ਭਾਜਪਾ ਦੇ ਸਪੱਸ਼ਟਵਾਦੀ ਨੇਤਾਵਾਂ ’ਚੋਂ ਇਕ, ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਆਪਣੇ ਕੰਮ ਦਾ ਪ੍ਰਚਾਰ ਕਰਨ ਦੀ ਬਜਾਏ ਚੁੱਪਚਾਪ ਕੰਮ ਕਰਨ ’ਚ ਭਰੋਸਾ ਰੱਖਦੇ ਹਨ। ਆਪਣੇ ਇਸ ਗੁਣ ਕਾਰਨ ਉਨ੍ਹਾਂ ਆਪਣੀ ਪਾਰਟੀ ਭਾਜਪਾ ’ਚ ਹੀ ਨਹੀਂ, ਵਿਰੋਧੀ ਧਿਰ ’ਚ ਵੀ ਬਹੁਤ ਪ੍ਰਸ਼ੰਸਕ ਬਣਾਏ ਹਨ।
ਉਹ ਲਗਾਤਾਰ ਆਪਣੀ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਨੂੰ ਉਨ੍ਹਾਂ ਦੀਆਂ ਕਮੀਆਂ ਸਬੰਧੀ ਸੁਚੇਤ ਕਰਨ ਤੋਂ ਇਲਾਵਾ ਸਿਆਸੀ ਅਤੇ ਸਮਾਜਿਕ ਨਾਤਿਆਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਆਪਣੀ ਬੇਬਾਕ ਰਾਇ ਰੱਖਦੇ ਰਹਿੰਦੇ ਹਨ।
ਉਨ੍ਹਾਂ ਦੀ ਸਪੱਸ਼ਟਵਾਦਿਤਾ ਦਾ ਅਨੁਮਾਨ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਸਾਲ 7 ਫਰਵਰੀ ਨੂੰ ਮੁੰਬਈ ’ਚ ਇਕ ਸਮਾਰੋਹ ’ਚ ਬੋਲਦੇ ਹੋਏ ਉਨ੍ਹਾਂ ਸਿਆਸਤ ਦੇ ‘ਗੁਡ ਐਂਡ ਬੈਡ’ ’ਤੇ ਖੁੱਲ੍ਹ ਕੇ ਆਪਣੀ ਰਾਇ ਰੱਖੀ ਅਤੇ ਕਿਹਾ, ‘‘ਜੋ ਵਿਅਕਤੀ ਚੰਗਾ ਕੰਮ ਕਰਦਾ ਹੈ ਉਸ ਦੀ ਸ਼ਲਾਘਾ ਨਹੀਂ ਹੁੰਦੀ ਅਤੇ ਸਨਮਾਨ ਨਹੀਂ ਮਿਲਦਾ ਅਤੇ ਜੋ ਬੁਰਾ ਕਰਦਾ ਹੈ ਉਸ ਨੂੰ ਸਜ਼ਾ ਨਹੀਂ (ਮਿਲਦੀ)।’’
ਉਨ੍ਹਾਂ ਇਹ ਵੀ ਕਿਹਾ ਕਿ ‘‘ਕੁਝ ਮੌਕਾਪ੍ਰਸਤ ਨੇਤਾ ਹੁੰਦੇ ਹਨ ਜੋ ਸੱਤਾਧਾਰੀ ਪਾਰਟੀ ਨਾਲ ਚਿਪਕੇ ਰਹਿੰਦੇ ਹਨ। ਇਹ ਵਿਚਾਰਧਾਰਾ ’ਚ ਗਿਰਾਵਟ ਦਾ ਪ੍ਰਤੀਕ ਹੈ ਅਤੇ ਲੋਕਤੰਤਰ ਲਈ ਚੰਗਾ ਨਹੀਂ ਹੈ।’’
ਫਿਰ 27 ਜੂਨ ਨੂੰ ਉਨ੍ਹਾਂ ਹਾਈਵੇ ’ਤੇ ਯਾਤਰਾ ਕਰਨ ਵਾਲੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਜ਼ੋਰ ਦੇ ਕੇ ਕਿਹਾ ‘‘ਜੇ ਸੜਕਾਂ ਚੰਗੀ ਹਾਲਤ ’ਚ ਨਹੀਂ ਹਨ ਤਾਂ ਰਾਜਮਾਰਗ ਏਜੰਸੀਆਂ ਨੂੰ ‘ਟੋਲ’ ਨਹੀਂ ਲਾਉਣਾ ਚਾਹੀਦਾ। ਟੋਲ ਉਦੋਂ ਹੀ ਵਸੂਲਿਆ ਜਾਣਾ ਚਾਹੀਦਾ ਹੈ ਜਦੋਂ ਬਿਹਤਰੀਨ ਗੁਣਵੱਤਾ ਵਾਲੀਆਂ ਸੜਕਾਂ ਪ੍ਰਦਾਨ ਕੀਤੀਆਂ ਜਾਣ।’’
‘‘ਟੋਇਆਂ ਅਤੇ ਚਿੱਕੜ ਵਾਲੀਆਂ ਘਟੀਆ ਸੜਕਾਂ ਲਈ ਵੀ ਟੋਲ ਵਸੂਲਣ ਨਾਲ ਲੋਕਾਂ ’ਚ ਗੁੱਸਾ ਪੈਦਾ ਹੋ ਸਕਦਾ ਹੈ ਅਤੇ ਤੁਹਾਨੂੰ ਲੋਕਾਂ ਦੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।’’
ਅਤੇ ਹੁਣ 28 ਜੁਲਾਈ ਨੂੰ ਸ਼੍ਰੀ ਨਿਤਿਨ ਗਡਕਰੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਇਕ ਚਿੱਠੀ ਲਿਖ ਕੇ ਜੀਵਨ ਅਤੇ ਚਿਕਿਤਸਾ ਬੀਮਾ ਪ੍ਰੀਮੀਅਮ ’ਤੇ ਜੀ. ਐੱਸ. ਟੀ. ਨੂੰ ਹਟਾਉਣ ਦੀ ਮੰਗ ਕੀਤੀ ਹੈ ਜੋ ਇਸ ਸਮੇਂ 18 ਫੀਸਦੀ ਹੈ।
ਇਸ ਚਿੱਠੀ ’ਚ ਸ਼੍ਰੀ ਗਡਕਰੀ ਨੇ ਦੱਸਿਆ ਹੈ ਕਿ ਹਾਲ ਹੀ ’ਚ ‘ਨਾਗਪੁਰ ਡਵੀਜ਼ਨਲ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਇੰਪਲਾਈਜ਼ ਯੂਨੀਅਨ’ ਨੇ ਬੀਮਾ ਉਦਯੋਗ ਨਾਲ ਸਬੰਧਤ ਮੁੱਦਿਆਂ ’ਤੇ ਇਕ ਮੰਗ ਪੱਤਰ ਪੇਸ਼ ਕਰ ਕੇ ਉਨ੍ਹਾਂ ਕੋਲੋਂ ਮੁੱਖ ਰੂਪ ਨਾਲ ਜੀਵਨ ਅਤੇ ਚਿਕਿਤਸਾ ਬੀਮਾ ਪ੍ਰੀਮੀਅਮ ’ਤੇ ਜੀ. ਐੱਸ. ਟੀ. ਨੂੰ ਹਟਾਉਣ ਦੀ ਮੰਗ ਕੀਤੀ ਹੈ।
ਸ਼੍ਰੀ ਗਡਕਰੀ ਮੁਤਾਬਕ ਯੂਨੀਅਨ ਦਾ ਮੰਨਣਾ ਹੈ ਕਿ ‘‘ਜੋ ਵਿਅਕਤੀ ਜ਼ਿੰਦਗੀ ਦੀਆਂ ਗੈਰ-ਯਕੀਨੀਆਂ ਤੋਂ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਬੀਮਾ ਪ੍ਰੀਮੀਅਮ ਅਤੇ ਚਿਕਿਤਸਾ ਬੀਮਾ ਪ੍ਰੀਮੀਅਮ ਅਦਾ ਕਰਦਾ ਹੈ, ਉਸ ’ਤੇ ਇਹ ਟੈਕਸ ਨਹੀਂ ਲਾਉਣਾ ਚਾਹੀਦਾ।’’
‘‘ਜੀਵਨ ਬੀਮਾ ਪ੍ਰੀਮੀਅਮ ’ਤੇ ਜੀ. ਐੱਸ. ਟੀ. ਲਾਉਣਾ ਜੀਵਨ ਦੀਆਂ ਗੈਰ-ਯਕੀਨੀਆਂ ’ਤੇ ਟੈਕਸ ਲਾਉਣ ਦੇ ਬਰਾਬਰ ਹੈ। ਇਸ ਲਈ ਤੁਹਾਨੂੰ ਬੇਨਤੀ ਹੈ ਕਿ ਜੀਵਨ ਅਤੇ ਚਿਕਿਸਤਾ ਬੀਮਾ ਪ੍ਰੀਮੀਅਮ ’ਤੇ ਜੀ. ਐੱਸ. ਟੀ. ਵਾਪਸ ਲੈਣ ਦੇ ਸੁਝਾਅ ’ਤੇ ਪਹਿਲ ਦੇ ਆਧਾਰ ’ਤੇ ਵਿਚਾਰ ਕਰੋ ਕਿਉਂਕਿ ਇਹ ਬਜ਼ੁਰਗਾਂ ਲਈ ਇਕ ਭਾਰ ਦੇ ਬਰਾਬਰ ਹੈ।’’
ਧਿਆਨ ਰਹੇ ਕਿ ਨੈਸ਼ਨਲ ਇੰਸ਼ੋਰੈਂਸ ਅਕਾਦਮੀ ਦੀ ਰਿਪੋਰਟ ਮੁਤਾਬਕ ਦੇਸ਼ ਦੇ 73 ਫੀਸਦੀ ਲੋਕਾਂ ਕੋਲ ਚਿਕਿਤਸਾ ਬੀਮਾ ਨਹੀਂ ਹੈ। ਇੰਨਾ ਹੀ ਨਹੀਂ, ਦੇਸ਼ ’ਚ ਚਿਕਿਤਸਾ ਬੀਮਾ ਦਾ ਪ੍ਰੀਮੀਅਮ ਮਹਿੰਗਾ ਹੋਣ ਕਾਰਨ ਹਰ ਸਾਲ 25 ਤੋਂ 30 ਫੀਸਦੀ ਲੋਕ ਆਪਣੇ ਚਿਕਿਤਸਾ ਬੀਮਾ ਦਾ ਨਵੀਨੀਕਰਨ ਨਹੀਂ ਕਰਵਾ ਸਕਦੇ।
ਬਜ਼ੁਰਗਾਂ ਨੂੰ ਚਿਕਿਤਸਾ ਬੀਮਾ ਦੇ ਪ੍ਰੀਮੀਅਮ ਲਈ ਹਰ ਸਾਲ 12 ਤੋਂ 15 ਹਜ਼ਾਰ ਰੁਪਏ ਦੇਣੇ ਪੈਂਦੇ ਹਨ ਜੋ ਮਹਿੰਗਾ ਹੋਣ ਦੇ ਕਾਰਨ ਉਨ੍ਹਾਂ ਲਈ ਸੰਭਵ ਨਹੀਂ ਹੁੰਦਾ। ਅਜਿਹੀ ਹਾਲਤ ’ਚ ਚਿਕਿਤਸਾ ਬੀਮਾ ਲੈਣ ਵਾਲੇ ਲੋਕਾਂ ਕੋਲੋਂ ਪ੍ਰੀਮੀਅਮ ’ਤੇ 18 ਫੀਸਦੀ ਦੀ ਦਰ ਨਾਲ ਜੀ. ਐੱਸ. ਟੀ. ਵਸੂਲਣਾ ਸਰਕਾਰ ਲਈ ਨੈਤਿਕ ਪੱਖੋਂ ਢੁੱਕਵਾਂ ਨਹੀਂ ਹੈ।
ਇਸ ਲਈ ਜਿਥੇ ਖਰਾਬ ਸੜਕਾਂ ’ਤੇ ਟੋਲ ਟੈਕਸ ਨਾ ਲੈਣ ਨਾਲ ਵਾਹਨ ਚਾਲਕਾਂ ਨੂੰ ਰਾਹਤ ਮਿਲੇਗੀ, ਉੱਥੇ ਚਿਕਿਤਸਾ ਬੀਮਾ ਪ੍ਰੀਮੀਅਮ ’ਤੇ ਜੀ. ਐੱਸ. ਟੀ. ਨੂੰ ਖਤਮ ਕਰਨ ਅਤੇ ਦਿੱਤੇ ਹੋਏ ਪ੍ਰੀਮੀਅਮ ’ਤੇ ਆਮਦਨ ਕਰ ’ਚ 100 ਫੀਸਦੀ ਛੋਟ ਦੇਣ ਨਾਲ ਲੋਕਾਂ ’ਚ ਚਿਕਿਤਸਾ ਬੀਮਾ ਲੈਣ ਦਾ ਰੁਝਾਣ ਵਧੇਗਾ। ਇਸ ਨਾਲ ਉਨ੍ਹਾਂ ਨੂੰ ਸਿਹਤ ’ਚ ਮਦਦ ਮਿਲੇਗੀ।
–ਵਿਜੇ ਕੁਮਾਰ
ਆਪ੍ਰੇਸ਼ਨ ‘ਪਵਨ’ ਦੇ ਗੁੰਮਨਾਮ ਨਾਇਕਾਂ ਨੂੰ ਸਨਮਾਨ ਮਿਲਣਾ ਚਾਹੀਦਾ
NEXT STORY