ਟੈਲੀਵਿਜ਼ਨ ਸਕ੍ਰੀਨ ’ਤੇ ਇਹ ਦਿਖਾਈ ਦੇ ਰਿਹਾ ਸੀ ਕਿ ਬਾਰਾਮਤੀ ’ਚ ਅਜੀਤ ਪਵਾਰ ਦੇ ਅੰਤਿਮ ਸੰਸਕਾਰ ਲਈ ਹਜ਼ਾਰਾਂ ਨਹੀਂ, ਸਗੋਂ ਦਸਾਂ ਹਜ਼ਾਰ, ਜੇ ਲੱਖ ਨਹੀਂ, ਤਾਂ ਇੰਨੇ ਸੋਗਮਈ ਲੋਕ ਇਕੱਠੇ ਹੋਏ ਸਨ। ਪਵਾਰ ਪਰਿਵਾਰ (ਸ਼ਰਦ ਪਵਾਰ ਦੇ ਪਰਿਵਾਰ ਵਾਲੇ) ਬਾਰਾਮਤੀ ’ਚ ਸਭ ਦੀਆਂ ਅੱਖਾਂ ਦੇ ਤਾਰੇ ਹਨ। ਕੇਵਲ ਇਹੋ ਗੱਲ ਉਸ ਭੀੜ ਦਾ ਕਾਰਨ ਹੋ ਸਕਦੀ ਸੀ, ਜੋ ਉਸ ਸ਼ਖਸ ਨੂੰ ਆਪਣੀ ਅੰਤਿਮ ਵਿਦਾਈ ਦੇਣ ਲਈ ਜੁਟੀ ਸੀ, ਜੋ ਸੂਬੇ ਦਾ ਮੁੱਖ ਮੰਤਰੀ ਬਣਨ ਲਈ ਬੇਤਾਬ ਸੀ, ਪਰ ਬਣ ਨਾ ਸਕਿਆ!
ਮੈਨੂੰ ਜੂਲੀਅਸ ਸੀਜ਼ਰ ਦੇ ਅੰਤਿਮ ਸੰਸਕਾਰ ’ਤੇ ਮਾਰਕ ਐਂਟਨੀ ਦੇ ਉਸ ਭਾਸ਼ਣ ਦੀ ਯਾਦ ਆਉਂਦੀ ਹੈ, ਜਿਸ ਨੂੰ ਸ਼ੈਕਸਪੀਅਰ ਨੇ ਆਪਣੇ ਨਾਟਕ ’ਚ ਅਮਰ ਕਰ ਦਿੱਤਾ ਹੈ-‘ਮਨੁੱਖ ਜੋ ਬੁਰਾਈ ਕਰਦਾ ਹੈ ਉਹ ਉਸ ਤੋਂ ਬਾਅਦ ਵੀ ਜਿਊਂਦੀ ਰਹਿੰਦੀ ਹੈ ਅਤੇ ਚੰਗਿਆਈ ਅਕਸਰ ਉਸ ਦੀਆਂ ਹੱਡੀਆਂ ਦੇ ਨਾਲ ਹੀ ਦਫ਼ਨ ਹੋ ਜਾਂਦੀ ਹੈ।’ ਅਜੀਤ ਪਵਾਰ ਆਪਣੇ ਸਿਆਸੀ ਕਰੀਅਰ ਦੇ ਦੌਰਾਨ ਕਈ ਵਿਵਾਦਾਂ ’ਚ ਸ਼ਾਮਲ ਰਹੇ। ਉਨ੍ਹਾਂ ’ਚ ਸਭ ਤੋਂ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸੀ, ਜੋ ਉਨ੍ਹਾਂ ’ਤੇ ਸਿੰਚਾਈ ਪ੍ਰਾਜੈਕਟਾਂ ਲਈ ਨਿਰਧਾਰਤ ਧਨ ਨੂੰ ਗਾਇਬ ਕਰਨ ਲਈ ਦਰਜ ਕੀਤਾ ਗਿਆ ਸੀ, ਜਦੋਂ ਉਹ ਪਿਛਲੀ ਸਰਕਾਰ ’ਚ ਸਿੰਚਾਈ ਵਿਭਾਗ ਦੇ ਮੰਤਰੀ ਸਨ।
ਸੂਬੇ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ. ਸੀ. ਬੀ.) ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ। ਕਿਸੇ ਵੀ ਮਾਮਲੇ ’ਚ, ਇਸ ਘਟਨਾਕ੍ਰਮ ’ਤੇ ਨਜ਼ਰ ਰੱਖਣ ਵਾਲਿਆਂ ਦਰਮਿਆਨ ਅਾਮ ਧਾਰਨਾ ਇਹੋ ਸੀ ਕਿ ਭਾਜਪਾ ਨੇ ਅਜੀਤ ਦੇ ਪਾਲਾ ਬਦਲਦੇ ਹੀ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ! ਹਾਲ ਹੀ ’ਚ, ਕੁਝ ਮਹੀਨੇ ਪਹਿਲਾਂ, ਅਜੀਤ ਦੇ ਦੋ ਬੇਟਿਆਂ ’ਚੋਂ ਇਕ ਪਾਰਥ ਪਵਾਰ ਉਦੋਂ ਵਿਵਾਦਾਂ ’ਚ ਆਏ ਸਨ, ਜਦੋਂ ਉਨ੍ਹਾਂ ਦੀ ਮੁੱਖ ਮਾਲਕੀ ਵਾਲੀ ਕੰਪਨੀ ‘ਅਮਾਡਿਆ ਐਂਟਰਪ੍ਰਾਈਜ਼ਿਜ਼' ਨੇ ਮਹਾਰ (ਇਕ ਅਨੁਸੂਚਿਤ ਜਾਤੀ) ਭਾਈਚਾਰੇ ਲਈ ਰਾਖਵੀਂ ਜ਼ਮੀਨ ਪ੍ਰਾਪਤ ਕੀਤੀ ਸੀ, ਜਿਸ ਨੂੰ ਵਿਕਰੀ ਰਾਹੀਂ ਵੀ ਤਬਦੀਲ ਨਹੀਂ ਕੀਤਾ ਜਾ ਸਕਦਾ ਸੀ। ਪਾਰਥ ਦੀ ਕੰਪਨੀ ਨੇ ਉਹ ਜ਼ਮੀਨ ਬਹੁਤ ਹੀ ਘੱਟ ਕੀਮਤ ’ਤੇ ਖਰੀਦੀ ਸੀ। ਜਦੋਂ ਪ੍ਰੈੱਸ ਨੇ ਇਸ ਲੈਣ-ਦੇਣ ਦਾ ਵੇਰਵਾ ਪ੍ਰਕਾਸ਼ਿਤ ਕੀਤਾ, ਤਾਂ ਅਜੀਤ ਪਵਾਰ ਨੇ ਆਪਣੇ ਬੇਟੇ ਦਾ ਬਚਾਅ ਕੀਤਾ ਅਤੇ ਫੜਨਵੀਸ ਸਰਕਾਰ ਫਿਰ ਤੋਂ ਉਨ੍ਹਾਂ ਦੇ ਬਚਾਅ ’ਚ ਆਈ। ਅੰਤ ’ਚ ਉਹ ਜ਼ਮੀਨ ਮਹਾਰ ਭਾਈਚਾਰੇ ਨੂੰ ਵਾਪਸ ਕਰਨੀ ਪਈ।
ਅਧਿਕਾਰਾਂ ਦੀ ਦੁਰਵਰਤੋਂ ਦੀ ਇਕ ਹੋਰ ਹੈਰਾਨੀਜਨਕ ਉਦਾਹਰਣ ’ਚ, ਅਜੀਤ ਪਵਾਰ ਨੂੰ ਇਕ ਨੌਜਵਾਨ ਔਰਤ ਆਈ. ਪੀ. ਐੱਸ. ਅਧਿਕਾਰੀ ਨੂੰ ਫਟਕਾਰ ਲਗਾਉਂਦੇ ਹੋਏ ਰਿਕਾਰਡ ਕੀਤਾ ਗਿਆ ਸੀ, ਕਿਉਂਕਿ ਉਸ ਨੇ ਮਾਲੀਆ ਕਾਨੂੰਨਾਂ ਨੂੰ ਤੋੜਨ ਲਈ ਅਜੀਤ ਦੇ ਪੈਰੋਕਾਰਾਂ ਨੂੰ ਹਿਰਾਸਤ ’ਚ ਲਿਆ ਸੀ। ਅਧਿਕਾਰੀ ਨੂੰ ਅਜਿਹਾ ਕਰਨ ਦਾ ਹੁਕਮ ਅਧਿਕਾਰਤ ਮਾਲੀਆ ਅਧਿਕਾਰੀ ਦੁਆਰਾ ਦਿੱਤਾ ਗਿਆ ਸੀ ਅਤੇ ਉਹ ਸਰਕਾਰ ਦੇ ਆਪਣੇ ਹੁਕਮਾਂ ’ਤੇ ਅਾਧਾਰਿਤ ਸੀ। ਇਹ ਸੱਤਾਧਾਰੀ ਪਾਰਟੀ ਦੀ ਇਕ ਸਹੀ ਉਦਾਹਰਣ ਸੀ, ਜਿੱਥੇ ਪਹਿਲਾਂ ਖੁਦ ਕਾਨੂੰਨ ਬਣਾਏ ਗਏ ਅਤੇ ਫਿਰ ਉਮੀਦ ਕੀਤੀ ਗਈ ਕਿ ਜਦੋਂ ਉਨ੍ਹਾਂ ਕਾਨੂੰਨਾਂ ਨੂੰ ਤੋੜਿਆ ਜਾਵੇ ਤਾਂ ਪੁਲਸ ਆਪਣੀਆਂ ਅੱਖਾਂ ਬੰਦ ਕਰ ਲਵੇ!
ਇਕ ਹੋਰ ਹਾਲੀਆ ਮਾਮਲਾ, ਜਿਸ ’ਚ ਅਜੀਤ ਦੀ ਪਤਨੀ ਸੁਨੇਤਰਾ ਵੀ ਸ਼ਾਮਲ ਸੀ, ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਤੋਂ ਗਬਨ ਦਾ ਸੀ, ਜਿਸ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਅਦਾਲਤ ’ਚ ਕਰ ਰਹੀ ਹੈ। ਹੁਣ ਜਦੋਂ 28 ਜਨਵਰੀ ਦੀ ਸਵੇਰ ਮੁੰਬਈ ਤੋਂ ਉਨ੍ਹਾਂ ਦੇ ਗ੍ਰਹਿ ਨਗਰ ਬਾਰਾਮਤੀ ਦੀ ਯਾਤਰਾ ਦੌਰਾਨ ਇਕ ਨਿੱਜੀ ਚਾਰਟਰਡ ਜਹਾਜ਼ ਹਾਦਸੇ ’ਚ ਉਨ੍ਹਾਂ ਦੀ ਮੌਤ ਹੋ ਗਈ, ਤਾਂ ਬਾਰਾਮਤੀ ਦੇ ਲੋਕਾਂ ਦੀ ਹਮਦਰਦੀ ਨੇ ਉਨ੍ਹਾਂ ਦੇ ਸਾਰੇ ਕਥਿਤ ਕੁਕਰਮਾਂ ਨੂੰ ਮਿਟਾ ਦਿੱਤਾ ਹੈ।
ਅਜੀਤ ਨੇ ਮੁੱਖ ਮੰਤਰੀ ਦੀ ‘ਗੱਦੀ’ ਦੀ ਚਾਹ ’ਚ ਆਪਣੇ ਚਾਚਾ ਅਤੇ ਮਾਰਗਦਰਸ਼ਕ ਸ਼ਰਦ ਪਵਾਰ ਦਾ ਸਾਥ ਛੱਡ ਦਿੱਤਾ ਸੀ।
ਅਜੇ ਹਾਲ ਹੀ ’ਚ ਚਾਚਾ ਅਤੇ ਭਤੀਜਾ ਪੁਣੇ ਅਤੇ ਪਿੰਪਰੀ-ਚਿੰਚਵੜ ਨਗਰ ਨਿਗਮ ਚੋਣਾਂ ਇਕੱਠੇ ਲੜਨ ਲਈ ਕਰੀਬ ਆਏ ਸਨ। ਉਹ ਹਾਰ ਗਏ ਪਰ ਇਕ ਸਮੇਂ ’ਤੇ ਉਨ੍ਹਾਂ ਦਾ ਸਾਥ ਹੋਣਾ ਇਹ ਸੋਚਣ ’ਤੇ ਮਜਬੂਰ ਕਰਦਾ ਹੈ ਕਿ ਇਹ ਰਿਸ਼ਤਾ ਕਿਸ ਤਰ੍ਹਾਂ ਦਾ ਸੀ ਜੋ ਹਵਾ ਦੇ ਰੁਖ਼ ਦੇ ਨਾਲ ਬਦਲਦਾ ਰਹਿੰਦਾ ਸੀ!
ਅਜੀਤ ਪਵਾਰ ਦੀ ਮੌਤ ਦੇ ਠੀਕ 3 ਦਿਨ ਬਾਅਦ, ਉਨ੍ਹਾਂ ਦੀ ਵਿਧਵਾ ਸੁਨੇਤਰਾ ਨੇ ਮਹਾਰਾਸ਼ਟਰ ਕੈਬਨਿਟ ’ਚ ਉਪ-ਮੁੱਖ ਮੰਤਰੀ ਦੇ ਰੂਪ ’ਚ ਸਹੁੰ ਚੁੱਕੀ। ਰਾਜ ਸਰਕਾਰ ਦੁਆਰਾ ਐਲਾਨੀ ਤਿੰਨ ਦਿਨਾ ਸੋਗ ਦੀ ਮਿਆਦ ਖਤਮ ਹੋ ਰਹੀ ਸੀ ਅਤੇ ਝੰਡੇ ਅਜੇ ਵੀ ਅੱਧੇ ਝੁਕੇ ਹੋਏ ਸਨ! ਸੁਨੇਤਰਾ ਦੁਆਰਾ ਸੱਤਾ ਦੇ ਮੋਹ ’ਚ ਦਿਖਾਈ ਗਈ ਇਸ ਜਲਦਬਾਜ਼ੀ ਤੋਂ ਕਈ ਲੋਕ ਹੈਰਾਨ ਸਨ, ਇਹ ਭੁੱਲ ਕੇ ਕਿ ਉਹ ਖੁਦ ਇਕ ਅਜਿਹੇ ਸਿਆਸੀ ਪਰਿਵਾਰ ਤੋਂ ਆਉਂਦੀ ਹੈ ਜੋ ਹਮੇਸ਼ਾ ਸੱਤਾ ਦੀ ਤਲਾਸ਼ ’ਚ ਰਿਹਾ ਹੈ। ਨਿੱਜੀ ਤੌਰ ’ਤੇ, ਮੈਨੂੰ ਇਸ ’ਚ ਕੋਈ ਸ਼ੱਕ ਨਹੀਂ ਕਿ ਰਾਜ ਦੇ ਸਭ ਤੋਂ ਚਲਾਕ ਸਿਆਸਤਦਾਨ ਦੇਵੇਂਦਰ ਫੜਨਵੀਸ ਹੀ ਇਸ ਤੁਰੰਤ ਅਹੁਦੇ ਦੀ ਤਰੱਕੀ ਦੇ ਪਿੱਛੇ ਸਨ।
ਅਜੀਤ ਪਵਾਰ ਦੀ ਅਚਾਨਕ ਮੌਤ ਨੇ ਉਨ੍ਹਾਂ ਦੇ ਸਾਹਮਣੇ ਏਕਨਾਥ ਸ਼ਿੰਦੇ (ਜੋ ਊਧਵ ਠਾਕਰੇ ਵਿਰੋਧੀ ਸ਼ਿਵ ਸੈਨਾ ਧੜੇ ਦੇ ਮੁਖੀ ਹਨ) ਦੁਆਰਾ ਸਿਆਸੀ ਰਿਆਇਤਾਂ ਦੇ ਲਗਾਤਾਰ ਦਬਾਅ ਦੀ ਸਥਿਤੀ ਪੈਦਾ ਕਰ ਦਿੱਤੀ ਸੀ। ਜੇਕਰ ਅਜੀਤ ਪਵਾਰ ਦਾ ਧੜਾ ਸ਼ਰਦ ਦੀ ਐੱਨ. ਸੀ. ਪੀ. ’ਚ ਸ਼ਾਮਲ ਹੋ ਜਾਂਦਾ ਹੈ, ਜਿਵੇਂ ਕਿ ਅਫਵਾਹਾਂ ਸਨ, ਤਾਂ ਫੜਨਵੀਸ ਦਾ ਸ਼ਿੰਦੇ ’ਤੇ ਕੰਟਰੋਲ ਘੱਟ ਹੋ ਜਾਂਦਾ, ਕਿਉਂਕਿ ਸ਼ਰਦ ਪਵਾਰ ਆਪਣੀ ਧਰਮ-ਨਿਰਪੱਖ ਤਸਵੀਰ ਬਚਾਉਣ ਲਈ ਭਾਜਪਾ ਦਾ ਸਾਥ ਨਹੀਂ ਦਿੰਦੇ। ਜੇਕਰ ਅਜੀਤ ਦੇ ਪੈਰੋਕਾਰ ਸ਼ਰਦ ਪਵਾਰ ਦੇ ਕੋਲ ਨਹੀਂ ਪਰਤਦੇ, ਤਾਂ ਵਿਧਾਨ ਸਭਾ ’ਚ ਉਨ੍ਹਾਂ ਦੀ ਗਿਣਤੀ (ਲੱਗਭਗ 40) ਭਾਜਪਾ ਨੂੰ ਸ਼ਿੰਦੇ ਸੈਨਾ ਦੀਆਂ ਧਮਕੀਆਂ ਤੋਂ ਬਚਾਉਣ ਲਈ ਕਾਫੀ ਹੁੰਦੀ। ਇਹ ਗਿਣਤੀ ਭਾਜਪਾ ਨੂੰ ਸੱਤਾ ’ਚ ਬਣਾਈ ਰੱਖਣ ਲਈ ਕਾਫ਼ੀ ਹੁੰਦੀ, ਜੇਕਰ ਸ਼ਿੰਦੇ ਦੀ ਸ਼ਿਵ ਸੈਨਾ ਬਹੁਤ ਜ਼ਿਆਦਾ ਮੰਗ ਕਰਨ ਲੱਗਦੀ। ਇਸ ਲਈ ਅਜੀਤ ਦੇ ਧੜੇ ਨੂੰ ਆਪਣੇ ਪੱਖ ’ਚ ਰੱਖਣਾ ਜ਼ਰੂਰੀ ਸੀ। ਉਨ੍ਹਾਂ ਦੀ ਵਿਧਵਾ ਨੂੰ ਉਪ-ਮੁੱਖ ਮੰਤਰੀ ਬਣਾਉਣਾ ਸਾਫ਼ ਤੌਰ ’ਤੇ ਫੜਨਵੀਸ ਵਰਗੇ ਚਲਾਕ ਸਿਆਸਤਦਾਨ ਦੇ ਪਿਟਾਰੇ ਦਾ ਇਕ ਹਿੱਸਾ ਸੀ।
ਸੱਤਾ ਲਈ ਪਾਲਾ ਬਦਲਣਾ ਮਹਾਰਾਸ਼ਟਰ ਦੀ ਸਿਆਸਤ ਦੀ ਇਕ ਅਾਮ ਖੇਡ ਹੈ। ਬੇਸ਼ੱਕ ਜੋ ਰਾਜਨੇਤਾ ਵਿਚਾਰਧਾਰਾ ਪ੍ਰਤੀ ਸੱਚੇ ਹਨ, ਉਹ ਅਜਿਹਾ ਨਹੀਂ ਕਰਨਗੇ ਪਰ ਸੱਚ ਤਾਂ ਇਹ ਹੈ ਕਿ ਅਜਿਹੇ ਲੋਕ ਹੁਣ ਦੁਰਲੱਭ ਹਨ। ਅਹੁਦੇ ਦਾ ਲਾਲਚ ਜਾਂ ਲਾਭ ਹੀ ਉਨ੍ਹਾਂ ਨੂੰ ਡਗਮਗਾਉਣ ਲਈ ਕਾਫ਼ੀ ਹੈ। ਇਸ ਦੇ ਨਾਲ ਹੀ ਈ. ਡੀ. ਦੀ ਜਾਂਚ ਤੋਂ ਬਚਣ ਦੀ ਮਜਬੂਰੀ ਵੀ ਇਕ ਵੱਡਾ ਕਾਰਨ ਹੈ, ਜੋ ਭਾਜਪਾ ਉਨ੍ਹਾਂ ਲੋਕਾਂ ਖ਼ਿਲਾਫ਼ ਇਕ ਹਥਿਆਰ ਵਾਂਗ ਇਸਤੇਮਾਲ ਕਰਦੀ ਹੈ, ਜਿਨ੍ਹਾਂ ਦੇ ਅਤੀਤ ’ਚ ਦਾਗ ਹਨ।
ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)
ਪਾਕਿ ਵਲੋਂ ਜੰਮੂ-ਕਸ਼ਮੀਰ ’ਚ ਹਿੰਸਾ ਅਤੇ ਪੰਜਾਬ ’ਚ ਨਸ਼ੇ ਭੇਜਣਾ ਜਾਰੀ
NEXT STORY