ਬਲਬੀਰ ਪੁੰਜ
ਰਾਹੁਲ ਗਾਂਧੀ ਵਲੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪਾਰਟੀ ਦਾ ਸੰਚਾਲਨ 3 ਹਫਤਿਆਂ (ਗੈਰ-ਰਸਮੀ ਤੌਰ ’ਤੇ ਦੋ ਮਹੀਨੇ) ਤੋਂ ਬਿਨਾਂ ਮੁਖੀ ਦੇ ਹੋ ਰਿਹਾ ਹੈ। ਆਜ਼ਾਦੀ ਤੋਂ ਬਾਅਦ ਦੇਸ਼ ’ਤੇ 50 ਸਾਲਾਂ ਤਕ ਇਕਛਤਰ ਸ਼ਾਸਨ ਕਰਨ ਵਾਲੀ ਇਸ ਪਾਰਟੀ ਦੀ ਸਥਿਤੀ ਅੱਜ ਉਸ ਚੱਲਦੀ ਗੱਡੀ ਵਰਗੀ ਹੋ ਗਈ ਹੈ, ਜਿਸਦਾ ਡਰਾਈਵਰ ਰਾਹ ’ਚ ਉਤਰ ਗਿਆ ਹੈ ਅਤੇ ਬੇਕਾਬੂ ਗੱਡੀ ਇਧਰ-ਓਧਰ ਭੱਜ ਰਹੀ ਹੈ। ਇਸ ਪਿੱਛੋਕੜ ’ਚ ਕਾਂਗਰਸ ਦੇ ਕਈ ਸੀਨੀਅਰ ਅਤੇ ਤਜਰਬੇਕਾਰ ਨੇਤਾਵਾਂ ਦੇ ਜੋ ਬਿਆਨ ਸਾਹਮਣੇ ਆਏ ਹਨ, ਉਹ ਸਪੱਸ਼ਟ ਕਰਨ ਲਈ ਕਾਫੀ ਹਨ ਕਿ ਪਾਰਟੀ ਅੱਜ ਕਿਸ ਸਥਿਤੀ ’ਚੋਂ ਲੰਘ ਰਹੀ ਹੈ। ਹਾਲ ਹੀ ’ਚ ਕੇਰਲ ਦੇ ਤਿਰੂਵਨੰਤਪੁਰਮ ਤੋਂ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਵਲੋਂ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਬਾਅਦ ਲੀਡਰਸ਼ਿਪ ਨੂੰ ਲੈ ਕੇ ‘ਸਪੱਸ਼ਟਤਾ ਦੀ ਘਾਟ’ ਦਾ ਕਾਂਗਰਸ ’ਤੇ ਖਤਰਨਾਕ ਅਸਰ ਪੈ ਰਿਹਾ ਹੈ। ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਨੇਤਾ ਡਾ. ਕਰਣ ਸਿੰਘ ਅਤੇ ਜਨਾਰਦਨ ਦਿਵੇਦੀ ਵੀ ਥਰੂਰ ਵਾਂਗ ਪਾਰਟੀ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਆਪਣੇ ਵਿਚਾਰ ਰੱਖ ਚੁੱਕੇ ਹਨ। ਦਿੱਲੀ ’ਚ ਸੰਸਦ ਵਿਚ ਸਥਿਤ ਸੈਂਟਰਲ ਹਾਲ ਵਿਚ ਹੋਰ ਕਾਂਗਰਸੀ ਸੰਸਦ ਮੈਂਬਰ ਵੀ ਦੱਬੀ ਜ਼ੁਬਾਨ ’ਚ ਇਸ ਤਰ੍ਹਾਂ ਦੀ ਗੱਲ ਕਰਦੇ ਹੋਏ ਸ਼ਸ਼ੋਪੰਜ ਵਿਚ ਪਏ ਨਜ਼ਰ ਆਉਂਦੇ ਹਨ। ਹੁਣ ਸਵਾਲ ਇਹ ਹੈ ਕਿ ਕੀ ਕਾਂਗਰਸ ’ਚ ਸਮੱਸਿਆ ਦੀ ਜੜ੍ਹ ਸਪੱਸ਼ਟ ਲੀਡਰਸ਼ਿਪ ਦੀ ਕਮੀ ਹੈ ਜਾਂ ਫਿਰ ਲੀਡਰਸ਼ਿਪ ਦਾ ਮੁੱਦਿਆਂ ਨੂੰ ਲੈ ਕੇ ਦਿਸ਼ਾਹੀਣ ਹੋਣਾ ਹੈ?
ਜੇਕਰ ਪਿਛਲੇ ਸੌ ਸਾਲਾਂ ’ਚ ਭਾਰਤੀ ਸਿਆਸਤ ਦਾ ਮੁਲਾਂਕਣ ਕਰੀਏ ਤਾਂ ਨਤੀਜੇ ਦੱਸਣਗੇ ਕਿ ਲੀਡਰਸ਼ਿਪ ਅਤੇ ਨੀਤੀਆਂ ਹਮੇਸ਼ਾ ਇਕ-ਦੂਜੇ ਦੀਆਂ ਪੂਰਕ ਰਹੀਆਂ ਹਨ। ਅੰਗਰੇਜ਼ਾਂ ਦੇ ਭਾਰਤ ਛੱਡਣ ਤੋਂ ਪਹਿਲਾਂ ਕਾਂਗਰਸ ਦੀ ਤੱਤਕਾਲੀਨ ਲੀਡਰਸ਼ਿਪ–ਗਾਂਧੀ ਦੇ ਸਨਾਤਨ ਦਰਸ਼ਨ, ਉਨ੍ਹਾਂ ਦੇ ਬਹੁਲਤਾਵਾਦੀ ਸੱਭਿਆਚਾਰ ਦੇ ਨਾਲ ਲੋਹ-ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੇ ਪ੍ਰਚੰਡ ਰਾਸ਼ਟਰਵਾਦ ਅਤੇ ਦੂਰਦਰਸ਼ੀ ਦ੍ਰਿਸ਼ਟੀਕੋਣ ਤੋਂ ਓਤ-ਪੋਤ ਸੀ ਪਰ ਜਦੋਂ ਕਾਂਗਰਸ ਵਰਕਿੰਗ ਕਮੇਟੀ ਦੀ ਰਾਸ਼ਟਰੀ ਭਾਵਨਾ ਦੇ ਉਲਟ ਸਰਦਾਰ ਪਟੇਲ ਦੀ ਥਾਂ ’ਤੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਆਜ਼ਾਦ ਭਾਰਤ ਦੀ ਲੀਡਰਸ਼ਿਪ ਨਾਲ ਕਾਂਗਰਸ ਦੀ ਕਮਾਨ ਸੌਂਪੀ ਗਈ, ਉਦੋਂ ਕਾਲਤੰਤਰ ’ਚ ਗਾਂਧੀ ਅਤੇ ਪਟੇਲ–ਦੋਹਾਂ ਦਾ ਸੰਯੁਕਤ ਵਿਚਾਰਕ ਉਦੇਸ਼ ਉਨ੍ਹਾਂ ਦੀ ਮੌਤ ਨਾਲ ਖਤਮ ਹੋ ਗਿਆ।
ਖੱਬੇਪੱਖੀਆਂ ਵਲੋਂ ਸਮਾਜਵਾਦੀ ਆਰਥਿਕ ਨੀਤੀ ਨੂੰ ਅਪਣਾਉਣ ਦੇ ਨਾਲ 1947-48 ’ਚ ਪਾਕਿਸਤਾਨ ਅਤੇ 1962 ’ਚ ਚੀਨ ਦੇ ਭਾਰਤ ਉਤੇ ਹਮਲੇ ਦੇ ਸਮੇਂ ਪੰ. ਨਹਿਰੂ ਨੇ ਜਿਸ ਸਿਆਣਪ ਅਤੇ ਇੱਛਾ ਸ਼ਕਤੀ ਦਾ ਪ੍ਰਗਟਾਵਾ ਕੀਤਾ, ਉਸ ਨੇ ਖੰਡਿਤ ਭਾਰਤ ਦੇ ਢਾਂਚੇ ਨੂੰ ਹੋਰ ਜ਼ਿਆਦਾ ਵਿਗਾੜ ਦਿੱਤਾ, ਨਾਲ ਹੀ ਪੰ. ਨਹਿਰੂ ਦੇ ਲਾਪਰਵਾਹੀ ਭਰੇ ਚਰਿੱਤਰ ਅਤੇ ਆਤਮ-ਮੁਗਧਤਾ ਨੇ ਬਾਕੀ ਦੁਨੀਆ ਵਿਚ ਭਾਰਤ ਦੇ ਅਕਸ ਨੂੰ ‘ਕਮਜ਼ੋਰ ਰਾਸ਼ਟਰ’ ਵਾਲਾ ਵੀ ਬਣਾ ਦਿੱਤਾ। ਕਸ਼ਮੀਰ ਮਾਮਲੇ ’ਚ ਉਨ੍ਹਾਂ ਦੀਆਂ ਸੌੜੀਆਂ ਨੀਤੀਆਂ ਨਾਲ ਅੱਜ ਉਥੋਂ ਦੀ ਹਾਲਤ ‘ਕੈਂਸਰ ਦੇ ਫੋੜੇ’ ਵਰਗੀ ਬਣ ਗਈ ਹੈ। ਹੁਣ ਸੋਚੋ, ਪੰ. ਨਹਿਰੂ ਦੀ ਲੀਡਰਸ਼ਿਪ ’ਚ ਜਿਸ ਕਾਂਗਰਸ ਨੇ ਪਾਕਿਸਤਾਨ ਅਤੇ ਚੀਨ ਦੇ ਖਤਰਿਆਂ ਦੀ ਅਣਦੇਖੀ ਕੀਤੀ ਅਤੇ ਦੋਹਾਂ ਦੀ ਅਸਲ ਨੀਅਤ ਨੂ ੰ ਪਛਾਣਨ ਤੋਂ ਖੁੰਝ ਗਈ।
ਉਸੇ ਕਾਂਗਰਸ ਨੇ ਸਵ. ਸ਼੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ’ਚ ਸੰਨ 1971 ’ਚ ਪਾਕਿਸਤਾਨ ਦੇ ਟੁਕੜੇ ਕਰ ਦਿੱਤੇ, ਜਿਸ ਵਿਚ ਇਕ ਨਵੇਂ ਰਾਸ਼ਟਰ–ਬੰਗਲਾਦੇਸ਼ ਦਾ ਜਨਮ ਹੋਇਆ। ਇਸੇ ਤਰ੍ਹਾਂ ਦੇਸ਼ ’ਚ ਕਾਂਗਰਸ ਸਮਰਥਿਤ ਬੁੱਧੀਜੀਵੀ ਅਤੇ ਅਖੌਤੀ ਸੈਕੁਲਰਿਸਟ ਦਾਅਵਾ ਕਰਦੇ ਹਨ ਕਿ ਪੰ. ਨਹਿਰੂ ਨੇ ਹੀ ਦੇਸ਼ ’ਚ ਲੋਕਤੰਤਰ ਮਜ਼ਬੂਤ ਕਰਨ ਦੀ ਨੀਂਹ ਰੱਖੀ। ਜੇਕਰ ਅਜਿਹਾ ਸੀ ਤਾਂ ਕੀ ਇਹ ਸੱਚ ਨਹੀਂ ਕਿ ਉਨ੍ਹਾਂ ਦੀ ਧੀ ਇੰਦਰਾ ਗਾਂਧੀ ਦੀ ਲੀਡਰਸ਼ਿਪ ਵਿਚ ਤੱਤਕਾਲੀ ਕਾਂਗਰਸ ਨੇ ਲੋਕਤੰਤਰਿਕ ਅਤੇ ਸੰਵਿਧਾਨਿਕ ਕਦਰਾਂ-ਕੀਮਤਾਾਂ ਦਾ ਗਲਾ ਘੁੱਟਦਿਆਂ 1975-77 ਵਿਚ ਦੇਸ਼ ’ਚ ਐਮਰਜੈਂਸੀ ਥੋਪ ਦਿੱਤੀ, ਜਿਸ ਵਿਚ ਸਿਆਸੀ ਵਿਰੋਧੀਆਂ ਨੂੰ ਚੁਣ-ਚੁਣ ਕੇ ਜੇਲ ਭੇਜ ਕੇ ਗੈਰ-ਮਨੁੱਖੀ ਤਸੀਹੇ ਦਿੱਤੇ ਗਏ? ਇਹ ਸਥਾਪਿਤ ਸੱਚ ਹੈ ਕਿ ਪੰ. ਨਹਿਰੂ ਸਮਾਜਵਾਦੀ ਅਤੇ ਖੱਬੇਪੱਖੀ ਵਿਚਾਰਧਾਰਾ ਦੇ ਚਸ਼ਮੇ ’ਚੋਂ ਭਾਰਤ ਅਤੇ ਬਾਕੀ ਦੁਨੀਆ ਨੂੰ ਦੇਖਦੇ ਸਨ। ਇਹੀ ਕਾਰਣ ਸੀ ਕਿ ਜਦੋਂ ਸਰਦਾਰ ਪਟੇਲ ਨੇ ਸੋਮਨਾਥ ਮੰਦਰ ਦੀ ਮੁੜ ਉਸਾਰੀ ਕਰਵਾਈ, ਉਦੋਂ ਪੰ. ਨਹਿਰੂ ਨੇ ਇਸ ਦਾ ਵਿਰੋਧ ਕੀਤਾ। ਜੇਕਰ ਪਟੇਲ ਨੇ ਦ੍ਰਿੜ੍ਹਤਾ ਨਾ ਦਿਖਾਈ ਹੁੰਦੀ ਤਾਂ ਅੱਜ ਸੋਮਨਾਥ ਦਾ ਮਾਮਲਾ ਵੀ ਅਯੁੱਧਿਆ ਵਾਂਗ ਵਿਵਾਦਿਤ ਬਣਿਆ ਰਹਿੰਦਾ। ਖੱਬੇਪੱਖੀ ਦਰਸ਼ਨ ਵੱਲ ਝੁਕਾਅ ਦੇ ਕਾਰਣ ਹੀ ਪੰ. ਨਹਿਰੂ ਦੀ ਲੀਡਰਸ਼ਿਪ ’ਚ ਕਾਂਗਰਸ ਸਰਕਾਰ ਨੇ ਸਮਾਜਵਾਦੀ ਅਰਥ-ਵਿਵਸਥਾ ਨੂੰ ਅਪਣਾਇਆ, ਜਿਸ ਨੂੰ ਅਗਲੇ ਚਾਰ ਦਹਾਕੇ ਲਾਲ ਬਹਾਦੁਰ ਸ਼ਾਸਤਰੀ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਵੀ ਆਪਣੇ ਸ਼ਾਸਨਕਾਲ ’ਚ ਅੱਗੇ ਵਧਾਇਆ। ਉਸ ਕਾਲਖੰਡ ਵਿਚ ਸਰਕਾਰ ਦਾ ਦੇਸ਼ ਦੇ ਦਰਾਮਦ-ਬਰਾਮਦ ’ਤੇ ਮੁਕੰਮਲ ਕੰਟਰੋਲ ਅਤੇ ਲਾਇਸੈਂਸ-ਇੰਸਪੈਕਟਰ ਰਾਜ ਦਾ ਡਰ ਸਿਖਰ ’ਤੇ ਸੀ, ਦੁੱਧ-ਖੰਡ ਸਮੇਤ ਨਿੱਤ ਦੀਆਂ ਲੋੜਾਂ ਨਾਲ ਸਬੰਧਿਤ ਮੁੱਢਲੀਆਂ ਵਸਤਾਂ ਲਈ ਲੰਮੀਆਂ-ਲੰਮੀਆਂ ਲਾਈਨਾਂ ਲੱਗਦੀਆਂ ਸਨ। ਇਕ ਅਜਿਹਾ ਸਮਾਂ ਵੀ ਆਇਆ, ਜਦੋਂ ਕਰਜ਼ਾ ਮੋੜਨ ਲਈ ਵਿਸ਼ਵ ਬੈਂਕ ਅਤੇ ਕੌਮਾਂਤਰੀ ਕਰੰਸੀ ਫੰਡ ’ਚ ਆਪਣਾ ਸੋਨੇ ਦਾ ਭੰਡਾਰ ਗਹਿਣੇ ਰੱਖਣਾ ਪਿਆ ਸੀ ਅਤੇ ਦਰਾਮਦ ਵਸਤਾਂ ਦੇ ਭੁਗਤਾਨ ਲਈ 3 ਮਹੀਨਿਆਂ ਦਾ ਵਿਦੇਸ਼ੀ ਕਰੰਸੀ ਭੰਡਾਰ ਹੀ ਬਾਕੀ ਰਹਿ ਗਿਆ ਸੀ।
ਹੁਣ ਕਾਂਗਰਸ ਦੀ ਜਿਸ ਲੀਡਰਸ਼ਿਪ ਨੇ ਉਸ ਸਮੇਂ ਭਾਰਤੀ ਆਰਥਿਕਤਾ ਨੂੰ ਰਸਾਤਲ ’ਚ ਪਹੁੰਚਾ ਦਿੱਤਾ, ਸਾਲ 1991 ’ਚ ਉਸੇ ਕਾਂਗਰਸ ਨੇ ਪੀ. ਵੀ. ਨਰਸਿਮ੍ਹਾ ਰਾਓ ਦੀ ਅਗਵਾਈ ’ਚ ਡਾ. ਮਨਮੋਹਨ ਸਿੰਘ ਦੇ ਦਰਮਿਆਨ ਨਹਿਰੂ ਕਾਲ ਦੀਆਂ ਆਰਥਿਕ ਨੀਤੀਆਂ ਦੀ ਭੰਨ-ਤੋੜ ਕਰ ਦਿੱਤੀ, ਜਿਸ ਦੇ ਨਤੀਜੇ ਵਜੋਂ ਭਾਰਤ ਦੀ ਸਥਿਤੀ ਲਗਾਤਾਰ ਸੁਧਰ ਰਹੀ ਹੈ। ਇਸ ਪਿਛੋਕੜ ’ਚ ਮੌਜੂਦਾ ਕਾਂਗਰਸ ’ਚ ਸੰਕਟ ਦਾ ਕਾਰਣ ਕੀ ਹੈ?
ਅੱਜ ਕਾਂਗਰਸ ’ਚ ਪੈਦਾ ਹੋਈ ਸਮੱਸਿਆ ਦੇ ਪਿੱਛੇ ਚੋਟੀ ਦੀ ਲੀਡਰਸ਼ਿਪ ਦਾ ਫਰਜ਼ਾਂ ਤੋਂ ਬੇਮੁੱਖ ਹੋਣਾ ਹੈ, ਜਿਸ ਦੇ ਕਾਰਣ ਉਨ੍ਹਾਂ ਦੀਆਂ ਨੀਤੀਆਂ ਸਪੱਸ਼ਟ ਹੀ ਨਹੀਂ। ਸਾਲ 1998 ’ਚ ਸ਼੍ਰੀਮਤੀ ਸੋਨੀਆ ਗਾਂਧੀ ਦਾ ਕਾਂਗਰਸ ਪ੍ਰਧਾਨ ਬਣਨ ਤੋਂ ਲੈ ਕੇ ਰਾਹੁਲ ਗਾਂਧੀ ਵਲੋਂ 2017 ’ਚ ਪਾਰਟੀ ਦੀ ਕਮਾਨ ਸੰਭਾਲਣ ਅਤੇ ਹੁਣ ਅਸਤੀਫਾ ਦੇਣ ਤਕ ਕਾਂਗਰਸ ਨੇ ਆਪਣੀ ਨਾਂਹਪੱਖੀ ਰਾਜਨੀਤੀ, ਆਚਰਣ ਅਤੇ ਸਲੀਕੇ ਤੋਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮੌਜੂਦਾ ਸਮੇਂ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ-ਸੇਵਕ ਸੰਘ ਹੀ ਉਸ ਦੀਆਂ ਸਭ ਤੋਂ ਵੱਡੀਆਂ ਸਿਆਸੀ ਵਿਰੋਧੀ ਹਨ।
ਪਿਛਲੇ ਸਾਲਾਂ ’ਚ ਭਾਜਪਾ, ਖਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਘ ਪ੍ਰਤੀ ਕਾਂਗਰਸ ਦਾ ਵਿਰੋਧ ਉਸ ਪੱਧਰ ਨੂੰ ਟੱਪ ਚੁੱਕਾ ਹੈ, ਜਿੱਥੇ ਭਾਰਤ ਦੀ ਸਹਿਣਸ਼ੀਲਤਾ ਅਤੇ ਬਹੁਲਤਾਵਾਦੀ ਅਕਸ ਨੂੰ ਕਲੰਕਿਤ ਕੀਤਾ ਜਾ ਰਿਹਾ ਹੈ। ਅਣਗਿਣਤ ਦੋਸ਼ਾਂ ਦੇ ਕਾਰਣ ਪਾਰਟੀ ਦੇ ਚੋਟੀ ਦੇ ਆਗੂ ਰਾਹੁਲ ਗਾਂਧੀ ਅੱਜ ਅਦਾਲਤੀ ਮਾਮਲਿਆਂ ’ਚ ਫਸੇ ਹੋਏ ਹਨ ਅਤੇ ਕੁਝ ’ਚ ਤਾਂ ਉਨ੍ਹਾਂ ਨੂੰ ਮੁਆਫੀ ਵੀ ਮੰਗਣੀ ਪਈ ਹੈ, ਰਾਫੇਲ ਮਾਮਲਾ ਇਸ ਦਾ ਪ੍ਰਤੱਖ ਉਦਾਹਰਣ ਹੈ।
ਅਹਿਮ ਸਵਾਲ ਹੈ ਕਿ ਕਾਂਗਰਸ ਸਮਰਥਨ ਕਿਸਦਾ ਕਰ ਰਹੀ ਹੈ? ਦਰਅਸਲ ਇਸ ਸਵਾਲ ਦੇ ਜਵਾਬ ’ਚ ਹੀ ਕਾਂਗਰਸ ਦੇ ਸੰਕਟ ਦਾ ਕਾਰਣ ਅਤੇ ਹੱਲ ਦੋਵੇਂ ਨਿਹਿਤ ਹਨ। ਕੀ ਇਹ ਸੱਚ ਨਹੀਂ ਕਿ ਦੇਸ਼ ’ਚ ਇਸਲਾਮੀ ਕੱਟੜਵਾਦ-ਅੱਤਵਾਦ ਨੂੰ ਝੂਠਾ ਦੱਸਣ ਲਈ ਕਾਂਗਰਸ ਲੀਡਰਸ਼ਿਪ (ਰਾਹੁਲ ਗਾਂਧੀ, ਚਿਦਾਂਬਰਮ, ਦਿੱਗਵਿਜੇ ਸਿੰਘ, ਸ਼ਿੰਦੇ ਆਦਿ) ਨੇ ਯੂ. ਪੀ. ਏ. ਦੇ ਕਾਲ ’ਚ ਦੋਸ਼ਪੂਰਨ ਤੱਥਾਂ ਦੇ ਆਧਾਰ ’ਤੇ ‘ਹਿੰਦੂ-ਭਗਵਾ ਅੱਤਵਾਦ’ ਸ਼ਬਦ ਦੀ ਰਚਨਾ ਕਰ ਦਿੱਤੀ ਸੀ? ਦਾਅਵਾ ਤਾਂ ਇਥੋਂ ਤਕ ਕੀਤਾ ਗਿਆ ਸੀ ਕਿ 2008 ’ਚ ਦਿੱਲੀ ਸਥਿਤ ਬਾਟਲਾ ਹਾਊਸ ਮੁਕਾਬਲੇ ’ਚ ਮਾਰੇ ਅੱਤਵਾਦੀਆਂ ਦੀਆਂ ਤਸਵੀਰਾਂ ਦੇਖ ਕੇ ਸੋਨੀਆ ਗਾਂਧੀ ਰੋ ਪਈ ਸੀ।
ਆਸ ਸੀ ਕਿ 2014 ਦੀਆਂ ਲੋਕ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਸਵੈ-ਚਿੰਤਨ ਕਰਦੇ ਹੋਏ ਆਪਣੇ ਮੂਲ ਚਰਿੱਤਰ ਵੱਲ ਪਰਤੇਗੀ। ਕੀ ਇੰਝ ਹੋਇਆ? ਕੀ ਇਹ ਸੱਚ ਨਹੀਂ ਕਿ ਰਾਹੁਲ ਗਾਂਧੀ ਸਮੇਤ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਨੇ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ’ ਦੇ ਨਾਂ ’ਤੇ ‘ਭਾਰਤ ਤੇਰੇ ਟੁਕੜੇ ਹੋਂਗੇ, ਇੰਛਾ-ਅੱਲ੍ਹਾ...ਇੰਛਾ ਅੱਲ੍ਹਾ’ ਨਾਅਰੇ ਨੂੰ ਸਹੀ ਠਹਿਰਾਅ ਕੇ ਇਸ ਦੇ ਦੋਸ਼ੀ ਅਤੇ ‘ਟੁਕੜੇ-ਟੁਕੜੇ ਗੈਂਗ’ ਦੇ ਪ੍ਰਤੀਕ ਕਨ੍ਹੱਈਆ ਕੁਮਾਰ ਦਾ ਖੁੱਲ੍ਹ ਕੇ ਬਚਾਅ ਕੀਤਾ ਸੀ ਜਾਂ ਇੰਝ ਕਹਿ ਲਈਏ ਕਿ ਅਜਿਹਾ ਹੁਣ ਵੀ ਹੋ ਰਿਹਾ ਹੈ? ਕੀ ਕਾਂਗਰਸ ਨੇ 2016 ਦੀ ਸਰਜੀਕਲ ਸਟ੍ਰਾਈਲ ਅਤੇ 2019 ’ਚ ਬਾਲਾਕੋਟ ’ਤੇ ਭਾਰਤੀ ਹਵਾਈ ਫੌਜ ਦੀ ਏਅਰਸਟ੍ਰਾਈਕ ’ਤੇ ਸਵਾਲ ਨਹੀਂ ਉਠਾਏ ਸਨ?
ਪਿਛਲੇ ਸਾਲਾਂ ’ਚ ਰਾਹੁਲ ਗਾਂਧੀ, ਕਾਂਗਰਸ ਦਾ ਅਕਸ ਸੁਧਾਰਨ ਲਈ ਮੰਦਰਾਂ ਅਤੇ ਹਿੰਦੂ-ਮੱਠਾਂ ’ਚ ਪੂਜਾ-ਅਰਚਨਾ ਕਰਦੇ ਦਿਖਾਈ ਦਿੱਤੇ ਸਨ। ਪਾਰਟੀ ਨੇ ਉਨ੍ਹਾਂ ਨੂੰ ਕਦੇ ਜਨੇਊਧਾਰੀ ਅਤੇ ਕਦੇ ਉਨ੍ਹਾਂ ਨੂੰ ਦੱਤਾਤ੍ਰੇ ਗੋਤਰ ਦਾ ਦੱਸਿਆ। ਦਾਅਵਾ ਇਹ ਵੀ ਕੀਤਾ ਗਿਆ ਕਿ ਰਾਹੁਲ ਕੈਲਾਸ਼ ਮਾਨਸਰੋਵਰ ਦੀ ਯਾਤਰਾ ਕਰ ਚੁੱਕੇ ਹਨ ਪਰ ਇਸ ਦਾ ਢੁੱਕਵਾਂ ਲਾਭ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਨੂੰ ਨਹੀਂ ਮਿਲਿਆ ਕਿਉਂਕਿ ਉਨ੍ਹਾਂ ਦੀ ‘ਮੰਦਰ ਯਾਤਰਾ’ ਹਿੰਦੂ ਦੇਵੀ-ਦੇਵਤਿਆਂ ਪ੍ਰਤੀ ਸਨਮਾਨ ਜਾਂ ਆਸਥਾ ਨਾ ਹੋ ਕੇ ਸਿਰਫ ਚੋਣ ਲਾਭ ਹਾਸਿਲ ਕਰਨ ਤਕ ਸੀਮਤ ਸੀ।
ਉਂਝ ਵੀ ਕਾਂਗਰਸ ਲੀਡਰਸ਼ਿਪ ਦੇ ‘ਮੰਦਰ-ਪ੍ਰੇਮ’ ਅਤੇ ਸਨਾਤਨ ਸੱਭਿਆਚਾਰ ਦੇ ਪ੍ਰਤੀ ਸਨਮਾਨ ਦੀ ਕਾਲੀ ਸੱਚਾਈ ਉਦੋਂ ਸਾਹਮਣੇ ਆਈ ਸੀ, ਜਦੋਂ ਮੋਦੀ ਸਰਕਾਰ ਵਲੋਂ ਪਸ਼ੂ ਖਰੀਦ-ਵਿਕਰੀ ਸਬੰਧੀ ਨਿਯਮ ਬਣਾਉਣ’ਤੇ ਕੇਰਲ ਸਥਿਤ ਕੰਨੂਰ ’ਚ ਕਾਂਗਰਸੀ ਆਗੂਆਂ ਨੇ ਕਰੋੜਾਂ ਹਿੰਦੂਆਂ ਲਈ ਪੂਜਨੀਕ ਗਊ ਦੇ ਵੱਛੇ ਦੀ ਨਾ ਸਿਰਫ ਧੌਣ ਵੱਢੀ, ਸਗੋਂ ਭਾਜਪਾ-ਸੰਘ ਵਿਰੋਧ ਦੇ ਨਾਂ ’ਤੇ ਉਸ ਦੇ ਮਾਸ ਦੀ ਜਨਤਕ ਤੌਰ ’ਤੇ ਵਰਤੋਂ ਕਰਕੇ ਹਿੰਦੂਆਂ ਦੀ ਆਸਥਾ ਤੇ ਰਵਾਇਤ ਨੂੰ ਠੇਸ ਪਹੁੰਚਾਈ ਸੀ।
ਦਰਅਸਲ ਇਸ ਤਰ੍ਹਾਂ ਦੇ ਕਈ ਮਾਮਲਿਆਂ ਤੋਂ ਸਪੱਸ਼ਟ ਹੈ ਕਿ ਕਾਂਗਰਸ ਨੂੰ ਅਜੇ ਵੀ ਖੱਬੇਪੱਖੀਆਂ ਦੀ ਉਹ ‘ਬੌਧਿਕ-ਸੇਵਾ’ ਪ੍ਰਾਪਤ ਹੈ, ਜਿਸ ਨੂੰ ਇੰਦਰਾ ਗਾਂਧੀ ਨੇ ਆਪਣੀ ਸਰਕਾਰ ਬਚਾਉਣ ਲਈ 1970 ਦੇ ਦਹਾਕੇ ’ਚ ਆਊਟਸੋਰਸ ਕੀਤਾ ਸੀ। ਸੱਚ ਤਾਂ ਇਹ ਹੈ ਕਿ ਅੱਜ ਦੇਸ਼ ’ਚ ਖੱਬੇਪੱਖੀ ਜਿਸ ਤਰ੍ਹਾਂ ਗੈਰ-ਪ੍ਰਸੰਗਿਕ ਹੋ ਚੁੱਕੇ ਹਨ, ਉਸੇ ਤਰ੍ਹਾਂ ਕਾਂਗਰਸ ਖੱਬੇਪੱਖੀ ਚਿੰਤਨ ਨੂੰ ਪ੍ਰਵਾਨ ਕਰਨ ਕਾਰਣ ਆਪਣੀ ਹੋਂਦ ਲਈ ਜੂਝਦੀ ਨਜ਼ਰ ਆ ਰਹੀ ਹੈ।
ਦਿਸ਼ਾਹੀਣ ਕਾਂਗਰਸ ਦੀ ਸਮੱਸਿਆ ਹੀ ਇਹ ਹੈ ਕਿ ਉਸ ਦੀ ਲੀਡਰਸ਼ਿਪ ਅੱਜ ਵੀ ਉਪਰੋਕਤ ਵਿਗਾੜ ਕਾਰਣ ‘ਟੁਕੜੇ-ਟੁਕੜੇ ਗੈਂਗ’ ਦਾ ਸਮਰਥਨ, ਭਾਰਤੀ ਫੌਜ ਦਾ ਅਨਾਦਰ, ਦੇਸ਼ ਦੇ ਮੂਲ ਸਨਾਤਨ ਸੱਭਿਆਚਾਰ ਨੂੰ ਬਾਕੀ ਵਿਸ਼ਵ ’ਚ ਕਲੰਕਿਤ ਅਤੇ ਹਿੰਦੂਆਂ ਦੀ ਆਸਥ ਨਾਲ ਖਿਲਵਾੜ ਕਰ ਰਹੀ ਹੈ। ਜਦੋਂ ਤਕ ਪਾਰਟੀ ਦੇ ਅੰਦਰ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ, ਉਸ ਦੀ ਹਾਲਤ ਜਿਉਂ ਦੀ ਤਿਉਂ ਹੀ ਰਹੇਗੀ।
(punjbalbir@gmail.com)
ਕਸ਼ਮੀਰ ’ਚ ਝੂਠੀਆਂ ਅਫਵਾਹਾਂ ਤੋਂ ਬਚਣਾ ਜ਼ਰੂਰੀ
NEXT STORY