ਸੈਰ-ਸਪਾਟਾ ਕਦੇ ਵੀ ਸਿਰਫ ਸਰਕਾਰ ਦਾ ਇਕ ਅਦਾਰਾ ਨਹੀਂ ਰਿਹਾ ਹੈ ਅਤੇ ਨਾ ਹੀ ਇਹ ਕਦੇ ਹੋ ਸਕਦਾ ਹੈ। ਕਿਸੇ ਵੀ ਯਾਤਰੀ ਦੁਆਰਾ ਕੀਤੀ ਜਾਣ ਵਾਲੀ ਹਰੇਕ ਯਾਤਰਾ ਇਕ ਗੁੰਝਲਦਾਰ ਬੁਨਿਆਦੀ ਢਾਂਚੇ ਦੇ ਸਹਾਰੇ ਚੱਲਦੀ ਹੈ : ਸਰਕਾਰਾਂ ਅਤੇ ਸਥਾਨਕ ਪ੍ਰਸ਼ਾਸਨ, ਏਅਰਲਾਈਨਜ਼ ਅਤੇ ਆਵਾਜਾਈ ਪ੍ਰਦਾਤਾ, ਹੋਟਲ ਅਤੇ ਹੋਮਸਟੇਅ, ਟੂਰ ਆਪ੍ਰੇਟਰ ਅਤੇ ਗਾਈਡ, ਤਕਨੀਕੀ ਪਲੇਟਫਾਰਮ ਅਤੇ ਕੰਟੈਂਟ ਕ੍ਰਿਏਟਰਸ, ਕਾਰੀਗਰ ਅਤੇ ਉੱਦਮੀ–ਇਨ੍ਹਾਂ ਸਾਰਿਆਂ ਤੋਂ ਵਧ ਕੇ ਉਹ ਸਥਾਨਕ ਭਾਈਚਾਰੇ ਜਿਨ੍ਹਾਂ ਦਾ ਜੀਵਨ, ਪਰੰਪਰਾਵਾਂ ਅਤੇ ਦ੍ਰਿਸ਼ ਕਿਸੇ ਵੀ ਮੰਜ਼ਿਲ ਨੂੰ ਉਸ ਦਾ ਵਿਸ਼ੇਸ਼ ਚਰਿੱਤਰ ਪ੍ਰਦਾਨ ਕਰਦੇ ਹਨ।
ਇਸ ਲਈ, ਸਰਕਾਰ ਦੀ ਜ਼ਿੰਮੇਵਾਰੀ ਸਿਰਫ਼ ਡੈਸਟੀਨੇਸ਼ਨਾਂ ਦਾ ਪ੍ਰਚਾਰ ਕਰਨਾ ਹੀ ਨਹੀਂ ਹੈ। ਇਸ ਦਾ ਉਦੇਸ਼ ਅਜਿਹੀਆਂ ਸਥਿਤੀਆਂ ਤਿਆਰ ਕਰਨਾ ਹੈ ਜਿਨ੍ਹਾਂ ਵਿਚ ਇਹ ਸੰਪੂਰਨ ਈਕੋਸਿਸਟਮ ਪ੍ਰਫੁੱਲਿਤ ਹੋ ਸਕੇ।
ਭਾਰਤ ਅੱਜ ਆਪਣੀ ਟੂਰਿਜ਼ਮ ਯਾਤਰਾ ਦੇ ਇਕ ਬਹੁਤ ਮਹੱਤਵਪੂਰਨ ਮੋੜ ’ਤੇ ਖੜ੍ਹਾ ਹੈ। ਅੱਜ ਦਾ ਟੂਰਿਸਟ ਸਿਰਫ਼ ਸਮਾਰਕਾਂ ਨੂੰ ਦੇਖਣ ਦੀ ਇੱਛਾ ਨਹੀਂ ਰੱਖਦਾ, ਸਗੋਂ ਅਜਿਹੇ ਅਨੁਭਵਾਂ ਦੀ ਤਲਾਸ਼ ਵਿਚ ਹੈ ਜੋ ਉਮਰ ਭਰ ਯਾਦ ਰਹਿਣ। ਸਥਾਨਕ ਖਾਣ-ਪੀਣ, ਜੀਵੰਤ ਪਰੰਪਰਾਵਾਂ, ਸੰਗੀਤ, ਦਸਤਕਾਰੀ, ਕੁਦਰਤ, ਹੋਮਸਟੇਅ ਅਤੇ ਸਥਾਨਕ ਭਾਈਚਾਰਿਆਂ ਨਾਲ ਮੇਲ ਹੁਣ ਰਵਾਇਤੀ ਦਰਸ਼ਨ ਯੋਗ ਸਥਾਨਾਂ ਦੀ ਯਾਤਰਾ ਜਿੰਨੇ ਹੀ ਮਹੱਤਵਪੂਰਨ ਹੁੰਦੇ ਜਾ ਰਹੇ ਹਨ। ਇਹ ਤਬਦੀਲੀ ਟੂਰਿਜ਼ਮ ਦੀ ਸਾਡੀ ਸੋਚ ਅਤੇ ਦ੍ਰਿਸ਼ਟੀਕੋਣ ਵਿਚ ਵੀ ਉਸੇ ਅਨੁਸਾਰ ਪਰਿਵਰਤਨ ਦੀ ਮੰਗ ਕਰਦੀ ਹੈ।
ਇੰਡੀਅਨ ਟੂਰਿਜ਼ਮ ਵਿਚ ਹਾਲ ਹੀ ਦੀਆਂ ਸਾਂਝੇਦਾਰੀਆਂ ਦੇ ਅਨੁਭਵ ਸਾਡੇ ਸਾਹਮਣੇ ਮੌਜੂਦ ਵਿਆਪਕ ਸੰਭਾਵਨਾਵਾਂ ਨੂੰ ਦਰਸਾਉਂਦੇ ਹਨ। ਟੂਰਿਜ਼ਮ ਮੰਤਰਾਲੇ ਨੇ ਤਕਨਾਲੋਜੀ, ਆਵਾਜਾਈ, ਪ੍ਰਾਹੁਣਚਾਰੀ, ਕੰਟੈਂਟ ਅਤੇ ਡਿਜੀਟਲ ਆਊਟਰੀਚ ਦੀਆਂ ਸਮਰੱਥਾਵਾਂ ਨੂੰ ਜੋੜਨ ਲਈ ਉਦਯੋਗ ਜਗਤ ਅਤੇ ਹੋਰ ਹਿੱਤਧਾਰਕਾਂ ਦੇ ਨਾਲ ਸਰਗਰਮ ਭਾਈਵਾਲੀ ਵਧਾਈ ਹੈ। ਅਜਿਹੀਆਂ ਭਾਈਵਾਲੀਆਂ ਨਾ ਸਿਰਫ਼ ਇਸ ਲਈ ਕੀਮਤੀ ਹਨ ਕਿਉਂਕਿ ਇਹ ‘ਇੰਕ੍ਰੈਡਿਬਲ ਇੰਡੀਆ’ ਦੇ ਦਾਇਰੇ ਨੂੰ ਵਿਸਥਾਰ ਦਿੰਦੀਆਂ ਹਨ, ਸਗੋਂ ਇਸ ਲਈ ਵੀ ਕਿ ਉਹ ਪ੍ਰੇਰਣਾ ਨੂੰ ਪਹੁੰਚ ਨਾਲ ਅਤੇ ਪਹੁੰਚ ਨੂੰ ਅਸਲ ਅਨੁਭਵ ਨਾਲ ਜੋੜਦੀਆਂ ਹਨ।
ਵਾਰਾਣਸੀ ਦੀ ਉਦਾਹਰਣ ਇਸ ਸੰਦਰਭ ਵਿਚ ਵਿਸ਼ੇਸ਼ ਤੌਰ ’ਤੇ ਪ੍ਰੇਰਣਾਦਾਇਕ ਹੈ। ਕਿਸੇ ਡੈਸਟੀਨੇਸ਼ਨ ਨੂੰ ਸਿਰਫ਼ ਸਮਾਰਕਾਂ ਦੇ ਸੰਗ੍ਰਹਿ ਵਜੋਂ ਨਹੀਂ, ਸਗੋਂ ਇਕ ਜੀਵੰਤ ਸੱਭਿਆਚਾਰਕ ਅਨੁਭਵ ਵਜੋਂ ਪੇਸ਼ ਕੀਤਾ ਜਾ ਸਕਦਾ ਹੈ-ਜਿਸ ਵਿਚ ਗੰਗਾ, ਸ਼ਾਸਤਰੀ ਸੰਗੀਤ, ਵਿਰਾਸਤ, ਬਨਾਰਸੀ ਬੁਣਾਈ, ਸਥਾਨਕ ਭਾਈਚਾਰਾ ਅਤੇ ਰਵਾਇਤੀ ਪ੍ਰਾਹੁਣਚਾਰੀ ਦਾ ਅਦਭੁਤ ਸੰਗਮ ਹੋਵੇ। ਇਹੀ ਉਹ ਦਿਸ਼ਾ ਹੈ ਜਿਸ ਵਿਚ ਟੂਰਿਜ਼ਮ ਨੂੰ ਹੁਣ ਅੱਗੇ ਵਧਣਾ ਚਾਹੀਦਾ ਹੈ।
ਪਹਿਲਾ ਥੰਮ੍ਹ ਹੈ ਰਾਜਨੀਤਿਕ ਇੱਛਾ ਸ਼ਕਤੀ। ਟੂਰਿਜ਼ਮ ਨੂੰ ਕਿਸੇ ਇਕ ਟੂਰਿਜ਼ਮ ਡਿਪਾਰਟਮੈਂਟ ਦੀਆਂ ਪ੍ਰਸ਼ਾਸਨਿਕ ਹੱਦਾਂ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ। ਇਸ ਲਈ ਸੰਪੂਰਨ ਸਰਕਾਰੀ ਵਿਧੀ ਦੇ ਏਕੀਕ੍ਰਿਤ ਦ੍ਰਿਸ਼ਟੀਕੋਣ ਦੀ ਲੋੜ ਹੈ।
ਟ੍ਰਾਂਸਪੋਰਟੇਸ਼ਨ, ਸਿਵਲ ਐਵੀਏਸ਼ਨ, ਰੇਲਵੇ, ਸੱਭਿਆਚਾਰ, ਸ਼ਹਿਰੀ ਵਿਕਾਸ, ਵਾਤਾਵਰਣ, ਕੌਸ਼ਲ ਵਿਕਾਸ, ਵਣਜ ਅਤੇ ਡਿਜੀਟਲ ਤਕਨਾਲੋਜੀ ਇਨ੍ਹਾਂ ਸਾਰਿਆਂ ਨੂੰ ਇਸ ਸਾਂਝੀ ਸਮਝ ਨਾਲ ਇਕਜੁੱਟ ਹੋਣਾ ਹੋਵੇਗਾ ਕਿ ਕਿਸੇ ਵੀ ਸਥਾਨ ਨੂੰ ਅਸਲ ਵਿਚ ਸਫਲ ਕੀ ਬਣਾਉਂਦਾ ਹੈ। ਇਸ ਸੰਦਰਭ ਵਿਚ ਰਾਜਨੀਤਿਕ ਇੱਛਾ ਸ਼ਕਤੀ ਦਾ ਅਰਥ ਹੈ ਟੂਰਿਜ਼ਮ ਨੂੰ ਸਿਰਫ਼ ਇਕ ਦੂਜੇ ਦਰਜੇ ਦੀ ਆਰਥਿਕ ਗਤੀਵਿਧੀ ਨਾ ਮੰਨ ਕੇ ਇਸ ਨੂੰ ਰੁਜ਼ਗਾਰ, ਉੱਦਮਤਾ, ਸੱਭਿਆਚਾਰਕ ਸੰਭਾਲ, ਖੇਤਰੀ ਵਿਕਾਸ ਅਤੇ ਅੰਤਰਰਾਸ਼ਟਰੀ ਤਾਲਮੇਲ ਦੇ ਇਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਮਾਨਤਾ ਦੇਣਾ।
ਦੂਜਾ ਜ਼ਰੂਰੀ ਤੱਤ ਹੈ ਜਨਤਕ ਨਿਵੇਸ਼।
ਟੂਰਿਜ਼ਮ ਇਨਫ੍ਰਾਸਟ੍ਰਕਚਰ ਹੁਣ ਸਿਰਫ ਹਵਾਈ ਅੱਡਿਆਂ, ਹਾਈਵੇਅਜ਼ ਅਤੇ ਹੋਟਲਾਂ ਤੱਕ ਸੀਮਤ ਨਹੀਂ ਰਹਿ ਗਈ ਹੈ। ਹਾਲਾਂਕਿ ਇਹ ਲਾਜ਼ਮੀ ਹਨ, ਫਿਰ ਵੀ ਆਧੁਨਿਕ ਯਾਤਰੀ ਨੂੰ ਸਵੱਛ ਜਨਤਕ ਸਥਾਨ, ਚੰਗੀ ਤਰ੍ਹਾਂ ਸੁਰੱਖਿਅਤ, ਇਤਿਹਾਸਕ ਕੰਪਲੈਕਸ, ਇੰਟਰਪ੍ਰਿਟੇਸ਼ਨ ਸੈਂਟਰ, ਢੁੱਕਵੇਂ ਸਾਈਨੇਜ਼, ਪੈਦਲ ਯਾਤਰੀਆਂ ਦੇ ਅਨੁਕੂਲ ਸਹੂਲਤਾਂ, ਆਖਰੀ ਸਿਰੇ ਤੱਕ ਸੰਪਰਕ, ਡਿਜੀਟਲ ਜਾਣਕਾਰੀ ਅਤੇ ਟ੍ਰੇਂਡ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਨੁਭਵ ਦੀ ਗੁਣਵੱਤਾ ਕਿਸੇ ਟੂਰਿਸਟ ਦੇ ਸਮਾਰਕ ਵਿਚ ਦਾਖਲ ਹੋਣ ਤੋਂ ਬਹੁਤ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਦੇ ਉੱਥੋਂ ਨਿਕਲਣ ਦੇ ਕਾਫੀ ਸਮੇਂ ਬਾਅਦ ਤੱਕ ਜਾਰੀ ਰਹਿੰਦੀ ਹੈ।
ਫਿਰ ਵੀ ਇਕ ਤੀਜਾ ਤੱਤ ਹੈ, ਜਿਸ ਤੋਂ ਬਿਨਾਂ ਨਾ ਤਾਂ ਰਾਜਨੀਤਿਕ ਇੱਛਾ-ਸ਼ਕਤੀ ਅਤੇ ਨਾ ਹੀ ਜਨਤਕ ਨਿਵੇਸ਼ ਆਪਣੇ ਵਾਅਦੇ ਨੂੰ ਪੂਰਾ ਕਰ ਸਕਦੇ ਹਨ-ਜਨਤਕ ਭਾਈਵਾਲੀ। ਕਿਸੇ ਵੀ ਸਥਾਨ ਦੇ ਸੱਚੇ ਸਰਪ੍ਰਸਤ ਉੱਥੋਂ ਦੇ ਲੋਕ ਹੁੰਦੇ ਹਨ। ਜੇਕਰ ਟੂਰਿਜ਼ਮ ਨੂੰ ਅਸਲ ਵਿਚ ਸਮਾਵੇਸ਼ੀ ਬਣਾਉਣਾ ਹੈ, ਤਾਂ ਸਥਾਨਕ ਭਾਈਚਾਰੇ ਨੂੰ ਸਿਰਫ਼ ਟੂਰਿਜ਼ਮ ਦੀ ਕੋਈ ਵਸਤੂ ਬਣ ਕੇ ਨਹੀਂ ਰਹਿਣਾ ਚਾਹੀਦਾ, ਸਗੋਂ ਉਸ ਨੂੰ ਇਸ ਦਾ ਮੁੱਖ ਭਾਈਵਾਲ ਅਤੇ ਲਾਭਪਾਤਰੀ ਬਣਨਾ ਹੋਵੇਗਾ। ਹੋਮਸਟੇਅ, ਸਥਾਨਕ ਪਕਵਾਨ, ਦਸਤਕਾਰੀ, ਲੋਕ ਪੇਸ਼ਕਾਰੀਆਂ, ਲੋਕਲ ਗਾਈਡ ਅਤੇ ਸਥਾਨਕ ਪੱਧਰ ’ਤੇ ਪ੍ਰਬੰਧ ਕੀਤੇ ਅਨੁਭਵ ਟੂਰਿਜ਼ਮ ਨੂੰ ਇਕ ਬਾਹਰੀ ਆਰਥਿਕ ਗਤੀਵਿਧੀ ਤੋਂ ਬਦਲ ਕੇ ਸਥਾਨਕ ਖੁਸ਼ਹਾਲੀ ਦੇ ਸਰੋਤ ਵਿਚ ਤਬਦੀਲ ਕਰ ਸਕਦੇ ਹਨ।
ਉਦੇਸ਼ ਇਹ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ ਕਿ ਜਦੋਂ ਕੋਈ ਸਥਾਨ ਕਿਸੇ ਯਾਤਰੀ ਦੀ ਕਲਪਨਾ ਵਿਚ ਸਥਾਨ ਬਣਾਏ, ਤਾਂ ਉਸ ਆਕਰਸ਼ਣ ਨਾਲ ਪੈਦਾ ਆਰਥਿਕ ਮੌਕੇ ਉਨ੍ਹਾਂ ਲੋਕਾਂ ਤੱਕ ਪਹੁੰਚਣ ਜੋ ਉਸ ਸਥਾਨ ਨੂੰ ਉਸ ਦੀ ਪਛਾਣ ਦਿੰਦੇ ਹਨ। ਪਿੰਡ ਦਾ ਇਕ ਨੌਜਵਾਨ ਗਾਈਡ, ਉੱਦਮੀ, ਫੋਟੋਗ੍ਰਾਫਰ ਜਾਂ ਪ੍ਰਾਹੁਣਚਾਰੀ ਪੇਸ਼ੇਵਰ ਬਣਨ ਵਿਚ ਸਮਰੱਥ ਹੋਣਾ ਚਾਹੀਦਾ ਹੈ। ਮਹਿਲਾ-ਅਗਵਾਈ ਵਾਲਾ ਉੱਦਮ ਸਥਾਨਕ ਭੋਜਨ ਜਾਂ ਦਸਤਕਾਰੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਤੱਕ ਲਿਜਾਣ ਵਿਚ ਸਮਰੱਥ ਹੋਣਾ ਚਾਹੀਦਾ ਹੈ। ਤਾਂ ਹੀ ਟੂਰਿਜ਼ਮ ਸਮਾਵੇਸ਼ੀ ਵਿਕਾਸ ਦਾ ਇਕ ਸੱਚਾ ਜ਼ਰੀਆ ਬਣਦਾ ਹੈ।
ਭਾਰਤੀ ਟੂਰਿਜ਼ਮ ਦਾ ਭਵਿੱਖ ਆਖਿਰ ਅਜਿਹੇ ਹੀ ਸਬੰਧਾਂ ਦੇ ਤਾਣੇ-ਬਾਣੇ ’ਤੇ ਤਿਆਰ ਹੋਵੇਗਾ-ਕੇਂਦਰ ਅਤੇ ਰਾਜਾਂ ਦਰਮਿਆਨ, ਸਰਕਾਰ ਅਤੇ ਉਦਯੋਗ ਦੇ ਦਰਮਿਆਨ, ਤਕਨਾਲੋਜੀ ਅਤੇ ਪਰੰਪਰਾ ਦਰਮਿਆਨ, ਆਲਮੀ ਮੰਚਾਂ ਤੇ ਸਥਾਨਕ ਭਾਈਚਾਰਿਆਂ ਦਰਮਿਆਨ ਅਤੇ ਜਨਤਕ ਨਿਵੇਸ਼ ਅਤੇ ਨਿੱਜੀ ਉੱਦਮਾਂ ਦਰਮਿਆਨ।
-ਗਜੇਂਦਰ ਸਿੰਘ ਸ਼ੇਖਾਵਤ
‘ਕੁਝ ਢੋਂਗੀ ਬਾਬਿਆਂ ਦੇ ਜਾਲ ’ਚ ਫਸ ਕੇ’ ਬਰਬਾਦ ਹੋ ਰਹੀਆਂ ਔਰਤਾਂ!
NEXT STORY