ਰਿਤੂਪਰਣ ਦਵੇ
ਯਕੀਨਨ ਖਬਰ ਛੋਟੀ ਜ਼ਰੂਰ ਹੈ ਪਰ ਬਹੁਤ ਚਿੰਤਾਜਨਕ ਹੈ। ਬੇਹਿਸਾਬ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਕਾਰਣ 60 ਫੀਸਦੀ ਮਰੀਜ਼ਾਂ ’ਤੇ ਪ੍ਰਾਇਮਰੀ ਅਤੇ ਸੈਕੰਡਰੀ ਲਾਈਨ ’ਚ ਇਹ ਅਸਫਲ ਹੋ ਰਹੀਆਂ ਹਨ। ਸਿਰਫ ਇੰਨਾ ਹੀ ਨਹੀਂ, ਆਈ. ਸੀ. ਯੂ. ਵਿਚ ਦਾਖਲ 80 ਫੀਸਦੀ ਮਰੀਜ਼ਾਂ ’ਤੇ 18 ’ਚੋਂ 20 ਕਿਸਮ ਦੀਆਂ ਖਾਸ ਐਂਟੀਬਾਇਓਟਿਕ ਦਵਾਈਆਂ ਵੀ ਅਸਰ ਨਹੀਂ ਕਰ ਰਹੀਆਂ। ਗਣੇਸ਼ ਸ਼ੰਕਰ ਵਿਦਿਆਰਥੀ ਮੈਮੋਰੀਅਲ ਮੈਡੀਕਲ ਕਾਲਜ ਕਾਨਪੁਰ ਨਾਲ ਸਬੰਧਤ ਸਾਰੇ ਮੈਡੀਕਲ ਕਾਲਜਾਂ ਵਲੋਂ ਇਕੱਠੇ ਕੀਤੇ ਗਏ ਇਹ ਹਾਲੀਆ ਅੰਕੜੇ ਬੇਹੱਦ ਹੈਰਾਨ ਕਰਨ ਵਾਲੇ ਹਨ। ਯਕੀਨੀ ਤੌਰ ’ਤੇ ਪੂਰੇ ਦੇਸ਼ ਅਤੇ ਦੁਨੀਆ ’ਚ ਐਂਟੀਬਾਇਓਟਿਕਸ ਦੀ ਦੁਰਵਰਤੋਂ ਦੇ ਵਧਦੇ ਅੰਕੜੇ ਮੈਡੀਕਲ ਜਗਤ ਲਈ ਵੱਡੀ ਚੁਣੌਤੀ ਬਣਨ ਵਾਲੇ ਹਨ।
ਇੰਨਾ ਤਾਂ ਸਮਝ ਆਉਂਦਾ ਹੈ ਕਿ ਹੁਣ ਮੁੱਢਲੇ ਦੌਰ ’ਚ ਲਿਖੀਆਂ ਜਾਣ ਵਾਲੀਆਂ ਦਵਾਈਆਂ ਮਰੀਜ਼ਾਂ ’ਤੇ ਅਸਰ ਨਹੀਂ ਦਿਖਾਉਂਦੀਆਂ, ਜਿਸ ਕਾਰਣ ਬਹੁਤ ਸਾਰੇ ਡਾਕਟਰ ਵੀ ਅਕਸਰ ਐਡਵਾਂਸ ਸਟੇਜ ਦੀ ਦਵਾਈ ਸ਼ੁਰੂ ਵਿਚ ਹੀ ਲਿਖ ਦਿੰਦੇ ਹਨ, ਬਾਅਦ ਵਿਚ ਇਸ ਦੇ ਨਤੀਜੇ ਬੇਹੱਦ ਖਤਰਨਾਕ ਹੁੰਦੇ ਹਨ ਪਰ ਕੌੜੀ ਸੱਚਾਈ ਇਹ ਵੀ ਹੈ ਕਿ ਸਿਰਦਰਦ, ਪੇਟ ਦਰਦ ਜਾਂ ਬੁਖਾਰ ਹੋਣ ’ਤੇ ਬਿਨਾਂ ਮਾਹਿਰ ਦੀ ਸਲਾਹ ਦੇ ਕੋਈ ਵੀ ਐਂਟੀਬਾਇਓਟਿਕ ਲੈਣ ਨਾਲ ਸਰੀਰ ਦੀ ਰੋਗਾਂ ਨੂੰ ਰੋਕਣ ਸਬੰਧੀ ਸਮਰੱਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਅਕਸਰ ਬੇਵਜ੍ਹਾ ਅਤੇ ਲਗਾਤਾਰ ਵਰਤੋਂ ਕਰਨ ਨਾਲ ਵੀ ਸਰੀਰ ’ਚ ਮੌਜੂਦ ਪਰਜੀਵੀ ਸੂਖਮ ਜੀਵ ਭਾਵ ਮਾਈਕ੍ਰੋਬਸ ਜਾਂ ਬੈਕਟੀਰੀਆ ਇਨ੍ਹਾਂ ’ਚੋਂ ਰੋਗ ਰੋਕਣ ਦੀ ਸਮਰੱਥਾ ਪੈਦਾ ਹੋਣ ਤੋਂ ਖ਼ੁਦ ਨੂੰ ਬਦਲ ਲੈਂਦੇ ਹਨ, ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਦਵਾਈ, ਕੈਮੀਕਲ ਜਾਂ ਇਨਫੈਕਸ਼ਨ ਹਟਾਉਣ ਵਾਲੇ ਇਲਾਜ ’ਤੇ ਐਂਟੀਬਾਇਓਟਿਕਸ ਦਾ ਅਸਰ ਜਾਂ ਬਿਲਕੁਲ ਨਹੀਂ ਜਾਂ ਨਾਂਹ ਦੇ ਬਰਾਬਰ ਹੋ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਵੀ ਮੰਨਦਾ ਹੈ ਕਿ ਬਿਨਾਂ ਲੋੜ ਦੇ ਐਂਟੀਬਾਇਓਟਿਕ ਦਵਾਈਆਂ ਨਾਲ ਸਰੀਰ ’ਚ ਇਸ ਦਾ ਅਸਰ ਘਟਣ ਲੱਗਦਾ ਹੈ ਅਤੇ ਇਸ ਦੇ ਆਦੀ ਹੋ ਚੁੱਕੇ ਬੈਕਟੀਰੀਆ ਦਾ ਖਤਰਨਾਕ ਪ੍ਰਭਾਵ ਰੁਕਦਾ ਨਹੀਂ ਅਤੇ ਮਰੀਜ਼ ਦੀ ਮੌਤ ਤਕ ਹੋ ਜਾਂਦੀ ਹੈ।
ਦਰਅਸਲ, ਐਂਟੀਬਾਇਓਟਿਕਸ ਨੂੰ ਆਮ ਦਵਾਈ ਸਮਝਣ ਦੀ ਗਲਤੀ ਕਰ ਕੇ ਲੋਕ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈਆਂ ਦੀਆਂ ਦੁਕਾਨਾਂ ਤੋਂ ਬੇਰੋਕ-ਟੋਕ ਖਰੀਦ ਕੇ ਧੜੱਲੇ ਨਾਲ ਵਰਤੋਂ ਕਰਦੇ ਹਨ। ਨਤੀਜੇ ਵਜੋਂ ਇਨ੍ਹਾਂ ’ਚੋਂ ਬੈਕਟੀਰੀਆ ਦਾ ਮਰਨਾ ਤਾਂ ਦੂਰ, ਉਲਟਾ ਐਂਟੀਬਾਇਓਟਿਕਸ ਖਾ ਕੇ ਹੋਰ ਮਜ਼ਬੂਤ ਹੋ ਜਾਂਦੇ ਹਨ ਜਾਂ ਇਉਂ ਕਹਿ ਲਓ ਕਿ ਹੋਰ ਵੀ ਢੀਠ ਹੋ ਜਾਂਦੇ ਹਨ ਅਤੇ ਜਿਸ ਨਾਲ ਬੀਮਾਰੀਆਂ ਖਤਰਨਾਕ ਹੋ ਜਾਂਦੀਆਂ ਹਨ। ਅਜਿਹੀ ਹਾਲਤ ਵਿਚ ਤੇਜ਼, ਭਾਵ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਜੋ ਸਰੀਰ ’ਤੇ ਕਈ ਦੂਜੇ ਭੈੜੇ ਅਸਰਾਂ ਦਾ ਕਾਰਣ ਬਣਦੀਆਂ ਹਨ। ਐਂਟੀਬਾਇਓਟਿਕਸ ਸਿਰਫ ਬੈਕਟੀਰੀਅਲ ਇਨਫੈਕਸ਼ਨ ਨਾਲ ਹੋਣ ਵਾਲੀਆਂ ਬੀਮਾਰੀਆਂ ’ਚ ਅਸਰਦਾਰ ਹੁੰਦੀਆਂ ਹਨ ਪਰ ਲੋਕ ਅਕਸਰ ਵਾਇਰਲ ਬੀਮਾਰੀਆਂ, ਜਿਵੇਂ ਸਰਦੀ-ਜ਼ੁਕਾਮ, ਫਲੂ, ਬ੍ਰੋਨਕਾਈਟਿਸ, ਗਲੇ ’ਚ ਇਨਫੈਕਸ਼ਨ ’ਚ ਵੀ ਵਰਤਦੇ ਹਨ, ਜਿਸ ਦਾ ਕੋਈ ਮਤਲਬ ਅਤੇ ਅਸਰ ਨਹੀਂ ਹੁੰਦਾ।
ਜਿਥੇ ਐਂਟੀਬਾਇਓਟਿਕਸ ਦੀ ਵਰਤੋਂ ਨੂੰ ਲੈ ਕੇ ਆਮ ਤੌਰ ’ਤੇ ਅਧੂਰੀ ਜਾਣਕਾਰੀ ਅਤੇ ਅਗਿਆਨਤਾਵਾਂ ਕਾਫੀ ਭਰਮਾਊ ਹਨ, ਬਿਨਾਂ ਠੀਕ ਢੰਗ ਨਾਲ ਬੀਮਾਰੀ ਨੂੰ ਡਾਇਗਨੋਜ਼ ਕੀਤੇ ਹੀ ਜਾਂ ਤਾਂ ਝੋਲਾਛਾਪ ਜਾਂ ਦੂਜੀ ਪੈਥੀ ਦੇ, ਇਥੋਂ ਤਕ ਕਿ ਕਈ ਵਾਰ ਐੱਮ. ਬੀ. ਬੀ. ਐੱਸ. ਡਾਕਟਰ ਵੀ ਧੜੱਲੇ ਨਾਲ ਪਰਚੇ ’ਤੇ ਲਿਖਦੇ ਹਨ, ਜਿਨ੍ਹਾਂ ਨਾਲ ਚੰਗੇ ਅਤੇ ਮਾੜੇ ਦੋਹਾਂ ਤਰ੍ਹਾਂ ਦੇ ਬੈਕਟੀਰੀਆ ਬੇਵਜ੍ਹਾ ਕਈ ਅਜਿਹੀਆਂ ਖੁਰਾਕਾਂ ਦੇ ਆਦੀ ਹੋ ਕੇ ਬਾਅਦ ’ਚ ਬਹੁਤ ਗੰਭੀਰ ਬੀਮਾਰੀਆਂ ਦਾ ਕਾਰਣ ਬਣਦੇ ਹਨ। ਉਧਰ ਆਯੁਰਵੇਦ ’ਚ ਸਾਰੀਆਂ ਸੰਭਾਵਨਾਵਾਂ ਦੇ ਬਾਵਜੂਦ ਲੋਕਾਂ ਦੀ ਰੁਚੀ ਪੈਦਾ ਨਾ ਹੋਣੀ ਜਾਂ ਨਾ ਕਰਨੀ ਵੀ ਚਿੰਤਾਜਨਕ ਹੈ। ਹੁਣ ਤਕ ਕਈ ਉਦਾਹਰਣਾਂ ਸਾਹਮਣੇ ਹਨ, ਜਿਨ੍ਹਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਸਾਡੀਆਂ ਦੇਸੀ ਜੜ੍ਹੀ-ਬੂਟੀਆਂ ਨਾਲ ਬਣੇ ਚਰਕ ਦੇ ਨੁਸਖੇ ਕਈ ਵਾਰ ਐਲੋਪੈਥੀ ਦੇ ਮੁਕਾਬਲੇ ਬੇਹੱਦ ਕਾਰਗਰ ਸਾਬਿਤ ਹੋਏ ਹਨ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਚਰਕ ਵਿਧੀ ਵਿਸ਼ਵ ਮੈਡੀਕਲ ਵਿਗਿਆਨ ਦਾ ਮੁੱਖ ਆਧਾਰ ਹੈ। ਇਹੀ ਕਾਰਣ ਹੈ ਕਿ ਕਈ ਐਲੋਪੈਥਿਕ ਡਾਕਟਰ ਵੀ ਹੁਣ ਕੁਦਰਤੀ ਬੈਕਟੀਰੀਆ ਰੋਕੂ ਸਮਰੱਥਾ ਦੇ ਨੁਸਖਿਆਂ ਦੀ ਵਰਤੋਂ ਬੇਝਿਜਕ ਕਰਨ ਲੱਗੇ ਹਨ। ਅਕਤੂਬਰ 2017 ’ਚ ਇਲਾਜ ਦੀ ਨਵੀਂ ਤਕਨੀਕ ਅਤੇ ਬਾਜ਼ਾਰ ’ਚ ਮੌਜੂਦ ਨਵੀਆਂ ਦਵਾਈਆਂ ਦੇ ਵਿਗਿਆਨਿਕ ਤੌਰ-ਤਰੀਕਿਆਂ ਉੱਤੇ ਦਿੱਲੀ ਵਿਚ ਹੋਏ 2 ਦਿਨਾ ਕੌਮਾਂਤਰੀ ਸੰਮੇਲਨ ’ਚ ਵੀ ਆਧੁਨਿਕ ਡਾਕਟਰਾਂ ਨੇ ਮੰਨਿਆ ਸੀ ਕਿ ਕੁਝ ਬੀਮਾਰੀਆਂ ਵਿਚ ਆਯੁਰਵੇਦ ਪ੍ਰਣਾਲੀ ਜ਼ਿਆਦਾ ਸਹੀ ਹੈ। ਸਰ ਗੰਗਾਰਾਮ ਹਸਪਤਾਲ ਦੇ ਕਿਡਨੀ ਦੇ ਰੋਗਾਂ ਸਬੰਧੀ ਮਾਹਿਰ ਡਾ. ਮਨੀਸ਼ ਮਲਿਕ ਨੇ ਕਿਡਨੀ ਦੀ ਖਰਾਬੀ ਰੋਕਣ ਲਈ ਐਲੋਪੈਥੀ ਦੀ ਬਜਾਏ ਆਯੁਰਵੇਦ ਦੀ ਉਸ ਦਵਾਈ ਨੂੰ ਬਿਹਤਰ ਦੱਸਿਆ, ਜੋ ਪੰਜ ਕਿਸਮ ਦੀਆਂ ਜੜ੍ਹੀ-ਬੂਟੀਆਂ ਤੋਂ ਤਿਆਰ ਹੁੰਦੀ ਹੈ ਅਤੇ ਬੀਮਾਰੀ ਨੂੰ ਅੱਗੇ ਵਧਣ ਤੋਂ ਰੋਕਦੀ ਹੈ। ਇਕ ਅਜਿਹੀ ਬੂਟੀ ਦੀ ਚਰਚਾ ਵੀ ਹੋਈ, ਜਿਸ ਨਾਲ ਕਿਡਨੀ ਦੀਆਂ ਨੁਕਸਾਨੀਆਂ ਕੋਸ਼ਿਕਾਵਾਂ ਨੂੰ ਠੀਕ ਕਰਨ ’ਚ ਮਦਦ ਮਿਲਦੀ ਹੈ। ਮੇਰਠ ’ਚ ਵੀ ਜੜ੍ਹੀ-ਬੂਟੀਆਂ ਦੀ ਵਰਤੋਂ ਦੇ ਵਧੀਆ ਨਤੀਜੇ ਦੱਸੇ। ਉਥੋਂ ਦੇ ਪ੍ਰਸਿੱਧ ਆਧੁਨਿਕ ਹੱਡੀਆਂ ਦੇ ਰੋਗਾਂ ਸਬੰਧੀ ਮਾਹਿਰ ਡਾ. ਸੰਜੇ ਜੈਨ ਨੇ ਕਈ ਮਰੀਜ਼ਾਂ ’ਤੇ ਚਰਕ ਦੇ ਨੁਸਖੇ ਨਾਲ ਤਿਆਰ ਆਯੁਰਵੈਦਿਕ ਜੜ੍ਹੀ-ਬੂਟੀਆਂ ਤੋਂ ਬਣੀਆਂ ਦਵਾਈਆਂ ਦੀ ਵਰਤੋਂ ਕਰ ਕੇ ਮਰੀਜ਼ਾਂ ਦੇ ਸਫਲ ਆਪ੍ਰੇਸ਼ਨ ਕੀਤੇ, ਜਿਨ੍ਹਾਂ ਨੂੰ ਕੋਈ ਇਨਫੈਕਸ਼ਨ ਤਕ ਨਹੀਂ ਹੋਈ। ਇਥੋਂ ਤਕ ਕਿ ਇਕ 82 ਸਾਲ ਦੇ ਮਰੀਜ਼ ਨੂੰ ਪ੍ਰੋਸਟੇਟ ਦੇ ਆਪ੍ਰੇਸ਼ਨ ਮਗਰੋਂ ਐਂਟੀਬਾਇਓਟਿਕ ਦੇ ਚਰਕ ਦੇ ਨੁਸਖਿਆਂ ਦੀਆਂ ਜੜ੍ਹੀ-ਬੂਟੀਆਂ ਨਾਲ ਬਣੀਆਂ ਦਵਾਈਆਂ ਦਿੱਤੀਆਂ, ਜੋ ਕਾਰਗਰ ਸਾਬਿਤ ਹੋਈਆਂ।
ਯਕੀਨੀ ਤੌਰ ’ਤੇ ਨਤੀਜੇ ਅਜਿਹੇ ਸਮੇਂ ਬੇਹੱਦ ਆਸਾਂ ਵਧਾ ਰਹੇ ਹਨ, ਜਦੋਂ ਸਮੁੱਚੀ ਦੁਨੀਆ ’ਚ ਨਵੇਂ ਐਂਟੀਬਾਇਓਟਿਕਸ ’ਤੇ ਕੰਮ ਲੱਗਭਗ ਰੁਕਿਆ ਪਿਆ ਹੈ ਅਤੇ ਇਸ ਨੂ ਲੈ ਕੇ ਆਧੁਨਿਕ ਮੈਡੀਕਲ ਵਿਗਿਆਨ ਜ਼ਬਰਦਸਤ ਪ੍ਰੇਸ਼ਾਨ ਹੈ। ਦੁਨੀਆ ਭਰ ਦੇ ਮੈਡੀਕਲ ਜਗਤ ਲਈ ਬੇਸ਼ੱਕ ਇਹ ਬੜੀ ਚਿੰਤਾ ਵਾਲੀ ਗੱਲ ਹੋਵੇ ਪਰ ਸਾਡੇ ਲਈ ਸੰਭਾਵਨਾਵਾਂ ਨੂੰ ਖੋਲ੍ਹਣ ਦਾ ਸੁਨਹਿਰੀ ਮੌਕਾ ਹੈ ਕਿ ਅਸੀਂ ਵਿਸ਼ਵ ਮੈਡੀਕਲ ਦੇ ਆਧਾਰ ਚਰਕ ਵਿਧੀ ’ਤੇ ਖਾਸ ਧਿਆਨ ਦੇ ਕੇ ਦੁਨੀਆ ਭਰ ਦੇ ਮੈਡੀਕਲ ਸਾਇੰਸ ਉੱਤੇ ਆਪਣਾ ਲੋਹਾ ਮੰਨਵਾ ਸਕੀਏ।
ਹੁਣ ਜੋ ਵੀ ਮੌਜੂਦਾ ਐਂਟੀਬਾਇਓਟਿਕਸ ਹਨ। ਪੂਰੀ ਦੁਨੀਆ ਦੀ ਉਨ੍ਹਾਂ ’ਤੇ ਨਿਰਭਰਤਾ ਹੈ। ਉਸ ’ਤੇ ਵੀ ਅੰਨ੍ਹੇਵਾਹ ਅਤੇ ਹਰ ਰੋਗ ’ਚ ਧੜੱਲੇ ਨਾਲ ਹੋ ਰਹੀ ਵਰਤੋਂ ਜਿੱਥੇ ਉਸ ਦੇ ਅਸਰ ਨੂੰ ਦਿਨੋ-ਦਿਨ ਘਟਾਉਂਦੀ ਜਾ ਰਹੀ ਹੈ, ਉਥੇ ਹੀ ਮੈਡੀਕਲ ਮਾਹਿਰਾਂ ਸਾਹਮਣੇ ਸਾਰੀਆਂ ਬੀਮਾਰੀਆਂ ਦੇ ਇਲਾਜ ’ਚ ਇਨ੍ਹਾਂ ਐਂਟੀਬਾਇਓਟਿਕਸ ਦੇ ਅੱਗੇ ਦੂਜੀਆਂ ਦਵਾਈਆਂ ਦੇ ਬੇਅਸਰ ਹੋ ਜਾਣ ਨਾਲ ਗੰਭੀਰ ਅਤੇ ਨਵੀਆਂ ਚੁਣੌਤੀਆਂ ਬਣਦੀਆਂ ਜਾ ਰਹੀਆਂ ਹਨ। ਇਸ ਨੂੰ ਹਰ ਕੀਮਤ ’ਤੇ ਪੂਰੇ ਦੇਸ਼-ਦੁਨੀਆ ’ਚ ਰੋਕਣਾ ਪਵੇਗਾ, ਜੋ ਸੰਭਵ ਨਹੀਂ ਦਿਸਦਾ। ਅਜਿਹੀ ਹਾਲਤ ਵਿਚ ਭਾਰਤ ਸਾਹਮਣੇ ਚੁਣੌਤੀ ਤੋਂ ਵੱਧ ਸ਼ਾਨਦਾਰ ਮੌਕਾ ਹੈ ਕਿ ਅਸੀਂ ਚਰਕ ਵਿਧੀ ਅਤੇ ਆਯੁਰਵੇਦ ਰਾਹੀਂ ਵਰ੍ਹਿਆਂ ਤੋਂ ਪ੍ਰਚੱਲਿਤ ਤਕਨੀਕ ਨੂੰ ਨਵੇਂ, ਆਧੁਨਿਕ ਅਤੇ ਅਸਰਦਾਰ ਢੰਗ ਨਾਲ ਸਾਹਮਣੇ ਲਿਆਉਣ ਦੀ ਦਿਸ਼ਾ ’ਚ ਕੰਮ ਕਰੀਏ ਅਤੇ ਦੁਨੀਆ ਭਰ ’ਚ ਮੈਡੀਕਲ ਦੇ ਖੇਤਰ ’ਚ ਵੀ ਆਪਣਾ ਡੰਕਾ ਵਜਵਾ ਸਕੀਏ। ਦੁਨੀਆ ਭਰ ਲਈ ਜੋ ਐਂਟੀਬਾਇਓਟਿਕ ਚੁਣੌਤੀ ਹੈ, ਸਾਡੀ ਚਰਕ ਵਿਧੀ ’ਚ ਵਰਣਿਤ ਜੜ੍ਹੀ-ਬੂਟੀਆਂ ’ਚ ਬਿਨਾਂ ਸਾਈਡ ਇਫੈਕਟ ਦੇ ਉਹ ਵੱਡਾ ਵਰਦਾਨ ਸਾਬਿਤ ਹੋਵੇਗੀ, ਜੋ ਭਾਰਤ ਨੂੰ ਵਿਸ਼ਵ ਸਿਹਤ ਗੁਰੂ ਅਤੇ ਵੱਡਾ ਬਾਜ਼ਾਰ ਬਣਾਉਣ ਲਈ ਵੀ ਨਵਾਂ ਰਾਹ ਹੋਵੇਗਾ।
rituparndave@gmail.com
ਦਿੱਲੀ 2012 ਬਨਾਮ ਉੱਨਾਵ 2019
NEXT STORY