ਪਿਆਜ਼ ਤੋਂ ਬਿਨਾਂ ਖਾਣਾ ਅਧੂਰਾ ਹੈ, ਭਾਵੇਂ ਵੈੱਜ ਹੋਵੇ ਜਾਂ ਨਾਨਵੈੱਜ, ਪਿਆਜ਼ ਖਾਣਾ ਖਾਣੇ ਵਿਚ ਜਾਨ ਪਾ ਦਿੰਦਾ ਹੈ। ਪਿਆਜ਼ ਦੀਆਂ ਕੀਮਤਾਂ ਬੇਤਹਾਸ਼ਾ ਵਧਣ ਤੋਂ ਬਾਅਦ ਜਿੱਥੇ ਲੋਕ ਸਸਤੇ ਪਿਆਜ਼ ਲਈ ਮਾਰਾਮਾਰੀ ਕਰ ਰਹੇ ਹਨ, ਉਥੇ ਹੀ ਬਿਹਾਰ ਵਿਚ ਇਕ ਅਜਿਹਾ ਪਿੰਡ ਵੀ ਹੈ, ਜਿਥੋਂ ਦੇ ਲੋਕਾਂ ਦਾ ਪਿਆਜ਼ ਮਹਿੰਗਾ ਹੋਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿਉਂਕਿ ਇਨ੍ਹਾਂ ਨੂੰ ਪਿਆਜ਼ ਪਸੰਦ ਨਹੀਂ ਹਨ। ਦੱਸ ਦੇਈਏ ਕਿ ਸੂਬੇ ਦੇ ਬਾਕੀ ਪਿੰਡਾਂ ਅਤੇ ਸ਼ਹਿਰਾਂ ਵਿਚ ਪਿਆਜ਼ ਦੀ ਕੀਮਤ ਵਿਚ ਹੋਏ ਭਾਰੀ ਵਾਧੇ ਕਾਰਣ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਪਟਨਾ ਦੇ ਪ੍ਰਚੂਨ ਬਾਜ਼ਾਰਾਂ ਵਿਚ ਪਿਆਜ਼ ਦੀ ਕੀਮਤ 80 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈ ਹੈ ਪਰ ਇਸ ਵਧੀ ਕੀਮਤ ਦਾ ਬਿਹਾਰ ਦੇ ਜਹਾਨਾਬਾਦ ਜ਼ਿਲੇ ਦੀ ਚਿਰੀ ਪੰਚਾਇਤ ਦੇ ਇਕ ਪਿੰਡ ਵਿਚ ਇਸ ਦਾ ਕੋਈ ਪ੍ਰਭਾਵ ਨਹੀਂ ਦੇਖਣ ਨੂੰ ਮਿਲ ਰਿਹਾ ਹੈ। ਜਹਾਨਾਬਾਦ ਜ਼ਿਲਾ ਮੁੱਖ ਦਫਤਰ ਤੋਂ ਕਰੀਬ 30 ਕਿਲੋਮੀਟਰ ਦੂਰ ਤਿਰਲੋਕੀ ਬਿਗਹਾ ਪਿੰਡ ਦੇ ਲੋਕ ਪਿਆਜ਼ ਦੀਆਂ ਵਧੀਆਂ ਕੀਮਤਾਂ ਤੋਂ ਨਾ ਪ੍ਰੇਸ਼ਾਨ ਹਨ ਅਤੇ ਨਾ ਹੀ ਹੈਰਾਨ ਕਿਉਂਕਿ ਇਸ ਪੂਰੇ ਪਿੰਡ ਵਿਚ ਕੋਈ ਵੀ ਪਿਆਜ਼ ਨਹੀਂ ਖਾਂਦਾ। 30 ਤੋਂ 35 ਘਰਾਂ ਦੀ ਬਸਤੀ (ਪਿੰਡ) ਵਿਚ ਜ਼ਿਆਦਾਤਰ ਯਾਦਵ ਜਾਤੀ ਦੇ ਲੋਕ ਹਨ, ਉਹ ਵੀ ਪਿਆਜ਼ ਅਤੇ ਲਸਣ ਕਿਸੇ ਵੀ ਰੂਪ ਵਿਚ ਨਹੀਂ ਖਾਂਦੇ। ਸਮੁੱਚੇ ਪਿੰਡ ਵਿਚ ਪਿਆਜ਼ ਅਤੇ ਲਸਣ ਬਾਜ਼ਾਰ ਤੋਂ ਲਿਆਉਣਾ ਵੀ ਮਨ੍ਹਾ ਹੈ। ਪਿੰਡ ਦੇ ਬਜ਼ੁਰਗ ਰਾਮਵਿਲਾਸ ਕਹਿੰਦੇ ਹਨ ਕਿ ਇਥੋਂ ਦੇ ਲੋਕ ਤਾਂ ਸਾਲਾਂ ਤੋਂ ਪਿਆਜ਼ ਅਤੇ ਲਸਣ ਨਹੀਂ ਖਾਂਦੇ ਕਿਉਂਕਿ ਪਿੰਡ ਵਿਚ ਠਾਕੁਰਬਾੜੀ ਦਾ ਮੰਦਰ ਹੈ। ਪਿੰਡ ਦੀ ਸੁਬਰਤੀ ਦੇਵੀ ਕਹਿੰਦੀ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਇਕ ਠਾਕੁਰ ਜੀ ਦਾ ਮੰਦਰ ਹੈ, ਜਿਸ ਕਾਰਣ ਉਨ੍ਹਾਂ ਦੇ ਪੁਰਖਿਆਂ ਨੇ ਪਿੰਡ ਵਿਚ ਪਿਆਜ਼ ਖਾਣ ’ਤੇ ਪਾਬੰਦੀ ਲਾਈ ਸੀ, ਜੋ ਅੱਜ ਵੀ ਜਾਰੀ ਹੈ। ਇਕ ਵਾਰ ਇਕ ਪਰਿਵਾਰ ਨੇ ਪਿਆਜ਼ ਨਾਲ ਬਣੇ ਪਕਵਾਨ ਬਣਾਏ ਸਨ, ਜਿਸ ਤੋਂ ਬਾਅਦ ਪਰਿਵਾਰ ਨਾਲ ਕਈ ਬੁਰੇ ਹਾਦਸੇ ਹੋਏ, ਇਸ ਲਈ ਇਸ ਪਿੰਡ ਵਿਚ ਮਾਸ, ਸ਼ਰਾਬ, ਪਿਆਜ਼ ਅਤੇ ਲਸਣ ਕੋਈ ਨਹੀਂ ਖਾਂਦਾ।
ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ, ਉਸ ਤਰ੍ਹਾਂ ਹੈ ਨਹੀਂ
NEXT STORY