ਮੈਂ ਆਪਣਾ ਕਾਲਮ ਸਮਾਂ ਸੀਮਾ ਤੱਕ ਜਮ੍ਹਾ ਕਰਵਾ ਦਿੱਤਾ ਸੀ (‘ਇਸ ਤਰ੍ਹਾਂ ਕੁਕੀ ਟੁੱਟਦੀ ਹੈ’, ਜਗ ਬਾਣੀ, 1 ਜੂਨ, 2025) ਪਰ 24 ਘੰਟੇ ਦੀ ਦੇਰੀ ਨਾਲ ਕਿਸਮਤ ਨੇ ਕੰਮ ਕੀਤਾ। ਚੀਫ਼ ਆਫ਼ ਡਿਫੈਂਸ ਸਟਾਫ਼ (ਸੀ. ਡੀ. ਐੱਸ.), ਜਨਰਲ ਅਨਿਲ ਚੌਹਾਨ ਨੇ 31 ਮਈ, 2025 ਨੂੰ ਸਿੰਗਾਪੁਰ ਵਿਚ ਬਲੂਮਬਰਗ ਅਤੇ ਰਾਇਟਰਜ਼ ਨੂੰ ਇਕ ਇੰਟਰਵਿਊ ਦਿੱਤੀ। ਸਮਾਂ, ਸਥਾਨ ਅਤੇ ਮੀਡੀਆ ਦੀ ਚੋਣ ਸੱਚਮੁੱਚ ਹੈਰਾਨੀਜਨਕ ਸੀ, ਪਰ ਚਿੰਤਾਜਨਕ ਤੌਰ ’ਤੇ ਗਲਤ ਨਹੀਂ ਸੀ। ਮੌਕਾ ਸੀ ਸ਼ਾਂਗਰੀ-ਲਾ ਡਾਇਲਾਗ ਦਾ। ਇਹ ਸਿੰਗਾਪੁਰ ਵਿਚ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ (ਆਈ. ਆਈ. ਐੱਸ. ਐੱਸ.) ਦੁਆਰਾ ਹਰ ਸਾਲ ਆਯੋਜਿਤ ਕੀਤਾ ਜਾਣ ਵਾਲਾ ਇਕ ਟ੍ਰੈਕ ਵਨ ਅੰਤਰ-ਸਰਕਾਰੀ ਸੁਰੱਖਿਆ ਸੰਮੇਲਨ ਹੈ। ਸਿੰਗਾਪੁਰ ਇਕ ਮਿੱਤਰ ਦੇਸ਼ ਹੈ।
ਸੱਚਾਈ ਨੂੰ ਕਿਸੇ ਦਿਨ ਦੱਸਣਾ ਹੀ ਪਵੇਗਾ। ਮੈਨੂੰ ਲੱਗਦਾ ਹੈ ਕਿ ਸੰਸਦ ਦਾ ਇਕ ਵਿਸ਼ੇਸ਼ ਸੈਸ਼ਨ ਬੁਲਾਉਣਾ ਅਤੇ ਪ੍ਰਧਾਨ ਮੰਤਰੀ ਜਾਂ ਰੱਖਿਆ ਮੰਤਰੀ ਨੂੰ ‘ਆਪ੍ਰੇਸ਼ਨ ਸਿੰਧੂਰ’ ’ਤੇ ਬਿਆਨ ਦੇਣਾ ਅਤੇ ਚਰਚਾ ਨੂੰ ਸੱਦਾ ਦੇਣ ਲਈ ਕਹਿਣਾ ਵਧੇਰੇ ਉਚਿਤ ਹੁੰਦਾ। ਹਾਲਾਂਕਿ, ਜਨਰਲ ਚੌਹਾਨ ਨੂੰ ਟ੍ਰੋਲ ਕਰਨਾ ਭਗਤਾਂ ਵੱਲੋਂ ਘਿਨਾਉਣਾ ਵਿਵਹਾਰ ਸੀ (ਜਿਵੇਂ ਕਿ ਉਨ੍ਹਾਂ ਨੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੂੰ ਟ੍ਰੋਲ ਕੀਤਾ ਸੀ)। ਜਨਰਲ ਚੌਹਾਨ ਸਰਕਾਰ ਦੇ ਉੱਚ ਪੱਧਰ ਤੋਂ ਨਿਰਦੇਸ਼ਾਂ ਤੋਂ ਬਿਨਾਂ ਬੋਲ ਨਹੀਂ ਸਕਦੇ ਸਨ। ਉਨ੍ਹਾਂ ਨੇ ਜੋ ਕਿਹਾ ਉਹ ਸਰਲ ਅਤੇ ਸਿੱਧਾ ਸੀ ਕਿ ਭਾਰਤੀ ਫੌਜ ਨੇ ਆਪਣੇ ਉਦੇਸ਼ ਪ੍ਰਾਪਤ ਕੀਤੇ, ਪਰ ਉਸ ਨੂੰ ਨੁਕਸਾਨ ਉਠਾਉਣਾ ਪਿਆ।
ਉਨ੍ਹਾਂ ਮੰਨਿਆ ਕਿ 7 ਮਈ ਨੂੰ ਰਣਨੀਤਕ ਗਲਤੀਆਂ ਕੀਤੀਆਂ ਗਈਆਂ, ਹਥਿਆਰਬੰਦ ਸੈਨਾਵਾਂ ਦੇ ਨੇਤਾਵਾਂ ਨੇ ਦੁਬਾਰਾ ਰਣਨੀਤੀ ਬਣਾਈ ਅਤੇ ਭਾਰਤ ਨੇ 9-10 ਮਈ ਦੀ ਰਾਤ ਨੂੰ ਪਾਕਿਸਤਾਨ ਦੇ ਫੌਜੀ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਤਾਜ਼ਾ ਹਮਲਾ ਕੀਤਾ। ਸੀ. ਡੀ. ਐੱਸ. ਨੇ ਨੁਕਸਾਨ ਦੀ ਮਾਤਰਾ ਨਹੀਂ ਦੱਸੀ, ਪਰ ਸੁਤੰਤਰ ਮਾਹਿਰਾਂ ਅਤੇ ਅੰਤਰਰਾਸ਼ਟਰੀ ਮੀਡੀਆ ਨੇ ਨੁਕਸਾਨ ਨੂੰ 5 ਜਹਾਜ਼ਾਂ - 3 ਰਾਫੇਲ, 1 ਸੁਖੋਈ ਅਤੇ 1 ਮਿਗ ਦੇ ਰੂਪ ਵਿਚ ਦੱਸਿਆ। ‘ਰਣਨੀਤਕ ਗਲਤੀਆਂ’ ਅਤੇ ‘ਨੁਕਸਾਨ’ ਦੇ ਮੁੱਦੇ ਨੂੰ ਫੌਜੀ ਮਾਹਿਰਾਂ ਦੁਆਰਾ ਇਕ ਡੂੰਘਾਈ ਅਤੇ ਗੰਭੀਰ ਵਿਸ਼ਲੇਸ਼ਣ ਦੀ ਲੋੜ ਹੈ, ਨਾ ਕਿ ਬਿਨਾਂ ਕਿਸੇ ਜਾਣਕਾਰੀ ਦੇ ਟੈਲੀਵਿਜ਼ਨ ਸਕ੍ਰੀਨਾਂ ’ਤੇ ਇਕ ਸ਼ੋਰ-ਸ਼ਰਾਬੇ ਵਾਲੀ ਬਹਿਸ।
ਜਨਤਕ ਖੇਤਰ ਵਿਚ ਉਪਲਬਧ ਜਾਣਕਾਰੀ ਤੋਂ ਹੇਠ ਲਿਖੀਆਂ ਗੱਲਾਂ ਸਪੱਸ਼ਟ ਹਨ (ਕੁਝ ਪ੍ਰਮਾਣਿਤ, ਕੁਝ ਨਹੀਂ) :
-7 ਮਈ ਦੀ ਸਵੇਰ ਨੂੰ ਭਾਰਤੀ ਜਹਾਜ਼ਾਂ ਅਤੇ ਮਿਜ਼ਾਈਲਾਂ ਨੇ ਪਹਿਲਾ ਕਦਮ ਚੁੱਕਿਆ ਅਤੇ ਪਾਕਿਸਤਾਨ ਵਿਚ ਅੱਤਵਾਦੀ ਸਮੂਹਾਂ ਦੇ 9 ਬੁਨਿਆਦੀ ਢਾਂਚਿਆਂ ਨੂੰ ਤਬਾਹ (ਜਾਂ ਬੁਰੀ ਤਰ੍ਹਾਂ ਨੁਕਸਾਨਿਆ) ਕੀਤਾ।
-ਪਾਕਿਸਤਾਨ ਨੇ 8 ਮਈ ਨੂੰ ਜਵਾਬੀ ਕਾਰਵਾਈ ਕੀਤੀ ਅਤੇ ਭਾਰਤ ਵਿਚ ਜਵਾਬੀ ਹਮਲੇ ਦੇ ਟੀਚਿਆਂ ਲਈ ਡਰੋਨ ਭੇਜੇ। ਪਾਕਿਸਤਾਨ ਨੇ ਵੀ ਗਾਈਡਡ ਮਿਜ਼ਾਈਲਾਂ ਤਾਇਨਾਤ ਕੀਤੀਆਂ। 8 ਮਈ ਨੂੰ ਭਾਰਤੀ ਜਹਾਜ਼ ਲਾਪਤਾ ਹੋ ਗਏ ਸਨ। ਬਾਅਦ ਵਿਚ ਸੀ. ਡੀ. ਐੱਸ. (4 ਜੂਨ ਨੂੰ ਪੁਣੇ ਵਿਚ) ਦੀਆਂ ਟਿੱਪਣੀਆਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਭਾਰਤੀ ਜਹਾਜ਼ ਭਾਰਤੀ ਹਵਾਈ ਖੇਤਰ ਵਿਚ ਲਾਪਤਾ ਹੋ ਗਏ ਸਨ ਅਤੇ ਹੋਰ ਜਹਾਜ਼ 8 ਅਤੇ 9 ਮਈ ਨੂੰ ਜ਼ਮੀਨ ’ਤੇ ਉਤਾਰ ਲਏ ਗਏ ਸਨ।
-ਮੁੜ ਰਣਨੀਤੀ ਬਣਾਉਣ ਤੋਂ ਬਾਅਦ, ਭਾਰਤੀ ਜਹਾਜ਼, ਮਿਜ਼ਾਈਲਾਂ ਅਤੇ ਡਰੋਨ 9-10 ਮਈ ਨੂੰ ਤਾਇਨਾਤ ਕੀਤੇ ਗਏ ਸਨ (ਸੀ. ਡੀ. ਐੱਸ. ਨੇ 10 ਮਈ ਨੂੰ ਕਿਹਾ)। ਅਜਿਹਾ ਲਗਦਾ ਹੈ ਕਿ ਭਾਰਤੀ ਜਹਾਜ਼ ਭਾਰਤੀ ਹਵਾਈ ਖੇਤਰ ਵਿਚ ਹੀ ਰਹੇ ਅਤੇ ਬ੍ਰਹਮੋਸ ਮਿਜ਼ਾਈਲਾਂ ਸਮੇਤ ਮਿਜ਼ਾਈਲਾਂ ਦਾਗੀਆਂ ਅਤੇ ਪਾਕਿਸਤਾਨ ਦੇ 11 ਫੌਜੀ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ।
-10 ਮਈ ਨੂੰ ਜੰਗ ਰੁਕ ਗਈ।
ਚੀਨ ਦੀ ਪ੍ਰੌਕਸੀ ਜੰਗ : ਇਸ ਲੇਖ ਦਾ ਉਦੇਸ਼ ਸ਼ੌਕੀਆ ਫੌਜੀ ਵਿਸ਼ਲੇਸ਼ਕ ਦੀ ਭੂਮਿਕਾ ਨਿਭਾਉਣਾ ਨਹੀਂ ਹੈ। ਇਸ ਦਾ ਉਦੇਸ਼ ਇਹ ਦੱਸਣਾ ਹੈ ਕਿ ਭਾਰਤ ਆਪਣੇ ਆਪ ਨੂੰ ਇਕ ਨਵੀਂ ਸਥਿਤੀ ਵਿਚ ਪਾਉਂਦਾ ਹੈ। ਹੁਣ ਇਹ ਕਾਫ਼ੀ ਹੱਦ ਤੱਕ ਸਥਾਪਿਤ ਹੋ ਗਿਆ ਹੈ ਕਿ ਚੀਨੀ ਜਹਾਜ਼, ਚੀਨੀ ਮਿਜ਼ਾਈਲਾਂ ਅਤੇ ਚੀਨੀ ਹਵਾਈ ਰੱਖਿਆ ਪ੍ਰਣਾਲੀਆਂ ਪਾਕਿਸਤਾਨ ਦੀ ਰੱਖਿਆ-ਹਮਲਾਵਰ ਰਣਨੀਤੀ ਵਿਚ ਪੂਰੀ ਤਰ੍ਹਾਂ ਕਾਰਜਸ਼ੀਲ ਸਨ। ਵਿਰੋਧੀ ਚੀਨੀ ਜਹਾਜ਼ਾਂ ਦੇ ਪਾਕਿਸਤਾਨੀ ਪਾਇਲਟ ਸਨ, ਚੀਨੀ ਮਿਜ਼ਾਈਲਾਂ ਦੇ ਟਰਿੱਗਰਾਂ ’ਤੇ ਪਾਕਿਸਤਾਨੀ ਉਂਗਲਾਂ ਸਨ ਅਤੇ ਪਾਕਿਸਤਾਨੀ ਜਨਰਲ ਚੀਨੀ ਜਨਰਲਾਂ ਦੁਆਰਾ ਤਿਆਰ ਕੀਤੀ ਗਈ ਰਣਨੀਤਕ ਯੋਜਨਾ ਨੂੰ ਲਾਗੂ ਕਰਨ ਵਾਲੇ ਸਨ।
ਇਸ ਤੋਂ ਇਲਾਵਾ, ਚੀਨੀ ਉਪਗ੍ਰਹਿਆਂ ਅਤੇ ਚੀਨੀ ਏ. ਆਈ. ਨੇ ਪਾਕਿਸਤਾਨ ਨੂੰ ਮਾਰਗਦਰਸ਼ਨ ਕੀਤਾ। ਸੰਖੇਪ ਵਿਚ, ਇਹ ਜਾਪਦਾ ਹੈ ਕਿ ਚੀਨ ਨੇ ਜੰਗ ਦੇ ਮੈਦਾਨ ਵਿਚ ਆਪਣੇ ਫੌਜੀ ਹਾਰਡਵੇਅਰ ਦਾ ਪ੍ਰੀਖਣ ਕਰਨ ਅਤੇ ਭਾਰਤ ਵਿਰੁੱਧ ਇਕ ਪ੍ਰੌਕਸੀ ਜੰਗ ਲੜਨ ਦੇ ਮੌਕੇ ਦੀ ਵਰਤੋਂ ਕੀਤੀ।
ਜੋ ਸਾਨੂੰ ਅਗਲੇ ਮੁੱਖ ਮੁੱਦੇ ’ਤੇ ਲੈ ਜਾਂਦਾ ਹੈ, ਉਹ ਇਹ ਹੈ ਕਿ ਇਸ ਬੁਨਿਆਦੀ ਤੌਰ ’ਤੇ ਬਦਲੀ ਹੋਈ ਸਥਿਤੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਰੱਖਿਆ ਗਿਆ ਤਿੰਨ-ਨੁਕਾਤੀ ਸਿਧਾਂਤ ਕਿੰਨਾ ਢੁੱਕਵਾਂ ਅਤੇ ਪ੍ਰਭਾਵਸ਼ਾਲੀ ਹੈ? ਸਿਧਾਂਤ ਇਹ ਮੰਨਦਾ ਹੈ ਕਿ ਭਾਰਤ ਪਾਕਿਸਤਾਨ ਵਿਰੁੱਧ ਜੰਗ ਲੜੇਗਾ। ਹੁਣ ਨਹੀਂ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਜੇਕਰ ਭਾਰਤ ’ਤੇ ਜੰਗ ਥੋਪ ਦਿੱਤੀ ਜਾਂਦੀ ਹੈ, ਤਾਂ ਭਾਰਤ ਪਾਕਿਸਤਾਨ ਅਤੇ ਚੀਨ ਵਿਰੁੱਧ ਜੰਗ ਲੜੇਗਾ, ਜੋ ਇਕ ਹੀ ਦੁਸ਼ਮਣ ਵਜੋਂ ਮਿਲ ਕੇ ਕੰਮ ਕਰਨਗੇ।
ਇਕ-ਮੁਹਾਜ਼ ਜਾਂ ਦੋ-ਮੁਹਾਜ਼ਾਂ ’ਤੇ ਜੰਗ ਦੇ ਆਧਾਰ ’ਤੇ ਭਾਰਤ ਦੀਆਂ ਜੰਗੀ ਤਿਆਰੀਆਂ ਚਕਨਾਚੂਰ ਹੋ ਗਈਆਂ ਹਨ। ਭਵਿੱਖ ਦੀ ਕੋਈ ਵੀ ਜੰਗ ਇਕ ਸੰਯੁਕਤ ਮੋਰਚੇ ’ਤੇ ਹੋਵੇਗੀ। ਮੋਦੀ ਦੇ ਤਿੰਨ-ਨੁਕਾਤੀ ਸਿਧਾਂਤ ਵਿਚ, ਉਸ ਦਾ ਪਹਿਲਾ ਨਿਯਮ ਹੈ ਕਿ ਹਰ ਅੱਤਵਾਦੀ ਹਮਲੇ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ। ਭਾਰਤੀ ਫੌਜ ਦੁਆਰਾ ਸਰਹੱਦ ਪਾਰੋਂ ਕੀਤਾ ਿਗਆ ਗੁਪਤ ਹਮਲਾ (ਉੜੀ ਦੇ ਜਵਾਬ ਵਿਚ) ਜਾਂ ਭਾਰਤੀ ਹਵਾਈ ਸੈਨਾ ਦੁਆਰਾ ਇਕ ਵਾਰ ਦਾ ਹਵਾਈ ਹਮਲਾ (ਪਠਾਨਕੋਟ ਦੇ ਜਵਾਬ ਵਿਚ) ਹੁਣ ਰੋਕਥਾਮ ਪ੍ਰਤੀਕਿਰਿਆਵਾਂ ਨਹੀਂ ਹਨ।
ਇਸ ਲਈ, ਪਹਿਲਗਾਮ ਦਾ ਜਵਾਬ 4 ਦਿਨਾਂ ਦੀ ਜੰਗ ਸੀ। ਜੇਕਰ ਅੱਤਵਾਦੀ ਹਮਲੇ ਨਹੀਂ ਰੁਕਦੇ, ਤਾਂ ਅੱਗੇ ਕੀ ਹੋਵੇਗਾ? ਇਕ ਲੰਮੀ, ਵਧਦੀ ਹੋਈ ਜੰਗ? ਸੰਯੁਕਤ ਮੋਰਚੇ ਵਿਰੁੱਧ ਇਕ ਜੰਗ? ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਵਿਦੇਸ਼ ਨੀਤੀ ਬਦਲੇ ਹੋਏ ਹਾਲਾਤ ਲਈ ਬੁਰੀ ਤਰ੍ਹਾਂ ਨਾਕਾਫ਼ੀ ਸਾਬਤ ਹੋਈ ਹੈ। ਭਾਰਤ ਦੇ ਵਿਰੋਧ ਦੇ ਬਾਵਜੂਦ, 9 ਮਈ ਨੂੰ ਆਈ. ਐੱਮ. ਐੱਫ. ਨੇ ਐਕਸਟੈਂਡਡ ਫੰਡ ਫੈਸਿਲਿਟੀ (ਈ. ਐੱਫ. ਐੱਫ.) ਤਹਿਤ ਪਾਕਿਸਤਾਨ ਨੂੰ 1 ਬਿਲੀਅਨ ਅਮਰੀਕੀ ਡਾਲਰ ਦੀ ਮਨਜ਼ੂਰੀ ਦਿੱਤੀ, ਜਿਸ ਨਾਲ ਕੁੱਲ ਵੰਡ 2.1 ਬਿਲੀਅਨ ਅਮਰੀਕੀ ਡਾਲਰ ਹੋ ਗਈ।
3 ਜੂਨ ਨੂੰ ਏ. ਡੀ. ਬੀ. ਨੇ ਪਾਕਿਸਤਾਨ ਨੂੰ 800 ਮਿਲੀਅਨ ਅਮਰੀਕੀ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ। ਹਾਲ ਹੀ ਵਿਚ, ਵਿਸ਼ਵ ਬੈਂਕ ਨੇ 10 ਸਾਲਾਂ ਦੀ ਮਿਆਦ ਵਿਚ ਪਾਕਿਸਤਾਨ ਨੂੰ 40 ਬਿਲੀਅਨ ਅਮਰੀਕੀ ਡਾਲਰ ਦਾ ਕਰਜ਼ਾ ਦੇਣ ਦਾ ਫੈਸਲਾ ਕੀਤਾ। ਇਨ੍ਹਾਂ ਫੈਸਲਿਆਂ ’ਤੇ ਅਮਰੀਕਾ ਅਤੇ ਚੀਨ ਇਕ ਹੀ ਪੱਖ ’ਚ ਸਨ। ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਪਾਕਿਸਤਾਨ ਨੂੰ ਯੂ. ਐੱਨ. ਐੱਸ. ਸੀ. ਤਾਲਿਬਾਨ ਪਾਬੰਦੀ ਕਮੇਟੀ ਦਾ ਚੇਅਰਮੈਨ ਅਤੇ ਯੂ. ਐੱਨ. ਐੱਸ. ਸੀ. ਅੱਤਵਾਦ ਵਿਰੋਧੀ ਕਮੇਟੀ ਦਾ ਉਪ ਚੇਅਰਮੈਨ ਚੁਣਿਆ ਗਿਆ ਸੀ! (ਸਰੋਤ : ਪਵਨ ਖੇੜਾ, ਚੇਅਰਮੈਨ, ਏ. ਆਈ. ਸੀ. ਸੀ. ਮੀਡੀਆ ਅਤੇ ਪ੍ਰਚਾਰ ਵਿਭਾਗ)। ਸਭ ਤੋਂ ਤਾਜ਼ਾ ਝਟਕਾ ਇਹ ਹੈ ਕਿ ਕੈਨੇਡਾ ਨੇ ਭਾਰਤ ਨੂੰ ਆਗਾਮੀ ਜੀ-7 ਮੀਟਿੰਗ ਵਿਚ ਸੱਦਾ ਨਹੀਂ ਦਿੱਤਾ। ਹਰ ਦੇਸ਼ ਨੇ ਅੱਤਵਾਦ ਦੀ ਨਿੰਦਾ ਕੀਤੀ ਪਰ ਮੇਰੀ ਜਾਣਕਾਰੀ ਅਨੁਸਾਰ ਕਿਸੇ ਵੀ ਦੇਸ਼ ਨੇ ਪਾਕਿਸਤਾਨ ਦੀ ਨਿੰਦਾ ਨਹੀਂ ਕੀਤੀ।
ਜਿਵੇਂ ਕਿ ਮੈਂ ਪਿਛਲੇ ਹਫਤੇ ਲਿਖਿਆ ਸੀ, ਹੁਣ ਸਮਾਂ ਆ ਗਿਆ ਹੈ ਕਿ ਅਸੀਂ ਤੇਜ਼ ਬੁੱਧੀ ਦੇ ਨਾਲ ਭਾਰਤ ਦੀ ਫੌਜੀ ਰਣਨੀਤੀ ਅਤੇ ਿਵਦੇਸ਼ ਨੀਤੀ ’ਤੇ ਮੁੜ ਵਿਚਾਰ ਕਰੀਏ।
ਪੀ. ਚਿਦਾਂਬਰਮ
ਕੀ ‘ਟਰੰਪ-ਮਸਕ’ ਦੀ ਤਲਖੀ ਹੋਰ ਵਧੇਗੀ ?
NEXT STORY