ਖਾਲੀ ਭਾਂਡਾ ਜ਼ਿਆਦਾ ਖੜਕਦੈ। ਸਾਡੇ ਪ੍ਰਸਿੱਧ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਜਯੰਤੀ ਦੇ ਮੌਕੇ ਕੱਲ ਲੋਕ ਸਭਾ ’ਚ ਹੋਈ ਬਹਿਸ ਦਾ ਸਾਰ ਇਹੀ ਹੈ। 1875 ’ਚ ਬੰਕਿਮ ਚੰਦਰ ਚੈਟਰਜੀ ਵਲੋਂ ਲਿਖੇ ਗਏ ਇਸ ਦੇਸ਼ ਭਗਤੀਪੂਰਨ ਗੀਤ ਦੀ 150ਵੀਂ ਜਯੰਤੀ ਮਨਾਉਣ ਲਈ ਸਰਕਾਰ ਦੇ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦਾ ਇਹ ਇਕ ਹਿੱਸਾ ਹੈ। ਜਿਸ ’ਚ ਇਸ ਦੇਸ਼ ਭਗਤੀਪੂਰਨ ਗੀਤ ਦੇ ਸੰਬੰਧ ’ਚ ਮਹੱਤਵਪੂਰਨ ਅਤੇ ਅਣਜਾਣੇ ਤੱਥ ਸਾਹਮਣੇ ਆ ਸਕਦੇ ਹਨ ਅਤੇ ਸਾਡੇ ਵਰਤਮਾਨ ਨੂੰ ਸਵੈ-ਭਰੋਸੇ ਨਾਲ ਭਰਨ ਅਤੇ ਸਾਨੂੰ ਇਹ ਮੰਨਣ ਲਈ ਢਾਰਸ ਦੇਣ ਕਿ ਅਜਿਹਾ ਕੋਈ ਟੀਚਾ ਨਹੀਂ ਹੈ, ਜਿਸ ਨੂੰ ਭਾਰਤੀ ਹਾਸਲ ਨਹੀਂ ਕਰ ਸਕਦੇ।
ਸਵਾਲ ਉੱਠਦਾ ਹੈ ਕਿ ਹੁਣ ਸੰਸਦ ’ਚ ਇਸ ’ਤੇ ਚਰਚਾ ਕਿਉਂ? ਇਸ ਦਾ ਜਵਾਬ ਇਹ ਹੈ ਕਿ ਇਸ ਚਰਚਾ ਦਾ ਸਰੂਪ ਰਾਸ਼ਟਰਵਾਦ ਨੂੰ ਸ਼ਹਿ ਦੇਣ ਅਤੇ ਫੁੱਟਪਾਊ ਨਜ਼ਰੀਏ ਅਤੇ ਮੁਸਲਿਮ ਤੰਗਦਿਲੀ ਨੂੰ ਬੇਲੋੜੇ ਤੌਰ ’ਤੇ ਪ੍ਰਵਾਨ ਕਰਨ ਦੇ ਨਹਿਰੂ ਦੇ ਅਸਲੀ ਰੂਪ ਨੂੰ ਦਰਸਾ ਕੇ ਸੱਤਾਧਾਰੀ ਪਾਰਟੀ ਨੂੰ ਲਾਭ ਪਹੁੰਚਾਉਣ ਲਈ ਘੜਿਆ ਗਿਆ ਹੈ।
ਇਹ ਭਾਜਪਾ ਅਤੇ ਕਾਂਗਰਸ ਦੇ ਦਰਮਿਆਨ ਵਿਚਾਰਕ ਮਤਭੇਦ ਤੋਂ ਸਪੱਸ਼ਟ ਹੋ ਜਾਂਦਾ ਹੈ, ਜਿਸ ’ਚ ਪ੍ਰਧਾਨ ਮੰਤਰੀ ਮੋਦੀ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਨੇ 1937 ’ਚ ਸਾਬਕਾ ਪ੍ਰਧਾਨ ਮੰਤਰੀ ਨਹਿਰੂ ਦੀ ਅਗਵਾਈ ’ਚ ਖੁੱਲ੍ਹਮ-ਖੁੱਲ੍ਹਾ ਫਿਰਕੂ ਏਜੰਡਾ ਅੱਗੇ ਵਧਾਇਆ, ਜੋ ਵੰਦੇ ਮਾਤਰਮ ਗੀਤ ਦੀ ਕਾਟ-ਛਾਂਟ ਦੇ ਜਿੱਨਾਹ ਦੇ ਵਿਚਾਰ ਨਾਲ ਸਹਿਮਤ ਹੋਏ ਕਿਉਂਕਿ ਇਹ ਗੀਤ ਮੁਸਲਮਾਨਾਂ ਨੂੰ ਭੜਕਾਅ ਸਕਦਾ ਸੀ, ਇਸ ਲਈ ਇਸ ਗੀਤ ਦੇ ਦੋ ਪੈਰੇ ਹਟਾ ਦਿੱਤੇ ਗਏ ਜੋ ਇਸ ਦੀ ਮੁੱਖ ਆਤਮਾ ਸਨ।
ਇਸ ਦਾ ਢੁੱਕਵਾਂ ਜਵਾਬ ਪ੍ਰਿਯੰਕਾ ਗਾਂਧੀ ਨੇ ਸਰਕਾਰ ’ਤੇ ਇਹ ਦੋਸ਼ ਲਗਾ ਕਿ ਦਿੱਤਾ ਕਿ ਸਰਕਾਰ ਮੌਜੂਦਾ ਚੁਣੌਤੀਆਂ ਤੋਂ ਲੋਕਾਂ ਦਾ ਧਿਆਨ ਭੜਕਾਉਣ ਲਈ ਸੱਭਿਆਚਾਰਕ ਪ੍ਰਤੀਕ ਨੂੰ ਹਥਿਆਰ ਬਣਾ ਕੇ ਇਕ ਵੱਡਾ ਪਾਪ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵੰਦੇ ਮਾਤਰਮ ਵਾਦ-ਵਿਵਾਦ ਦੀ ਵਰਤੋਂ ਸਿਆਸੀ ਲਾਭ ਹਾਸਲ ਕਰਨ ਅਤੇ ਅਸਲੀ ਮੁੱਦਿਆਂ ਤੋਂ ਬਚਣ ਲਈ ਕੀਤੀ ਜਾ ਰਹੀ ਹੈ।
ਹਾਲਾਂਕਿ ਅੱਜ ਵੀ ਦੇਸ਼ ਦੇ ਹਰੇਕ ਹਿੱਸੇ ’ਚ ਇਹ ਗੀਤ ਗਾਇਆ ਜਾਂਦਾ ਹੈ ਅਤੇ ਮੁੱਖ ਤੌਰ ’ਤੇ ਇਸ ਮੁੱਦੇ ਦੀ ਵਰਤੋਂ ਮਾਰਚ-ਅਪ੍ਰੈਲ 2026 ’ਚ ਪੱਛਮੀ ਬੰਗਾਲ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਰਨ ਲਈ ਕੀਤੀ ਜਾ ਰਹੀ ਹੈ। ਘਟਨਾਕ੍ਰਮ ਨੂੰ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ 1947 ’ਚ ਨਹਿਰੂ ਦੀ ਪ੍ਰਧਾਨਗੀ ’ਚ ਕਾਂਗਰਸ ਵਰਕਿੰਗ ਕਮੇਟੀ ਨੇ ਇਕ ਸੰਕਲਪ ਪਾਸ ਕੀਤਾ ਜਿਸ ’ਚ ਵੰਦੇ ਮਾਤਰਮ ਗੀਤ ਦੇ ਸਿਰਫ ਪਹਿਲੇ ਦੋ ਪੈਰਿਆਂ ਨੂੰ ਗਾਇਆ ਜਾਵੇਗਾ ਅਤੇ ਇਹ ਕਾਰਜ ਰਾਸ਼ਟਰੀ ਅੰਦੋਲਨ ਨੂੰ ਇਕਜੁੱਟ ਰੱਖਣ ਲਈ ਰਬਿੰਦਰਨਾਥ ਟੈਗੋਰ ਦੀ ਸਲਾਹ ’ਤੇ ਕੀਤਾ ਗਿਆ।
ਪੱਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤ੍ਰਿਣਮੂਲ ਕਾਂਗਰਸ ’ਤੇ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਨੇ ਕੋਲਕਾਤਾ ’ਚ ਉਸ ਪਾਰਕ ਨੂੰ ਬੰਦ ਕਰ ਦਿੱਤਾ, ਜਿੱਥੇ ਬੰਗਾਲ ਦੀ ਆਤਮਾ ਬੰਕਿਮ ਚੰਦਰ ਚਟੋਉਪਾਧਿਆਏ ਦੇ ਬੁੱਤ ’ਤੇ ਮਾਲਾ ਤੱਕ ਨਹੀਂ ਚੜ੍ਹਾਈ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਤ੍ਰਿਣਮੂਲ ਕਾਂਗਰਸ ਦੇਸ਼ ਭਗਤੀ ਵਾਲੀ ਪਾਰਟੀ ਨਹੀਂ ਹੈ। ਉਹ ਚਾਹੁੰਦੀ ਹੈ ਕਿ ਟੈਗੋਰ ਦੇ ਗੀਤ ਨੂੰ ਸੂਬੇ ਦੇ ਸਕੂਲਾਂ ’ਚ ਲਾਜ਼ਮੀ ਤੌਰ ’ਤੇ ਗਾਇਆ ਜਾਵੇ ਪਰ ਰਾਸ਼ਟਰੀ ਗੀਤ ਨੂੰ ਨਹੀਂ।
ਇਸ ਦਾ ਢੁੱਕਵਾਂ ਜਵਾਬ ਦੇਣ ਲਈ ਹਿੰਦੂਤਵ ਬ੍ਰਗਿੇਡ ਨੇ ਸੂਬੇ ’ਚ 1500 ਥਾਵਾਂ ’ਤੇ ਸਮਾਗਮ ਕਰਵਾਏ। ਇਸ ਦੇ ਬਦਲੇ ’ਚ ਮਮਤਾ ਬੈਨਰਜੀ ਨੇ ਭਾਜਪਾ ’ਤੇ ਦੋਸ਼ ਲਗਾਇਆ ਕਿ ਉਹ ਇਕ ਫੁੱਟਪਾਊ ਪਾਰਟੀ ਹੈ। ਉਹ ਦੋ ਮਹਾਨ ਬੰਗਾਲੀ ਸਪੂਤਾਂ ਦੇ ਦਰਮਿਆਨ ਮਤਭੇਦ ਪੈਦਾ ਕਰਨਾ ਚਾਹੁੰਦੀ ਹੈ, ਜਿਨ੍ਹਾਂ ਨੇ ਵੰਦੇ ਮਾਤਰਮ ਅਤੇ ਜਨ ਗਣ ਮਨ ਦੀ ਰਚਨਾ ਕੀਤੀ ਸੀ।
ਕਈ ਵਿਰੋਧੀ ਨੇਤਾਵਾਂ ਦਾ ਕਹਿਣਾ ਹੈ ਕਿ ਰਾਸ਼ਟਰੀ ਗੀਤ ਰਾਸ਼ਟਰ ਰਾਜ ਦੇ ਮਾਣ ਨੂੰ ਪ੍ਰਦਰਸ਼ਿਤ ਕਰਨ ਦਾ ਇਕ ਹੋਰ ਉਪਾਅ ਹੈ ਅਤੇ ਭਾਜਪਾ ਦੇ ਇਸ ਰੁਖ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਰਾਸ਼ਟਰੀ ਪ੍ਰਤੀਕਾਂ ਅਤੇ ਵਿਰਾਸਤ ਦੀ ਮਾਲਕੀ ’ਤੇ ਦਾਅਵੇ ਦੀ ਕੋਸ਼ਿਸ਼ ਕਰ ਰਹੀ ਹੈ।
ਹਾਲਾਂਕਿ ਸਰੋਤ ਕੀ ਹਨ ਕਿ ਇਸ ਗੀਤ ਨੂੰ ਕਦੋਂ ਅਤੇ ਕਿਵੇਂ ਲਿਖਿਆ ਗਿਆ? ਇਹ ਬਟਵਾਰੇ ਦੇ ਦਿਨਾਂ ’ਚ ਬੰਗਾਲ ਦੇ ਹਿੰਦੂਆਂ ਤੇ ਮੁਸਲਮਾਨਾਂ ਦੇ ਦਰਮਿਆਨ ਸਭ ਤੋਂ ਸ਼ਕਤੀਸ਼ਾਲੀ ਜ਼ਿੰਦਗੀ ਨਾਅਰਾ ਬਣ ਗਿਆ ਸੀ। ਇਹ ਸਾਮਰਾਜਵਾਦ ਵਿਰੋਧੀ ਨਾਅਰਾ ਸੀ। ਕਾਂਗਰਸ ਨੇ ਇਸ ਨੂੰ ਰਸਮੀ ਤੌਰ ’ਤੇ 7 ਸਤੰਬਰ 1905 ਨੂੰ ਵਾਰਾਣਸੀ ਇਜਲਾਸ ’ਚ ਰਾਸ਼ਟਰੀ ਗੀਤ ਵਜੋਂ ਅਪਣਾਇਆ।
ਪਰ ਅਪ੍ਰੈਲ 1937 ’ਚ ਕੁਝ ਮੁਸਲਮਾਨ ਨੇਤਾਵਾਂ ਨੇ ਇਸ ਆਧਾਰ ’ਤੇ ਵੰਦੇ ਮਾਤਰਮ ਦਾ ਵਿਰੋਧ ਕੀਤਾ ਕਿ ਇਸ ’ਚ ਕੁਝ ਅਜਿਹੇ ਪੈਰੇ ਹਨ, ਜਿਨ੍ਹਾਂ ਦਾ ਇਸਲਾਮ ਨਾਲ ਟਕਰਾਅ ਹੈ ਅਤੇ ਜਿਸ ’ਚ ਮਾਤਭੂਮੀ ਦੀ ਪੂਜਾ ਦੀ ਗੱਲ ਕਹੀ ਗਈ ਹੈ। ਇਹ ਉਨ੍ਹਾਂ ਦੇ ਧਰਮ ਦੀ ਧਾਰਨਾ ਦੇ ਵਿਰੁੱਧ ਹੈ, ਜਿਸ ਦੇ ਅਨੁਸਾਰ ਮੁਸਲਮਾਨ ਅੱਲ੍ਹਾ ਦੇ ਇਲਾਵਾ ਕਿਸੇ ਨੂੰ ਪੂਜਨੀਕ ਨਹੀਂ ਮੰਨਦੇ। ਇਸ ਦੇ ਇਲਾਵਾ ਉਨ੍ਹਾਂ ਨੂੰ ਭਾਰਤ ਨੂੰ ਮਾਂ ਦੁਰਗਾ ਦੇ ਰੂਪ ’ਚ ਪੇਸ਼ ਕਰਨ ’ਤੇ ਵੀ ਇਤਰਾਜ਼ ਸੀ ਕਿ ਇਕ ਰਾਸ਼ਟਰ ਨੂੰ ਸ਼ਕਤੀ ਦੀ ਹਿੰਦੂ ਧਾਰਨਾ ਦੇ ਬਰਾਬਰ ਮੰਨਿਆ ਜਾ ਰਿਹਾ ਹੈ।
ਉਨ੍ਹਾਂ ਨੂੰ ਇਸ ਗੱਲ ’ਤੇ ਇਤਰਾਜ਼ ਸੀ ਕਿ ਇਹ ਆਨੰਦ ਮੱਠ ਨਾਵਲ ਦਾ ਹਿੱਸਾ ਹੈ, ਜਿਸ ’ਚ ਮੁਸਲਿਮ ਵਿਰੋਧੀ ਸੰਦੇਸ਼ ਦਿੱਤਾ ਗਿਆ, ਜਿਸ ’ਚ ਘੱਟਗਿਣਤੀ ਭਾਈਚਾਰੇ ਨੂੰ ਇਤਰਾਜ਼ ਹੈ। ਤਦ ਕਾਂਗਰਸ ਵਰਕਿੰਗ ਕਮੇਟੀ ਨੇ ਇਕ ਸੰਕਲਪ ਪਾਸ ਕੀਤਾ ਜਿਸ ਦੇ ਅਨੁਸਾਰ ਵੰਦੇ ਮਾਤਰਮ ਦੇ ਸਿਰਫ ਦੋ ਹੀ ਪੈਰੇ ਗਾਏ ਜਾਣਗੇ। ਰੋਚਕ ਤੱਥ ਇਹ ਹੈ ਕਿ ਲੰਬੇ ਸਮੇਂ ਤੱਕ ਵੰਦੇ ਮਾਤਰਮ ਨੂੰ ਭਾਰਤ ਦੇ ਰਾਸ਼ਟਰਗਾਨ ਦੇ ਰੂਪ ’ਚ ਗਾਇਆ ਜਾਂਦਾ ਰਿਹਾ ਪਰ 24 ਜਨਵਰੀ, 1950 ਨੂੰ ‘ਜਨ ਗਣ ਮਨ’ ਨੂੰ ਭਾਰਤ ਦਾ ਰਾਸ਼ਟਰਗਾਨ ਚੁਣਿਆ ਗਿਆ।
ਸਪੱਸ਼ਟ ਹੈ ਕਿ ਭਾਵੇਂ ਵੰਦੇ ਮਾਤਰਮ ਹੋਵੇ, ਜਾਂ ਜਨ ਗਣ ਮਨ, ਦੋਵੇਂ ਹੀ ਦੇਸ਼ ਭਗਤੀ ਪੈਦਾ ਕਰਦੇ ਹਨ ਅਤੇ ਦੋਵਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਭਾਰਤੀਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਜ਼ਾਦੀ ਹਾਸਲ ਕਰਨ ’ਚ ਸਹਾਇਤਾ ਕੀਤੀ। ਇਸ ਲਈ ਸਮਾਂ ਆ ਗਿਆ ਹੈ ਕਿ ਸਿਆਸੀ ਆਗੂ ਇਸ ਮੁੱਦੇ ’ਤੇ ਸਿਆਸਤ ਕਰਨੀ ਬੰਦ ਕਰਨ। ਇਹ ਦੇਸ਼ ਭਗਤੀ ਗਾਨ ਇਤਿਹਾਸ, ਪਛਾਣ ਅਤੇ ਮੌਜੂਦਾ ਸਿਆਸਤ ਨੂੰ ਦਰਸਾਉਂਦੇ ਹਨ।
ਭਾਰਤ ਵੰਨ-ਸੁਵੰਨਤਾ ਵਾਲਾ ਦੇਸ਼ ਹੈ। ਇੱਥੇ ਇਕ ਜੀਵੰਤ ਲੋਕਤੰਤਰ ਅਤੇ ਨਾਗਰਿਕ ਸਮਾਜ ਹੈ। ਇਹ ਨਾ ਤਾਂ ਸਖਤ ਹੈ ਅਤੇ ਨਾ ਹੀ ਜੜ੍ਹ ਹੈ। ਇਹ ਲਗਾਤਾਰ ਵਿਕਸਤ ਹੋ ਰਿਹਾ ਹੈ। ਅਸੀ ਅੱਜ ਵੀ ਵੰਦੇ ਮਾਤਰਮ ਦਾ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਮਾਣ ਦੇ ਪ੍ਰਤੀਕ ਵਜੋਂ ਉਸੇ ਤਰ੍ਹਾਂ ਸਤਿਕਾਰ ਕਰਦੇ ਹਾਂ ਜਿਵੇਂ ਜਨ ਮਨ ਗਣ ਦਾ ਕਰਦੇ ਹਾਂ। ਸਮਾਂ ਆ ਗਿਆ ਹੈ ਕਿ ਇਸ ਬੇਲੋੜੇ ਵਿਵਾਦ ਨੂੰ ਸਦਾ ਲਈ ਖਤਮ ਕਰ ਦਿੱਤਾ ਜਾਵੇ। ਦੇਸ਼ ਦੇ ਸਾਹਮਣੇ ਕਈ ਹੋਰ ਵੀ ਮੁੱਦੇ ਹਨ ਜਿਨ੍ਹਾਂ ’ਤੇ ਸਾਡੇ ਨੇਤਾਵਾਂ ਨੂੰ ਧਿਆਨ ਦੇਣਾ ਚਾਹੀਦਾ ਹੈ।
ਪੂਨਮ ਆਈ. ਕੌਸ਼ਿਸ਼
ਮਮਤਾ ਨੂੰ ਹਰਾਉਣਾ ਅਸੰਭਵ ਨਹੀਂ, ਔਖਾ ਤਾਂ ਹੈ!
NEXT STORY