ਚੀਨ ਨੇ ਅਮਰੀਕਾ ਤੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਤੁਰੰਤ ਿਰਹਾਅ ਕਰਨ ਦੀ ਮੰਗ ਕੀਤੀ ਹੈ। ਦੋਵੇਂ ਇਸ ਸਮੇਂ ਅਮਰੀਕਾ ਦੀ ਹਿਰਾਸਤ ’ਚ ਹਨ। ਅਮਰੀਕੀ ਫੌਜ ਉਨ੍ਹਾਂ ਨੂੰ ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਸ ਤੋਂ ਫੜ ਕੇ ਅਮਰੀਕਾ ਲੈ ਗਈ ਸੀ। ਚੀਨੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ ਇਸ ਤਰ੍ਹਾਂ ਆਪਣੇ ਦੇਸ਼ ਲਿਜਾਣਾ ਗਲਤ ਹੈ। ਇਸ ਮੁੱਦੇ ਦਾ ਹੱਲ ਗੱਲਬਾਤ ਨਾਲ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਚੀਨ ਨੇ ਅਮਰੀਕਾ ਦੀ ਕਾਰਵਾਈ ’ਤੇ ਸਖਤ ਪ੍ਰਤੀਕਿਰਿਆ ਦਿੱਤੀ ਸੀ। ਉਥੇ ਉੱਤਰ ਕੋਰੀਆ ਨੇ ਵੀ ਵੈਨੇਜ਼ੁਏਲਾ ’ਚ ਅਮਰੀਕਾ ਦੀ ਕਾਰਵਾਈ ਨੂੰ ਗੁੰਡਾਗਰਦੀ ਦੱਸਿਆ ਹੈ। ਉੱਤਰ ਕੋਰੀਆਈ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਅਮਰੀਕਾ ਦੀ ਇਹ ਕਾਰਵਾਈ ਕਿਸੇ ਵੀ ਦੇਸ਼ ਦੀ ਆਜ਼ਾਦੀ ਅਤੇ ਪ੍ਰਭੂਸੱਤਾ ’ਤੇ ਕੀਤਾ ਗਿਆ ਸਭ ਤੋਂ ਗੰਭੀਰ ਹਮਲਾ ਹੈ।
ਵੈਨੇਜ਼ੁਏਲਾ ਦੇ ਰੱਖਿਆ ਮੰਤਰੀ ਵਲਾਦੀਮੀਰ ਪਾਦਰੀਨੋ ਲੋਪੇਜ ਨੇ ਅਮਰੀਕਾ ਦੀ ਕਾਰਵਾਈ ਨੂੰ ਲੈ ਕੇ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰੈਂਸ ਨੂੰ ਫੜਨ ਦਾ ਫੈਸਲਾ ਸਿਰਫ ਵੈਨੇਜ਼ੁਏਲਾ ਦੇ ਲਈ ਨਹੀਂ, ਸਗੋਂ ਪੂਰੀ ਦੁਨੀਆ ਦੀ ਸਥਿਰਤਾ ਦੇ ਲਈ ਖਤਰਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਗਲੋਬਲ ਆਰਡਰ ਦੇ ਲਈ ਗੰਭੀਰ ਚੁਣੌਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਅਜਿਹਾ ਵੈਨੇਜ਼ੁਏਲਾ ਨਾਲ ਕੀਤਾ ਿਗਆ ਹੈ, ਤਾਂ ਕੱਲ ਕਿਸੇ ਵੀ ਦੇਸ਼ ਨਾਲ ਅਜਿਹਾ ਹੋ ਸਕਦਾ ਹੈ। ਉਨ੍ਹਾਂ ਨੇ ਇਸ ਨੂੰ ਖਤਰਨਾਕ ਮਿਸਾਲ ਦੱਸਿਆ।
ਵੈਨੇਜ਼ੁਏਲਾ ਦੇ ਰੱਖਿਆ ਮੰਤਰੀ ਨੇ ਅਮਰੀਕੀ ਵਿਦੇਸ਼ ਨੀਤੀ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਅਮਰੀਕਾ ਲਾਤਿਨ ਅਮਰੀਕਾ ਅਤੇ ਕੈਰੇਬਿਆਈ ਖੇਤਰ ’ਚ ਪੁਰਾਣੇ ਬਸਤੀਵਾਦੀ ਵਿਚਾਰ ਥੋਪਣਾ ਚਾਹੁੰਦਾ ਹੈ। ਵੈਨੇਜ਼ੁਏਲਾ ਇਸ ਸੋਚ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ। ਰੂਸ ਦੇ ਸੁਰੱਖਿਆ ਪ੍ਰੀਸ਼ਦ ਦੇ ਡਿਪਟੀ ਪ੍ਰੈਂਜੀ਼ਡੈਂਟ ਦੁਮਿੱਤਰੀ ਮੇਦਵੇਦੇਵ ਨੇ ਵੈਨੇਜ਼ੁਏਲਾ ’ਚ ਅਮਰੀਕਾ ਦੀ ਕਾਰਵਾਈ ’ਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੋ ਕਦਮ ਚੁੱਕੇ ਹਨ ਉਹ ਕੌਮਾਂਤਰੀ ਕਾਨੂੰਨ ਦੇ ਵਿਰੁੱਧ ਹਨ। ਅਮਰੀਕਾ ਲਾਤਿਨ ਅਮਰੀਕਾ ਨੂੰ ਹਮੇਸ਼ਾ ਤੋਂ ਆਪਣੇ ਪ੍ਰਭਾਵ ਵਾਲਾ ਇਲਾਕਾ ਮੰਨਦਾ ਰਿਹਾ ਹੈ।
ਵੈਨੇਜ਼ੁਏਲਾ ਦੇ ਮਾਮਲੇ ’ਚ ਵੀ ਅਮਰੀਕਾ ਦੀ ਨਜ਼ਰ ਉਥੋਂ ਦੇ ਤੇਲ ’ਤੇ ਹੈ। ਅਮਰੀਕਾ ਦੀ ਸੋਚ ਦੂਜੇ ਦੇਸ਼ਾਂ ਦੇ ਸੋਮਿਆਂ ’ਤੇ ਕਬਜ਼ਾ ਕਰਨ ਦੀ ਰਹੀ ਹੈ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਨੂੰ ਅਮਰੀਕਾ ਦੀ ਸਭ ਤੋਂ ਬਦਨਾਮ ਜੇਲਾਂ ’ਚੋਂ ਇਕ ਮੈਟਰੋਪਾਲਿਟਨ ਡਿਟੈਂਸ਼ਨ ਸੈਂਟਰ ’ਚ ਰੱਖਿਆ ਗਿਆ ਹੈ। ਇਸ ਜੇਲ ਦੀ ਹਾਲਤ ਇੰਨੀ ਖਰਾਬ ਮੰਨੀ ਜਾਂਦੀ ਰਹੀ ਹੈ ਕਿ ਕੁਝ ਅਮਰੀਕੀ ਜੱਜਾਂ ਨੇ ਇੱਥੇ ਕੈਦੀਆਂ ਨੂੰ ਭੇਜਣ ਤੱਕ ਤੋਂ ਇਨਕਾਰ ਕਰ ਦਿੱਤਾ ਸੀ। ਇਹ ਜੇਲ 1990 ’ਚ ਬਣਾਈ ਗਈ ਸੀ ਅਤੇ ਇੱਥੇ ਕਰੀਬ 1,300 ਕੈਦੀ ਬੰਦ ਹਨ। ਆਮ ਤੌਰ ’ਤੇ ਇਹ ਜੇਲ ਉਨ੍ਹਾਂ ਲੋਕਾਂ ਦੇ ਲਈ ਵਰਤੀ ਜਾਂਦੀ ਹੈ ਜਿਨ੍ਹਾਂ ਦੇ ਵਿਰੁੱਧ ਨਿਊਯਾਰਕ ਦੀਆਂ ਫੈੱਡਰੈਲ ਅਦਾਲਤਾਂ ’ਚ ਮੁਕੱਦਮਾ ਚੱਲ ਰਿਹਾ ਹੁੰਦਾ ਹੈ। ਇੱਥੇ ਗੈਂਗਸਟਰ ਅਤੇ ਡਰੱਗ ਸਮੱਗਲਰਾਂ ਤੋਂ ਲੈ ਕੇ ਸਫੈਦਪੋਸ਼ ਅਪਰਾਧਾਂ ਦੇ ਦੋਸ਼ੀ ਤੱਕ ਰੱਖੇ ਜਾਂਦੇ ਹਨ।
ਮਾਦੁਰੋ ਤੋਂ ਪਹਿਲਾਂ ਹੋਂਡੂਰਾਸ ਦੇ ਸਾਬਕਾ ਰਾਸ਼ਟਰਪਤੀ ਜੁਆਨ ਆਰਲੈਂਡੋ ਹਰਨਾਡੇਜ਼ ਨੂੰ ਵੀ ਇਸੇ ਜੇਲ ’ਚ ਰੱਖਿਆ ਗਿਆ ਸੀ। ਉਨ੍ਹਾਂ ’ਤੇ ਅਮਰੀਕਾ ’ਚ ਕੋਕੀਨ ਦੀ ਸਮੱਗਲਿੰਗ ਦਾ ਮਾਮਲਾ ਚੱਲਿਆ ਸੀ। ਬਾਅਦ ’ਚ ਉਨ੍ਹਾਂ ਨੂੰ 45 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਦਸੰਬਰ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਮਾਫੀ ਦੇ ਕੇ ਰਿਹਾਅ ਕਰ ਦਿੱਤਾ। ਇਸ ਜੇਲ ’ਚ ਮੈਕਸੀਕੋ ਦੇ ਬਦਨਾਮ ਸਿਨਾਲੋਅ ਡਰੱਗ ਕਾਰਟੇਲ ਦੇ ਫਾਊਂਡਰ ਇਸਮਾਈਲ ਐੱਲ ਮਾਓ ਜਾਬਾਂਡਾ ਵੀ ਬੰਦ ਹਨ। ਕੈਦੀਆਂ ਅਤੇ ਉਨ੍ਹਾਂ ਦੇ ਵਕੀਲਾਂ ਨੇ ਲੰਬੇ ਸਮੇਂ ਤੋਂ ਇੱਥੇ ਹਿੰਸਾ ਅਤੇ ਬਦਸਲੂਕੀ ਅਤੇ ਅਵਿਵਸਥਾਂ ਦੀਆਂ ਸ਼ਿਕਾਇਤਾਂ ਕੀਤੀਆਂ ਹਨ। ਸਾਲ 2024 ’ਚ ਦੋ ਕੈਦੀਆਂ ਦੀ ਹੱਤਿਆ ਦੂਜੇ ਕੈਦੀਆਂ ਨੇ ਇੱਥੇ ਕਰ ਦਿੱਤੀ ਸੀ। ਕੁਝ ਜੇਲ ਮੁਲਾਜ਼ਮਾਂ ’ਤੇ ਰਿਸ਼ਵਤ ਲੈਣ ਅਤੇ ਜੇਲ ਦੇ ਅੰਦਰ ਗੈਰ-ਕਾਨੂੰਨੀ ਸਾਮਾਨ ਪਹੁੰਚਾਉਣ ਦੇ ਦੋਸ਼ ਵੀ ਲੱਗੇ ਹਨ। ਸੰਨ 2019 ਦੀਆਂ ਸਰਦੀਆਂ ’ਚ ਇੱਥੇ ਬਿਜਲੀ ਚਲੀ ਗਈ ਸੀ ਜਿਸ ਕਾਰਨ ਇਹ ਜੇਲ ਇਕ ਹਫਤੇ ਤੱਕ ਹਨੇਰੇ ਅਤੇ ਠੰਢ ’ਚ ਡੁੱਬੀ ਰਹੀ ਸੀ।
ਟਰੰਪ ਨੇ ਵੈਨੇਜ਼ੁਏਲਾ ਦੇ ਤੇਲ ’ਤੇ ਕਬਜ਼ਾ ਕਰ ਲਿਆ ਹੈ। ਅਮਰੀਕੀ ਤੇਲ ਵਪਾਰੀ ਹੁਣ ਵੈਨੇਜ਼ੁਏਲਾ ਦੀਆਂ ਤਮਾਮ ਰਿਫਾਈਨਰੀਆਂ ਸੰਭਾਲ ਲੈਣ ਗਏ। ਅਮਰੀਕਾ ਨੇ ਇਕ ਤਰ੍ਹਾਂ ਨਾਲ ਵੈਨੇਜ਼ੁਏਲਾ ਨੂੰ ਗੁਲਾਮ ਬਣਾ ਲਿਆ ਹੈ। ਹਰਿਦੁਆਰ ਦੇ ਸੀਨੀਅਰ ਪੱਤਰਕਾਰ ਕੌਸ਼ਲ ਦੀ ਮੰਨੀਏ ਤਾਂ ਵੈਨੇਜ਼ੁਏਲਾ ਦੇ ਤੇਲ ’ਤੇ ਨਜ਼ਰ ਰੱਖਣ ਵਾਲੇ ਟਰੰਪ ਦੇ ਵੈਨੇਜ਼ੁਏਲਾ ਆਉਣ ਦਾ ਖਮਿਆਜ਼ਾ ਭਾਰਤ ਨੂੰ ਵੀ ਉਠਾਉਣਾ ਪਵੇਗਾ। ਜੋ ਵੈਨੇਜ਼ੁਏਲਾ ਤੋਂ ਵੱਡੀ ਪੱਧਰ ’ਤੇ ਤੇਲ ਖਰੀਦਦਾ ਹੈ। ਪਰ ਭਾਰਤ ਨੇ ਅਜੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਟਰੰਪ ਦੀ ਇਸ ਕਾਰਵਾਈ ਦਾ ਕੌਮਾਂਤਰੀ ਪੱਧਰ ’ਤੇ ਪ੍ਰਭਾਵ ਪਵੇਗਾ।
ਵੈਨੇਜ਼ੁਏਲਾ ਤੋਂ ਕੱਚੇ ਤੇਲ ਅਤੇ ਐਲੂਮੀਨੀਅਮ ਦਾ ਭਾਰਤ ਬਹੁਤ ਵੱਡਾ ਖਰੀਦਦਾਰ ਹੈ। ਤਾਂ ਕੀ ਅਮਰੀਕਾ ਇੱਥੇ ਵੀ ਭਾਰਤ ਨੂੰ ਸੱਟ ਮਾਰਨਾ ਚਾਹੁੰਦਾ ਹੈ।
ਕਿੱਥੇ ਤਾਂ ਟਰੰਪ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੁਨੇਹਾ ਦੇ ਰਹੇ ਸਨ ਤਾਂ ਕਿੱਥੇ ਗੁਆਂਢੀਆਂ ਨੂੰ ਅਸ਼ਾਂਤ ਕਰ ਦਿੱਤਾ ਅਤੇ ਖੁਦ ਵੀ ਅਸ਼ਾਂਤ ਹੋ ਗਏ। ਟਰੰਪ ਦੀ ਮੰਸ਼ਾ ਖਾਮੇਨਈ ਅਤੇ ਕਿਮ ਜੌਂਗ ਨੂੰ ਵੀ ਇਸੇ ਤਰ੍ਹਾਂ ਚੁੱਕਣ ਦੀ ਹੈ। ਕੈਨੇਡਾ ਤੋਂ ਵੀ ਟਰੰਪ ਖਾਸੇ ਖਫ਼ਾ ਹਨ। ਸਮਝ ਨਹੀਂ ਆਉਂਦਾ ਹੈ ਕਿ ਮਾਨਸਿਕ ਤੌਰ ’ਤੇ ਠੀਕ ਹਨ ਜਾਂ ਪੂਰੀ ਤਰ੍ਹਾਂ ਹਿੱਲ ਗਏ ਹਨ। ਇਸ ਘਟਨਾ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਦੇ ਤੇਵਰ ਅਜੇ ਹੋਰ ਤਲਖ ਹੋਣੇ ਬਾਕੀ ਹਨ। ਅਜਿਹੇ ’ਚ ਕੌਮਾਂਤਰੀ ਪੱਧਰ ’ਤੇ ਮਨੱੁਖੀ ਅਧਿਕਾਰਾਂ ਦੀ ਉਲੰਘਣਾ ਦਾ ਇਹ ਮਾਮਲਾ ਪੂਰੀ ਦੁਨੀਆ ਦੇਖ ਰਹੀ ਹੈ ਜਿਸ ਨੂੰ ਲੈ ਕੇ ਦੁਨੀਆ ਦੇ ਹੋਰਨਾਂ ਦੇਸ਼ਾਂ ਨੂੰ ਵਿਰੋਧ ਦੇ ਸੂਰ ਬੁਲੰਦ ਕਰਨੇ ਚਾਹੀਦੇ ਹਨ।
ਡਾ.ਰਮੇਸ਼ ਸੈਣੀ
ਕਿੱਥੋਂ ਤੱਕ ਜਾਵੇਗਾ ਟਰੰਪ ਦਾ ਵਿਸਥਾਰਵਾਦ
NEXT STORY