ਅੱਜ ਸ਼੍ਰੀ ਰਤਨ ਟਾਟਾ ਜੀ ਦੇ ਦਿਹਾਂਤ ਨੂੰ ਇਕ ਮਹੀਨਾ ਹੋ ਗਿਆ ਹੈ। ਪਿਛਲੇ ਮਹੀਨੇ ਅੱਜ ਹੀ ਦੇ ਦਿਨ, ਜਦੋਂ ਮੈਨੂੰ ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲੀ, ਤਾਂ ਮੈਂ ਆਸੀਆਨ ਸੰਮੇਲਨ ਲਈ ਰਵਾਨਾ ਹੋਣ ਦੀ ਤਿਆਰੀ ਕਰ ਰਿਹਾ ਸੀ। ਰਤਨ ਟਾਟਾ ਜੀ ਦੇ ਸਾਡੇ ਤੋਂ ਦੂਰ ਚਲੇ ਜਾਣ ਦਾ ਦਰਦ ਅੱਜ ਵੀ ਮੇਰੇ ਮਨ ਵਿਚ ਹੈ। ਇਸ ਦਰਦ ਨੂੰ ਭੁਲਾਉਣਾ ਸੌਖਾ ਨਹੀਂ ਹੈ। ਰਤਨ ਟਾਟਾ ਜੀ ਦੇ ਰੂਪ ਵਿਚ, ਭਾਰਤ ਨੇ ਆਪਣੇ ਇਕ ਮਹਾਨ ਪੁੱਤਰ ਨੂੰ ਗੁਆ ਦਿੱਤਾ ਹੈ... ਇਕ ਅਨਮੋਲ ਰਤਨ ਨੂੰ ਗੁਆ ਦਿੱਤਾ ਹੈ।
ਅੱਜ ਵੀ ਸ਼ਹਿਰਾਂ, ਕਸਬਿਆਂ ਤੋਂ ਲੈ ਕੇ ਪਿੰਡਾਂ ਤੱਕ ਲੋਕ ਉਨ੍ਹਾਂ ਦੀ ਕਮੀ ਨੂੰ ਦਿਲੋਂ ਮਹਿਸੂਸ ਕਰ ਰਹੇ ਹਨ। ਇਹ ਸਾਡਾ ਸਾਰਿਆਂ ਦਾ ਸਾਂਝਾ ਦੁੱਖ ਹੈ। ਚਾਹੇ ਕੋਈ ਉਦਯੋਗਪਤੀ ਹੋਵੇ, ਉਭਰਦਾ ਉਦਯੋਗਪਤੀ ਜਾਂ ਪੇਸ਼ੇਵਰ ਹੋਵੇ, ਹਰ ਕੋਈ ਉਨ੍ਹਾਂ ਦੇ ਦਿਹਾਂਤ ਨਾਲ ਦੁਖੀ ਹੋਇਆ ਹੈ। ਵਾਤਾਵਰਣ ਸੰਭਾਲ ਨਾਲ ਜੁੜੇ ਲੋਕ... ਸਮਾਜ ਸੇਵਾ ਨਾਲ ਜੁੜੇ ਲੋਕ ਵੀ ਉਨ੍ਹਾਂ ਦੇ ਦਿਹਾਂਤ ਤੋਂ ਓਨੇ ਹੀ ਦੁਖੀ ਹਨ ਅਤੇ ਅਸੀਂ ਇਸ ਦੁੱਖ ਨੂੰ ਭਾਰਤ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਮਹਿਸੂਸ ਕਰ ਰਹੇ ਹਾਂ।
ਨੌਜਵਾਨਾਂ ਲਈ ਸ਼੍ਰੀ ਰਤਨ ਟਾਟਾ ਇਕ ਪ੍ਰੇਰਣਾਸਰੋਤ ਸਨ। ਉਨ੍ਹਾਂ ਦਾ ਜੀਵਨ, ਉਨ੍ਹਾਂ ਦੀ ਸ਼ਖਸੀਅਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਜਿਹਾ ਕੋਈ ਸੁਪਨਾ ਨਹੀਂ ਜੋ ਪੂਰਾ ਨਾ ਕੀਤਾ ਜਾ ਸਕੇ, ਕੋਈ ਟੀਚਾ ਨਹੀਂ ਜੋ ਪ੍ਰਾਪਤ ਨਾ ਕੀਤਾ ਜਾ ਸਕੇ। ਰਤਨ ਟਾਟਾ ਜੀ ਨੇ ਸਾਰਿਆਂ ਨੂੰ ਸਿਖਾਇਆ ਹੈ ਕਿ ਨਿਮਰ ਸੁਭਾਅ ਨਾਲ ਅਤੇ ਦੂਜਿਆਂ ਦੀ ਮਦਦ ਕਰਦਿਆਂ ਵੀ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਰਤਨ ਟਾਟਾ ਜੀ ਭਾਰਤੀ ਉੱਦਮਤਾ ਦੀਆਂ ਉੱਤਮ ਪ੍ਰੰਪਰਾਵਾਂ ਦੇ ਪ੍ਰਤੀਕ ਸਨ। ਉਹ ਭਰੋਸੇਯੋਗਤਾ, ਉੱਤਮਤਾ ਅਤੇ ਸ਼ਾਨਦਾਰ ਸੇਵਾ ਵਰਗੀਆਂ ਕਦਰਾਂ-ਕੀਮਤਾਂ ਦੇ ਪੱਕੇ ਪ੍ਰਤੀਨਿਧ ਸਨ। ਉਨ੍ਹਾਂ ਦੀ ਅਗਵਾਈ ਵਿਚ, ਟਾਟਾ ਸਮੂਹ ਦੁਨੀਆ ਭਰ ਵਿਚ ਸਤਿਕਾਰ, ਅਖੰਡਤਾ ਅਤੇ ਭਰੋਸੇਯੋਗਤਾ ਦਾ ਪ੍ਰਤੀਕ ਬਣ ਕੇ ਨਵੀਆਂ ਉਚਾਈਆਂ ’ਤੇ ਪਹੁੰਚਿਆ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਨੂੰ ਪੂਰੀ ਨਿਮਰਤਾ ਅਤੇ ਸਹਿਜਤਾ ਨਾਲ ਸਵੀਕਾਰ ਕੀਤਾ।
ਦੂਸਰਿਆਂ ਦੇ ਸੁਪਨਿਆਂ ਦਾ ਖੁੱਲ੍ਹ ਕੇ ਸਮਰਥਨ ਕਰਨਾ, ਦੂਸਰਿਆਂ ਦੇ ਸੁਫਨਿਆਂ ਨੂੰ ਪੂਰਾ ਕਰਨ ਵਿਚ ਮਦਦ ਕਰਨੀ, ਸ਼੍ਰੀ ਰਤਨ ਟਾਟਾ ਦੇ ਸਭ ਤੋਂ ਸ਼ਾਨਦਾਰ ਗੁਣਾਂ ਵਿਚੋਂ ਇਕ ਸੀ। ਹਾਲ ਹੀ ਦੇ ਸਾਲਾਂ ਵਿਚ, ਉਹ ਭਾਰਤ ਦੇ ਸਟਾਰਟਅਪ ਈਕੋ-ਸਿਸਟਮ ਦੀ ਅਗਵਾਈ ਕਰਨ ਅਤੇ ਭਵਿੱਖ ਦੇ ਉੱਦਮਾਂ ਵਿਚ ਨਿਵੇਸ਼ ਕਰਨ ਲਈ ਜਾਣੇ ਗਏ। ਉਨ੍ਹਾਂ ਨੇ ਨੌਜਵਾਨ ਉੱਦਮੀਆਂ ਦੀਆਂ ਉਮੀਦਾਂ ਅਤੇ ਇੱਛਾਵਾਂ ਦੇ ਨਾਲ-ਨਾਲ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਪਛਾਣਿਆ।
ਭਾਰਤ ਦੇ ਨੌਜਵਾਨਾਂ ਦੇ ਯਤਨਾਂ ਦਾ ਸਮਰਥਨ ਕਰਕੇ, ਉਨ੍ਹਾਂ ਨੇ ਨਵੇਂ ਸੁਫਨੇ ਦੇਖਣ ਵਾਲੀ ਨਵੀਂ ਪੀੜ੍ਹੀ ਨੂੰ ਜੋਖਮ ਲੈਣ ਅਤੇ ਸੀਮਾਵਾਂ ਤੋਂ ਪਾਰ ਜਾਣ ਦਾ ਹੌਸਲਾ ਦਿੱਤਾ। ਉਨ੍ਹਾਂ ਦੇ ਇਸ ਕਦਮ ਨੇ ਭਾਰਤ ਵਿਚ ਨਵੀਨਤਾ ਅਤੇ ਉੱਦਮਤਾ ਦੇ ਸੱਭਿਆਚਾਰ ਨੂੰ ਵਿਕਸਤ ਕਰਨ ਵਿਚ ਬਹੁਤ ਮਦਦ ਕੀਤੀ ਹੈ। ਅਸੀਂ ਯਕੀਨੀ ਤੌਰ ’ਤੇ ਆਉਣ ਵਾਲੇ ਦਹਾਕਿਆਂ ’ਚ ਭਾਰਤ ’ਤੇ ਇਸ ਦਾ ਸਕਾਰਾਤਮਕ ਪ੍ਰਭਾਵ ਜ਼ਰੂਰ ਦੇਖਾਂਗੇ।
ਰਤਨ ਟਾਟਾ ਜੀ ਨੇ ਹਮੇਸ਼ਾ ਵਧੀਆ ਗੁਣਵੱਤਾ ਵਾਲੇ ਉਤਪਾਦਾਂ... ਵਧੀਆ ਗੁਣਵੱਤਾ ਵਾਲੀ ਸੇਵਾ ’ਤੇ ਜ਼ੋਰ ਦਿੱਤਾ ਅਤੇ ਭਾਰਤੀ ਉੱਦਮਾਂ ਨੂੰ ਗਲੋਬਲ ਬੈਂਚਮਾਰਕ ਸਥਾਪਤ ਕਰਨ ਦਾ ਰਸਤਾ ਦਿਖਾਇਆ। ਅੱਜ ਜਦੋਂ ਭਾਰਤ 2047 ਤੱਕ ਵਿਕਸਤ ਹੋਣ ਦੇ ਟੀਚੇ ਵੱਲ ਵਧ ਰਿਹਾ ਹੈ ਤਾਂ ਅਸੀਂ ਆਲਮੀ ਮਾਪਦੰਡ ਤੈਅ ਕਰਕੇ ਹੀ ਦੁਨੀਆ ਵਿਚ ਆਪਣਾ ਝੰਡਾ ਲਹਿਰਾ ਸਕਦੇ ਹਾਂ। ਮੈਂ ਉਮੀਦ ਕਰਦਾ ਹਾਂ ਕਿ ਉਨ੍ਹਾਂ ਦਾ ਇਹ ਵਿਜ਼ਨ ਸਾਡੇ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ ਅਤੇ ਭਾਰਤ ਵਿਸ਼ਵ ਪੱਧਰੀ ਗੁਣਵੱਤਾ ਲਈ ਆਪਣੀ ਪਛਾਣ ਨੂੰ ਮਜ਼ਬੂਤ ਕਰੇਗਾ।
ਰਤਨ ਟਾਟਾ ਜੀ ਦੀ ਮਹਾਨਤਾ ਬੋਰਡਰੂਮ ਜਾਂ ਉਨ੍ਹਾਂ ਦੇ ਸਾਥੀਆਂ ਦੀ ਮਦਦ ਕਰਨ ਤੱਕ ਸੀਮਤ ਨਹੀਂ ਸੀ। ਉਨ੍ਹਾਂ ਦੇ ਦਿਲ ’ਚ ਸਾਰੇ ਜੀਵ-ਜੰਤੂਆਂ ਲਈ ਹਮਦਰਦੀ ਸੀ। ਜਾਨਵਰਾਂ ਲਈ ਉਨ੍ਹਾਂ ਦਾ ਡੂੰਘਾ ਪਿਆਰ ਜਗ-ਜ਼ਾਹਿਰ ਸੀ ਅਤੇ ਉਹ ਜਾਨਵਰਾਂ ਦੀ ਭਲਾਈ ’ਤੇ ਕੇਂਦ੍ਰਿਤ ਹਰ ਕੋਸ਼ਿਸ਼ ਨੂੰ ਬੜ੍ਹਾਵਾ ਦਿੰਦੇ ਸਨ। ਉਹ ਅਕਸਰ ਆਪਣੇ ਕੁੱਤਿਆਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਸਨ, ਜੋ ਉਨ੍ਹਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਸਨ। ਮੈਨੂੰ ਯਾਦ ਹੈ, ਜਦੋਂ ਲੋਕ ਰਤਨ ਟਾਟਾ ਜੀ ਨੂੰ ਆਖਰੀ ਵਿਦਾਈ ਦੇਣ ਲਈ ਇਕੱਠੇ ਹੋ ਰਹੇ ਸਨ... ਤਾਂ ਉਨ੍ਹਾਂ ਦਾ ਕੁੱਤਾ ‘ਗੋਆ’ ਵੀ ਨਮ ਅੱਖਾਂ ਨਾਲ ਉੱਥੇ ਪਹੁੰਚ ਗਿਆ ਸੀ।
ਰਤਨ ਟਾਟਾ ਜੀ ਦਾ ਜੀਵਨ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਲੀਡਰਸ਼ਿਪ ਨੂੰ ਸਿਰਫ਼ ਪ੍ਰਾਪਤੀਆਂ ਨਾਲ ਹੀ ਨਹੀਂ ਮਾਪਿਆ ਜਾ ਸਕਦਾ, ਸਗੋਂ ਸਭ ਤੋਂ ਕਮਜ਼ੋਰ ਲੋਕਾਂ ਦੀ ਦੇਖਭਾਲ ਕਰਨ ਦੀ ਯੋਗਤਾ ਨਾਲ ਵੀ ਮਾਪਿਆ ਜਾਂਦਾ ਹੈ।
ਰਤਨ ਟਾਟਾ ਜੀ ਨੇ ਨੇਸ਼ਨ ਫਸਟ ਦੀ ਭਾਵਨਾ ਨੂੰ ਹਮੇਸ਼ਾ ਸਰਵਉੱਚ ਰੱਖਿਆ। 26/11 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਮੁੰਬਈ ਦੇ ਮਸ਼ਹੂਰ ਤਾਜ ਹੋਟਲ ਨੂੰ ਦੁਬਾਰਾ ਖੋਲ੍ਹਣਾ ਇਸ ਰਾਸ਼ਟਰ ਦੇ ਇਕਜੁੱਟ ਹੋ ਕੇ ਉੱਠ ਖੜ੍ਹੇ ਹੋਣ ਦਾ ਪ੍ਰਤੀਕ ਸੀ। ਉਨ੍ਹਾਂ ਦੇ ਇਸ ਕਦਮ ਨੇ ਵੱਡਾ ਸੰਦੇਸ਼ ਦਿੱਤਾ ਕਿ–ਭਾਰਤ ਨਹੀਂ ਰੁਕੇਗਾ… ਭਾਰਤ ਨਿਡਰ ਹੈ ਅਤੇ ਅੱਤਵਾਦ ਅੱਗੇ ਝੁਕਣ ਤੋਂ ਇਨਕਾਰ ਕਰਦਾ ਹੈ।
ਨਿੱਜੀ ਤੌਰ ’ਤੇ, ਮੈਨੂੰ ਪਿਛਲੇ ਕੁਝ ਦਹਾਕਿਆਂ ਦੌਰਾਨ ਉਨ੍ਹਾਂ ਨੂੰ ਬਹੁਤ ਨੇੜਿਓਂ ਜਾਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅਸੀਂ ਗੁਜਰਾਤ ਵਿਚ ਇਕੱਠੇ ਕੰਮ ਕੀਤਾ। ਉਨ੍ਹਾਂ ਦੀਆਂ ਕੰਪਨੀਆਂ ਵਲੋਂ ਉੱਥੇ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਗਿਆ। ਇਨ੍ਹਾਂ ਵਿਚ ਕਈ ਅਜਿਹੇ ਪ੍ਰਾਜੈਕਟ ਸ਼ਾਮਲ ਸਨ ਜਿਨ੍ਹਾਂ ਬਾਰੇ ਉਹ ਬੇਹੱਦ ਜਜ਼ਬਾਤੀ ਸਨ।
ਜਦੋਂ ਮੈਂ ਕੇਂਦਰ ਸਰਕਾਰ ਵਿਚ ਆਇਆ, ਤਾਂ ਸਾਡੀ ਨਜ਼ਦੀਕੀ ਗੱਲਬਾਤ ਜਾਰੀ ਰਹੀ ਅਤੇ ਉਹ ਸਾਡੇ ਰਾਸ਼ਟਰ ਨਿਰਮਾਣ ਦੇ ਯਤਨਾਂ ਵਿਚ ਇਕ ਵਚਨਬੱਧ ਭਾਈਵਾਲ ਰਹੇ। ਸਵੱਛ ਭਾਰਤ ਮਿਸ਼ਨ ਪ੍ਰਤੀ ਸ਼੍ਰੀ ਰਤਨ ਟਾਟਾ ਦੇ ਉਤਸ਼ਾਹ ਨੇ ਖਾਸ ਤੌਰ ’ਤੇ ਮੇਰੇ ਦਿਲ ਨੂੰ ਛੂਹ ਲਿਆ। ਉਹ ਇਸ ਲੋਕ ਲਹਿਰ ਦੇ ਜ਼ਬਰਦਸਤ ਸਮਰਥਕ ਸਨ। ਉਹ ਇਸ ਗੱਲ ਨੂੰ ਸਮਝਦੇ ਸਨ ਕਿ ਭਾਰਤ ਦੀ ਤਰੱਕੀ ਲਈ ਸਫਾਈ ਅਤੇ ਸਿਹਤਮੰਦ ਆਦਤਾਂ ਕਿੰਨੀਆਂ ਜ਼ਰੂਰੀ ਹਨ। ਅਕਤੂਬਰ ਦੇ ਸ਼ੁਰੂ ਵਿਚ ਸਵੱਛ ਭਾਰਤ ਮਿਸ਼ਨ ਦੀ ਦਸਵੀਂ ਵਰ੍ਹੇਗੰਢ ਲਈ ਉਨ੍ਹਾਂ ਦਾ ਵੀਡੀਓ ਸੰਦੇਸ਼ ਮੈਨੂੰ ਅਜੇ ਵੀ ਯਾਦ ਹੈ। ਇਹ ਵੀਡੀਓ ਸੰਦੇਸ਼ ਇਕ ਤਰ੍ਹਾਂ ਨਾਲ, ਉਨ੍ਹਾਂ ਦੀਆਂ ਆਖਰੀ ਜਨਤਕ ਹਾਜ਼ਰੀਆਂ ਵਿਚੋਂ ਇਕ ਹੈ।
ਕੈਂਸਰ ਵਿਰੁੱਧ ਲੜਾਈ ਇਕ ਹੋਰ ਟੀਚਾ ਸੀ ਜੋ ਉਨ੍ਹਾਂ ਦੇ ਦਿਲ ਦੇ ਨੇੜੇ ਸੀ। ਮੈਨੂੰ ਦੋ ਸਾਲ ਪਹਿਲਾਂ ਆਸਾਮ ਦਾ ਉਹ ਪ੍ਰੋਗਰਾਮ ਯਾਦ ਆਉਂਦਾ ਹੈ, ਜਿੱਥੇ ਅਸੀਂ ਸਾਂਝੇ ਤੌਰ ’ਤੇ ਰਾਜ ਦੇ ਵੱਖ-ਵੱਖ ਕੈਂਸਰ ਹਸਪਤਾਲਾਂ ਦਾ ਉਦਘਾਟਨ ਕੀਤਾ ਸੀ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਸਪੱਸ਼ਟ ਤੌਰ ’ਤੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਸਿਹਤ ਖੇਤਰ ਨੂੰ ਸਮਰਪਿਤ ਕਰਨਾ ਚਾਹੁੰਦੇ ਹਨ। ਹੈਲਥਕੇਅਰ ਅਤੇ ਕੈਂਸਰ ਦੇਖਭਾਲ ਨੂੰ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਲਈ ਉਨ੍ਹਾਂ ਦੇ ਯਤਨ ਬੀਮਾਰੀਆਂ ਨਾਲ ਲੜ ਰਹੇ ਲੋਕਾਂ ਲਈ ਉਨ੍ਹਾਂ ਦੀ ਡੂੰਘੀ ਹਮਦਰਦੀ ਦਾ ਪ੍ਰਮਾਣ ਹਨ।
ਮੈਂ ਰਤਨ ਟਾਟਾ ਜੀ ਨੂੰ ਇਕ ਵਿਦਵਾਨ ਵਿਅਕਤੀ ਵਜੋਂ ਵੀ ਯਾਦ ਕਰਦਾ ਹਾਂ-ਉਹ ਅਕਸਰ ਮੈਨੂੰ ਵੱਖ-ਵੱਖ ਮੁੱਦਿਆਂ ’ਤੇ ਲਿਖਦੇ ਸਨ, ਚਾਹੇ ਉਹ ਸ਼ਾਸਨ ਨਾਲ ਜੁੜੇ ਮਾਮਲੇ ਹੋਣ, ਕਿਸੇ ਕੰਮ ਦੀ ਸ਼ਲਾਘਾ ਕਰਨੀ ਹੋਵੇ ਜਾਂ ਚੋਣ ਜਿੱਤਣ ਤੋਂ ਬਾਅਦ ਵਧਾਈ ਸੰਦੇਸ਼ ਭੇਜਣਾ ਹੋਵੇ।
ਅਜੇ ਕੁਝ ਹਫ਼ਤੇ ਪਹਿਲਾਂ, ਮੈਂ ਸਪੇਨ ਸਰਕਾਰ ਦੇ ਰਾਸ਼ਟਰਪਤੀ ਸ਼੍ਰੀ ਪੇਡਰੋ ਸਾਂਚੇਜ਼ ਦੇ ਨਾਲ ਵਡੋਦਰਾ ਵਿਚ ਸੀ ਅਤੇ ਅਸੀਂ ਸਾਂਝੇ ਤੌਰ ’ਤੇ ਇਕ ਹਵਾਈ ਜਹਾਜ਼ ਫੈਕਟਰੀ ਦਾ ਉਦਘਾਟਨ ਕੀਤਾ। ਇਸ ਫੈਕਟਰੀ ਵਿਚ ਭਾਰਤ ਵਿਚ ਸੀ-295 ਜਹਾਜ਼ ਬਣਾਏ ਜਾਣਗੇ। ਸ਼੍ਰੀ ਰਤਨ ਟਾਟਾ ਨੇ ਹੀ ਇਸ ’ਤੇ ਕੰਮ ਸ਼ੁਰੂ ਕੀਤਾ ਸੀ। ਉਸ ਸਮੇਂ ਮੈਨੂੰ ਸ਼੍ਰੀ ਰਤਨ ਟਾਟਾ ਦੀ ਬਹੁਤ ਕਮੀ ਮਹਿਸੂਸ ਹੋਈ।
ਜਦੋਂ ਅਸੀਂ ਅੱਜ ਉਨ੍ਹਾਂ ਨੂੰ ਯਾਦ ਕਰਦੇ ਹਾਂ, ਅਸੀਂ ਉਸ ਸਮਾਜ ਨੂੰ ਵੀ ਯਾਦ ਰੱਖਣਾ ਹੈ ਜਿਸ ਦੀ ਉਨ੍ਹਾਂ ਨੇ ਕਲਪਨਾ ਕੀਤੀ ਸੀ। ਜਿੱਥੇ ਵਪਾਰ, ਚੰਗੇ ਕਾਰਜਾਂ ਲਈ ਇਕ ਸ਼ਕਤੀ ਵਜੋਂ ਕੰਮ ਕਰਦਾ ਹੈ, ਜਿੱਥੇ ਹਰੇਕ ਵਿਅਕਤੀ ਦੀ ਸਮਰੱਥਾ ਦੀ ਕਦਰ ਕੀਤੀ ਜਾਂਦੀ ਹੈ ਅਤੇ ਜਿੱਥੇ ਤਰੱਕੀ ਨੂੰ ਸਾਰਿਆਂ ਦੀ ਭਲਾਈ ਅਤੇ ਖੁਸ਼ੀ ਦੇ ਆਧਾਰ ’ਤੇ ਮਾਪਿਆ ਜਾਂਦਾ ਹੈ। ਰਤਨ ਟਾਟਾ ਜੀ ਅੱਜ ਵੀ ਉਨ੍ਹਾਂ ਲੋਕਾਂ ਦੇ ਜੀਵਨ ਅਤੇ ਸੁਫਨਿਆਂ ਵਿਚ ਜਿਊਂਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਸਹਾਰਾ ਦਿੱਤਾ ਅਤੇ ਜਿਨ੍ਹਾਂ ਦੇ ਸੁਫਨਿਆਂ ਨੂੰ ਸਾਕਾਰ ਕੀਤਾ। ਆਉਣ ਵਾਲੀਆਂ ਪੀੜ੍ਹੀਆਂ ਭਾਰਤ ਨੂੰ ਇਕ ਬਿਹਤਰ, ਦਿਆਲੂ ਅਤੇ ਆਸ਼ਾਵਾਦੀ ਧਰਤੀ ਬਣਾਉਣ ਲਈ ਹਮੇਸ਼ਾ ਉਨ੍ਹਾਂ ਦੀਆਂ ਧੰਨਵਾਦੀ ਰਹਿਣਗੀਆਂ।
-ਨਰਿੰਦਰ ਮੋਦੀ (ਮਾਣਯੋਗ ਪ੍ਰਧਾਨ ਮੰਤਰੀ)
ਪਾਕਿ ਡ੍ਰੋਨਾਂ ਦੀ ਘੁਸਪੈਠ ਰੋਕਣ ਲਈ ਸਰਹੱਦ ’ਤੇ ਤੁਰੰਤ ਲਾਏ ਜਾਣ-ਐਂਟੀ ਡ੍ਰੋਨ ਸਿਸਟਮ ਅਤੇ ਕੈਮਰੇ
NEXT STORY