ਦੇਵੀ ਐੱਮ. ਚੇਰੀਅਨ
ਮੈਂ ਹੁਣੇ ਹਿਮਾਚਲ ਤੋਂ ਵਾਪਸ ਆਈ ਹਾਂ ਅਤੇ ਨੌਜਵਾਨਾਂ ’ਚ ਨਸ਼ੇ ਦੀ ਦੁਰਵਰਤੋਂ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੇਖ ਕੇ ਹੈਰਾਨ ਹਾਂ। ਭਾਰਤ ਦੇ ਵੱਡੇ ਹਿੱਸਿਆਂ ’ਚ ਵਿਸ਼ੇਸ਼ ਤੌਰ ’ਤੇ ਉੱਤਰੀ ਬੈਲਟ ’ਚ ਨਸ਼ੇ ਦੇ ਕਾਰਨ ਆਤਮਹੱਤਿਆ, ਓਵਰਡੋਜ਼ ਅਤੇ ਅਪਰਾਧ ਵਧ ਰਹੇ ਹਨ। ਸਾਡੇ ਸਮਾਜਿਕ ਤਾਣੇ-ਬਾਣੇ ਨੂੰ ਖਾ ਰਹੀਆਂ ਸਭ ਤੋਂ ਵਿਨਾਸ਼ਕਾਰੀ ਤਾਕਤਾਂ ’ਚੋਂ ਇਕ ਚਿੱਟਾ ਅਤੇ ਨੌਜਵਾਨਾਂ ’ਚ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਦੇ ਆਸੇ-ਪਾਸੇ ਇਕ ਖਤਰਨਾਕ ਸੰਨਾਟਾ ਛਾਇਆ ਹੋਇਆ ਹੈ।
ਚਿੱਟਾ ਹੁਣ ਸਿਰਫ ਸਰਹੱਦੀ ਸੂਬਿਆਂ ਜਾਂ ਵਿਸ਼ੇਸ਼ ਇਲਾਕਿਆਂ ਤੱਕ ਸੀਮਤ ਨਹੀਂ ਹੈ। ਪਿੰਡਾਂ ਤੋਂ ਸ਼ਹਿਰਾਂ ਤੱਕ, ਸਕੂਲ ਜਾਣ ਵਾਲੇ ਅੱਲ੍ਹੜਾਂ ਤੋਂ ਲੈ ਕੇ ਕਾਲਜ ਦੇ ਵਿਦਿਆਰਥੀਆਂ ਅਤੇ ਬੇਰੋਜ਼ਗਾਰ ਨੌਜਵਾਨਾਂ ਤੱਕ ਇਸ ਦੀ ਪਹੁੰਚ ਖਤਰਨਾਕ ਤੌਰ ’ਤੇ ਵਧ ਗਈ ਹੈ। ਚਿੱਟਾ ਚੁੱਪਚਾਪ ਸਰੀਰ ’ਚ ਪ੍ਰਵੇਸ਼ ਕਰਦਾ ਹੈ, ਸਿਹਤ ਨੂੰ ਨਸ਼ਟ ਕਰਦਾ ਹੈ, ਪਰਿਵਾਰ ਦੀ ਬੱਚਤ ਨੂੰ ਨਿਘਲ ਜਾਂਦਾ ਹੈ ਅਤੇ ਨੌਜਵਾਨਾਂ ਤੋਂ ਉਨ੍ਹਾਂ ਦੀਆਂ ਇੱਛਾਵਾਂ, ਅਨੁਸ਼ਾਸਨ ਅਤੇ ਉਮੀਦ ਖੋਹ ਲੈਂਦਾ ਹੈ। ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਨਾਲ ਸੰਬੰਧਤ ਕਿਸੇ ਨਾ ਕਿਸੇ ਕਾਰਨ ਕਰ ਕੇ ਹਰ ਦਿਨ ਨੌਜਵਾਨ ਲੜਕੇ-ਲੜਕੀਆਂ ਮਰ ਰਹੇ ਹਨ।
ਨੌਜਵਾਨਾਂ ’ਚ ਨਸ਼ੇ ਦੇ ਸੇਵਨ ਨੂੰ ਅਕਸਰ ਵਿਦ੍ਰੋਹ ਜਾਂ ਨੈਕਿਤ ਅਸਫਲਤਾ ਦੇ ਰੂਪ ’ਚ ਗਲਤ ਸਮਝਿਆ ਜਾਂਦਾ ਹੈ। ਅਸਲ ’ਚ ਇਹ ਅਕਸਰ ਇਕ ਹਿਜ਼ਰਤ ਹੈ, ਬੇਰੋਜ਼ਗਾਰੀ, ਵਿੱਦਿਅਕ ਦਬਾਅ, ਟੁੱਟੇ ਹੋਏ ਘਰਾਂ, ਇਕੱਲੇਪਨ, ਅਸਲ ਤੋਂ ਪਰ੍ਹੇ ਉਮੀਦਾਂ ਅਤੇ ਸਮਾਜਿਕ ਤੁਲਨਾ ਤੋਂ ਬਚਣ ਦਾ ਇਕ ਰਸਤਾ। ਕਈ ਨੌਜਵਾਨ ਆਪਣੇ ਵੇਚੇ ਗਏ ਸੁਪਨਿਆਂ ਅਤੇ ਉਨ੍ਹਾਂ ਤੋਂ ਖੋਹੀਆਂ ਗਈਆਂ ਹਕੀਤਤਾਂ ਦੇ ਵਿਚਾਲੇ ਫਸੇ ਹੋਏ ਮਹਿਸੂਸ ਕਰ ਰਹੇ ਹਨ। ਡਰੱਗਜ਼ ਉਨ੍ਹਾਂ ਨੂੰ ਅਸਥਾਈ ਰਾਹਤ, ਕੰਟਰੋਲ ਦਾ ਇਕ ਝੂਠਾ ਅਹਿਸਾਸ ਅਤੇ ਕਿਸੇ ਸਮੂਹ ਨਾਲ ਜੁੜਨ ਦਾ ਬੋਧ ਕਰਾਉਂਦੇ ਹਨ ਪਰ ਇਹ ਰਾਹਤ ਘੱਟ ਸਮੇਂ ਲਈ ਹੁੰਦੀ ਹੈ, ਜਦਕਿ ਇਸ ਤੋਂ ਬਾਅਦ ਦੇ ਪ੍ਰਭਾਵ ਸਥਾਈ ਹੁੰਦੇ ਹਨ।
ਸਰੀਰਕ ਤੌਰ ’ਤੇ ਆਦਤ ਸਰੀਰ ਨੂੰ ਕਮਜ਼ੋਰ ਕਰਦੀ ਹੈ, ਅੰਗਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਜੀਵਨ ਨੂੰ ਛੋਟਾ ਕਰ ਦਿੰਦੀ ਹੈ। ਮਾਨਸਿਕ ਤੌਰ ’ਤੇ ਇਹ ਉਦਾਸੀ, ਚਿੰਤਾ, ਹਮਲਾਵਰੀਪਨ ਅਤੇ ਸਿਖਰ ਦੇ ਮਾਮਲਿਆਂ ’ਚ ਆਤਮਹੱਤਿਆ ਵੱਲ ਜਾਂਦੀ ਹੈ। ਸਮਾਜਿਕ ਤੌਰ ’ਤੇ ਨਸ਼ੇ ਦੇ ਆਦੀ ਲੋਕਾਂ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਜਾਂਦਾ ਹੈ। ਅਪਰਾਧ ਵਧਦੇ ਹਨ, ਪਰਿਵਾਰ ਖਿੰਡ ਜਾਂਦੇ ਹਨ ਅਤੇ ਭਾਈਚਾਰੇ ਵਿਸ਼ਵਾਸ ਗੁਆ ਦਿੰਦੇ ਹਨ। ਆਰਥਿਕ ਤੌਰ ’ਤੇ ਘਰ ਬਰਬਾਦ ਹੋ ਜਾਂਦੇ ਹਨ ਕਿਉਂਕਿ ਸਿੱਖਿਆ, ਸਿਹਤ ਜਾਂ ਖੇਤੀ ਦੇ ਲਈ ਰੱਖਿਆ ਗਿਆ ਪੈਸਾ ਨਸ਼ੇ ਅਤੇ ਵਾਰ-ਵਾਰ ਇਲਾਜ ਦੇ ਯਤਨਾਂ ’ਚ ਵਹਿ ਜਾਂਦਾ ਹੈ।
ਫਿਰ ਵੀ ਸਿੱਧੇ ਨੁਕਸਾਨ ਦੇ ਬਾਵਜੂਦ, ਪ੍ਰਤੀਕਿਰਿਆ ਨਾਕਾਫੀ ਬਣੀ ਹੋਈ ਹੈ। ਇਸ ਦਾ ਇਕ ਪ੍ਰਮੁੱਖ ਕਾਰਨ ਸਰਕਾਰਾਂ, ਰਾਜਨੇਤਾਵਾਂ ਅਤੇ ਨੌਕਰਸ਼ਾਹਾਂ ਵਲੋਂ ਸਮੱਸਿਆ ਦੇ ਪੈਮਾਨੇ ਨੂੰ ਸਵੀਕਾਰ ਕਰਨ ’ਚ ਅਣਇੱਛਾ ਹੈ। ਅੰਕੜਿਆਂ ਨੂੰ ਘੱਟ ਦੱਸਿਆ ਜਾਂਦਾ ਹੈ। ਸਰਵੇਖਣਾਂ ’ਚ ਦੇਰੀ ਕੀਤੀ ਜਾਂਦੀ ਹੈ। ਡਾਟਾ ਨੂੰ ਚੋਣਵੇਂ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਇਸ ਨਾਲ ਕਿਤੇ ਵੱਧ ਸ਼ਰਮਨਾਕ ਅਸਲੀ ਅੰਕੜਿਆਂ ਅਤੇ ਕਾਰਨਾਂ ਨੂੰ ਲੁਕਾਉਣਾ ਹੈ। ਇਹ ਦ੍ਰਿਸ਼ਟੀਕੋਣ ਖ਼ਤਰਨਾਕ ਹੈ। ਅੰਕੜੇ ਲੁਕਾਉਣ ਨਾਲ ਆਦਤ ਘੱਟ ਨਹੀਂ ਹੁੰਦੀ, ਇਹ ਸਿਰਫ ਪ੍ਰਤੀਕਿਰਿਆ ਨੂੰ ਕਮਜ਼ੋਰ ਕਰਦਾ ਹੈ। ਸਟੀਕ ਡਾਟਾ ਤੋਂ ਬਿਨਾਂ ਨੀਤੀ ਸਿਰਫ ਅਨੁਮਾਨ ਬਣ ਕੇ ਰਹਿ ਜਾਂਦੀ ਹੈ। ਸੋਮਿਆਂ ਦੀ ਗਲਤ ਅਲਾਟਮੈਂਟ ਹੁੰਦੀ ਹੈ। ਪੁਨਰਵਾਸ ਕੇਂਦਰ ਨਾਕਾਫੀ ਹਨ।
ਸਰਕਾਰ ਦੀ ਭੂਮਿਕਾ ਸਿਰਫ ਗ੍ਰਿਫ਼ਤਾਰੀਆਂ ਅਤੇ ਜ਼ਬਤੀ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਨਸ਼ੀਲੀਆਂ ਦਵਾਈਆਂ ਦੇ ਸਮੱਗਲਰਾਂ ’ਤੇ ਨਕੇਲ ਕੱਸਣੀ ਜ਼ਰੂਰੀ ਹੈ ਪਰ ਨਸ਼ੇ ਦੇ ਆਦੀ ਲੋਕਾਂ ਨੂੰ ਅਪਰਾਧੀਆਂ ਵਾਂਗ ਮੰਨਣਾ ਠੀਕ ਨਹੀਂ ਹੈ। ਨਸ਼ਾ ਪਹਿਲਾਂ ਇਕ ਸਿਹਤ ਅਤੇ ਸਮਾਜਿਕ ਮੁੱਦਾ ਹੈ ਅਤੇ ਬਾਅਦ ’ਚ ਕਾਨੂੰਨ-ਵਿਵਸਥਾ ਦਾ। ਸਰਕਾਰਾਂ ਨੂੰ ਜਾਗਰੂਕਤਾ ਮੁਹਿੰਮਾਂ ’ਚ ਭਾਰੀ ਨਿਵੇਸ਼ ਕਰਨਾ ਚਾਹੀਦਾ ਹੈ, ਜੋ ਨੌਜਵਾਨਾਂ ਦੀ ਭਾਸ਼ਾ ’ਚ ਗੱਲ ਕਰੇ, ਨਾ ਕਿ ਸਿਰਫ ਸਰਕਾਰੀ ਨਾਅਰਿਆਂ ’ਚ। ਸਕੂਲਾਂ ਅਤੇ ਕਾਲਜਾਂ ’ਚ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ, ਮਾਨਸਿਕ ਸਿਹਤ ਅਤੇ ਮੁਕਾਬਲਾ ਕਰਨ ਦੇ ਕੌਸ਼ਲ ’ਤੇ ਢਾਂਚਾਗਤ, ਜ਼ਰੂਰੀ ਪ੍ਰੋਗਰਾਮ ਹੋਣੇ ਚਾਹੀਦੇ ਹਨ।
ਨਸ਼ਾ ਮੁਕਤੀ ਕੇਂਦਰ ਨਿਯਮਤ, ਕਫਾਇਤੀ ਅਤੇ ਪਹੁੰਚਯੋਗ ਹੋਣੇ ਚਾਹੀਦੇ। ਇਲਾਜ ਸਿਰਫ ਡੀਕੋਸੀਵਿਕੇਸ਼ਨ ਦੇ ਨਾਲ ਖਤਮ ਨਹੀਂ ਹੋਣਾ ਚਾਹੀਦਾ, ਮੁੜ ਦੁਹਰਾਓ ਨੂੰ ਰੋਕਣ ਦੇ ਲਈ ਸਲਾਹ, ਕੌਸ਼ਲ ਵਿਕਾਸ, ਨੌਕਰੀ ਦੀ ਨਿਯੁਕਤੀ ਅਤੇ ਲੰਬੇ ਸਮੇਂ ਫਾਲੋਅਪ ਕਾਰਵਾਈ ਮਹੱਤਵਪੂਰਨ ਹੈ। ਉਦੇਸ਼ ਜਾਂ ਸਮਰਥਨ ਦੇ ਬਿਨਾਂ ਇਕ ਠੀਕ ਹੋਇਆ ਵਿਅਕਤੀ ਹਮੇਸ਼ਾ ਵਾਪਸ ਨਸ਼ੇ ’ਚ ਡਿੱਗਣ ਦੇ ਜੋਖਿਮ ’ਚ ਰਹਿੰਦਾ ਹੈ। ਰਾਜਨੇਤਾਵਾਂ ਨੂੰ ਵੀ ਰਾਜਨੀਤਿਕ ਪਤਨ ਦੇ ਆਪਣੇ ਡਰ ਨੂੰ ਤਿਆਗਣਾ ਚਾਹੀਦਾ। ਸਮੱਸਿਆ ਨੂੰ ਸਵੀਕਾਰ ਕਰਨਾ ਲੀਡਰਸ਼ਿਪ ਨੂੰ ਕਮਜ਼ੋਰ ਨਹੀਂ, ਸਗੋਂ ਮਜ਼ਬੂਤ ਬਣਾਉਂਦਾ ਹੈ। ਜੋ ਨੇਤਾ ਇਮਾਨਦਾਰੀ ਨਾਲ ਗੱਲ ਕਰਨਗੇ, ਪਾਰਦ੍ਰਿਸ਼ਤਾ ਨਾਲ ਧਨ ਵੀ ਅਲਾਟਮੈਂਟ ਕਰਨਗੇ ਅਤੇ ਨਾਗਰਿਕ ਸਮਾਜ ਨੂੰ ਸ਼ਾਮਲ ਕਰਨਗੇ, ਉਹ ਵਿਸ਼ਵਾਸ ਹਾਸਲ ਕਰਨਗੇ, ਗੁਆਉਣਗੇ ਨਹੀਂ।
ਨੌਕਰਸ਼ਾਹੀ ਨੂੰ ਵੀ ਫਾਈਲ ਵਰਕ ਅਤੇ ਅੰਕੜਿਆਂ ਤੋਂ ਅੱਗੇ ਵਧਣਾ ਹੋਵੇਗਾ।
ਹਾਲਾਂਕਿ, ਸਮਾਜ ਨੂੰ ਖੁਦ ਆਪਣੇ ਪਾਖੰਡ ਦਾ ਸਾਹਮਣਾ ਕਰਨਾ ਪਵੇਗਾ। ਸੁਧਾਰ ’ਚ ਸਭ ਤੋਂ ਵੱਡੀਆਂ ਮੁਸ਼ਕਿਲਾਂ ’ਚੋਂ ਇਕ ‘ਕਲੰਕ’ ਹੈ। ਪਰਿਵਾਰ ਸ਼ਰਮ ਦੇ ਡਰ ਨਾਲ ਨਸ਼ੇ ਦੇ ਆਦੀ ਮੈਂਬਰਾਂ ਨੂੰ ਛੁਪਾਉਂਦੇ ਹਨ। ਗੁਆਂਢੀ ਗੱਲਾਂ ਕਰਦੇ ਹਨ, ਮਜ਼ਾਕ ਉਡਾਉਂਦੇ ਹਨ ਜਾਂ ਅਲੱਗ-ਥਲੱਗ ਕਰ ਦਿੰਦੇ ਹਨ। ਵਿਆਹ ਦੀਆਂ ਸੰਭਾਵਨਾਵਾਂ ਬਰਬਾਦ ਹੋ ਜਾਂਦੀਆਂ ਹਨ। ਇਹ ਸਮਾਜਿਕ ਸਜ਼ਾ ਅਕਸਰ ਨਸ਼ੇੜੀਆਂ ਨੂੰ ਨਸ਼ਿਆ ਦੇ ਸੇਵਨ ਤੋਂ ਬਾਹਰ ਕੱਢਣ ਦੀ ਬਜਾਏ ਹੋਰ ਡੂੰਘਾ ਧੱਕ ਦਿੰਦਾ ਹੈ। ਨਸ਼ੇ ਦੀ ਆਦਤ ਨੂੰ ਕਲੰਕ ਦੇ ਰੂਪ ’ਚ ਨਹੀਂ, ਸਗੋਂ ਸਮੂਹਿਕ ਸਮਰਥਨ ਦੀ ਲੋੜ ਵਾਲੇ ਸੰਕਟ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ।
ਧਾਰਮਿਕ ਸੰਸਥਾਵਾਂ, ਭਾਈਚਾਰਕ ਨੇਤਾਵਾਂ ਅਤੇ ਪੰਚਾਇਤਾਂ ਦੀ ਇਸ ’ਚ ਸ਼ਕਤੀਸ਼ਾਲੀ ਭੂਮਿਕਾ ਹੈ। ਉਨ੍ਹਾਂ ਦੇ ਸ਼ਬਦਾਂ ’ਚ ਵਜ਼ਨ ਹੁੰਦਾ ਹੈ। ਜੇਕਰ ਉਹ ਨਿੰਦਾ ਦੀ ਬਜਾਏ ਤਰਸ ਅਤੇ ਚੁੱਪ ਦੀ ਬਜਾਏ ਜਾਗਰੂਕਤਾ ਨੂੰ ਉਤਸ਼ਾਹ ਦਿੰਦੇ ਹਨ, ਤਾਂ ਪ੍ਰਭਾਵ ਤਬਦੀਲੀਯੋਗ ਹੋ ਸਕਦਾ ਹੈ। ਸਾਬਕਾ-ਨਸ਼ੇੜੀ, ਜੋ ਸਫਲਤਾਪੂਰਵਕ ਠੀਕ ਹੋ ਚੁੱਕੇ ਹਨ, ਉਨ੍ਹਾਂ ਨੂੰ ਆਪਣੀ ਯਾਤਰਾ ਖੁੱਲ੍ਹ ਕੇ ਸਾਂਝੀ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ। ਉਨ੍ਹਾਂ ਦੀਆਂ ਕਹਾਣੀਆਂ ਮਿੱਥਕਾਂ ਨੂੰ ਤੋੜਦੀਆਂ ਹਨ, ਆਸ ਜਗਾਉਂਦੀਆਂ ਹਨ ਅਤੇ ਡਰ ਨੂੰ ਘੱਟ ਕਰਦੀਆਂ ਹਨ। ਮੀਡੀਆ ਨੂੰ ਵੀ ਜ਼ਿੰਮੇਵਾਰੀਆਂ ਨਾਲ ਕੰਮ ਕਰਨਾ ਚਾਹੀਦਾ। ਸਨਸਨੀਖੇਜ਼ ਸੁਰਖੀਆਂ ਅਤੇ ਨੈਤਿਕ ਫੈਸਲੇ ਬਹੁਤ ਘੱਟ ਲਾਭ ਪਹੁੰਚਾਉਂਦੇ ਹਨ।
ਭਾਰਤ ਦੁਨੀਆ ਦੀ ਸਭ ਤੋਂ ਨੌਜਵਾਨ ਆਬਾਦੀ ਹੋਣ ’ਤੇ ਮਾਣ ਕਰਦਾ ਹੈ ਪਰ ਜੇਕਰ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਏ ਤਾਂ ਇਹ ਆਬਾਦੀ ਲਾਭ ਜਲਦੀ ਹੀ ਆਬਾਦੀ ਆਫਤ ’ਚ ਬਦਲ ਸਕਦਾ ਹੈ। ਚਿੱਟਾ ਅਤੇ ਡਰੱਗਜ਼ ਸਿਰਫ ਵਿਅਕਤੀਆਂ ਨੂੰ ਤਬਾਹ ਨਹੀਂ ਕਰ ਰਹੇ, ਉਹ ਰਾਸ਼ਟਰ ਦੀ ਭਵਿੱਖ ਦੀ ਕਾਰਜਸ਼ਕਤੀ, ਲੀਡਰਸ਼ਿਪ ਅਤੇ ਸਮਾਜਿਕ ਸਥਿਰਤਾ ਨੂੰ ਖਤਮ ਕਰ ਰਹੇ ਹਨ। ਉਹ ਇਕ ਪੂਰੀ ਪੀੜ੍ਹੀ ਨੂੰ ਖਤਮ ਕਰ ਰਹੇ ਹਨ। ਇਹ ਸੰਕਟ ਈਮਾਨਦਾਰੀ, ਹਮਦਰਦੀ ਅਤੇ ਤੁਰੰਤ ਦੀ ਮੰਗ ਕਰਦਾ ਹੈ। ਸਿਰਫ ਜਦੋਂ ਸੱਚ ਇਨਕਾਰ ਦੀ ਜਗ੍ਹਾ ਲਵੇਗਾ ਅਤੇ ਤਰਸ ਕਲੰਕ ਦੀ ਜਗ੍ਹਾ, ਤਾਂ ਹੀ ਅਸੀਂ ਉਸ ਪੀੜ੍ਹੀ ਨੂੰ ਬਚਾਉਣ ਦੀ ਉਮੀਦ ਕਰ ਸਕਦੇ ਹਨ, ਜੋ ਚੁੱਪਚਾਪ ਅਲੋਪ ਹੁੰਦੀ ਜਾ ਰਹੀ ਹੈ।
‘ਮਿਲਾਵਟੀ ਖੁਰਾਕੀ ਅਤੇ ਹੋਰ ਪਦਾਰਥਾਂ ਦਾ ਧੰਦਾ ਜ਼ੋਰਾਂ ’ਤੇ’ ਸਿਹਤ ਲਈ ਹੈ ਨੁਕਸਾਨਦੇਹ!
NEXT STORY