ਬਿਹਾਰ ਦੀ ਤ੍ਰਾਸਦੀ ਵੀ ਵੇਖੋ ਕਿ ਦੋਵੇਂ ਵੱਡੀਆਂ ਪਾਰਟੀਆਂ ਤੀਜੇ ਨੰਬਰ ਦੀ ਪਾਰਟੀ ਨੂੰ ਸੱਤਾ ਦੀ ਪਾਲਕੀ ਉਠਾਉਣ ਲਈ ਮਜਬੂਰ ਕਰ ਰਹੀਆਂ ਹਨ। ਤਿੰਨ ਦਹਾਕੇ ਪਹਿਲਾਂ ਲਾਲੂ ਪ੍ਰਸਾਦ ਯਾਦਵ ’ਤੇ ਭ੍ਰਿਸ਼ਟਾਚਾਰ, ਜੰਗਲ ਰਾਜ ਅਤੇ ਖਾਨਦਾਨੀ ਸਿਆਸਤ ਦਾ ਦੋਸ਼ ਲਾਉਂਦੇ ਹੋਏ ਨਿਤੀਸ਼ ਕੁਮਾਰ ਨੇ ਜਨਤਾ ਦਲ ਤੋੜ ਕੇ ਸਮਾਜਵਾਦੀ ਨੇਤਾ ਜਾਰਜ ਫਰਨਾਡੀਜ਼ ਦੀ ਅਗਵਾਈ ’ਚ ਸਮਤਾ ਪਾਰਟੀ ਬਣਾਉਂਦੇ ਹੋਏ ਸੱਤਾ ਲਈ ਭਾਜਪਾ ਨਾਲ ਦੋਸਤੀ ਦਾ ਰਾਹ ਚੁਣਿਆ।
2005 ’ਚ ਲਾਲੂ-ਰਾਬੜੀ ਰਾਜ ਨੂੰ ਵਿਦਾ ਕਰ ਕੇ ਨਿਤੀਸ਼ ਬਿਹਾਰ ਦੇ ਮੁੱਖ ਮੰਤਰੀ ਵੀ ਬਣ ਗਏ ਪਰ ਪਿਛਲੇ ਦਿਨੀਂ ਖੁਦ ਖਾਨਦਾਨੀ ਸਿਆਸਤ ਦੀ ਰਾਹ ’ਤੇ ਅੱਗੇ ਵਧਦੇ ਨਜ਼ਰ ਆਏ। ਖੁਦ ਨਿਤੀਸ਼ ਵਲੋਂ ਕੀਤੇ ਗਏ ਜੀਤਨ ਰਾਮ ਮਾਂਝੀ ਦੇ ਤਜਰਬੇ ਨੂੰ ਅਪਵਾਦ ਮੰਨੀਏ ਤਾਂ ਉਦੋਂ ਤੋਂ ਬਿਹਾਰ ਦੀ ਸੱਤਾ ’ਤੇ ਨਿਤੀਸ਼ ਕੁਮਾਰ ਹੀ ਕਾਬਜ਼ ਹਨ। ਹਾਂ, ਸਹੂਲਤ ਮੁਤਾਬਕ ਉਹ ਦੋਸਤ ਬਦਲਦੇ ਰਹੇ, ਸ਼ਰਤ ਇਹੀ ਕਿ ਮੁੱਖ ਮੰਤਰੀ ਦਾ ਮੇਰਾ ਅਹੁਦਾ ਬਰਕਰਾਰ ਰਹੇ।
ਨਾਅਰਾ ਹੀ ਇਹ ਰਿਹਾ, ‘‘ਬਿਹਾਰ ਮੇਂ ਬਹਾਰ, ਫਿਰ ਨਿਤੀਸ਼ ਕੁਮਾਰ ਹੈ।’’ ਜਿਸ ਵਿਰੋਧੀ ਗੱਠਜੋੜ ‘ਇੰਡੀਆ’ ਦੇ ਨਿਤੀਸ਼ ਕੁਮਾਰ ਸੂਤਰਧਾਰ ਦੱਸੇ ਜਾ ਰਹੇ ਸਨ, ਲੋਕ ਸਭਾ ਦੀਆਂ ਚੋਣਾਂ ਤੋਂ ਬਿਲਕੁਲ ਪਹਿਲਾਂ ਉਸ ਨੂੰ ਝਟਕਾ ਦੇ ਕੇ ਭਾਜਪਾ ਦੀ ਅਗਵਾਈ ਵਾਲੇ ਰਾਜਗ ’ਚ ਪਰਤ ਗਏ। ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਨਿਤੀਸ਼ ਵਲੋਂ ਮੁੜ ਪਲਟੀ ਮਾਰਨ ਦੇ ਚਰਚੇ ਬਹੁਤ ਹੋਏ ਪਰ ਅਟਕਲਾਂ ਤੋਂ ਅੱਗੇ ਨਹੀਂ ਵਧ ਸਕੇ।
ਇਸ ਦੌਰਾਨ ਉਨ੍ਹਾਂ ਦੇ ਬੇਟੇ ਨਿਸ਼ਾਂਤ ਦੀ ਮੁੱਖ ਮੰਤਰੀ ਨਿਵਾਸ ਵਿਖੇ ਹੋਲੀ ਤੋਂ ਸ਼ੁਰੂ ਹੋਈ ਖਾਨਦਾਨ ਦੀ ਚਰਚਾ ਅਜੇ ਵੀ ਰੁਕੀ ਨਹੀਂ ਹੈ। ਚਰਚਿਆਂ ਦਾ ਸੱਚ ਤਾਂ ਸਾਲ ਦੇ ਅੰਤ ’ਚ ਹੋਣ ਵਾਲੀਆਂ ਚੋਣਾਂ ਤੋਂ ਹੀ ਪਤਾ ਲੱਗੇਗਾ ਪਰ ਇਸ ਵਾਰ ਬਿਹਾਰ ਦੀ ਬਹਾਰ ’ਚ ਨਿਤੀਸ਼ ਕੁਮਾਰ ਦੇ ਹੋਣ ਦੀ ਗਾਰੰਟੀ ਨਹੀਂ ਨਜ਼ਰ ਆਉਂਦੀ।
ਨਿਤੀਸ਼ ਦੀ ਅਗਵਾਈ ’ਚ ਰਾਜਦ ਵਲੋਂ ਵਿਧਾਨ ਸਭਾ ਦੀਆਂ ਚੋਣਾਂ ਲੜਨ ਦੀ ਗੱਲ ਭਾਜਪਾ ਕਈ ਵਾਰ ਕਹਿ ਚੁੱਕੀ ਹੈ ਪਰ ਮਹਾਰਾਸ਼ਟਰ ’ਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਚੋਣ ਪਿੱਛੋਂ ਹੋਏ ਹਸ਼ਰ ਕਾਰਨ ਉੱਠੇ ਸਵਾਲਾਂ ਦਾ ਜਵਾਬ ਬਿਹਾਰ ’ਚ ਸੌਖਾ ਨਹੀਂ । ਸਿਆਸੀ ਲੋੜਾਂ ਨੂੰ ਮੁੱਖ ਰੱਖਦਿਆਂ ਭਾਜਪਾ ਨੇ ਉੱਥੇ ਘੱਟ ਵਿਧਾਇਕਾਂ ਵਾਲੀ ਸ਼ਿਵ ਸੈਨਾ ਦੇ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਇਆ ਸੀ। ਉਨ੍ਹਾਂ ਦੀ ਅਗਵਾਈ ਹੇਠ ਰਾਜਦ ਜਿਸ ਨੂੰ ਉੱਥੇ ‘ਮਹਾਯੁੱਤੀ’ ਕਿਹਾ ਜਾਂਦਾ, ਨੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਪਰ ਸਭ ਤੋਂ ਵੱਧ ਸੀਟਾਂ ਮਿਲਣ ਦੇ ਆਧਾਰ ’ਤੇ ਭਾਜਪਾ ਨੇ ਆਪਣੇ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਬਣਾ ਲਿਆ। ਹੁਣ ਸ਼ਿੰਦੇ ਉਪ ਮੁੱਖ ਮੰਤਰੀ ਹਨ।
2020 ਦੀਆਂ ਵਿਧਾਨ ਸਭਾ ਚੋਣਾਂ ’ਚ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਨੇ ਸਿਰਫ 43 ਸੀਟਾਂ ਹਾਸਲ ਕੀਤੀਆਂ ਸਨ, ਫਿਰ ਵੀ ਭਾਜਪਾ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਪਰ ਨਿਤੀਸ਼ ਨੂੰ ਲੱਗਾ ਕਿ ਚਿਰਾਗ ਪਾਸਵਾਨ ਦੇ ਉਮੀਦਵਾਰਾਂ ਰਾਹੀਂ ਜਨਤਾ ਦਲ (ਯੂ) ਨੂੰ 43 ਸੀਟਾਂ ਤੱਕ ਸਮੇਟਣ ਦੀ ਰਣਨੀਤੀ ਭਾਜਪਾ ਦੀ ਹੀ ਸੀ। ਚਿਰਾਗ ਦੀ ਲੋਕ ਜਨ ਸ਼ਕਤੀ ਪਾਰਟੀ 137 ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰ ਕੇ ਜਿੱਤ ਤਾਂ ਸਿਰਫ ਇਕ ਸੀਟ ਹੀ ਸਕੀ ਪਰ ਢਾਈ ਦਰਜਨ ਸੀਟਾਂ ’ਤੇ ਉਸ ਨੇ ਜਨਤਾ ਦਲ (ਯੂ) ਦੇ ਉਮੀਦਵਾਰਾਂ ਨੂੰ ਹਰਵਾ ਦਿੱਤਾ।
ਇੰਝ ਉਹ ਤੀਜੇ ਨੰਬਰ ਦੀ ਪਾਰਟੀ ਬਣ ਗਈ। ਜੇ ਇੰਝ ਨਾ ਹੁੰਦਾ ਤਾਂ ਜਨਤਾ ਦਲ (ਯੂ) ਸਨਮਾਨਜਨਕ ਗਿਣਤੀ ਨਾਲ ਦੂਜੀ ਵੱਡੀ ਪਾਰਟੀ ਹੁੰਦੀ। ਆਖਿਰ 2015 ਦੀਆਂ ਚੋਣਾਂ ’ਚ ਵੀ ਜਨਤਾ ਦਲ (ਯੂ) ਨੇ 71 ਸੀਟਾਂ ਜਿੱਤੀਆਂ ਸਨ। ਸ਼ਾਇਦ ਭਾਜਪਾ ਦੇ ਚਿਰਾਗ ਤੋਂ ਨਾਰਾਜ਼ ਹੋ ਕੇ ਨਿਤੀਸ਼ ਕੁਮਾਰ ਬਾਅਦ ’ਚ ਲਾਲੂ ਅਤੇ ਕਾਂਗਰਸ ਦੇ ਗੱਠਜੋੜ ਵਿਚ ਚਲੇ ਗਏ। ਮੁੱਖ ਮੰਤਰੀ ਨਿਤੀਸ਼ ਕੁਮਾਰ ਹੀ ਬਣੇ ਰਹੇ। ਤੇਜਸਵੀ ਨੂੰ ਮੁੜ ਉਪ ਮੁੱਖ ਮੰਤਰੀ ਦੇ ਅਹੁਦੇ ’ਤੇ ਤਸੱਲੀ ਕਰਨੀ ਪਈ।
ਵਿਰੋਧੀ ਧਿਰ ਦਾ ਗੱਠਜੋੜ ਬਣਾਉਂਦੇ-ਬਣਾਉਂਦੇ ਨਿਤੀਸ਼ ਕੁਮਾਰ ਲੋਕ ਸਭਾ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਮੁੜ ਰਾਜਗ ’ਚ ਪਰਤ ਆਏ। ਭਾਜਪਾ ਨੂੰ ਵੀ ਲੋਕ ਸਭਾ ਦੀਆਂ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਉਨ੍ਹਾਂ ਦੀ ਵਾਪਸੀ ਲਾਭ ਦਾ ਸੌਦਾ ਲੱਗੀ। ਲਾਭ ਵੀ ਹੋਇਆ ਪਰ ਹੁਣ ਸਾਲ ਦੇ ਅੰਤ ’ਚ ਵਿਧਾਨ ਸਭਾ ਦੀਆਂ ਚੋਣਾਂ ਲਈ ਹਰ ਪਾਰਟੀ ਨਵੇਂ ਸਿਰੇ ਤੋਂ ਸਮੀਕਰਨ ਬਣਾਉਣ ’ਚ ਲੱਗੀ ਹੋਈ ਹੈ।
243 ਮੈਂਬਰੀ ਬਿਹਾਰ ਵਿਧਾਨ ਸਭਾ ’ਚ ਬਹੁਮਤ ਲਈ 122 ਸੀਟਾਂ ਚਾਹੀਦੀਆਂ ਹਨ। ਪਿਛਲੀ ਵਾਰ ਭਾਜਪਾ ਅਤੇ ਜਨਤਾ ਦਲ (ਯੂ) ਨੇ ਮਿਲ ਕੇ 125 ਸੀਟਾਂ ਜਿੱਤੀਆਂ ਸਨ। ਲਾਲੂ ਦੇ ਮਹਾਗੱਠਜੋੜ ਨੇ 110 ਸੀਟਾਂ ਜਿੱਤ ਕੇ ਉਨ੍ਹਾਂ ਨੂੰ ਤਿੱਖੀ ਟੱਕਰ ਦਿੱਤੀ ਸੀ। ਭਾਜਪਾ ਦੀ ਕੋਸ਼ਿਸ਼ ਹੈ ਕਿ ਇਸ ਵਾਰ 100 ਸੀਟਾਂ ਦੇ ਆਸ-ਪਾਸ ਪਹੁੰਚ ਕੇ ਬਿਹਾਰ ’ਚ ਆਪਣਾ ਮੁੱਖ ਮੰਤਰੀ ਬਣਾਉਣ ਦਾ ਸੁਪਨਾ ਉਹ ਪੂਰਾ ਕਰ ਲਵੇਗੀ। ਬਾਕੀ ਬਹੁਮਤ ਦਾ ਜੁਗਾੜ ਛੋਟੀਆਂ ਸਹਿਯੋਗੀ ਪਾਰਟੀਆਂ ਦੀ ਹਮਾਇਤ ਅਤੇ ਭੰਨ-ਤੋੜ ਨਾਲ ਹੋ ਜਾਵੇਗਾ।
ਅਜਿਹਾ ਉਦੋਂ ਹੀ ਸੰਭਵ ਹੋਵੇਗਾ ਜਦੋਂ ਲਾਲੂ ਦੀ ਰਾਜਦ ਜਾਂ ਨਿਤੀਸ਼ ਕੁਮਾਰ ਦੀ ਜਨਤਾ ਦਲ (ਯੂ) ਪਾਰਟੀ ਦਾ ਪ੍ਰਦਰਸ਼ਨ ਬਹੁਤ ਖਰਾਬ ਹੋਵੇ। ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਰਾਜਦ ਸਭ ਤੋਂ ਵੱਧ 23.1 ਫੀਸਦੀ ਵੋਟਾਂ ਲੈ ਕੇ 75 ਸੀਟਾਂ ਜਿੱਤਣ ਪਿੱਛੋਂ ਸਭ ਤੋਂ ਵੱਡੀ ਪਾਰਟੀ ਬਣੀ ਸੀ, ਜਦੋਂ ਕਿ 74 ਸੀਟਾਂ ਜਿੱਤਣ ਵਾਲੀ ਭਾਜਪਾ ਨੂੰ ਸਿਰਫ 19.1 ਫੀਸਦੀ ਵੋਟਾਂ ਮਿਲੀਆਂ ਸਨ।
43 ਸੀਟਾਂ ’ਤੇ ਸਿਮਟ ਜਾਣ ਦੇ ਬਾਵਜੂਦ ਜਨਤਾ ਦਲ (ਯੂ) ਨੂੰ 15.45 ਫੀਸਦੀ ਵੋਟਾਂ ਮਿਲੀਆਂ ਸਨ। ਭਾਜਪਾ ਵਧੇਰੇ ਸੀਟਾਂ ਦੇ ਆਧਾਰ ’ਤੇ ਆਪਣਾ ਮੁੱਖ ਮੰਤਰੀ ਬਣਾਉਣਾ ਚਾਹੇਗੀ ਤਾਂ ਉਪ ਮੁੱਖ ਮੰਤਰੀ ਬਣਨ ਲਈ ਨਿਤੀਸ਼ ਸ਼ਾਇਦ ਹੀ ਤਿਆਰ ਹੋਣ। ਉਦੋਂ ਕੀ ਆਪਣੇ ਬੇਟੇ ਨਿਸ਼ਾਂਤ ਦੀ ਸਿਆਸੀ ਹੋਲੀ ਚੋਣਾਂ ਪਿੱਛੋਂ ਦੀਆਂ ਸੰਭਾਵਨਾਵਾਂ ਦਾ ਸੰਕੇਤ ਸੀ?
ਭਾਜਪਾ ਜਨਤਾ ਦਲ (ਯੂ) ਤੋਂ ਬਿਨਾਂ ਸਰਕਾਰ ਬਣਾ ਸਕਣ ਦੀ ਸਥਿਤੀ ’ਚ ਨਾ ਹੋਈ ਤਾਂ ਉਪ ਮੁੱਖ ਮੰਤਰੀ ਬਣਾ ਕੇ ਨਿਸ਼ਾਂਤ ਦੀ ਸੱਤਾ ਸਿਅਾਸਤ ਦੀ ਸਨਮਾਨਜਨਕ ਸ਼ੁਰੂਆਤ ਕਰਵਾ ਸਕਦੀ ਹੈ। ਲਾਲੂ ਅਤੇ ਤੇਜਸਵੀ ਦਾ ਰਾਜਦ ਜੇ ਸਭ ਤੋਂ ਵੱਡੀ ਪਾਰਟੀ ਬਣਿਆ ਤਾਂ ਉਹ ਵੀ ਇਕ ਵਾਰ ਮੁੜ ਨਿਤੀਸ਼ ਕੁਮਾਰ ਦੀ ਪਾਲਕੀ ਚੁੱਕਣ ਦੀ ਬਜਾਏ ਨਿਸ਼ਾਂਤ ਨੂੰ ਉਪ ਮੁੱਖ ਮੰਤਰੀ ਬਣਾਉਣਾ ਪਸੰਦ ਕਰੇਗੀ ਪਰ ਵਿਧਾਨ ਸਭਾ ’ਚ ਨੰਬਰ ਇਕ ਬਣਨ ਦੀ ਲੜਾਈ ਆਸਾਨ ਨਹੀਂ ਹੈ।
ਅਚਾਨਕ ਜਾਤੀ ਮਰਦਮਸ਼ੁਮਾਰੀ ਦੇ ਐਲਾਨ ਨੂੰ ਲੈ ਕੇ ਵੋਟਰ ਸੂਚੀਆਂ ਦੇ ਵਿਸ਼ੇਸ਼ ਮੁੜ ਨਿਰੀਖਣ ਦੀ ਮੁਹਿੰਮ ਤੱਕ ਹਰ ਕਦਮ ਨੂੰ ਚੋਣ ਦਾਅ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਅਜਿਹੇ ਦਾਅ ਦਾ ਅਸਰ ਤਾਂ ਹੁੰਦਾ ਹੈ ਪਰ ਜਾਤੀ, ਭਾਈਚਾਰੇ ਦੇ ਆਧਾਰ ’ਤੇ ਵੋਟਰਾਂ ਦੀ ਗੋਲਬੰਦੀ ਨੂੰ ਧਿਆਨ ’ਚ ਰੱਖਦਿਆਂ ਬਿਹਾਰ ’ਚ ਸਿਰਫ ਇੰਨੇ ਨਾਲ ਗੱਲ ਨਾ ਬਣੇ। ਇਸ ਲਈ ਰਾਜਦ ਅਤੇ ‘ਇੰਡੀਆ’ ਜਿਸ ਨੂੰ ਬਿਹਾਰ ’ਚ ਮਹਾਗਠਜੋੜ ਕਿਹਾ ਜਾਂਦਾ ਹੈ, ਦੇ ਅੰਦਰੂਨੀ ਸਮੀਕਰਨਾਂ ’ਤੇ ਬਹੁਤ ਕੁਝ ਨਿਰਭਰ ਕਰੇਗਾ।
‘ਸੁਸ਼ਾਸਨ ਬਾਬੂ’ ਕਹੇ ਜਾਣ ਵਾਲੇ ਨਿਤੀਸ਼ ਨੂੰ ਪਿਛਲੀਆਂ ਚੋਣਾਂ ’ਚ ਸ਼ੀਰਸ਼ਾਸਨ ਕਰਵਾਉਣ ਵਾਲੇ ਚਿਰਾਗ ਕਦੇ ਸਾਰੀਆਂ ਸੀਟਾਂ ’ਤੇ ਚੋਣ ਲੜਨ ਦੀ ਗੱਲ ਕਰ ਰਹੇ ਹਨ ਤਾਂ ਕਦੇ ਰਾਜਗ ਦੀ ਸਿਆਸਤ ਮੁਤਾਬਕ ਭਾਜਪਾ ਦੀਆਂ ਮਿੱਤਰ ਛੋਟੀਆਂ ਪਾਰਟੀਆਂ ਦੀ ਵਧਦੀ ਸੀਟਾਂ ਦੀ ਮੰਗ ਜਨਤਾ ਦਲ (ਯੂ) ਦੀਆਂ ਸੀਟਾਂ ਦੇ ਘਟਣ ਦਾ ਕਾਰਨ ਬਣੀ ਤਾਂ ਨਿਤੀਸ਼ ਦੇ ਮੁੜ ਮੁੱਖ ਮੰਤਰੀ ਬਣਨ ਦੀ ਸੰਭਾਵਨਾ ’ਤੇ ਚੋਣਾਂ ਤੋਂ ਪਹਿਲਾਂ ਹੀ ਗ੍ਰਹਿਣ ਲੱਗ ਸਕਦਾ ਹੈ।
ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਵੀ ਕੁਝ ਵੋਟਾਂ ਕੱਟ ਕੇ ਜਨਤਾ ਦਲ (ਯੂ) ਦੀਆਂ ਮੁਸ਼ਕਿਲਾਂ ਜ਼ਿਆਦਾ ਵਧਾਵੇਗੀ। ਬੇਸ਼ੱਕ ਮਹਾਗੱਠਜੋੜ ’ਚ ਵੀ ਸਭ ਕੁਝ ਸਹਿਜ ਨਹੀਂ ਹੈ। ਦੂਜੇ ਬੇਟੇ ਤੇਜ ਪ੍ਰਤਾਪ ਨੂੰ ਲਾਲੂ ਪਾਰਟੀ ਅਤੇ ਪਰਿਵਾਰ ’ਚੋਂ ਕੱਢ ਚੁੱਕੇ ਹਨ। ਕਾਂਗਰਸ ਵਧੇਰੇ ਸੀਟਾਂ ਲਈ ਦਬਾਅ ਪਾ ਰਹੀ ਹੈ। ਜਿਸ ਅਸਦੂਦੀਨ ਓਵੈਸੀ ਦੀ ਪਾਰਟੀ ਦੇ ਵਿਧਾਇਕ ਰਾਜਦ ’ਚ ਚਲੇ ਗਏ, ਉਨ੍ਹਾਂ ਨੇ ਵੀ ਇਸ ਵਾਰ ਚੋਣ ਗੱਠਜੋੜ ਦੀ ਪੇਸ਼ਕਸ਼ ਕਰ ਕੇ ਲਾਲੂ ਅਤੇ ਤੇਜਸਵੀ ਨੂੰ ਮੁਸ਼ਕਿਲ ’ਚ ਪਾ ਦਿੱਤਾ ਹੈ।
ਮਹਾਰਾਸ਼ਟਰ ਦੇ ਨਤੀਜਿਆਂ ਨੇ ਚੋਣ ਨਤੀਜਿਆਂ ਚੋਣ ਵਿਸ਼ਲੇਸ਼ਣ ਮੁਸ਼ਕਿਲ ਬਣਾ ਦਿੱਤਾ ਹੈ। ਫਿਰ ਵੀ ਲੱਗਦਾ ਹੈ ਕਿ ਬਿਹਾਰ ’ਚ ਜਿਸ ਦੀ ਵੀ ਬਹਾਰ ਹੋਵੇ, ਇਸ ਵਾਰ ਨਿਤੀਸ਼ ਕੁਮਾਰ ਦਾ ਆਉਣਾ ਮੁਸ਼ਕਿਲ ਹੈ।
ਰਾਜਕੁਮਾਰ ਸਿੰਘ
ਪ੍ਰਭਾਵ, ਰੀਲਸ ਅਤੇ ਇਕ ਗੁਆਚਿਆ ਜੀਵਨ...!
NEXT STORY