ਇਤਿਹਾਸ ’ਚ ਬੰਦਾ ਸਿੰਘ ਬਹਾਦਰ ਦਾ ਨਾਂ ਹਮੇਸ਼ਾ ਅਮਰ ਰਹੇਗਾ, ਜਿਨ੍ਹਾਂ ਨੇ ਮੁਗਲਾਂ ਵੱਲੋਂ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰਾਂ ਦਾ ਨਾ ਸਿਰਫ ਵਿਰੋਧ ਕੀਤਾ ਸਗੋਂ ਉਨ੍ਹਾਂ ’ਤੇ ਹਥਿਆਰਬੰਦ ਹਮਲਾ ਵੀ ਕੀਤਾ। ਵੀਰ ਬੰਦਾ ਬੈਰਾਗੀ ਦੇ ਪ੍ਰਸ਼ੰਸਕਾਂ ਨੂੰ ਇਤਿਹਾਸਕਾਰਾਂ ਕੋਲੋਂ ਹਮੇਸ਼ਾ ਇਹ ਸ਼ਿਕਾਇਤ ਰਹੀ ਹੈ ਕਿ ਉਨ੍ਹਾਂ ਨੂੰ ਇਤਿਹਾਸ ਵਿਚ ਢੁੱਕਵੀਂ ਥਾਂ ਨਹੀਂ ਦਿੱਤੀ ਗਈ। ਹਾਲਾਂਕਿ ਇਕ ਕੁਟੀਆ ਤੋਂ ਸ਼ੁਰੂ ਹੋ ਕੇ ਮਹਾਯੋਧਾ ਅਤੇ ਰਾਜਾ ਬਣਨ ਤੱਕ ਦਾ ਸਫਰ ਬੇਮਿਸਾਲ ਅਤੇ ਨਿਰਾਲਾ ਸੀ।
ਵੱਖ-ਵੱਖ ਭਾਸ਼ਾਵਾਂ ਦੇ ਵਿਸ਼ਵ ਪ੍ਰਸਿੱਧ ਸਾਹਿਤਕਾਰਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਉਨ੍ਹਾਂ ਨੂੰ ਭਰਪੂਰ ਸਤਿਕਾਰ ਅਤੇ ਸ਼ਰਧਾਂਜਲੀ ਦਿੱਤੀ ਹੈ। ਇਨ੍ਹਾਂ ਸਾਹਿਤਕਾਰਾਂ ਵਿਚ ਤਿੰਨ ਪ੍ਰਮੁੱਖ ਕਵੀਆਂ ਦਾ ਨਾਂ ਆਉਂਦਾ ਹੈ। ਨੋਬਲ ਪੁਰਸਕਾਰ ਨਾਲ ਸਨਮਾਨਿਤ ਰਾਸ਼ਟਰ ਗਾਨ ਦੇ ਰਚਾਇਤਾ ਅਤੇ ਬੰਗਲਾ ਭਾਸ਼ਾ ਦੇ ਸਰਬੋਤਮ ਸਾਹਿਤਕਾਰ ਗੁਰੂਦੇਵ ਰਵਿੰਦਰਨਾਥ ਟੈਗੋਰ, ਆਜ਼ਾਦੀ ਘੁਲਾਟੀਏ ਅਤੇ ਮਰਾਠੀ ਭਾਸ਼ਾ ਦੇ ਸਾਹਿਤਕਾਰ ਵੀਰ ਸਾਵਰਕਰ ਅਤੇ ਰਾਸ਼ਟਰ ਕਵੀ ਦੇ ਨਾਂ ਨਾਲ ਪ੍ਰਸਿੱਧ ਹਿੰਦੀ ਕਵੀ ਮੈਥਿਲੀਸ਼ਰਨ ਗੁਪਤ ਸ਼ਾਮਲ ਹਨ।
ਇਸ ਸਬੰਧੀ ਗੱਲ ਬੰਦਾ ਬੈਰਾਗੀ ’ਤੇ ਡੂੰਘਾਈ ਨਾਲ ਅਧਿਐਨ ਕਰਨ ਵਾਲੇ ਭਾਰਤ ਸਰਕਾਰ ਵਿਚ ਅਧਿਕਾਰੀ ਡਾਕਟਰ ਰਾਜ ਸਿੰਘ ਦੱਸਦੇ ਹਨ ਕਿ ਰਵਿੰਦਰਨਾਥ ਟੈਗੋਰ ਨੇ ਬੰਗਲਾ ਭਾਸ਼ਾ ਵਿਚ ਲਿਖੀ ਕਵਿਤਾ ‘ਬੰਦੀ ਬੀਰ’ ’ਚ ਬੰਦਾ ਬੈਰਾਗੀ ਦੀ ਕੁਰਬਾਨੀ ਨੂੰ ਦਰਦ ਭਰੇ ਢੰਗ ਨਾਲ ਪੇਸ਼ ਕੀਤਾ ਹੈ।
ਵੀਰ ਸਾਵਰਕਰ ਦੀ ਮਰਾਠੀ ’ਚ ਲਿਖੀ ਕਵਿਤਾ ‘ਅਮਰ ਮ੍ਰਿਤ’ ਦੀ ਵਿਸ਼ਾ-ਵਸਤੂ ਵੀ ਗੁਰੂਦੇਵ ਰਵਿੰਦਰਨਾਥ ਟੈਗੋਰ ਦੀ ਕਵਿਤਾ ਵਰਗੀ ਹੀ ਹੈ। ਜਿਸ ਵਿਚ ਉਨ੍ਹਾਂ ਇਸ ਮਹਾਯੋਧਾ ਦੀ ਬਹਾਦਰੀ, ਦੇਸ਼ ਭਗਤੀ ਅਤੇ ਧਰਮ ਪ੍ਰਤੀ ਵਫਾਦਾਰੀ ਨੂੰ ਪੇਸ਼ ਕੀਤਾ ਹੈ। ਰਾਸ਼ਟਰ ਕਵੀ ਮੈਥਿਲੀਸ਼ਰਨ ਗੁਪਤ ਨੇ ਆਪਣੀ ਕਵਿਤਾ ‘ਵੀਰ ਵੈਰਾਗੀ’ ’ਚ ਮਾਧਵ ਦਾਸ ਬੈਰਾਗੀ, ਬੰਦਾ ਬੈਰਾਗੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲਬਾਤ ਨੂੰ ਆਪਣੀ ਕਵਿਤਾ ’ਚ ਸ਼ਾਮਲ ਕੀਤਾ ਹੈ।
ਬੰਦਾ ਬੈਰਾਗੀ ਲਕਛਮਣ ਦੇਵ, ਮਾਧਵ ਦਾਸ, ਵੀਰ ਬੰਦਾ ਬੈਰਾਗੀ ਅਤੇ ਬੰਦਾ ਸਿੰਘ ਬਹਾਦੁਰ ਦੇ ਨਾਂ ਨਾਲ ਪ੍ਰਸਿੱਧ ਰਹੇ ਹਨ। ਇਸ ਧਰਮ ਯੋਧਾ ਨੇ ਸੱਚਾਈ, ਦੇਸ਼ ਭਗਤੀ, ਬਹਾਦਰੀ ਅਤੇ ਤਿਆਗ ਦੇ ਰਾਹ ’ਤੇ ਚੱਲਦੇ ਹੋਏ 9 ਜੂਨ, 1716 ਨੂੰ ਮਨੁੱਖੀ ਉੱਥਾਨ ਯੱਗ ’ਚ ਆਪਣੀ ਜਾਨ ਕੁਰਬਾਨ ਕੀਤੀ। ਇਸ ਮਹਾਯੋਧਾ ਦੀ ਵਿਜਈ ਯਾਤਰਾ ਸਤੰਬਰ 1708 ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਪਿੱਛੋਂ ਮਹਾਰਾਸ਼ਟਰ ਦੇ ਨਾਂਦੇੜ ਤੋਂ ਸ਼ੁਰੂ ਹੋਈ ਸੀ।
ਉਨ੍ਹਾਂ ਨੇ 21 ਫਰਵਰੀ, 1709 ਨੂੰ ਹਰਿਆਣਾ ਦੇ ਸੋਨੀਪਤ ਨੇੜੇ ਸੇਹਰੀ ਖਾਂਡਾ ਪਿੰਡ ’ਚ ਨਿੰਬਾਰਕ ਭਾਈਚਾਰੇ ਅਤੇ ਨਿਰਮੋਹੀ ਅਖਾੜੇ ਦੇ ਸੰਤ ਮਹੰਤ ਕਿਸ਼ੋਰਦਾਸ ਜੀ ਦੇ ਨਿਰਮੋਹੀ ਅਖਾੜਾ ਮਠ ਨੂੰ ਆਪਣਾ ਪਹਿਲਾ ਫੌਜੀ ਹੈੱਡਕੁਆਰਟਰ ਬਣਾਇਆ। ਉਥੇ ਸਿਰਫ 8 ਮਹੀਨੇ ਠਹਿਰਨ ਦੌਰਾਨ ਉਨ੍ਹਾਂ ਆਪਣੀ ਫੌਜ ਦਾ ਗਠਨ ਕਰ ਲਿਆ। 2 ਨਵੰਬਰ, 1709 ਨੂੰ ਉਨ੍ਹਾਂ ਇਸੇ ਥਾਂ ਤੋਂ ਸੋਨੀਪਤ ਸਥਿਤ ਮੁਗਲ ਖਜ਼ਾਨੇ ’ਤੇ ਹਮਲਾ ਕੀਤਾ ਅਤੇ ਆਪਣੀ ਫੌਜ ਦੇ ਖਰਚੇ ਲਈ ਆਰਥਿਕ ਸੋਮਿਆਂ ਦਾ ਪ੍ਰਬੰਧ ਕੀਤਾ।
ਇਥੋਂ ਬੰਦਾ ਬੈਰਾਗੀ ਦਾ ਪ੍ਰਮਾਣਿਕ ਅਤੇ ਦਸਤਾਵੇਜ਼ਾਂ ’ਤੇ ਆਧਾਰਤ ਇਤਿਹਾਸ ਸ਼ੁਰੂ ਹੁੰਦਾ ਹੈ। ਇਸ ਤੋਂ ਪਹਿਲਾਂ ਦੀ ਉਨ੍ਹਾਂ ਦੀ ਜੀਵਨਗਾਥਾ ਜਨਸ਼ਰੂਤੀ ਅਤੇ ਇਤਿਹਾਸਕਾਰਾਂ ਦੇ ਅਨੁਮਾਨਾਂ ’ਤੇ ਆਧਾਰਤ ਸੀ।
ਵੀਰ ਸਾਵਰਕਰ ਵੱਲੋਂ ਬੰਦਾ ਬੈਰਾਗੀ ’ਤੇ ਮਰਾਠੀ ’ਚ ਲਿਖੀ ਹੋਈ ਕਵਿਤਾ ‘ਅਮਰ ਮ੍ਰਿਤ’ ਬਰਤਾਨਵੀ ਇਤਿਹਾਸਕਾਰ ਟੋਡ ਵੱਲੋਂ ਲਿਖੀ ਕਿਤਾਬ ’ਤੇ ਆਧਾਰਤ ਹੈ। ਵੀਰ ਸਾਵਰਕਰ ਨੇ ਭਾਰਤੀ ਇਤਿਹਾਸ ’ਤੇ ਮਰਾਠੀ ’ਚ ਲਿਖੀ ਗਈ ਆਪਣੀ ਕਿਤਾਬ ‘ਭਾਰਤੀ ਇਤਿਹਾਸਤੀਲ ਸਹਾ ਸੋਨੇਰੀ ਪਾਨੇ’ ’ਚ ਵੀ ਬੰਦਾ ਬੈਰਾਗੀ ਦੀ ਬਹਾਦਰੀ ਦਾ ਜ਼ਿਕਰ ਕਰਦੇ ਹੋਏ ਆਪਣੀ ਕਵਿਤਾ ‘ਅਮਰ ਮ੍ਰਿਤ’ ਦਾ ਜ਼ਿਕਰ ਕੀਤਾ ਹੈ।
ਇਸ ਕਿਤਾਬ ’ਚ ਬੰਦਾ ਬੈਰਾਗੀ ਬਾਰੇ ਉਹ ਲਿਖਦੇ ਹਨ ਕਿ ਹਿੰਦੂ ਇਤਿਹਾਸ ’ਚੋਂ ਉਸ ਬਹਾਦਰ ਸ਼ਹੀਦ ਦਾ ਨਾਮ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ ਜਿਸ ਨੇ ਮੁਗਲਾਂ ਵੱਲੋਂ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰਾਂ ਦਾ ਨਾ ਸਿਰਫ ਵਿਰੋਧ ਕੀਤਾ ਸਗੋਂ ਉਨ੍ਹਾਂ ’ਤੇ ਹਥਿਆਰਬੰਦ ਹਮਲਾ ਵੀ ਕੀਤਾ। ਵੀਰ ਸਾਵਰਕਰ ਲਿਖਦੇ ਹਨ ਕਿ ਬੰਦਾ ਬੈਰਾਗੀ ਮੂਲ ਰੂਪ ’ਚ ਇਕ ਵੈਸ਼ਣਵ ਸੰਤ ਸਨ। ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਪਤਾ ਲੱਗਾ ਕਿ ਕਿਸ ਤਰ੍ਹਾਂ ਪੰਜਾਬ ’ਚ ਹਿੰਦੂਆਂ ਅਤੇ ਸਿੱਖਾਂ ’ਤੇ ਮੁਗਲ ਹੁਕਮਰਾਨਾਂ ਵੱਲੋਂ ਅੱਤਿਆਚਾਰ ਕੀਤੇ ਜਾ ਰਹੇ ਹਨ।
ਇਸ ਤੋਂ ਬਾਅਦ ਉਨ੍ਹਾਂ ਮੁਗਲਾਂ ਕੋਲੋਂ ਬਦਲਾ ਲੈਣ ਦਾ ਫੈਸਲਾ ਕੀਤਾ। ਇਸ ਤਰ੍ਹਾਂ ਇਸ ਬਹਾਦਰ ਯੋਧਾ ਨੇ ਮੁਗਲਾਂ ਵੱਲੋਂ ਗੈਰ-ਮਨੁੱਖੀ ਤਰੀਕਿਆਂ ਨਾਲ ਹਿੰਦੂਆਂ ਨੂੰ ਤੰਗ -ਪ੍ਰੇਸ਼ਾਨ ਕੀਤੇ ਜਾਣ ਵਿਰੁੱਧ ਪੰਜਾਬ ਵੱਲ ਆਪਣੇ ਚਾਲੇ ਪਾਏ। ਆਪਣੀ ਕਿਤਾਬ ’ਚ ਸਾਵਰਕਰ ਲਿਖਦੇ ਹਨ ਕਿ ਤੱਤ ਖਾਲਸਾ ਦੇ ਬੈਨਰ ਹੇਠ ਸਿੱਖਾਂ ਦਾ ਇਕ ਵੱਡਾ ਇਕੱਠ ਬੰਦਾ ਬੈਰਾਗੀ ਦੀ ਫੌਜ ਤੋਂ ਵੱਖ ਹੋ ਗਿਆ, ਜਿਸ ਕਾਰਨ ਉਨ੍ਹਾਂ ਦੀ ਫੌਜ ਕਮਜ਼ੋਰ ਪੈ ਗਈ। ਜੇ ਅਜਿਹਾ ਨਾ ਹੋਇਆ ਹੁੰਦਾ ਤਾਂ ਜੰਗ ਦੇ ਨਤੀਜੇ ਕੁਝ ਹੋਰ ਹੀ ਨਿਕਲਣੇ ਸਨ।
ਵੀਰ ਸਾਵਰਕਰ ਨੇ ਅੰਡੇਮਾਨ ਦੀ ਜੇਲ ’ਚੋਂ ਆਪਣੇ ਵੱਲੋਂ ਲਿਖੀ ਹੋਈ ਬੰਦਾ ਬੈਰਾਗੀ ਦੀ ਕੁਰਬਾਨੀ ਦੀ ਕਵਿਤਾ ’ਚ ਇਸ ਘਟਨਾ ਦਾ ਜ਼ਿਕਰ ਕੀਤਾ ਜਦੋਂ 7 ਦਸੰਬਰ, 1715 ਨੂੰ ਗੁਰਦਾਸਪੁਰ ਨੰਗਲ ਦੀ ਗੜ੍ਹੀ ’ਚ ਕਈ ਮਹੀਨਿਆਂ ਤੱਕ ਮੁਗਲ ਫੌਜ ਨਾਲ ਮੁਕਾਬਲਾ ਕਰਦੇ ਹੋਏ ਖਾਣ-ਪੀਣ ਵਾਲੀ ਸਮੱਗਰੀ ਦੇ ਖਤਮ ਹੋ ਜਾਣ ਪਿੱਛੋਂ ਬੰਦਾ ਬਹਾਦਰ ਅਤੇ ਉਨ੍ਹਾਂ ਦੀ ਫੌਜ ਨੂੰ ਮੁਗਲ ਫੌਜ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਬੰਦਾ ਬੈਰਾਗੀ ਨੂੰ ਸਰਕਸ ਦੇ ਸ਼ੇਰ ਵਾਲੇ ਲੋਹੇ ਦੇ ਪਿੰਜਰੇ ’ਚ ਬੰਦ ਕਰ ਕੇ ਲਾਹੌਰ ਲਿਆਂਦਾ ਗਿਆ। ਉਨ੍ਹਾਂ ਨੂੰ ਦੋ ਮਹੀਨਿਆਂ ਤੱਕ ਲਾਹੌਰ ਵਿਚ ਹੀ ਰੱਖਿਆ ਗਿਆ। ਉਸ ਤੋਂ ਬਾਅਦ ਫਰਵਰੀ 1709 ’ਚ ਬੰਦਾ ਬੈਰਾਗੀ ਨੂੰ ਉਨ੍ਹਾਂ ਦੇ 740 ਫੌਜੀਆਂ ਸਮੇਤ ਲਾਹੌਰ ਤੋਂ ਦਿੱਲੀ ਤੱਕ ਲਿਆਂਦਾ ਗਿਆ।
ਸਾਵਰਕਰ ਦੇ ਸਾਹਿਤ ਨੂੰ ਪੜ੍ਹ ਕੇ ਲੱਗਦਾ ਹੈ ਕਿ ਉਹ ਬੰਦਾ ਬੈਰਾਗੀ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਸਨ। ਵੀਰ ਸਾਵਰਕਰ ਅੱਗੇ ਲਿਖਦੇ ਹਨ ਕਿ ਬੰਦਾ ਬੈਰਾਗੀ ਦੇ ਖੂਨ ਨਾਲ ਲਿਬੜੇ ਇਤਿਹਾਸ ’ਤੇ ਮੁਗਲ ਰਾਜ ਦੀ ਗਰਦਨ ਹਮੇਸ਼ਾ ਸ਼ਰਮ ਨਾਲ ਝੁਕੀ ਰਹੇਗੀ। ਅਜਿਹੀ ਘਟਨਾ ਦੁਨੀਆ ’ਚ ਨਾ ਪਹਿਲਾਂ ਕਦੇ ਹੋਈ ਹੈ ਤੇ ਨਾ ਹੀ ਕਦੇ ਭਵਿੱਖ ’ਚ ਹੋਵੇਗੀ। ਸਾਵਰਕਰ ਨੇ ਬੰਦਾ ਬੈਰਾਗੀ ਲਈ ਕਈ ਵਿਸ਼ੇਸ਼ਣਾ ਦੀ ਵਰਤੋਂ ਕੀਤੀ ਹੈ। ਉਨ੍ਹਾਂ ਬੈਰਾਗੀ ਲਈ ਮਹਾਵੀਰ, ਦਿਵਿਯਤਿਆਗੀ, ਰਣਯੋਧਾ, ਕੱਟੜ ਦੇਸ਼ ਭਗਤ, ਅਲੌਕਿਕ ਦੇਸ਼ ਪ੍ਰੇਮੀ ਅਤੇ ਕਰਮਯੋਗੀ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਹੈ।
ਸਿੱਖ ਰਿਸਰਚ ਇੰਸਟੀਚਿਊਟ ਟੈਕਸਾਸ ਦੇ ਸਹਿ-ਸੰਪਾਦਕ ਹਰਿੰਦਰ ਿਸੰਘ ਲਿਖਦੇ ਹਨ ਕਿ 38 ਸਾਲ ਦਾ ਹੁੰਦੇ-ਹੁੰਦੇ ਅਸੀਂ ਬੰਦਾ ਸਿੰਘ ਬਹਾਦੁਰ ਦੇ ਜੀਵਨ ਦੀਆਂ 2 ਪ੍ਰਮੁੱਖ ਘਟਨਾਵਾਂ ਨੂੰ ਦੇਖਦੇ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕਰਨ ਉਹ ਵੈਸ਼ਣਵ ਅਤੇ ਸ਼ੈਵ ਪ੍ਰੰਪਰਾਵਾਂ ਦਾ ਪਾਲਣ ਕਰ ਰਹੇ ਸਨ। ਪਰ ਉਸ ਤੋਂ ਬਾਅਦ ਉਨ੍ਹਾਂ ਫੌਜੀ ਸਿਖਲਾਈ, ਹਥਿਆਰਾਂ ਅਤੇ ਫੌਜ ਤੋਂ ਬਿਨਾਂ ਹੀ 2500 ਕਿਲੋਮੀਟਰ ਦੀ ਯਾਤਰਾ ਕੀਤੀ ਅਤੇ 20 ਮਹੀਨਿਆਂ ਅੰਦਰ ਸਰਹਿੰਦ ’ਤੇ ਕਬਜ਼ਾ ਕਰ ਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ।
ਰਾਜਮੋਹਨ ਗਾਂਧੀ ਆਪਣੀ ਕਿਤਾਬ ‘ਪੰਜਾਬ ਏ ਹਿਸਟਰੀ ਫਰਾਮ ਔਰੰਗਜ਼ੇਬ ਟੂ ਮਾਊਂਟਬੇਟਨ’ ਵਿਚ ਲਿਖਦੇ ਹਨ ਕਿ ਜ਼ਖਮੀ ਹੋਣ ਅਤੇ ਆਪਣੀ ਮੌਤ ਦਰਮਿਆਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਤਾਂ ਆਪਣੇ ਤੋਂ ਪਹਿਲਾਂ ਦੇ ਮਹਾਨ ਵਿਅਕਤੀਆਂ ਵਾਂਗ ਕਿਸੇ ਵਿਅਕਤੀ ਨੂੰ ਅਗਲਾ ਗੁਰੂ ਨਾਮਜ਼ਦ ਕਰ ਸਕਦੇ ਸਨ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦੇ ਸਥਾਈ ਗੁਰੂ ਦਾ ਦਰਜਾ ਦਿੱਤਾ ਜਾਏਗਾ।
ਸੁਖਦੇਵ ਵਸ਼ਿਸ਼ਟ
ਗਰਮੀ : ਕੁਦਰਤ ਵੀ ਕਦੋਂ ਤੱਕ ਬਰਦਾਸ਼ਤ ਕਰੇ
NEXT STORY