ਉੱਚ ਸਿੱਖਿਆ, ਅਸਲ ’ਚ ਇਕ ਅਜਿਹੀ ਪ੍ਰਮੁੱਖ ਅਮਰੀਕੀ ਬਰਾਮਦ ਹੈ ਜਿੱਥੇ ਇਸ ਦਾ ਲਾਭ ਉਠਾਉਣ ਵਾਲੇ ਵਿਦੇਸ਼ੀ ਵਿਦਿਆਰਥੀ ਅਮਰੀਕੀ ਭਾਈਚਾਰਿਆਂ ’ਚ ਰਹਿ ਕੇ ਨਾ ਸਿਰਫ ਆਪਣੀ ਵਿੱਦਿਅਕ ਤਰੱਕੀ ਵੱਲ ਵਧਦੇ ਹਨ ਸਗੋਂ ਅਮਰੀਕੀ ਵਿਦਿਆਰਥੀਆਂ ਦੀ ਸਿੱਖਿਆ ਅਤੇ ਯੂਨੀਵਰਸਿਟੀ ਦੀ ਖੋਜ ’ਚ ਵੀ ਆਰਥਿਕ ਯੋਗਦਾਨ ਪਾਉਂਦੇ ਹਨ।
ਕੌਮਾਂਤਰੀ ਅਧਿਆਪਕਾਂ ਦੇ ਇਕ ਸੰਗਠਨ ਅਨੁਸਾਰ ਵਿੱਦਿਅਕ ਸਾਲ 2023-24 ਦੌਰਾਨ 1.1 ਮਿਲੀਅਨ ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਨੇ ਅਮਰੀਕੀ ਅਰਥਵਿਵਸਥਾ ’ਚ ਲਗਭਗ 43 ਬਿਲੀਅਨ ਡਾਲਰ ਦਾ ਯੋਗਦਾਨ ਦਿੱਤਾ, ਜਿਸ ’ਚ ਜ਼ਿਆਦਾਤਰ ਰਾਸ਼ੀ ਟਿਊਸ਼ਨ, ਭੋਜਨ, ਕਿਤਾਬਾਂ ਅਤੇ ਨਿਵਾਸ ’ਤੇ ਖਰਚ ਕੀਤੀ ਗਈ।
ਇਸ ਦੇ ਉਲਟ, ਅਮਰੀਕੀ ਵਿਦਿਆਰਥੀ ਅਕਸਰ ਯੂਨੀਵਰਸਿਟੀਆਂ ਜਾਂ ਹੋਰ ਸੰਘੀ ਪ੍ਰੋਗਰਾਮਾਂ ਤੋਂ ਸਿੱਧੇ ਤੌਰ ’ਤੇ ਵਿੱਤੀ ਸਹਾਇਤਾ (ਸਬਸਿਡੀ) ਹਾਸਲ ਕਰਦੇ ਹਨ ਅਤੇ ਜਨਤਕ ਯੂਨੀਵਰਸਿਟੀਆਂ ’ਚ ਕਾਫੀ ਘੱਟ ਫੀਸ ਅਦਾ ਕਰਦੇ ਹਨ ਜਦਕਿ ਵਿਦੇਸ਼ੀ ਵਿਦਿਆਰਥੀ ਆਪਣੇ ਅਮਰੀਕੀ ਹਮਜਮਾਤੀਆਂ ਦੀ ਤੁਲਨਾ ’ਚ ਲਗਭਗ ਡੇਢ ਗੁਣਾ ਵੱਧ ਫੀਸ ਦਿੰਦੇ ਹਨ।
ਇਸ ਨੂੰ ਇੰਝ ਵੀ ਕਹਿ ਸਕਦੇ ਹਾਂ ਕਿ ਕੌਮਾਂਤਰੀ ਵਿਦਿਆਰਥੀਆਂ ਵਲੋਂ ਅਦਾ ਕੀਤੀ ਜਾਣ ਵਾਲੀ ਉੱਚ ਟਿਊਸ਼ਨ ਫੀਸ ਅਮਰੀਕੀ ਵਿਦਿਆਰਥੀਆਂ ਨੂੰ ਘੱਟ ਫੀਸ ’ਚ ਪੜ੍ਹਾਈ ਕਰਨਾ ਸੰਭਵ ਬਣਾਉਂਦੀ ਹੈ। ਕੁਝ ਜਨਤਕ ਯੂਨੀਵਰਸਿਟੀਆਂ ’ਚ ਕੌਮਾਂਤਰੀ ਵਿਦਿਆਰਥੀ ਪੜ੍ਹਾਈ ਦੀ ਜੋ ਫੀਸ ਦਿੰਦੇ ਹਨ ਉਹ ਨਿਯਮਿਤ ਟਿਊਸ਼ਨ ਫੀਸ ਤੋਂ ਵੀ ਵੱਧ ਹੁੰਦੀ ਹੈ।
ਅਜਿਹੇ ਹਾਲਾਤ ’ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਅਣਕਿਆਸੇ ਫੈਸਲੇ ’ਚ ਅਮਰੀਕਾ ਦੀ ਮੋਹਰੀ ਹਾਰਵਰਡ ਯੂਨੀਵਰਸਿਟੀ ’ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ ਲਗਾ ਦਿੱਤੀ ਹੈ, ਜਿਸ ਨੂੰ ਵਿੱਦਿਅਕ ਸੈਸ਼ਨ 2025-26 ਤੋਂ ਹੀ ਲਾਗੂ ਕਰਨਾ ਹੋਵੇਗਾ। ਇਸ ਨਾਲ ਇਸ ਯੂਨੀਵਰਸਿਟੀ ’ਚ ਪੜ੍ਹਨ ਵਾਲੇ 800 ਭਾਰਤੀਆਂ ਸਮੇਤ ਹੋਰਨਾਂ ਦੇਸ਼ਾਂ ਦੇ ਲਗਭਗ 7000 ਵਿਦਿਆਰਥੀਆਂ ਦਾ ਭਵਿੱਖ ਵਿਚਾਲੇ ਲਟਕ ਗਿਆ ਹੈ।
ਟਰੰਪ ਸਰਕਾਰ ਦੀ ਅੰਦਰੂਨੀ ਸੁਰੱਖਿਆ ਮੰਤਰੀ ਕ੍ਰਿਸਟੀ ਨੋਏਮ ਨੇ 22 ਮਈ ਨੂੰ ਇਕ ਹੁਕਮ ਜਾਰੀ ਕਰ ਕੇ ਹਾਰਵਰਡ ਯੂਨੀਵਰਸਿਟੀ ’ਤੇ ਹਿੰਸਾ, ਯਹੂਦੀ ਵਿਰੋਧੀ ਭਾਵਨਾ ਨੂੰ ਉਤਸ਼ਾਹ ਦੇਣ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਸਹਿਯੋਗ ਕਰਨ ਦਾ ਦੋਸ਼ ਲਗਾਉਂਦੇ ਹੋਏ ਹਾਰਵਰਡ ਦੇ ‘ਸਟੂਡੈਂਟ ਐਂਡ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ ਸਰਟੀਫਿਕੇਸ਼ਨ’ ਨੂੰ ਖਤਮ ਕਰਨ ਦਾ ਹੁਕਮ ਦੇ ਦਿੱਤਾ।
ਇਸ ਫੈਸਲੇ ਨੂੰ ਲੈ ਕੇ ਜਿੱਥੇ ਵਿਦੇਸ਼ੀ ਵਿਦਿਆਰਥੀ ਭਾਈਚਾਰੇ ’ਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ, ਉੱਥੇ ਹੀ ਹਾਰਵਰਡ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ‘ਐਲਨ ਗਾਰਬਨ’ ਜੋ ਕਿ ਖੁਦ ਇਕ ਯਹੂਦੀ ਹਨ, ਨੇ ਅਗਲੇ ਹੀ ਦਿਨ 23 ਮਈ ਨੂੰ ਟਰੰਪ ਪ੍ਰਸ਼ਾਸਨ ਦੇ ਫੈਸਲੇ ਦੇ ਅੱਗੇ ਸਰੰਡਰ ਨਾ ਕਰਨ ਦਾ ਐਲਾਨ ਕਰਦੇ ਹੋਏ ਬੋਸਟਨ ਦੀ ਸੰਘੀ ਅਦਾਲਤ ’ਚ ਉਕਤ ਫੈਸਲੇ ਦੇ ਵਿਰੁੱਧ ਪਟੀਸ਼ਨ ਦਾਇਰ ਕਰ ਦਿੱਤੀ, ਜਿਸ ਤੋਂ ਬਾਅਦ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੇ ਉਕਤ ਹੁਕਮ ਨੂੰ ਲਾਗੂ ਕਰਨ ’ਤੇ ਰੋਕ ਲਗਾ ਦਿੱਤੀ ਹੈ।
ਵਰਣਨਯੋਗ ਹੈ ਕਿ ਹਾਰਵਰਡ ਅਮਰੀਕਾ ਦੀ ਪ੍ਰਾਚੀਨ (ਅਕਤੂਬਰ 1636 ’ਚ ਸਥਾਪਿਤ ਹੋਈ ਸੀ), ਪ੍ਰਮੁੱਖ ਅਤੇ ਸਭ ਤੋਂ ਅਮੀਰ ਯੂਨੀਵਰਸਿਟੀ ਹੈ ਜਿਸ ਦੀ ਜਾਇਦਾਦ 53.2 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੈ।
ਹਾਰਵਰਡ ਦੇ ਸਾਹਮਣੇ ਮੌਜੂਦ ਗੰਭੀਰ ਖਤਰਿਆਂ ਦੇ ਬਿਨਾਂ ਵੀ, ਅਮਰੀਕੀ ਸਿੱਖਿਆ ਸੰਸਥਾਵਾਂ ਟਰੰਪ ਪ੍ਰਸ਼ਾਸਨ ਵਲੋਂ ਖੋਜ ਆਦਿ ’ਤੇ ਲਗਾਈਆਂ ਗਈਆਂ ਕਟੌਤੀਆਂ ਅਤੇ ਇਮੀਗ੍ਰੇਸ਼ਨ ਸੰਬੰਧੀ ਬੰਧਨਾਂ ਦੇ ਕਾਰਨ ਦੇਸ਼ ’ਚ ਕੌਮਾਂਤਰੀ ਵਿਦਿਆਰਥੀਆਂ ਦੀ ਕਮੀ ਨਾਲ ਜੂਝ ਰਹੀਆਂ ਸਨ।
ਹਾਰਵਰਡ ਨੂੰ ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਰੋਕਣ ਦੀ ਟਰੰਪ ਪ੍ਰਸ਼ਾਸਨ ਦੀ ਧਮਕੀ ਨਾਲ ਇਸ ਵੱਕਾਰੀ ਯੂਨੀਵਰਸਿਟੀ ਦੇ ਇਕ ਚੌਥਾਈ ਤੋਂ ਵੱਧ ਵਿਦਿਆਰਥੀਆਂ ਦੇ ਬਾਹਰ ਹੋ ਜਾਣ ਦਾ ਖਤਰਾ ਪੈਦਾ ਹੋ ਗਿਆ ਸੀ। ਅਜਿਹੇ 53 ਕਾਲਜ ਹਨ ਜਿੱਥੇ ਵਿਦੇਸ਼ੀ ਵਿਦਿਆਰਥੀ 50 ਤੋਂ 20 ਫੀਸਦੀ ਤੱਕ ਹਨ।
ਜਦ ਕੋਲੰਬੀਆ ਯੂਨੀਵਰਸਿਟੀ ’ਚ ਹੋਏ ਪ੍ਰਦਰਸ਼ਨ ਨੂੰ ਟਰੰਪ ਪ੍ਰਸ਼ਾਸਨ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ ਸੀ (80 ਵਿਦਿਆਰਥੀਆਂ ਨੂੰ ਜੇਲ ’ਚ ਪਾਇਆ ਗਿਆ) ਤਾਂ ਲੱਗਾ ਕਿ ਇਸ ਦਾ ਉਦੇਸ਼ ਫਿਲਸਤੀਨੀ ਸਮਰਥਕ ਅਤੇ ਇਜ਼ਰਾਈਲ ਵਿਰੋਧੀ ਪ੍ਰਦਰਸ਼ਨ ਰੋਕਣਾ ਸੀ ਪਰ ਜਦੋਂ ਹੋਰ ਬਹੁਤ ਸਾਰੀਆਂ ਯੂਨੀਵਰਸਿਟੀਆਂ ’ਚ ਇਹ ਪ੍ਰਦਰਸ਼ਨ ਫੈਲ ਗਏ ਤਾਂ ਟਰੰਪ ਦਾ ਹੁਣ ਇਹ ਯਤਨ ਹੈ ਕਿ ਪ੍ਰਦਰਸ਼ਨ ਤੱਕ ਗੱਲ ਪਹੁੰਚੇ ਹੀ ਨਾ ਅਤੇ ਜੋ ਸਰਕਾਰ ਕਹੇ ਉਸ ਨੂੰ ਹੀ ਸਾਰੇ ਸਵੀਕਾਰ ਕਰਨ।
ਇਸ ਲਈ ਟਰੰਪ ਹਾਰਵਰਡ ਦੇ ਨਾ ਸਿਰਫ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਲਿਸਟ ਖੁਦ ਪਾਸ ਕਰਨਾ ਚਾਹੁੰਦੇ ਹਨ, ਸਗੋਂ ਉਨ੍ਹਾਂ ਦੀ ਵਿਚਾਰਕ ਆਜ਼ਾਦੀ ’ਤੇ ਵੀ ਰੋਕ ਲਗਾਉਣਾ ਚਾਹੁੰਦੇ ਹਨ ਜੋ ਕਿ ਹਰ ਇਕ ਰਾਈਟ ਵਿੰਗ ਪਾਰਟੀ ਦੁਨੀਆ ਭਰ ’ਚ ਚਾਹੁੰਦੀ ਹੈ।
ਇਸ ਦੌਰਾਨ ਇੰਗਲੈਂਡ ’ਚ ਰਹਿਣ ਵਾਲੀ ਟਰੰਪ ਦੀ ਇਕ ਭਤੀਜੀ ‘ਮੈਰੀ ਟਰੰਪ’ ਨੇ ਉਨ੍ਹਾਂ ਬਾਰੇ ਰੋਚਕ ਇੰਕਸ਼ਾਫ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਦੋਂ 6 ਸਾਲ ਦੀ ਸੀ ਉਸ ਸਮੇਂ ਟਰੰਪ 20 ਸਾਲ ਦੇ ਸਨ। ਇਕ ਦਿਨ ਜਦੋਂ ਉਹ ਟਰੰਪ ਨਾਲ ਫੁੱਟਬਾਲ ਖੇਡ ਰਹੀ ਸੀ ਤਾਂ ਟਰੰਪ ਨੇ ਉਸ ਨੂੰ ਇੰਨੀ ਜ਼ੋਰ ਨਾਲ ਬਾਲ ਮਾਰਿਆ ਕਿ ਉਸ ਨੂੰ ਲੱਗਾ ਕਿ ਜਿਵੇਂ ਉਸ ਦਾ ਪੈਰ ਹੀ ਟੁੱਟ ਜਾਵੇਗਾ ਕਿਉਂਕਿ ਟਰੰਪ ਦੇ ਅੰਦਰ ਸ਼ੁਰੂ ਤੋਂ ਹੀ ਇਹ ਭਾਵਨਾ ਰਹੀ ਹੈ ਕਿ ਉਸ ਨੇ ਹੀ ਜਿੱਤਣਾ ਹੈ। ਭਾਵੇਂ ਇਸ ਦੇ ਲਈ ਉਸ ਨੂੰ ਕੋਈ ਵੀ ਤਰੀਕਾ ਕਿਉਂ ਨਾ ਅਪਣਾਉਣਾ ਪਵੇ। ਤਾਂ ਕੀ ਇਹ ਟਰੰਪ ਦੀ ਸਿਰਫ ਜ਼ਿੱਦ ਆਪਣੀ ਜਿੱਤ ਲਈ ਹੈ ਜਾਂ ਖੁਦ ਦੇ ਗੁਣਗਾਨ ਲਈ?
‘ਲਗਾਤਾਰ ਹੋ ਰਹੀਆਂ ਰੇਲਗੱਡੀਆਂ ਉਲਟਾਉਣ ਦੀਆਂ ਸਾਜ਼ਿਸ਼ਾਂ’ ‘ਸੁਰੱਖਿਆ ਯਤਨ ਤੇਜ਼ ਕਰਨ ਦੀ ਲੋੜ’
NEXT STORY