ਸਰਕਾਰ ਵੱਲੋਂ ਔਰਤਾਂ ਵਿਰੁੱਧ ਅਪਰਾਧਾਂ ’ਚ ਕਮੀ ਆਉਣ ਦੇ ਦਾਅਵਿਆਂ ਦੇ ਬਾਵਜੂਦ ਇਹ ਲਗਾਤਾਰ ਜਾਰੀ ਹਨ। ਅਪਰਾਧੀ ਇਸ ਹੱਦ ਤੱਕ ਇਨਸਾਨੀਅਤ ਤੋਂ ਡਿੱਗ ਚੁੱਕੇ ਹਨ ਕਿ ਹੁਣ ਤਾਂ ਛੋਟੀਆਂ-ਛੋਟੀਆਂ ਬੱਚੀਆਂ ਵੀ ਵੱਡੀ ਗਿਣਤੀ ’ਚ ਇਨ੍ਹਾਂ ਦਾ ਸ਼ਿਕਾਰ ਹੋ ਰਹੀਆਂ ਹਨ। ਹਾਲਾਤ ਕਿੰਨੇ ਚਿੰਤਾਜਨਕ ਹੋ ਚੁੱਕੇ ਹਨ, ਇਹ ਸਿਰਫ ਇਕ ਹਫਤੇ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 3 ਅਗਸਤ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ’ਚ ਇਕ ਪ੍ਰਾਈਵੇਟ ਸਕੂਲ ਬੱਸ ਦੇ ਡਰਾਈਵਰ ਵੱਲੋਂ ਕਿੰਡਰ ਗਾਰਟਨ ਸਕੂਲ ਦੀ ਸਾਢੇ 3 ਸਾਲਾ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡਰਾਈਵਰ ਨੇ ਉਸ ਦੇ ਕੱਪੜੇ ਲਾਹ ਕੇ ਉਸ ਨੂੰ ਗਲਤ ਢੰਗ ਨਾਲ ਛੂਹਿਆ ਅਤੇ ਉਸ ਨਾਲ ਗਲਤ ਹਰਕਤਾਂ ਕੀਤੀਆਂ।
* 6 ਅਗਸਤ ਨੂੰ ਇਕ ਵਿਅਕਤੀ ਨੇ ਹਿਸਾਰ ਦੇ ਇਕ ਪਿੰਡ ’ਚ ਇਕ ਮਕਾਨ ’ਚ ਦਾਖਲ ਹੋ ਕੇ 2 ਬੱਚਿਆਂ ਦੀ ਮਾਂ ਨਾਲ ਜਬਰ-ਜ਼ਨਾਹ ਕਰ ਦਿੱਤਾ।
* 6 ਅਗਸਤ ਨੂੰ ਹੀ ਮੁੰਬਈ ਦੇ ਖਾਰ ’ਚ ਇਕ 65 ਸਾਲਾ ਕੈਂਸਰ ਪੀੜਤ ਵਿਅਕਤੀ ਨੇ ਆਪਣੀ ਸਰਪ੍ਰਸਤੀ ’ਚ ਦਿੱਤੀ ਗਈ ਇਕ ਨਾਬਾਲਿਗ ਬੱਚੀ ਨਾਲ ਜਬਰ-ਜ਼ਨਾਹ ਕਰ ਦਿੱਤਾ।
* 7 ਅਗਸਤ ਨੂੰ ਫਰੀਦਾਬਾਦ ਦੇ ਚਾਂਦਪੁਰ ਸਥਿਤ ਇਕ ‘ਬਾਲ ਸੁਰੱਖਿਆ ਕੇਂਦਰ’ ’ਚ ਲੜਕੀਆਂ ਅਤੇ ਬੱਚਿਆਂ ਦੇ ਸੈਕਸ-ਸ਼ੋਸ਼ਣ ’ਤੇ ਕੁੱਟਮਾਰ ਦੇ ਦੋਸ਼ ’ਚ ਪੁਲਸ ਨੇ ਕੇਂਦਰ ਦੀ ਕੇਅਰਟੇਕਰ ਅਤੇ 2 ਹੋਰ ਅਹੁਦੇਦਾਰਾਂ ਵਿਰੁੱਧ ਕੇਸ ਦਰਜ ਕੀਤਾ। ਕੇਂਦਰ ਦੀ ਕੇਅਰਟੇਕਰ ਦੇ ਮੋਬਾਈਲ ’ਚ ਕਈ ਬੱਚੀਆਂ ਦੀਆਂ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓ ਮਿਲੇ ਹਨ। ਬੱਚੀਆਂ ਦੇ ਅਨੁਸਾਰ ਰਾਤ ਸੌਂ ਜਾਣ ਤੋਂ ਬਾਅਦ ਸਵੇਰੇ ਉੱਠਣ ’ਤੇ ਉਨ੍ਹਾਂ ਦੇ ਕੱਪੜੇ ਉੱਗੜ-ਦੁੱਗੜ ਮਿਲਦੇ ਸਨ।
* 9 ਅਗਸਤ ਰਾਤ ਨੂੰ ਕੋਲਕਾਤਾ ਦੇ ਸਰਕਾਰੀ ‘ਆਰ.ਜੀ. ਮੈਡੀਕਲ ਕਾਲਜ’ ਦੇ ਸੈਮੀਨਾਰ ਹਾਲ ’ਚ ਇਕ ਪੋਸਟ ਗ੍ਰੈਜੂਏਟ ਟ੍ਰੇਨਿੰਗ ਮਹਿਲਾ ਡਾਕਟਰ ਦੀ ਅੱਧਨੰਗੀ ਲਾਸ਼ ਬਰਾਮਦ ਹੋਈ ਜਿਸ ਨਾਲ ਜਬਰ-ਜ਼ਨਾਹ ਅਤੇ ‘ਨਿਰਭਯਾ’ ਵਰਗੀ ਦਰਿੰਦਗੀ ਕੀਤੀ ਗਈ ਸੀ। ਮਹਿਲਾ ਡਾਕਟਰ ਦੇ ਮੂੰਹ, ਅੱਖਾਂ ਅਤੇ ਗੁਪਤ ਅੰਗਾਂ ’ਚੋਂ ਖੂਨ ਵਗ ਰਿਹਾ ਸੀ। ਉਸ ਦੇ ਢਿੱਡ, ਖੱਬੇ ਪੈਰ, ਗਰਦਨ, ਸੱਜੇ ਹੱਥ ਅਤੇ ਬੁੱਲ੍ਹਾਂ ’ਤੇ ਵੀ ਸੱਟਾਂ ਦੇ ਨਿਸ਼ਾਨ ਸਨ ਅਤੇ ਗਰਦਨ ਦੀ ਹੱਡੀ ਟੁੱਟੀ ਹੋਈ ਸੀ।
ਇਸ ਸਬੰਧ ’ਚ ਗ੍ਰਿਫਤਾਰ ਸੰਜੇ ਰਾਏ ਨੇ ਸ਼ਰਾਬ ਪੀਂਦੇ ਹੋਏ ਅਸ਼ਲੀਲ ਫਿਲਮਾਂ ਦੇਖਣ ਤੋਂ ਬਾਅਦ ਇਸ ਅਪਰਾਧ ਨੂੰ ਅੰਜਾਮ ਦਿੱਤਾ। ਉਕਤ ਘਟਨਾ ਨੂੰ ਲੈ ਕੇ ਪੂਰੇ ਦੇਸ਼ ਦੇ ਸਰਕਾਰੀ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਹਨ ਅਤੇ ਸੰਸਥਾ ਦੇ ਪ੍ਰਿੰਸੀਪਲ ਸੰਦੀਪ ਘੋਸ਼ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
* 9 ਅਗਸਤ ਨੂੰ ਹੀ ਥਾਣਾ ਮਾਹਲਪੁਰ ਦੀ ਪੁਲਸ ਨੇ ਇਕ ਮਜ਼ਦੂਰ ਦੀ ਡੇਢ ਸਾਲਾ ਬੇਟੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ।
* 9 ਅਗਸਤ ਨੂੰ ਹੀ ਝਾਰਖੰਡ ਦੇ ਜਮਸ਼ੇਦਪੁਰ ਦੇ ‘ਮੰਗੋ’ ਇਲਾਕੇ ’ਚ ਜੈ ਸ਼੍ਰੀ ਤਿਵਾਰੀ ਨਾਂ ਦੇ 30 ਸਾਲਾ ਸਕੂਲ ਵੈਨ ਡਰਾਈਵਰ ਨੂੰ ਨਰਸਰੀ ਦੀ ਸਾਢੇ 3 ਸਾਲਾ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 10 ਅਗਸਤ ਨੂੰ ਆਗਰਾ ’ਚ ਇੰਜੀਨੀਅਰਿੰਗ ਦੀ ਇਕ ਵਿਦਿਆਰਥਣ ਨਾਲ ਉਸ ਦੇ ਸੀਨੀਅਰ ਨੇ ਚਲਦੀ ਕਾਰ ’ਚ ਜਬਰ-ਜ਼ਨਾਹ ਕਰ ਦਿੱਤਾ।
*10 ਅਗਸਤ ਨੂੰ ਹੀ ਲੁਧਿਆਣਾ ’ਚ ਇਕ ਲੜਕੀ ਨੂੰ ਭਜਾ ਕੇ ਉਸ ਨਾਲ ਲਵ ਮੈਰਿਜ ਕਰਨ ਵਾਲੇ ਨੌਜਵਾਨ ਦੀ ਗਲਤੀ ਦੀ ਸਜ਼ਾ ਉਸ ਦੀ ਭੈਣ ਨੂੰ ਭੁਗਤਨੀ ਪਈ। ਭਜਾਈ ਗਈ ਲੜਕੀ ਦੇ ਪਿਤਾ, ਚਾਚਾ, ਭਰਾ ਅਤੇ ਉਨ੍ਹਾਂ ਦੇ ਸਾਥੀ ਨੇ ਬਦਲਾ ਲੈਣ ਲਈ ਨੌਜਵਾਨ ਦੇ ਘਰ ’ਚ ਦਾਖਲ ਹੋ ਕੇ ਉਸ ਦੀ ਭੈਣ ਨਾਲ ਜਬਰ-ਜ਼ਨਾਹ ਕਰ ਕੇ ਉਸ ਦੀ ਵੀਡੀਓ ਬਣਾ ਲਈ ਅਤੇ ਫਰਾਰ ਹੋ ਗਏ।
* 11 ਅਗਸਤ ਨੂੰ ਜਲੰਧਰ ਦੇ ਸਿਵਲ ਹਸਪਤਾਲ ’ਚ ਆਪਣੀ ਬੀਮਾਰ ਮਾਂ ਦੇ ਇਲਾਜ ਦੇ ਸਬੰਧ ’ਚ ਆਈ ਇਕ ਵਿਆਹੁਤਾ ਔਰਤ ਨਾਲ ਹਸਪਤਾਲ ਦੇ ਅੰਦਰ ਇਕ ਬੇਸਮੈਂਟ ’ਚ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਦੱਸਿਆ ਜਾਂਦਾ ਹੈ ਕਿ ਪੀੜਤ ਔਰਤ ਨੇ ਆਪਣੀ ਇੱਜ਼ਤ ਦੀ ਖਾਤਰ ਪੁਲਸ ’ਚ ਸ਼ਿਕਾਇਤ ਦੇਣ ਤੋਂ ਮਨ੍ਹਾ ਕਰ ਦਿੱਤਾ।
* 12 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਕੰਨੋਜ ਜ਼ਿਲੇ ’ਚ ਇਕ ਨਾਬਾਲਿਗ ਦਾ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ’ਚ ਸਪਾ ਨੇਤਾ ਨਵਾਬ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।
* 12 ਅਗਸਤ ਨੂੰ ਹੀ ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਇਕ ਮੌਲਵੀ ਨੂੰ ਇਕ 7 ਸਾਲਾ ਬੱਚੀ ਦਾ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਬੱਚੀਆਂ ਅਤੇ ਔਰਤਾਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਇਸ ਲਈ ਇਸ ਤਰ੍ਹਾਂ ਦੇ ਅਪਰਾਧਾਂ ’ਚ ਸ਼ਾਮਲ ਪਾਏ ਜਾਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਮਾਮਲਿਆਂ ਦਾ ਛੇਤੀ ਨਿਪਟਾਰਾ ਕਰ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ ਤਾਂ ਹੀ ਇਸ ਤਰ੍ਹਾਂ ਦੀ ਬੁਰਾਈ ’ਤੇ ਰੋਕ ਲੱਗ ਸਕੇਗੀ।
-ਵਿਜੇ ਕੁਮਾਰ
ਭਾਰਤ ਨੂੰ ਬੰਗਲਾਦੇਸ਼ ਦੀ ਨੀਤੀ ਬਾਰੇ ਮੁੜ ਵਿਚਾਰ ਕਰਨ ਦੀ ਲੋੜ
NEXT STORY