ਪੰਜਾਬ ਕੇਸਰੀ ਗਰੁੱਪ ਦੇ ਸੰਸਥਾਪਕ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੂੰ ਸਾਡੇ ਤੋਂ ਵਿਛੜਿਆਂ ਅੱਜ 45 ਸਾਲ ਹੋ ਗਏ ਹਨ। ਉਹ ਸਰੀਰਕ ਰੂਪ ’ਚ ਸਾਡੇ ਵਿਚਕਾਰ ਮੌਜੂਦ ਨਹੀਂ, ਪਰ ਅੱਜ ਵੀ ਉਨ੍ਹਾਂ ਦਾ ਆਸ਼ੀਰਵਾਦ ਸਾਡੇ ’ਤੇ ਬਣਿਆ ਹੋਇਆ ਹੈ।
ਪੂਜਨੀਕ ਪਿਤਾ ਜੀ ਰਾਜਨੀਤੀ ਦੇ ਨਾਲ-ਨਾਲ ਸਮਾਜਿਕ ਸਮੱਸਿਆਵਾਂ ਪ੍ਰਤੀ ਵੀ ਬਰਾਬਰ ਰੂਪ ’ਚ ਚਿੰਤਤ ਰਹਿੰਦੇ ਸਨ ਅਤੇ ਅਜਿਹੇ ਵਿਸ਼ਿਆਂ ’ਤੇ ਅਕਸਰ ਲਿਖਿਆ ਕਰਦੇ ਸਨ। ਇਥੇ ਅਸੀਂ ਉਨ੍ਹਾਂ ਦਾ ਲਿਖਿਆ ਹੋਇਆ ਜਗ ਬਾਣੀ ਦੇ 29 ਜੁਲਾਈ, 1978 ਦੇ ਅੰਕ ’ਚ ਪ੍ਰਕਾਸ਼ਿਤ ਲੇਖ, ਜਿਸ ਦਾ ਸਿਰਲੇਖ ‘ਬਿਰਧ ਆਸ਼ਰਮ ਬਣਾਓ’ ਸੀ, ਹੂ-ਬ-ਹੂ ਪ੍ਰਕਾਸ਼ਿਤ ਕਰ ਰਹੇ ਹਾਂ :
ਬਿਰਧ ਆਸ਼ਰਮ ਬਣਾਓ
ਐਮਰਜੈਂਸੀ ’ਚ ਜੇਲ ਜਾਣ ਤੋਂ ਬਹੁਤ ਪਹਿਲਾਂ ਮੈਂ ਇਕ ਲੰਮੀ ਲੇਖ-ਮਾਲਾ ‘ਜੀਵਨ ਦੀ ਸੰਧਿਆ’ ਦੇ ਸਿਰਲੇਖ ਹੇਠ ਲਿਖੀ ਸੀ, ਜਿਸ ਨੂੰ ਪੜ੍ਹ ਕੇ ਸਾਡੇ ਕੋਲ ਬਜ਼ੁਰਗਾਂ ਦੀਆਂ ਚਿੱਠੀਆਂ ਦਾ ਹੜ੍ਹ ਜਿਹਾ ਆ ਗਿਆ ਸੀ, ਜਿਨ੍ਹਾਂ ’ਚੋਂ ਬਹੁਤਿਆਂ ਨੇ ਲਿਖਿਆ ਸੀ ਕਿ ਉਨ੍ਹਾਂ ਬਜ਼ੁਰਗਾਂ ਦੀ ਦੇਖਭਾਲ ਲਈ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ ਜਾਂ ਜਿਨ੍ਹਾਂ ਦੇ ਬੱਚੇ ਉਨ੍ਹਾਂ ਦੇ ਆਖਰੀ ਜੀਵਨ ’ਚ ਉਨ੍ਹਾਂ ਵੱਲ ਧਿਆਨ ਨਹੀਂ ਦਿੰਦੇ, ਬਿਰਧ ਆਸ਼ਰਮ ਖੋਲ੍ਹੇ ਜਾਣੇ ਚਾਹੀਦੇ ਹਨ।
ਅਜਿਹੇ ਅਣਗਿਣਤ ਭੈਣ-ਭਰਾ ਸਾਡੇ ਦਫ਼ਤਰ ’ਚ ਆ ਜਾਂਦੇ ਹਨ ਅਤੇ ਕਹਿੰਦੇ ਹਨ, ‘‘ਲਾਲਾ ਜੀ, ਇਸ ਬੁਢਾਪੇ ’ਚ ਸਾਡੇ ਦਿਨ ਕੁਝ ਆਰਾਮ ਨਾਲ ਕੱਟ ਸਕਣ, ਕਿਰਪਾ ਕਰਕੇ ਅਜਿਹਾ ਪ੍ਰਬੰਧ ਕਰ ਦਿਓ, ਕਿਉਂਕਿ ਜਿਨ੍ਹਾਂ ਬੱਚਿਆਂ ਲਈ ਅਸੀਂ ਉਮਰ ਭਰ ਚੰਗੀ-ਮਾੜੀ ਕਮਾਈ ਕਰਦੇ ਰਹੇ, ਹੁਣ ਉਨ੍ਹਾਂ ਨੇ ਹੀ ਧੱਕੇ ਦੇ ਕੇ ਸਾਨੂੰ ਘਰੋਂ ਕੱਢ ਦਿੱਤਾ ਹੈ।’’
ਇਸੇ ਕਾਰਨ ਮੈਂ ਅਕਸਰ ਆਪਣੇ ਭਾਸ਼ਣਾਂ ’ਚ ਇਸ ਗੱਲ ’ਤੇ ਜ਼ੋਰ ਦਿੰਦਾ ਹਾਂ ਕਿ ਲੋਕ ਆਪਣੇ ਸ਼ਹਿਰ ਜਾਂ ਕਸਬੇ ’ਚ ਬਿਰਧ ਆਸ਼ਰਮ ਬਣਵਾਉਣ ਵੱਲ ਜ਼ਰੂਰ ਧਿਆਨ ਦੇਣ ਅਤੇ ਇਸ ਨੂੰ ਸਮਾਜਿਕ ਭਲਾਈ ਦਾ ਜ਼ਰੂਰੀ ਅੰਗ ਸਮਝ ਕੇ ਪੂਰਾ ਕਰਨ ਦਾ ਯਤਨ ਕਰਨ।
ਪਿਛਲੇ ਦਿਨੀਂ ਮੈਨੂੰ ਰੋਟਰੀ ਕਲੱਬ ਜਲੰਧਰ ’ਚ ਪਿੰਗਲਵਾੜੇ ਦੇ ਮਾਨਸਿਕ ਰੋਗੀਆਂ ਨੂੰ ਕੁਝ ਸਾਮਾਨ ਦੇਣ ਲਈ ਆਯੋਜਿਤ ਸਮਾਗਮ ’ਚ ਜਾਣ ਦਾ ਮੌਕਾ ਮਿਲਿਆ। ਉੱਥੇ ਮੈਂ ਕਲੱਬ ਦੇ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਕਿ ਉਹ ਇਕ ਹੋਰ ਨੇਕ ਕੰਮ ਕਰਨ ਅਤੇ ਜਲੰਧਰ ’ਚ ਇਕ ਬਿਰਧ ਆਸ਼ਰਮ ਬਣਾਉਣ ਦਾ ਬੀੜਾ ਚੁੱਕਣ।
ਮੈਂ ਉਨ੍ਹਾਂ ਨੂੰ ਇਕ ਕਿੱਸਾ ਸੁਣਾਇਆ ਕਿ ਕਿਸ ਤਰ੍ਹਾਂ ਮੇਰੇ ਇਕ ਸਾਥੀ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਜੇਲਾਂ ਕੱਟੀਆਂ ਅਤੇ ਆਪਣਾ ਸਾਰਾ ਕਾਰੋਬਾਰ ਖ਼ਤਮ ਕਰ ਲਿਆ, ਅੱਜ ਬੁਢਾਪੇ ’ਚ ਮੇਰੇ ਕੋਲ ਰੋਂਦੇ ਹੋਏ ਆਏ। ਜਦੋਂ ਮੈਂ ਉਨ੍ਹਾਂ ਨੂੰ ਚੁੱਪ ਕਰਵਾਇਆ ਤਾਂ ਕਹਿਣ ਲੱਗੇ, ‘‘ਜਾਂ ਤਾਂ ਮੈਨੂੰ ਕਿਸੇ ਬਿਰਧ ਆਸ਼ਰਮ ’ਚ ਦਾਖ਼ਲ ਕਰਵਾ ਦਿਓ ਜਾਂ ਆਪਣੇ ਕੋਲ ਹੀ ਕੋਈ ਕਮਰਾ ਦੇ ਦਿਓ ਤਾਂ ਜੋ ਮੈਂ ਆਪਣਾ ਬਾਕੀ ਜੀਵਨ ਕੁਝ ਚੈਨ ਨਾਲ ਬਿਤਾ ਸਕਾਂ।’’
ਮੈਂ ਉਨ੍ਹਾਂ ਨੂੰ ਕਿਹਾ, ‘‘ਤੁਹਾਡਾ ਆਪਣਾ ਮਕਾਨ ਹੈ। ਤੁਸੀਂ ਆਪਣੇ ਲੜਕਿਆਂ ਅਤੇ ਲੜਕੀਆਂ ਦੇ ਵਿਆਹ ਕਰ ਚੁੱਕੇ ਹੋ। ਸਰਕਾਰ ਨੇ ਤੁਹਾਨੂੰ ਹਿਸਾਰ ’ਚ ਜ਼ਮੀਨ ਅਲਾਟ ਕੀਤੀ। ਇਸ ਤੋਂ ਵੀ ਤੁਹਾਨੂੰ ਦੋ-ਢਾਈ ਸੌ ਰੁਪਏ ਮਹੀਨਾਵਾਰ ਆਮਦਨ ਹੁੰਦੀ ਹੋਵੇਗੀ। ਇਨ੍ਹਾਂ ਹਾਲਾਤ ’ਚ ਤੁਹਾਨੂੰ ਬਿਰਧ ਆਸ਼ਰਮ ’ਚ ਜਾਣ ਦੀ ਕੀ ਲੋੜ ਹੈ?’’
ਉਨ੍ਹਾਂ ਨੇ ਭਰੇ ਹੋਏ ਗਲੇ ਨਾਲ ਦੱਸਿਆ, ‘‘ਸਾਰੇ ਪੈਸੇ ਬਾਲ-ਬੱਚੇ ਮੇਰੇ ਨਾਲ ਮਾਰ-ਕੁੱਟ ਕਰ ਕੇ ਖੋਹ ਲੈਂਦੇ ਹਨ। ਦੋ ਵੇਲੇ ਦੀ ਰੋਟੀ ਵੀ ਬੜੀ ਮੁਸ਼ਕਿਲ ਨਾਲ ਖਵਾਉਂਦੇ ਹਨ ਅਤੇ ਉਹ ਵੀ ਸਭ ਦੇ ਅਖੀਰ ’ਚ ਬਚੀ-ਖੁਚੀ ਰੋਟੀ ਹੁੰਦੀ ਹੈ।’’
ਮੈਂ ਵਿਦੇਸ਼ਾਂ ’ਚ ਘੁੰਮ ਕੇ ਆਇਆ ਹਾਂ। ਉੱਥੇ ਸਰਕਾਰ ਨੇ ਬਜ਼ੁਰਗਾਂ ਲਈ ਬਿਰਧ ਆਸ਼ਰਮ ਬਣਾਏ ਹੋਏ ਹਨ। ਬੁੱਢੇ ਨਰ-ਨਾਰੀਆਂ ਨੂੰ ਜੋ ਪੈਨਸ਼ਨ ਮਿਲਦੀ ਹੈ, ਉਸ ਦਾ ਕੁਝ ਹਿੱਸਾ ਉਹ ਬਿਰਧ ਆਸ਼ਰਮ ਨੂੰ ਦੇ ਦਿੰਦੇ ਹਨ ਤਾਂ ਜੋ ਜੀਵਨ ਆਰਾਮ ਨਾਲ ਬੀਤ ਸਕੇ ਪਰ ਪੱਛਮੀ ਦੇਸ਼ਾਂ ’ਚ ਸਾਡੇ ਦੇਸ਼ ਵਾਂਗ ਸੰਯੁਕਤ ਪਰਿਵਾਰ ਦੀ ਪ੍ਰਥਾ ਨਹੀਂ ਹੈ। ਉੱਥੇ ਸੋਲਾਂ ਅਤੇ ਅਠਾਰਾਂ ਸਾਲ ਦੀ ਉਮਰ ’ਚ ਹੀ ਬੱਚੇ ਮਾਂ-ਬਾਪ ਤੋਂ ਅੱਡ ਹੋ ਜਾਂਦੇ ਹਨ ਅਤੇ ਕਦੇ-ਕਦਾਈਂ ਮਹੀਨੇ-ਦੋ ਮਹੀਨੇ ’ਚ ਉਨ੍ਹਾਂ ਨੂੰ ਮਿਲਣ ਚਲੇ ਜਾਂਦੇ ਹਨ।
ਪੱਛਮ ਦੀ ਸੱਭਿਅਤਾ ਹੁਣ ਸਾਡੇ ਘਰਾਂ ’ਚ ਵੀ ਆਉਣ ਲੱਗੀ ਹੈ। ਹਜ਼ਾਰਾਂ ਸਾਲਾਂ ਤੋਂ ਭਾਰਤ ’ਚ ਜੋ ਸੰਯੁਕਤ ਪਰਿਵਾਰ ਦੀ ਪ੍ਰਥਾ ਚੱਲ ਰਹੀ ਸੀ, ਬਿਖਰਨ ਲੱਗੀ ਹੈ। ਅੱਜ ਤੋਂ 60 ਸਾਲ ਪਹਿਲਾਂ ਸਾਰੇ ਪਰਿਵਾਰ ’ਚ ਬਜ਼ੁਰਗਾਂ ਦਾ ਨਾ ਸਿਰਫ ਆਦਰ ਅਤੇ ਮਾਣ ਹੁੰਦਾ ਸੀ, ਸਗੋਂ ਪਰਿਵਾਰ ਦੇ ਸਾਰੇ ਲੋਕ ਉਨ੍ਹਾਂ ਦੀ ਗੱਲ ’ਤੇ ਅਮਲ ਕਰਦੇ ਸਨ। ਕਿਸੇ ਦੀ ਮਜਾਲ ਨਹੀਂ ਹੁੰਦੀ ਸੀ ਕਿ ਉਨ੍ਹਾਂ ਦੀ ਗੱਲ ਨੂੰ ਟਾਲ ਸਕੇ, ਪਰ ਅੱਜ ਹਾਲਾਤ ਹੀ ਵੱਖਰੇ ਹੋ ਗਏ ਹਨ। ਬੱਚੇ ਮਾਂ-ਬਾਪ ਦੇ ਹੱਥਾਂ ’ਚੋਂ ਨਿਕਲਦੇ ਜਾ ਰਹੇ ਹਨ।
ਸਿਰਫ ਕੁਝ ਹੀ ਪਰਿਵਾਰਾਂ ’ਚ ਪੁਰਾਣੀ ਪ੍ਰੰਪਰਾ ਕਾਇਮ ਹੈ। ਜੇਕਰ ਪੁਰਾਣੀ ਪ੍ਰੰਪਰਾ ਫਿਰ ਤੋਂ ਬਹਾਲ ਹੋ ਜਾਵੇ ਤਾਂ ਬਿਰਧ ਆਸ਼ਰਮਾਂ ਦੀ ਲੋੜ ਹੀ ਨਹੀਂ ਰਹਿੰਦੀ, ਪਰ ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਹੁਣ ਇਨ੍ਹਾਂ ਆਸ਼ਰਮਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ। ਇਸ ਲਈ ਜੇਕਰ ਅਸੀਂ ਬਜ਼ੁਰਗਾਂ ਦੇ ਜੀਵਨ ਦੇ ਆਖਰੀ ਪੜਾਅ ’ਚ ਉਨ੍ਹਾਂ ਨੂੰ ਕੋਈ ਸੁੱਖ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਅਜਿਹੇ ਆਸ਼ਰਮ ਹਰ ਜ਼ਿਲੇ ਅਤੇ ਵੱਡੇ ਕਸਬੇ ’ਚ ਕਾਇਮ ਕਰਨੇ ਚਾਹੀਦੇ ਹਨ।
—ਜਗਤ ਨਾਰਾਇਣ
ਦੇਸ਼ ’ਚ ਅੱਜ ਵੀ ਵੱਡੀ ਗਿਣਤੀ ’ਚ ਬਜ਼ੁਰਗ ਮਾਤਾ-ਪਿਤਾ ਆਪਣੀ ਔਲਾਦ ਦੀ ਅਣਦੇਖੀ ਅਤੇ ਦੁਰਵਿਵਹਾਰ ਦਾ ਸ਼ਿਕਾਰ ਹੋਣ ਕਾਰਨ ਬਿਰਧ ਆਸ਼ਰਮ ਆਦਿ ’ਚ ਰਹਿਣ ਲਈ ਮਜਬੂਰ ਹਨ। ਪੂਜਨੀਕ ਲਾਲਾ ਜੀ ਨੇ ਅੱਜ ਤੋਂ 48 ਸਾਲ ਪਹਿਲਾਂ ਜੋ ਲਿਖਿਆ ਸੀ, ਉਹ ਅੱਜ ਵੀ ਸੱਚ ਹੈ। ਸਿਰਫ਼ ਸਮਾਂ ਅਤੇ ਪਾਤਰ ਬਦਲੇ ਹਨ, ਹਾਲਾਤ ਉਹੀ ਹਨ।
—ਵਿਜੇ ਕੁਮਾਰ
ਵਿਕਾਸ ਦੇ ਅੰਕੜਿਆਂ ਦੀ ਜਾਂਚ-ਪਰਖ
NEXT STORY