ਵੀਰਵਾਰ-ਸ਼ੁੱਕਰਵਾਰ ਰਾਤ ਨੂੰ, ਭਾਰਤ ਨੇ ਆਪਣੀ ਪੱਛਮੀ ਸਰਹੱਦ ਦੇ ਨਾਲ 36 ਥਾਵਾਂ ’ਤੇ ਫੌਜੀ ਅਤੇ ਨਾਗਰਿਕ ਬੁਨਿਆਦੀ ਢਾਂਚਿਆਂ ’ਤੇ ਇਕ ਵੱਡੇ ਪਾਕਿਸਤਾਨੀ ਡਰੋਨ ਹਮਲੇ ਨੂੰ ਨਾਕਾਮ ਕਰ ਦਿੱਤਾ। 300 ਤੋਂ ਵੱਧ ਪਾਕਿਸਤਾਨੀ ਡਰੋਨ ਸ਼ਾਇਦ ਤੁਰਕੀ ਤੋਂ ਆਏ ਸਨ। ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਵੀਰdਵਾਰ ਸ਼ਾਮ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ, ‘ਡਰੋਨ ਦੇ ਅਵਸ਼ੇਸ਼ਾਂ ਦੀ ਫੋਰੈਂਸਿਕ ਜਾਂਚ ਚੱਲ ਰਹੀ ਹੈ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਡਰੋਨ ਤੁਰਕੀ ਦੇ ਬਣੇ ਐਸੀਗਾਰਡ ਸੋਂਗਰ ਮਾਡਲ ਦੇ ਹਨ।’
ਇਕ ਤੁਰਕੀ ਐਂਟੀ-ਪਣਡੁੱਬੀ ਜਹਾਜ਼ 2 ਮਈ ਨੂੰ ਕਰਾਚੀ ਬੰਦਰਗਾਹ ’ਤੇ ਉਤਰਿਆ ਅਤੇ ਇਕ ਤੁਰਕੀ ਸੀ-130 ਹਰਕਿਊਲਿਸ ਫੌਜੀ ਟਰਾਂਸਪੋਰਟ ਜਹਾਜ਼, ਜੋ ਸ਼ਾਇਦ ਹਥਿਆਰ ਲੈ ਕੇ ਜਾ ਰਿਹਾ ਸੀ, 27 ਅਪ੍ਰੈਲ ਨੂੰ ਕਰਾਚੀ ਹਵਾਈ ਅੱਡੇ ’ਤੇ ਉਤਰਿਆ। ਤੁਰਕੀ ਨੇ ਦਾਅਵਾ ਕੀਤਾ ਹੈ ਕਿ ਇਹ ਰੁਕਣ ਦੀਆਂ ਘਟਨਾਵਾਂ ਨਿਯਮਿਤ ਸਨ ਅਤੇ ਹਰਕਿਊਲਿਸ ’ਚ ਹਥਿਆਰ ਨਹੀਂ ਸਨ ਪਰ ਤੁਰਕੀ ਪਾਕਿਸਤਾਨ ਦੇ ਨਾਲ ਇਕ ਵਿਆਪਕ ਭਾਈਵਾਲੀ ਬਣਾਈ ਰੱਖਦਾ ਹੈ ਜੋ ਸਿਧਾਂਤਕ ਅਤੇ ਵਾਸਤਵਿਕ ਰੂਪ ਨਾਲ ਭਾਰਤ ਦੇ ਪ੍ਰਤੀ ਉਸ ਦੇ ਵਿਰੋਧੀ ਭਾਵਾਂ ਦੇ ਬਿਲਕੁਲ ਉਲਟ ਹੈ।
ਤੁਰਕੀ ਪੱਛਮੀ ਏਸ਼ੀਆ ਵਿਚ ਇਕੋ-ਇਕ ਪਾਕਿਸਤਾਨੀ ਸਹਿਯੋਗੀ ਸੀ ਜਿਸ ਨੇ ‘ਆਪ੍ਰੇਸ਼ਨ ਸਿੰਧੂਰ’ ਦੀ ਸਪੱਸ਼ਟ ਤੌਰ ’ਤੇ ਨਿੰਦਾ ਕੀਤੀ ਸੀ। ਹੋਰ ਖਾੜੀ ਦੇਸ਼ਾਂ ਨੇ ਨਾ ਸਿਰਫ਼ ਪਾਕਿਸਤਾਨ ਦਾ ਸਮਰਥਨ ਕਰਨ ਤੋਂ ਗੁਰੇਜ਼ ਕੀਤਾ ਹੈ, ਸਗੋਂ ਕਸ਼ਮੀਰ ’ਤੇ ਭਾਰਤ ਦੇ ਰੁਖ਼ ਪ੍ਰਤੀ ਵਧੇਰੇ ਸੰਵੇਦਨਸ਼ੀਲਤਾ ਵੀ ਦਿਖਾਈ। ਅੱਜ ਭਾਰਤ ਸਾਊਦੀ ਅਰਬ ਅਤੇ ਯੂ. ਏ. ਈ. ਨਾਲ ਮਜ਼ਬੂਤ ਸਬੰਧਾਂ ਦਾ ਦਾਅਵਾ ਕਰਦਾ ਹੈ, ਜੋ ਕਿ ਇਤਿਹਾਸਕ ਤੌਰ ’ਤੇ ਪਾਕਿਸਤਾਨ ਦੇ ਕਰੀਬੀ ਦੇਸ਼ ਰਹੇ ਹਨ। ਤੁਰਕੀ ਵੱਖਰਾ ਕਿਉਂ ਹੈ?
ਪਾਕਿਸਤਾਨ ਵਿਚ ਤੁਰਕੀ ਦੇ ਕੀ ਹਿੱਤ ਹਨ?: ਉਨ੍ਹਾਂ ਦੀ ਸਾਂਝੀ ਇਸਲਾਮੀ ਪਛਾਣ ਨੇ ਲੰਬੇ ਸਮੇਂ ਤੋਂ ਤੁਰਕੀ ਅਤੇ ਪਾਕਿਸਤਾਨ ਵਿਚਕਾਰ ਇਕ ਮਜ਼ਬੂਤ ਸਾਂਝੇਦਾਰੀ ਦਾ ਆਧਾਰ ਪ੍ਰਦਾਨ ਕੀਤਾ ਹੈ, ਸ਼ੀਤ ਯੁੱਧ ਦੌਰਾਨ ਤੁਰਕੀ ਅਤੇ ਪਾਕਿਸਤਾਨ ਸੈਂਟਰਲ ਟ੍ਰੀਟੀ ਆਰਗੇਨਾਈਜ਼ੇਸ਼ਨ ਅਤੇ ਖੇਤਰੀ ਸਹਿਯੋਗ ਵਿਕਾਸ ਵਰਗੇ ਸਮੂਹਾਂ ਵਿਚ ਇਕੱਠੇ ਸਨ। ਦੋਵੇਂ ਦੇਸ਼ਾਂ ਨੇ ਸੰਕਟ ਦੇ ਸਮੇਂ ’ਚ ਲਗਭਗ ਹਮੇਸ਼ਾ ਇਕ ਦੂਜੇ ਦਾ ਸਮਰਥਨ ਕੀਤਾ ਹੈ।
ਉਦਾਹਰਣ ਵਜੋਂ, ਪਾਕਿਸਤਾਨ ਨੇ ਸਾਈਪ੍ਰਸ ਵਿਚ ਯੂਨਾਨ ਵਿਰੁੱਧ ਤੁਰਕੀ ਦੇ ਦਾਅਵਿਆਂ ਦਾ ਲਗਾਤਾਰ ਸਮਰਥਨ ਕੀਤਾ ਹੈ। ਪਾਕਿਸਤਾਨ ਦੇ ਨੇਤਾਵਾਂ ਨੇ 1964 ਅਤੇ 1971 ਦੇ ਸਾਈਪ੍ਰਸ ਸੰਕਟਾਂ ਵਿਚ ਅੰਕਾਰਾ ਦੀ ਫੌਜੀ ਸਹਾਇਤਾ ਕਰਨ ਲਈ ਵਚਨਬੱਧਤਾ ਪ੍ਰਗਟਾਈ। 1983 ਵਿਚ ਪਾਕਿਸਤਾਨ ਦੇ ਫੌਜੀ ਤਾਨਾਸ਼ਾਹ ਜਨਰਲ ਜ਼ਿਆ-ਉਲ-ਹੱਕ ਨੇ ਪ੍ਰਸਿੱਧ ਰੂਪ ਨਾਲ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਸਾਈਪ੍ਰਸ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਹੋਵੇਗਾ ਜੇਕਰ ਉਹ ਆਜ਼ਾਦੀ ਦਾ ਐਲਾਨ ਕਰਦਾ ਹੈ।
ਏਰਦੋਗਨ ਘੱਟੋ ਤੋਂ ਘੱਟ 10 ਵਾਰ ਪਾਕਿਸਤਾਨ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਦਾ ਸਭ ਤੋਂ ਤਾਜ਼ਾ ਦੌਰਾ ਇਸ ਸਾਲ ਫਰਵਰੀ ਵਿਚ ਹੋਇਆ ਸੀ, ਜਦੋਂ ਏਰਦੋਗਨ ਜੋ ਹੁਣ ਰਾਸ਼ਟਰਪਤੀ ਹਨ ਨੇ ਪਾਕਿਸਤਾਨ-ਤੁਰਕੀ ਉੱਚ-ਪੱਧਰੀ ਰਣਨੀਤਕ ਸਹਿਯੋਗ ਪ੍ਰੀਸ਼ਦ ਦੇ 7ਵੇਂ ਸੈਸ਼ਨ ਦੀ ਸਹਿ-ਪ੍ਰਧਾਨਗੀ ਕੀਤੀ ਸੀ। ਭੂ-ਰਾਜਨੀਤਿਕ ਤੌਰ ’ਤੇ, ਤੁਰਕੀ (ਕਤਰ ਦੇ ਨਾਲ) ਆਪਣੇ ਖਾੜੀ ਅਰਬ ਵਿਰੋਧੀਆਂ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨਾਲ ਮੁਕਾਬਲੇ ਵਿਚ ਉਲਝਿਆ ਹੋਇਆ ਹੈ। ਅੰਕਾਰਾ ਨੇ ਪਾਕਿਸਤਾਨ ਅਤੇ ਮਲੇਸ਼ੀਆ ਵਰਗੇ ਗੈਰ-ਖਾੜੀ ਮੁਸਲਿਮ ਦੇਸ਼ਾਂ ਨਾਲ ਸਹਿਯੋਗ ਦੇ ਬਦਲਵੇਂ ਢਾਂਚੇ ਦੀ ਮੰਗ ਕੀਤੀ ਹੈ।
ਉਦਾਹਰਣ ਵਜੋਂ 2019 ਦੇ ਕੁਆਲਾਲੰਪੁਰ ਸੰਮੇਲਨ ਨੂੰ ਹੀ ਲੈ ਲਓ। ਪਾਕਿਸਤਾਨ, ਤੁਰਕੀ, ਕਤਰ, ਮਲੇਸ਼ੀਆ ਅਤੇ ਇੰਡੋਨੇਸ਼ੀਆ ਵਲੋਂ ਆਯੋਜਿਤ ਇਸ ਸੰਮੇਲਨ ਦਾ ਉਦੇਸ਼ ਪ੍ਰਮੁੱਖ ਮੁਸਲਿਮ ਬੁੱਧੀਜੀਵੀਆਂ ਨੂੰ ਇਕੱਠੇ ਕਰਨਾ ਅਤੇ ‘ਰਾਸ਼ਟਰੀ ਸੁਰੱਖਿਆ ਪ੍ਰਾਪਤ ਕਰਨ ਵਿਚ ਵਿਕਾਸ ਦੀ ਭੂਮਿਕਾ’ ’ਤੇ ਚਰਚਾ ਕਰਨਾ ਸੀ। ਹਾਲਾਂਕਿ, ਇਸ ਨੂੰ ਮੁਸਲਿਮ ਦੁਨੀਆ ਦੀ ਸਾਊਦੀ ਲੀਡਰਸ਼ਿਪ ਲਈ ਇਕ ਚੁਣੌਤੀ ਵਜੋਂ ਵਿਆਪਕ ਤੌਰ ’ਤੇ ਦੇਖਿਆ ਗਿਆ।
ਸਾਲ 2000 ਤੋਂ, ਤੁਰਕੀ ਦੀ ਜਲ ਸੈਨਾ ਨੇ ਹਿੰਦ ਮਹਾਸਾਗਰ ਖੇਤਰ ਦੀ ਦੂਜੀ ਸਭ ਤੋਂ ਵੱਡੀ ਜਲ ਸੈਨਾ, ਪਾਕਿਸਤਾਨੀ ਜਲ ਸੈਨਾ ਨਾਲ ਕਈ ਸਾਂਝੇ ਅਭਿਆਸ ਕੀਤੇ ਹਨ। ਇਸ ਦੇ ਉਲਟ, ਤੁਰਕੀ ਦੀ ਜਲ ਸੈਨਾ ਨੇ ਭਾਰਤੀ ਜਲ ਸੈਨਾ ਨਾਲ ਸ਼ਾਇਦ ਹੀ ਕੋਈ ਅਭਿਆਸ ਕੀਤਾ ਹੋਵੇ। ਪਾਕਿਸਤਾਨ ਨੂੰ ਤੁਰਕੀ ਦੇ ਕਸ਼ਮੀਰ ’ਤੇ ਨਿਰੰਤਰ ਅਤੇ ਜ਼ੋਰਦਾਰ ਸਮਰਥਨ ਤੋਂ ਫਾਇਦਾ ਹੋਇਆ ਹੈ। ਫਰਵਰੀ ਵਿਚ ਏਰਦੋਗਨ ਨੇ ਜ਼ੋਰ ਦੇ ਕੇ ਕਿਹਾ ਕਿ ਤੁਰਕੀ ‘ਅਤੀਤ ਵਾਂਗ ਅੱਜ ਵੀ ਸਾਡੇ ਕਸ਼ਮੀਰੀ ਭਰਾਵਾਂ ਨਾਲ ਏਕਤਾ ਵਿਚ ਖੜ੍ਹਾ ਹੈ’। ਭਾਰਤ ਨੇ ਇਨ੍ਹਾਂ ਟਿੱਪਣੀਆਂ ਨੂੰ ‘‘ਅਸਵੀਕਾਰਨਯੋਗ’’ ਕਰਾਰ ਦਿੱਤਾ ਅਤੇ ਨਵੀਂ ਦਿੱਲੀ ਵਿਚ ਤੁਰਕੀ ਦੇ ਰਾਜਦੂਤ ਕੋਲ ਵਿਰੋਧ ਦਰਜ ਕਰਵਾਇਆ। ਚੱਲ ਰਹੇ ਸੰਕਟ ਦੇ ਵਿਚਕਾਰ, ਪਾਕਿਸਤਾਨੀ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਤੁਰਕੀ, ਚੀਨ ਅਤੇ ਅਜ਼ਰਬਾਈਜਾਨ ਨੂੰ ਤਿੰਨ ਵੱਡੇ ਰਾਜਾਂ ਵਜੋਂ ਮਾਨਤਾ ਦਿੱਤੀ ਜਿਨ੍ਹਾਂ ਨੇ ਇਸਲਾਮਾਬਾਦ ਲਈ ਪੂਰਾ ਸਮਰਥਨ ਪ੍ਰਗਟ ਕੀਤਾ ਹੈ। ਪਰ ਰੱਖਿਆ ਖੇਤਰ ਵਿਚ ਪਾਕਿਸਤਾਨ ਨੂੰ ਤੁਰਕੀ ਨਾਲ ਆਪਣੀ ਸਾਂਝੇਦਾਰੀ ਦਾ ਸਭ ਤੋਂ ਵੱਧ ਫਾਇਦਾ ਹੋਇਆ ਹੈ, ਜੋ ਹਾਲ ਹੀ ਦੇ ਸਾਲਾਂ ਵਿਚ ਇਕ ਪ੍ਰਮੁੱਖ ਹਥਿਆਰ ਬਰਾਮਦਕਾਰ ਵਜੋਂ ਉਭਰਿਆ ਹੈ। ਐੱਸ. ਆਈ. ਪੀ. ਆਰ. ਆਈ. ਦੇ ਅੰਕੜਿਆਂ ਅਨੁਸਾਰ 2015-2019 ਅਤੇ 2020-2024 ਦੇ ਵਿਚਕਾਰ ਤੁਰਕੀ ਦੇ ਹਥਿਆਰ ਦੀ ਬਰਾਮਦ ’ਚ (ਵਿਸ਼ਵ ਪੱਧਰ ’ਤੇ) 103 ਫੀਸਦੀ ਦਾ ਵਾਧਾ ਹੋਇਆ ਹੈ। ਲੰਡਨ ਸਥਿਤ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ ਦੇ ਅਨੁਸਾਰ, 2020 ਤੱਕ, ਤੁਰਕੀ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਹਥਿਆਰ ਸਪਲਾਇਰ (ਚੀਨ ਤੋਂ ਬਾਅਦ) ਬਣ ਗਿਆ ਸੀ।
1988 ਵਿਚ ਮਿਲਟਰੀ ਕੰਸਲਟੇਟਿਵ ਗਰੁੱਪ ਦੇ ਰੂਪ ਵਿਚ ਸਥਾਪਿਤ, ਅੰਕਾਰਾ ਅਤੇ ਇਸਲਾਮਾਬਾਦ ਕੋਲ ਰੱਖਿਆ ਸਹਿਯੋਗ ਲਈ ਇਕ ਪਰਖਿਆ ਹੋਇਆ ਢਾਂਚਾ ਹੈ। ਪਾਕਿਸਤਾਨ ਵਲੋਂ ਹਾਲ ਹੀ ਵਿਚ ਪ੍ਰਾਪਤੀਆਂ ਵਿਚ ਬੇਰਾਕਟਰ ਡਰੋਨ ਅਤੇ ਕਾਮੇਨਕੇਸ ਕਰੂਜ਼ ਮਿਜ਼ਾਈਲ ਸ਼ਾਮਲ ਹਨ, ਜਿਨ੍ਹਾਂ ਵਿਚੋਂ ਪਾਕਿਸਤਾਨ ਪਹਿਲੇ ਖਰੀਦਦਾਰਾਂ ਵਿਚੋਂ ਇਕ ਸੀ। ਐਸਿਸਗਾਰਡ ਸੌਂਗਰ ਇਸ ਦੀ ਨਵੀਨਤਮ, 2018 ਵਿਚ, ਤੁਰਕੀ ਦੀ ਐੱਸ. ਟੀ. ਐੱਮ. ਡਿਫੈਂਸ ਟੈਕਨਾਲੋਜੀ ਨੇ ਪਾਕਿਸਤਾਨ ਨੇਵੀ ਲਈ ਇਕ ਨਵੀਂ ਸ਼੍ਰੇਣੀ ਦੇ 4 ਕੋਰਵੇਟ ਲਈ 1 ਬਿਲੀਅਨ ਡਾਲਰ ਦਾ ਸੌਦਾ ਕੀਤਾ।
ਤੁਰਕੀ-ਪਾਕਿਸਤਾਨ ਸਬੰਧਾਂ ਦਾ ਭਾਰਤ ਲਈ ਕੀ ਅਰਥ ਹੈ?: ਕਸ਼ਮੀਰ ਮੁੱਦੇ ’ਤੇ ਤੁਰਕੀ ਦਾ ਪਾਕਿਸਤਾਨ ਨੂੰ ਸਮਰਥਨ ਭਾਰਤ ਲਈ ਲੰਬੇ ਸਮੇਂ ਤੋਂ ਇਕ ਸਮੱਸਿਆ ਰਿਹਾ ਹੈ। ‘‘ਭਾਰਤ ਦੀ ਕੀਮਤ ’ਤੇ ਆਪਣੀ ਦੋਸਤੀ ਨਾ ਬਣਾਓ,’’ ਉਸ ਸਮੇਂ ਦੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ 2013 ਵਿਚ ਇਕ ਇੰਟਰਵਿਊ ਵਿਚ ਤੁਰਕੀ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ। ਜਿਵੇਂ ਕਿ ਨੋਟ ਕੀਤਾ ਗਿਆ ਹੈ, ਭਾਰਤ ਨੇ ਪਾਕਿਸਤਾਨ-ਤੁਰਕੀ ਗੱਠਜੋੜ ਦਾ ਮੁਕਾਬਲਾ ਕਰਨ ਲਈ ਆਪਣੀਆਂ ਭੂ-ਰਾਜਨੀਤਿਕ ਭਾਈਵਾਲੀਆਂ ਨੂੰ ਐਡਜਸਟ ਕੀਤਾ ਹੈ।
ਪਹਿਲਾ, ਪੂਰਬੀ ਯੂਰਪ ਵਿਚ ਭਾਰਤ ਨੇ ਲਗਾਤਾਰ ਯੂਨਾਨ-ਸਮਰਥਿਤ ਸਾਈਪ੍ਰਸ ਗਣਰਾਜ ਦਾ ਸਮਰਥਨ ਕੀਤਾ ਹੈ ਅਤੇ ਸਰਗਰਮੀ ਨਾਲ ਜੁੜਿਆ ਹੋਇਆ ਹੈ। ਇਹ ਤੁਰਕੀ ਅਤੇ ਪਾਕਿਸਤਾਨ ਦੇ ਰੁਖ ਦੇ ਉਲਟ ਹੈ, ਜੋ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਤੁਰਕੀ ਗਣਰਾਜ ਉੱਤਰੀ ਸਾਈਪ੍ਰਸ ਦਾ ਸਮਰਥਨ ਕਰਦੇ ਹਨ। ਯੂਨਾਨ ਨੇ ਕਸ਼ਮੀਰ ’ਤੇ ਭਾਰਤ ਦੇ ਸਟੈਂਡ ਦਾ ਸਮਰਥਨ ਕਰ ਕੇ ਜਵਾਬ ਦਿੱਤਾ ਹੈ। ਦੂਜਾ, ਦੱਖਣੀ ਕਾਕੇਸ਼ਸ ਵਿਚ ਭਾਰਤ ਅਰਮੀਨੀਆ ਦੇ ਸਭ ਤੋਂ ਮਜ਼ਬੂਤ ਫੌਜੀ ਸਮਰਥਕਾਂ ਵਿਚੋਂ ਇਕ ਵਜੋਂ ਉਭਰਿਆ ਹੈ - ਜੋ ਕਿ ਨਾਗੋਰਨੋ-ਕਰਾਬਾਖ ਨੂੰ ਲੈ ਕੇ ਅਜ਼ਰਬਾਈਜਾਨ ਨਾਲ ਖੇਤਰੀ ਟਕਰਾਅ ਵਿਚ ਉਲਝਿਆ ਹੋਇਆ ਹੈ। ਇਕ ਅਸਾਧਾਰਨ ਘਟਨਾ ਵਿਚ ਭਾਰਤ 2024 ਦੇ ਅੰਤ ਤੱਕ ਅਰਮੀਨੀਆ ਹਥਿਆਰਾਂ ਦੇ ਸਭ ਤੋਂ ਵੱਡੇ ਸਪਲਾਇਰ ਵਜੋਂ ਉਭਰਿਆ ਅਤੇ ਰੂਸ ਨੂੰ ਵੀ ਪਛਾੜ ਦਿੱਤਾ।
ਪਾਕਿਸਤਾਨ, ਜੋ 1915 ਵਿਚ ਓਟੋਮਨ ਸਾਮਰਾਜ ਵਲੋਂ ਕੀਤੇ ਗਏ ਅਰਮੀਨੀਆਈ ਨਸਲਕੁਸ਼ੀ ਨੂੰ ਮਾਨਤਾ ਨਹੀਂ ਦਿੰਦਾ, ਸੰਭਾਵਤ ਤੌਰ ’ਤੇ ਤੁਰਕੀ-ਸਮਰਥਿਤ ਅਜ਼ਰਬਾਈਜਾਨ ਨਾਲ ਸਹਿਯੋਗ ਕਰ ਰਿਹਾ ਹੈ, ਸੰਭਵ ਤੌਰ ’ਤੇ ਤੁਰਕੀ ਦੀਆਂ ਸੰਵੇਦਨਸ਼ੀਲਤਾਵਾਂ ਦੇ ਕਾਰਨ। ਦੂਜੇ ਪਾਸੇ, ਯੋਜਨਾਬੱਧ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ ਤੁਰਕੀ ਨੂੰ ਬਾਈਪਾਸ ਕਰਦਾ ਹੈ, ਜੋ ਇਤਿਹਾਸਕ ਤੌਰ ’ਤੇ ਆਪਣੇ ਆਪ ਨੂੰ ਏਸ਼ੀਆ ਅਤੇ ਯੂਰਪ ਵਿਚਕਾਰ ਇਕ ਪੁਲ ਵਜੋਂ ਦੇਖਦਾ ਹੈ। ਤੁਰਕੀ ਅੱਜ ਪਾਕਿਸਤਾਨ ਦੇ ਅੰਤਰਰਾਸ਼ਟਰੀ ਗੱਠਜੋੜ ਦਾ ਇਕ ਮਜ਼ਬੂਤ ਅਤੇ ਦ੍ਰਿੜ੍ਹ ਹਿੱਸਾ ਹੈ ਜੋ ਭਾਰਤ ਲਈ ਬਹੁਤ ਨੁਕਸਾਨਦਾਇਕ ਹੈ ਜੋ ਕਿ ਚੀਨ ਤੋਂ ਬਾਅਦ ਦੂਜੇ ਸਥਾਨ ’ਤੇ ਹੈ। 2023 ਦੇ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਤੁਰਕੀ ਨੂੰ ਭਾਰਤ ਦੀ ਮਾਨਵਤਾਵਾਦੀ ਸਹਾਇਤਾ ਦਾ ਨਵੀਂ ਦਿੱਲੀ ਪ੍ਰਤੀ ਅੰਕਾਰਾ ਦੇ ਰਵੱਈਏ ’ਤੇ ਬਹੁਤਾ ਪ੍ਰਭਾਵ ਨਹੀਂ ਪਿਆ, ਇਹ ਭਾਰਤ-ਤੁਰਕੀ ਸਬੰਧਾਂ ਵਿਚ ਪਾਕਿਸਤਾਨ ਕਾਰਕ ਦੀ ਮਜ਼ਬੂਤੀ ਦਾ ਸਬੂਤ ਹੈ।
–ਬਸ਼ੀਰ ਅਲੀ ਅੱਬਾਸ
‘ਸੁਰੱਖਿਆ ਬਲਾਂ ਦੀ ਵੀਰਤਾ ਅਤੇ ਬਲੀਦਾਨ ਦਾ’ ‘ਅਪਮਾਨ ਕਰ ਰਹੇ ਕੁਝ ਦੇਸ਼ਧ੍ਰੋਹੀ’
NEXT STORY