ਦੁਨੀਆ ਬਦਲ ਗਈ, ਅਰਥਵਿਵਸਥਾ ਬਦਲੀ, ਬਾਜ਼ਾਰ ਬਦਲਿਆ, ਤਕਨਾਲੋਜੀ ਨੇ ਜੀਵਨ ਦੀ ਰਫ਼ਤਾਰ ਬਦਲ ਦਿੱਤੀ ਪਰ ਇਕ ਸਵਾਲ ਅੱਜ ਵੀ ਓਨਾ ਹੀ ਮਹੱਤਵਪੂਰਨ ਹੈ, ਇਸ ਪੂਰੀ ਤਰੱਕੀ ਦੇ ਕੇਂਦਰ ’ਚ ਮਨੁੱਖ ਕਿੱਥੇ ਹੈ? ਅਤੇ ਵਿਕਾਸ ਦੀ ਰੋਸ਼ਨੀ ਉਸ ਵਿਅਕਤੀ ਤੱਕ ਕਿੰਨੀ ਪਹੁੰਚੀ ਹੈ? ਉਹ ਜੋ ਸਮਾਜ ਦੀ ਅੰਤਿਮ ਕਤਾਰ ’ਚ ਖੜ੍ਹਾ ਹੈ?
ਪੰ. ਦੀਨਦਿਆਲ ਉਪਾਧਿਆਏ ਨੇ ਦਹਾਕੇ ਪਹਿਲਾਂ ਇਸੇ ਸਵਾਲ ਨੂੰ ਭਾਰਤੀ ਦ੍ਰਿਸ਼ਟੀ ਤੋਂ ਦੇਖਿਆ ਸੀ। ਉਨ੍ਹਾਂ ਲਈ ਰਾਜਨੀਤੀ ਕੇਵਲ ਸੱਤਾ ਪਾਉਣ ਦੀ ਕਲਾ ਨਹੀਂ ਸੀ। ਅਰਥਵਿਵਸਥਾ ਕੇਵਲ ਉਤਪਾਦਨ ਅਤੇ ਜਾਇਦਾਦ ਵਧਾਉਣ ਦਾ ਗਣਿਤ ਨਹੀਂ ਸੀ। ਵਿਕਾਸ ਕੇਵਲ ਅੰਕੜਿਆਂ ਦੀ ਚਮਕ ਨਹੀਂ ਸੀ। ਇਨ੍ਹਾਂ ਸਭ ਦੇ ਕੇਂਦਰ ’ਚ ਮਨੁੱਖ ਸੀ। ਉਸ ਦਾ ਸਰੀਰ, ਉਸ ਦਾ ਮਨ, ਉਸ ਦੀ ਬੁੱਧੀ ਅਤੇ ਉਸ ਦੀ ਆਤਮਾ। ਉਸ ਦਾ ਪਰਿਵਾਰ, ਸਮਾਜ, ਸੰਸਕ੍ਰਿਤੀ ਅਤੇ ਕੁਦਰਤ ਨਾਲ ਸੰਬੰਧ। ਇਸੇ ਸੰਪੂਰਨ ਦ੍ਰਿਸ਼ਟੀ ਨੂੰ ਉਨ੍ਹਾਂ ਨੇ ‘ਏਕਾਤਮ ਮਾਨਵਵਾਦ’ ਦਾ ਸੁਰ ਦਿੱਤਾ।
ਇਸ ਲਈ ਦੀਨਦਿਆਲ ਜੀ ਦੀ ਜਯੰਤੀ ਕੇਵਲ ਯਾਦ ਕਰਨ ਦਾ ਦਿਨ ਨਹੀਂ ਹੈ। ਇਹ ਉਸ ਸਵਾਲ ਨੂੰ ਫਿਰ ਤੋਂ ਪੁੱਛਣ ਦਾ ਦਿਨ ਹੈ, ਕੀ ਸਾਡੀ ਵਿਵਸਥਾ ਮਨੁੱਖ ਲਈ ਹੈ? ਕੀ ਸਾਡੀ ਤਰੱਕੀ ਅੰਤਿਮ ਵਿਅਕਤੀ ਤੱਕ ਪਹੁੰਚ ਰਹੀ ਹੈ?
ਦੀਨਦਿਆਲ ਜੀ ਜਦੋਂ ਏਕਾਤਮ ਮਾਨਵਵਾਦ ਦੀ ਧਾਰਨਾ ਸਾਹਮਣੇ ਰੱਖ ਰਹੇ ਸਨ, ਉਦੋਂ ਦੁਨੀਆ ਮੁੱਖ ਤੌਰ ’ਤੇ 2 ਆਰਥਿਕ-ਸਿਆਸੀ ਧਾਰਾਵਾਂ ਦੇ ਪ੍ਰਭਾਵ ’ਚ ਸੀ। ਇਕ ਪਾਸੇ ਪੂੰਜੀਵਾਦ ਸੀ। ਦੂਜੇ ਪਾਸੇ ਸਾਮਵਾਦ। ਪੂੰਜੀਵਾਦ ’ਚ ਵਿਅਕਤੀ ਅਤੇ ਬਾਜ਼ਾਰ ਦੀ ਆਜ਼ਾਦੀ ਪ੍ਰਮੁੱਖ ਸੀ, ਜਦਕਿ ਮਾਰਕਸਵਾਦੀ ਸਾਮਵਾਦ ਵਰਗ-ਸੰਘਰਸ਼, ਉਤਪਾਦਨ-ਸੰਬੰਧਾਂ ਅਤੇ ਸਾਂਝੀ ਮਲਕੀਅਤ ਨੂੰ ਸਮਾਜਿਕ ਬਦਲਾਅ ਦੀ ਕੇਂਦਰੀ ਕਸੌਟੀ ਮੰਨਦਾ ਸੀ। ਦੀਨਦਿਆਲ ਜੀ ਨੇ ਇਨ੍ਹਾਂ ਦੋਹਾਂ ਦੇ ਸਾਹਮਣੇ ਇਕ ਬੁਨਿਆਦੀ ਸਵਾਲ ਖੜ੍ਹਾ ਕੀਤਾ—ਕੀ ਮਨੁੱਖ ਨੂੰ ਕੇਵਲ ਉਸ ਦੀ ਆਰਥਿਕ ਭੂਮਿਕਾ ਤੋਂ ਸਮਝਿਆ ਜਾ ਸਕਦਾ ਹੈ? ਉਨ੍ਹਾਂ ਦਾ ਜਵਾਬ ਸੀ—ਨਹੀਂ।
ਮਨੁੱਖ ਕੇਵਲ ਸਰੀਰ ਨਹੀਂ ਹੈ। ਉਸ ਕੋਲ ਮਨ ਹੈ। ਬੁੱਧੀ ਹੈ। ਆਤਮਾ ਹੈ। ਉਸ ਨੂੰ ਰੋਟੀ ਚਾਹੀਦੀ ਹੈ ਪਰ ਕੇਵਲ ਰੋਟੀ ਕਾਫ਼ੀ ਨਹੀਂ। ਰੁਜ਼ਗਾਰ ਚਾਹੀਦਾ ਹੈ ਪਰ ਸਨਮਾਨ ਵੀ। ਭੌਤਿਕ ਸੁੱਖ ਚਾਹੀਦੇ ਹਨ ਪਰ ਪਰਿਵਾਰ, ਸਮਾਜ, ਸੰਸਕ੍ਰਿਤੀ ਅਤੇ ਆਤਮਿਕ ਸੰਤੁਸ਼ਟੀ ਵੀ। ਮਨੁੱਖ ਨੂੰ ਉਸ ਦੀ ਇਸੇ ਸੰਪੂਰਨਤਾ ’ਚ ਦੇਖਣਾ ਏਕਾਤਮ ਮਾਨਵਵਾਦ ਦਾ ਆਧਾਰ ਹੈ।
ਏਕਾਤਮ ਮਾਨਵਵਾਦ ਗਰੀਬ ਅਤੇ ਵਾਂਝੇ ਦੀ ਚਿੰਤਾ ਕਰਦਾ ਹੈ ਪਰ ਇਸ ਲਈ ਵਿਅਕਤੀ ਨੂੰ ਕੇਵਲ ਵਰਗ ਦੀ ਪਛਾਣ ਤੱਕ ਸੀਮਤ ਨਹੀਂ ਕਰਦਾ। ਉਹ ਆਰਥਿਕ ਅਸਮਾਨਤਾ ਦੇ ਸਵਾਲ ਨੂੰ ਸਵੀਕਾਰ ਕਰਦਾ ਹੈ ਪਰ ਸਮਾਜ ਨੂੰ ਪੱਕੇ ਵਰਗ-ਸੰਘਰਸ਼ ’ਚ ਵੰਡਣ ਦੀ ਬਜਾਏ ਸਹਿਯੋਗ, ਸਾਂਝੇਦਾਰੀ ਅਤੇ ਸਮਾਜਿਕ ਸਦਭਾਵਨਾ ਦਾ ਰਾਹ ਲੱਭਦਾ ਹੈ।
20ਵੀਂ ਸਦੀ ਦੇ ਦੂਜੇ ਅੱਧ ’ਚ ਇਤਿਹਾਸ ਨੇ ਇਕ ਹੋਰ ਵੱਡਾ ਮੋੜ ਲਿਆ। ਸੋਵੀਅਤ ਸੰਘ ਦੀ ਵੰਡ ਹੋਈ। ਪੂਰਬੀ ਯੂਰਪ ਦੀਆਂ ਅਨੇਕਾਂ ਕੇਂਦਰੀਕ੍ਰਿਤ ਕਮਿਊਨਿਸਟ ਵਿਵਸਥਾਵਾਂ ਬਦਲ ਗਈਆਂ। ਇਸ ਨਾਲ ਰਾਜ-ਨਿਯੰਤਰਿਤ ਅਰਥਵਿਵਸਥਾ, ਸਿਆਸੀ ਕੇਂਦਰੀਕਰਨ ਅਤੇ ਵਿਅਕਤੀਗਤ ਆਜ਼ਾਦੀ ਦੇ ਸਵਾਲਾਂ ’ਚ ਦੁਨੀਆ ’ਚ ਨਵੀਂ ਬਹਿਸ ਖੜ੍ਹੀ ਹੋਈ ਪਰ ਪੂੰਜੀਵਾਦ ਵੀ ਸਾਰੇ ਸਵਾਲਾਂ ਦਾ ਅੰਤਿਮ ਜਵਾਬ ਨਹੀਂ ਬਣ ਸਕਿਆ। ਬਾਜ਼ਾਰ ਨੇ ਖ਼ੁਸ਼ਹਾਲੀ ਪੈਦਾ ਕੀਤੀ ਪਰ ਅਸਮਾਨਤਾ, ਉਪਭੋਗਤਾਵਾਦ ਅਤੇ ਸਰੋਤਾਂ ਦੀ ਅਸੰਤੁਲਿਤ ਵਰਤੋਂ ਦੇ ਸਵਾਲ ਬਣੇ ਰਹੇ।
ਇੱਥੇ ਹੀ ਦੀਨਦਿਆਲ ਜੀ ਦਾ ਸਵਾਲ ਫਿਰ ਸਾਹਮਣੇ ਆਉਂਦਾ ਹੈ, ਕੀ ਮਨੁੱਖ ਨੂੰ ਬਾਜ਼ਾਰ ਅਤੇ ਰਾਜ ਦੇ ਵਿਚਕਾਰ ਕਿਸੇ ਇਕ ਨੂੰ ਚੁਣਨਾ ਹੀ ਪਵੇਗਾ? ਏਕਾਤਮ ਮਾਨਵਵਾਦ ਤੀਜੀ ਦ੍ਰਿਸ਼ਟੀ ਪੇਸ਼ ਕਰਦਾ ਹੈ। ਰਾਜ ਜ਼ਰੂਰੀ ਹੈ ਪਰ ਸਰਵਸ਼ਕਤੀਮਾਨ ਨਹੀਂ। ਬਾਜ਼ਾਰ ਉਪਯੋਗੀ ਹੈ ਪਰ ਮਨੁੱਖ ਤੋਂ ਵੱਡਾ ਨਹੀਂ। ਜਾਇਦਾਦ ਜ਼ਰੂਰੀ ਹੈ ਪਰ ਸਮਾਜ ਤੋਂ ਨਿਰਲੇਪ ਨਹੀਂ। ਵਿਕਾਸ ਚਾਹੀਦਾ ਹੈ ਪਰ ਅਜਿਹਾ ਵਿਕਾਸ, ਜੋ ਮਨੁੱਖ, ਸਮਾਜ, ਸੰਸਕ੍ਰਿਤੀ ਅਤੇ ਕੁਦਰਤ ਵਿਚਕਾਰ ਸੰਤੁਲਨ ਨਾ ਤੋੜੇ। ਇਹੋ ਇਸ ਦਰਸ਼ਨ ਦੀ ਅੱਜ ਦੀ ਪ੍ਰਾਸੰਗਿਕਤਾ ਹੈ।
ਅੰਤਯੋਦਿਆ-ਵਿਚਾਰ ਤੋਂ ਵਿਵਹਾਰ ਤੱਕ : ਏਕਾਤਮ ਮਾਨਵਵਾਦ ਦਾ ਸਭ ਤੋਂ ਸਹਿਜ ਸਮਾਜਿਕ ਰੂਪ ‘ਅੰਤਯੋਦਿਆ’ ’ਚ ਦਿਖਾਈ ਦਿੰਦਾ ਹੈ। ਵਿਕਾਸ ਦੀ ਕਸੌਟੀ ਉਹ ਵਿਅਕਤੀ ਹੋਵੇ, ਜੋ ਸਭ ਤੋਂ ਪਿੱਛੇ ਹੈ। ਇਸੇ ਵਿਚਾਰਕ ਪਰੰਪਰਾ ਨੂੰ ਭਾਰਤੀ ਜਨਤਾ ਪਾਰਟੀ ਨੇ ਆਪਣੇ ਮੂਲ ਦਰਸ਼ਨ ਨਾਲ ਜੋੜਿਆ। ਦੀਨਦਿਆਲ ਜੀ ਦਾ ਚਿੰਤਨ ਭਾਜਪਾ ਲਈ ਕੇਵਲ ਇਤਿਹਾਸ ਦੀ ਵਿਰਾਸਤ ਨਹੀਂ, ਸਗੋਂ ਉਸ ਦੀ ਐਲਾਨੀ ਵਿਚਾਰਕ ਆਧਾਰਭੂਮੀ ਵੀ ਰਿਹਾ ਹੈ। ਅੱਜ ਜਦੋਂ ਭਾਜਪਾ ਗਰੀਬ-ਕਲਿਆਣ, ਵਿੱਤੀ ਸਮਾਵੇਸ਼ਨ, ਘਰ, ਬਿਜਲੀ, ਸਫ਼ਾਈ, ਸਿਹਤ, ਪੀਣ ਵਾਲਾ ਪਾਣੀ ਅਤੇ ਅੰਤਿਮ ਕੰਢੇ ਤੱਕ ਸਰਕਾਰੀ ਯੋਜਨਾਵਾਂ ਦੀ ਪਹੁੰਚ ਨੂੰ ਆਪਣੀ ਸ਼ਾਸਨ-ਨੀਤੀ ਦੇ ਮੁੱਖ ਵਿਸ਼ਿਆਂ ਦੇ ਰੂਪ ’ਚ ਪੇਸ਼ ਕਰਦੀ ਹੈ, ਤਾਂ ਪਾਰਟੀ ਇਸ ਨੂੰ ਅੰਤਯੋਦਿਆ ਅਤੇ ਏਕਾਤਮ ਮਾਨਵਵਾਦ ਦੀ ਇਸੇ ਵਿਚਾਰਕ ਪਰੰਪਰਾ ਨਾਲ ਜੋੜਦੀ ਹੈ।
ਇੱਥੇ ਵਿਚਾਰ ਦਾ ਮੂਲ ਸੂਤਰ ਮਹੱਤਵਪੂਰਨ ਹੈ। ਯੋਜਨਾ ਦਿੱਲੀ ’ਚ ਬਣੇ। ਉਸ ਦੀ ਸਫ਼ਲਤਾ ਦੀ ਕਸੌਟੀ ਦਿੱਲੀ ਨਹੀਂ, ਦੇਸ਼ ਦੇ ਕਿਸੇ ਦੂਰ-ਦੁਰਾਡੇ ਪਿੰਡ ’ਚ ਖੜ੍ਹਾ ਅੰਤਿਮ ਵਿਅਕਤੀ ਹੋਵੇ। ਉਸ ਦੇ ਘਰ ਤੱਕ ਬਿਜਲੀ ਪਹੁੰਚੀ ਜਾਂ ਨਹੀਂ? ਪਾਣੀ ਪਹੁੰਚਿਆ ਜਾਂ ਨਹੀਂ? ਇਲਾਜ ਦੀ ਸਹੂਲਤ ਮਿਲੀ ਜਾਂ ਨਹੀਂ? ਬੈਂਕਿੰਗ ਵਿਵਸਥਾ ਨਾਲ ਉਹ ਜੁੜਿਆ ਜਾਂ ਨਹੀਂ? ਉਸ ਦੇ ਸਿਰ ’ਤੇ ਛੱਤ ਹੈ ਜਾਂ ਨਹੀਂ? ਉਸ ਦੇ ਜੀਵਨ ’ਚ ਸਨਮਾਨ ਅਤੇ ਮੌਕੇ ਵਧੇ ਜਾਂ ਨਹੀਂ? ਇਹੋ ਅੰਤਯੋਦਿਆ ਨੂੰ ਕੇਵਲ ਕਲਿਆਣਕਾਰੀ ਯੋਜਨਾ ਤੋਂ ਵੱਖ ਇਕ ਵਿਆਪਕ ਸਮਾਜਿਕ ਦ੍ਰਿਸ਼ਟੀ ਬਣਾਉਂਦਾ ਹੈ।
ਵਿਅਕਤੀ ਤੋਂ ਪਰਿਵਾਰ, ਪਰਿਵਾਰ ਤੋਂ ਸਮਾਜ : ਏਕਾਤਮ ਮਾਨਵਵਾਦ ਦੀ ਇਕ ਹੋਰ ਵਿਸ਼ੇਸ਼ਤਾ ਹੈ। ਉਹ ਵਿਅਕਤੀ ਨੂੰ ਇਕੱਲਾ ਨਹੀਂ ਦੇਖਦਾ। ਵਿਅਕਤੀ ਪਰਿਵਾਰ ਦਾ ਹਿੱਸਾ ਹੈ। ਪਰਿਵਾਰ ਸਮਾਜ ਦਾ। ਸਮਾਜ ਰਾਸ਼ਟਰ ਦਾ। ਰਾਸ਼ਟਰ ਕੁਦਰਤ ਅਤੇ ਵਿਆਪਕ ਮਾਨਵਤਾ ਨਾਲ ਜੁੜਿਆ ਹੈ। ਇਨ੍ਹਾਂ ’ਚ ਸੰਘਰਸ਼ ਨਹੀਂ, ਤਾਲਮੇਲ ਹੋਣਾ ਚਾਹੀਦਾ ਹੈ। ਇਸੇ ਲਈ ਇਸ ਦਰਸ਼ਨ ’ਚ ਅਧਿਕਾਰ ਦੇ ਨਾਲ ਕਰਤੱਵ ਹੈ। ਅਰਥ ਦੇ ਨਾਲ ਨੈਤਿਕਤਾ ਹੈ। ਵਿਕਾਸ ਦੇ ਨਾਲ ਵਾਤਾਵਰਣ ਹੈ। ਆਧੁਨਿਕਤਾ ਦੇ ਨਾਲ ਸੱਭਿਆਚਾਰਕ ਚੇਤਨਾ ਹੈ। ਦੀਨਦਿਆਲ ਜੀ ਪੱਛਮ ਨਾਲ ਸੰਵਾਦ ਦੇ ਵਿਰੋਧੀ ਨਹੀਂ ਸਨ। ਉਨ੍ਹਾਂ ਦੀ ਨਾਰਾਜ਼ਗੀ ਅੰਨ੍ਹੇਵਾਹ ਨਕਲ ਦੇ ਵਿਰੁੱਧ ਸੀ।
ਅੱਜ ਭਾਰਤੀ ਜਨਤਾ ਪਾਰਟੀ ਦਾ ਜੋ ਵਿਸ਼ਾਲ ਸੰਗਠਨਾਤਮਕ ਬੋਹੜ ਦਾ ਰੁੱਖ ਦਿਖਾਈ ਦਿੰਦਾ ਹੈ, ਉਸ ਦੀਆਂ ਜੜ੍ਹਾਂ ’ਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਪੰਡਿਤ ਦੀਨਦਿਆਲ ਉਪਾਧਿਆਏ ਵਰਗੇ ਤਪੱਸਵੀ ਨੇਤਾਵਾਂ ਦੀ ਮਿਹਨਤ, ਵਿਚਾਰ ਅਤੇ ਸਮਰਪਣ ਵੀ ਹੈ। ਉਨ੍ਹਾਂ ਨੇ ਉਸ ਸਮੇਂ ਵਿਚਾਰਾਂ ਦੀ ਨੀਂਹ ਰੱਖੀ, ਜਦੋਂ ਸਿਆਸੀ ਸ਼ਕਤੀ ਸੀਮਤ ਸੀ। ਸਾਧਨ ਘੱਟ ਸਨ ਪਰ ਟੀਚਾ ਸਪੱਸ਼ਟ ਸੀ, ਭਾਰਤ ਦੀ ਰਾਜਨੀਤੀ ਨੂੰ ਭਾਰਤ ਦੀ ਆਪਣੀ ਦ੍ਰਿਸ਼ਟੀ ਤੋਂ ਦੇਖਣ ਦਾ ਯਤਨ। ਅੱਜ ਭਾਜਪਾ ਲਈ ਦੀਨਦਿਆਲ ਜੀ ਨੂੰ ਯਾਦ ਕਰਨਾ ਇਸ ਲਈ ਕੇਵਲ ਆਪਣੇ ਇਕ ਰਹਿਨੁਮਾ ਨੂੰ ਪ੍ਰਣਾਮ ਕਰਨਾ ਨਹੀਂ ਹੈ, ਇਹ ਉਸ ਵਿਚਾਰਕ ਕਸੌਟੀ ਨੂੰ ਵੀ ਯਾਦ ਕਰਨਾ ਹੈ ਜਿਸ ’ਚ ਸੱਤਾ, ਸੰਗਠਨ ਅਤੇ ਸ਼ਾਸਨ, ਤਿੰਨਾਂ ਨੂੰ ਖ਼ੁਦ ਨੂੰ ਨਿਰੰਤਰ ਪਰਖਣਾ ਹੁੰਦਾ ਹੈ।
25 ਸਤੰਬਰ ਨੂੰ ਪੰਡਿਤ ਦੀਨਦਿਆਲ ਉਪਾਧਿਆਏ ਦੀ ਜਯੰਤੀ ’ਤੇ ਉਨ੍ਹਾਂ ਨੂੰ ਪ੍ਰਣਾਮ ਕਰਦਿਆਂ ਉਨ੍ਹਾਂ ਦੇ ਵਿਚਾਰ ਦਾ ਸਾਰ ਸ਼ਾਇਦ ਇਕ ਵਾਕ ’ਚ ਸਮਝਿਆ ਜਾ ਸਕਦਾ ਹੈ—ਤਰੱਕੀ ਦੀ ਉੱਚਾਈ ਦਾ ਮੁਲਾਂਕਣ ਸਿਖਰ ’ਚ ਖੜ੍ਹੇ ਵਿਅਕਤੀ ਨੂੰ ਦੇਖ ਕੇ ਨਹੀਂ, ਸਗੋਂ ਉਸ ਅੰਤਿਮ ਵਿਅਕਤੀ ਨੂੰ ਦੇਖ ਕੇ ਹੋਣਾ ਚਾਹੀਦਾ ਹੈ, ਜੋ ਹੁਣ ਤੱਕ ਸਭ ਤੋਂ ਪਿੱਛੇ ਸੀ। ਇਹੋ ਅੰਤਯੋਦਿਆ ਹੈ। ਇਹੋ ਏਕਾਤਮ ਮਾਨਵਵਾਦ ਦੀ ਆਤਮਾ ਹੈ ਅਤੇ ਇਹੋ ਦੀਨਦਿਆਲ ਜੀ ਦੇ ਚਿੰਤਨ ਦਾ ਉਹ ਸਵਾਲ ਹੈ, ਜੋ ਬਦਲਦੀ ਦੁਨੀਆ ’ਚ ਅੱਜ ਵੀ ਸਾਡੇ ਸਾਹਮਣੇ ਜਿਊਂਦਾ ਹੈ।
—ਕੇ. ਕੇ. ਉਪਾਧਿਆਏ
ਐੱਸ. ਆਈ. ਆਰ. ਦੀ ਸਫ਼ਾਈ ’ਚ ਫਸਦੇ ਵੋਟਰ!
NEXT STORY