ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਭਾਜਪਾ ਦੇ ਸਪੱਸ਼ਟਵਾਦੀ ਆਗੂਆਂ ’ਚੋਂ ਇਕ ਹਨ, ਜੋ ਆਪਣੇ ਕੰਮ ਦਾ ਪ੍ਰਚਾਰ ਕਰਨ ਦੀ ਥਾਂ ਚੁੱਪਚਾਪ ਕੰਮ ਕਰਨ ਅਤੇ ਸਪੱਸ਼ਟ ਗੱਲਾਂ ਕਹਿਣ ’ਚ ਵਿਸ਼ਵਾਸ ਰੱਖਦੇ ਹਨ। ਇਸੇ ਲਈ ਉਨ੍ਹਾਂ ਦੀ ਸਿਫਤ ਉਨ੍ਹਾਂ ਦੇ ਸਹਿਯੋਗੀ ਹੀ ਨਹੀਂ, ਵਿਰੋਧੀ ਪਾਰਟੀਆਂ ਦੇ ਆਗੂ ਵੀ ਕਰਦੇ ਹਨ।
ਆਪਣੇ ਸਪੱਸ਼ਟਵਾਦੀ ਬਿਆਨਾਂ ਦੀ ਲੜੀ ’ਚ ਹੀ 16 ਮਾਰਚ ਨੂੰ ‘ਨਿਤਿਨ ਗਡਕਰੀ’ ਨੇ ਨਾਗਪੁਰ ਸਥਿਤ ‘ਸੈਂਟਰਲ ਇੰਡੀਆ ਗਰੁੱਪ ਆਫ ਇੰਸਟੀਚਿਊਸ਼ਨਜ਼’ ’ਚ ਹੋਏ ਡਿਗਰੀ ਵੰਡ ਸਮਾਰੋਹ ’ਚ ਜਾਤ ਆਧਾਰਿਤ ਸਿਆਸਤ ਦੇ ਵਿਰੁੱਧ ਸਖਤ ਟਿੱਪਣੀ ਕਰਦੇ ਹੋਏ ਕਿਹਾ, ‘‘ਕਿਸੇ ਵੀ ਵਿਅਕਤੀ ਨਾਲ ਜਾਤ, ਧਰਮ, ਭਾਸ਼ਾ ਜਾਂ ਲਿੰਗ ਦੇ ਆਧਾਰ ’ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਜਿਹੜਾ ਜਾਤ ਦੀ ਗੱਲ ਕਰੇਗਾ, ਉਸ ਨੂੰ ਕੱਸ ਕੇ ਲੱਤ ਮਾਰਾਂਗਾ, ਚਾਹੇ ਮੇਰਾ ਮੰਤਰੀ ਦਾ ਅਹੁਦਾ ਖੁੱਸ ਜਾਵੇ।’’
ਸ਼੍ਰੀ ਗਡਕਰੀ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਕੋਈ ਵੀ ਵਿਅਕਤੀ ਆਪਣੀ ਜਾਤ, ਧਰਮ, ਭਾਸ਼ਾ ਜਾਂ ਪੰਥ ਕਾਰਨ ਵੱਡਾ ਨਹੀਂ ਹੁੰਦਾ ਸਗੋਂ ਉਹ ਆਪਣੇ ਗੁਣਾਂ ਕਾਰਨ ਵੱਡਾ ਹੁੰਦਾ ਹੈ। ਇਸ ਲਈ ਅਸੀਂ ਕਿਸੇ ਨਾਲ ਉਸ ਦੀ ਜਾਤ, ਧਰਮ, ਲਿੰਗ ਜਾਂ ਭਾਸ਼ਾ ਦੇ ਆਧਾਰ ’ਤੇ ਵਿਤਕਰਾ ਨਹੀਂ ਕਰਦੇ।’’
‘‘ਮੈਂ ਸਿਆਸਤ ’ਚ ਹਾਂ ਅਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਪਰ ਮੈਂ ਆਪਣੇ ਤਰੀਕੇ ਨਾਲ ਚੱਲਦਾ ਹਾਂ। ਜੇ ਕੋਈ ਮੈਨੂੰ ਵੋਟ ਦੇਣੀ ਚਾਹੁੰਦਾ ਹੈ ਤਾਂ ਦੇ ਸਕਦਾ ਹੈ ਅਤੇ ਜੇ ਕੋਈ ਨਹੀਂ ਦੇਣੀ ਚਾਹੁੰਦਾ ਤਾਂ ਉਹ ਅਜਿਹਾ ਕਰਨ ਲਈ ਵੀ ਆਜ਼ਾਦ ਹੈ।’’
ਉਨ੍ਹਾਂ ਨੇ ਕਿਹਾ,‘‘ਮੇਰੇ ਦੋਸਤ ਮੈਨੂੰ ਪੁੱਛਦੇ ਹਨ ਕਿ ਤੁਸੀਂ ਅਜਿਹਾ ਕਿਉਂ ਕਿਹਾ ਜਾਂ ਅਜਿਹਾ ਰੁਖ ਕਿਉਂ ਅਪਣਾਇਆ? ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਚੋਣਾਂ ਹਾਰਨ ਨਾਲ ਕੋਈ ਖਤਮ ਨਹੀਂ ਹੋ ਜਾਂਦਾ। ਮੈਂ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਾਂਗਾ ਅਤੇ ਨਿੱਜੀ ਜੀਵਨ ’ਚ ਉਨ੍ਹਾਂ ਦੀ ਪਾਲਣਾ ਕਰਦਾ ਰਹਾਂਗਾ।’’
ਸ਼੍ਰੀ ਨਿਤਿਨ ਗਡਕਰੀ ਨੇ ਆਪਣੇ ਉਕਤ ਬਿਆਨ ਨਾਲ ਅੱਜ ਆਜ਼ਾਦੀ ਦੇ 77 ਸਾਲ ਬਾਅਦ ਵੀ ਜਾਰੀ ਜਾਤ-ਪਾਤ ਦੀ ਬੁਰੀ ਪ੍ਰਥਾ ਵੱਲ ਧਿਆਨ ਦਿਵਾਇਆ ਹੈ। ਜੇ ਇਸੇ ਤਰ੍ਹਾਂ ਦੀ ਸੋਚ ਸਾਰੇ ਲੋਕ ਅਪਣਾ ਲੈਣ ਤਾਂ ਦੇਸ਼ ਨੂੰ ਜਾਤ-ਪਾਤ ਦੇ ਸਾਰੇ ਬੰਧਨ ਤੋੜ ਕੇ ਤਰੱਕੀ ਦੀ ਸਿਖਰ ’ਤੇ ਪੁੱਜਣ ’ਚ ਦੇਰ ਨਾ ਲੱਗੇ।
–ਵਿਜੇ ਕੁਮਾਰ
ਬਲੋਚ ਰੇਲ ਅਗਵਾ ਨਾਲ ਪਾਕਿ ਫੌਜ ਅਤੇ ਸਰਕਾਰ ਦੀ ਸਾਖ ਮਿੱਟੀ ’ਚ ਮਿਲੀ
NEXT STORY