੱਧ, ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕਰਦੇ ਹਨ।
ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)
ਭਾਰਤ ਦਾ 'ਸਟਾਰਟਅੱਪ' 'ਈਕੋਸਿਸਟਮ' ਫੈਸਲਾਕੁੰਨ ਮੋੜ 'ਤੇ
NEXT STORY