ਤ੍ਰਾਸਦੀ ਭਰੇ ‘ਆਪ੍ਰੇਸ਼ਨ ਬਲੂ ਸਟਾਰ’ (4-8 ਜੂਨ, 1984) ਨੂੰ ਇਸ ਹਫਤੇ 39 ਸਾਲ ਪੂਰੇ ਹੋ ਗਏ ਹਨ ਅਤੇ ਇਸ ਘਟਨਾਕ੍ਰਮ ਦੇ ਕੁਝ ਸੁਲਗਦੇ ਸਵਾਲਾਂ ਦਾ ਜਵਾਬ ਲੱਭਣਾ ਸੁਭਾਵਕ ਹੈ। ਕਿਸ ਨੇ ਹਿੰਦੂ-ਸਿੱਖ ਸਬੰਧਾਂ ’ਚ ਕੜਵਾਹਟ ਪੈਦਾ ਕੀਤੀ? ਸਦੀਆਂ ਪਹਿਲਾਂ ਸਿੱਖ ਗੁਰੂਆਂ ਅਤੇ ਉਨ੍ਹਾਂ ਦੀ ਪ੍ਰੰਪਰਾ ’ਚੋਂ ਨਿਕਲੇ ਸੱਚੇ ਸ਼ਰਧਾਲੂਆਂ ਨੇ ਇਸਲਾਮੀ ਹਮਲਾਵਰਾਂ ਕੋਲੋਂ ਭਾਰਤੀ ਸੱਭਿਆਚਾਰ ਦੀ ਰੱਖਿਆ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦਿੱਤਾ ਸੀ, ਉਸ ਪੰਥ ’ਚ ਵਿਕ੍ਰਿਤ ‘ਖਾਲਿਸਤਾਨ ਦਾ ਵਿਚਾਰ’ ਕਿਵੇਂ ਪੈਦਾ ਹੋਇਆ? ਜਿਹੜਾ ਪੰਜਾਬ 1970 ਦੇ ਦਹਾਕੇ ਤੱਕ ਸ਼ਾਂਤ ਸੀ, ਉੱਥੇ 1980-90 ਦੇ ਦੌਰ ’ਚ ਹਿੰਦੂਆਂ ਨੂੰ ਮਿੱਥ ਕੇ ਰਾਹ ਚਲਦਿਆਂ ਅਤੇ ਬੱਸਾਂ-ਗੱਡੀਆਂ ’ਚੋਂ ਕੱਢ ਕੇ ਕਿਉਂ ਗੋਲੀਆਂ ਨਾਲ ਭੁੰਨਿਆ ਜਾਣ ਲੱਗਾ? ਕਿਉਂ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ 2 ਸਿੱਖ ਸੁਰੱਖਿਆ ਕਰਮੀਆਂ ਨੇ ਬੇਰਹਿਮ ਹੱਤਿਆ ਕਰ ਦਿੱਤੀ? ਇਸ ਦੇ ਤਤਕਾਲ ਪਿੱਛੋਂ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਕਿਸ ਸਿਆਸੀ ਦਲ ਦੀ ਅਗਵਾਈ ’ਚ ਸਮਾਜ ਿਵਰੋਧੀ ਤੱਤਾਂ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ, ਉਨ੍ਹਾਂ ਦੀਆਂ ਜਾਇਦਾਦਾਂ ਲੁੱਟੀਆਂ ਜਾਂ ਸਾੜ ਦਿੱਤੀਆਂ?
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬਾਂ ਨੂੰ ਦੋ ਸਤਰਾਂ ’ਚ ਸਮੋਇਆ ਜਾ ਸਕਦਾ ਹੈ। ਇਸ ਘਟਨਾਕ੍ਰਮ ਦੇ ਮੂਲ ’ਚ ਛੋਟੇ ਸਿਆਸੀ ਹਿੱਤਾਂ ਅਤੇ ਦੇਸ਼ ਦੀ ਕੀਮਤ ’ਤੇ ਸੱਤਾ ਨੂੰ ਹਥਿਆਉਣ ਦੀ ਸਾਜ਼ਿਸ਼ ਸੀ। ਸਾਲਾਂ ਤੋਂ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕਾਂਗਰਸ ਨੇ ਪੰਜਾਬ ’ਚ ਅਕਾਲੀ ਦਲ ਨੂੰ ਹਾਸ਼ੀਏ ’ਤੇ ਪਹੁੰਚਾਉਣ ਲਈ ਭਿੰਡਰਾਂਵਾਲੇ ਦੇ ਰੂਪ ’ਚ ਇਕ ਅੱਤਵਾਦੀ ਸਿੱਖ ਲੀਡਰਸ਼ਿਪ ਨੂੰ ਉਤਸ਼ਾਹਿਤ ਕੀਤਾ ਸੀ। ਇਸ ਕਲੰਕਿਤ ਅਧਿਆਏ ਦਾ ਵਰਨਣ ਇਕ ਗੈਰ- ਸਿਆਸੀ ਪ੍ਰਤੱਖਦਰਸ਼ੀ, ਸਮਕਾਲੀ ਆਈ.ਪੀ.ਐੱਸ ਅਧਿਕਾਰੀ ਅਤੇ ਭਾਰਤੀ ਖੂਫੀਆ ਏਜੰਸੀ ‘ਰਿਸਰਚ ਐਂਡ ਅਨੈਲੇਸਿਸ ਵਿੰਗ’ (ਰਾਅ) ਨਾਲ 26 ਸਾਲਾ ਜੁੜੇ ਰਹਿਣ ਪਿੱਛੋਂ ਵਿਸ਼ੇਸ਼ ਸਕੱਤਰ ਦੇ ਤੌਰ ’ਤੇ ਸੇਵਾਮੁਕਤ ਹੋਏ ਗੁਰਬਖਸ਼ ਸਿੰਘ ਸਿੱਧੂ ਨੇ ਆਪਣੀ ਪੁਸਤਕ ‘ਦਿ ਖਾਲਿਸਤਾਨ ਕਾਂਸਪੀਰੇਸੀ’ ’ਚ ਕੀਤਾ ਹੈ।
ਆਪਣੀ ਪੁਸਤਕ ’ਚ ਗੁਰਬਖਸ਼ ਲਿਖਦੇ ਹਨ, ‘‘ਸਾਲ 1977 ਦੀਆਂ ਪੰਜਾਬ (ਵਿਧਾਨ ਸਭਾ) ਚੋਣਾਂ ’ਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ’ਚ ਅਕਾਲੀ ਦਲ-ਜਨਤਾ ਪਾਰਟੀ ਗਠਜੋੜ ਤੋਂ ਕਾਂਗਰਸ ਹਾਰ ਗਈ ਸੀ। ਇਸ ਪਿੱਛੋਂ ਮੈਨੂੰ ਸਾਬਕਾ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਅਤੇ ਸੰਜੇ ਗਾਂਧੀ ਵੱਲੋਂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹਮਾਇਤ ਨਾਲ ਅਕਾਲੀ ਦਲ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਨੂੰ ਅਸਥਿਰ ਕਰਨ ਦੇ ਯਤਨਾਂ ਦੀ ਜਾਣਕਾਰੀ ਮਿਲੀ।’’
‘‘ਗਿਆਨੀ ਜ਼ੈਲ ਸਿੰਘ ਨੇ ਸੰਜੇ ਗਾਂਧੀ ਨੂੰ ਸਲਾਹ ਿਦੱਤੀ ਕਿ ਪੰਜਾਬ ’ਚ ਅਕਾਲੀ ਦਲ-ਜਨਤਾ ਪਾਰਟੀ ਗਠਜੋੜ ਸਰਕਾਰ ਨੂੰ ਅਸਥਿਰ ਕੀਤਾ ਜਾ ਸਕਦਾ ਹੈ ਜੇਕਰ ਉਨ੍ਹਾਂ ਦੀਆਂ ਉਦਾਰਵਾਦੀ ਨੀਤੀਆਂ ’ਤੇ... ਇਕ ਢੁੱਕਵੇਂ ਸਿੱਖ ਸੰਤ ਵੱਲੋਂ ਲਗਾਤਾਰ ਹਮਲਾ ਕੀਤਾ ਜਾਵੇ। ਜੇ ਕੱਟੜ ਸਿੱਖ ਨੇਤਾ ਉਨ੍ਹਾਂ ਦੇ ਵਿਰੋਧੀ ਦੇ ਤੌਰ ’ਤੇ ਉਭਰਦਾ ਹੈ ਤਾਂ ਅਕਾਲੀ ਆਗੂ ਆਪਣੀ ਹਮਾਇਤ ਨੂੰ ਬਣਾਈ ਰੱਖਣ ਲਈ ਸਿੱਖ ਹਿੱਤਾਂ ’ਤੇ ਸਮਝੌਤਾ ਨਾ ਕਰਨ ਲਈ ਮਜਬੂਰ ਹੋ ਜਾਣਗੇ। ਉਦਾਰਵਾਦੀ ਅਕਾਲੀ ਆਗੂ ਦੀਆਂ ਨੀਤੀਆਂ ’ਚ ਆਉਣ ਵਾਲਾ ਇਹ ਬਦਲਾਅ ਸੁਭਾਵਕ ਤੌਰ ’ਤੇ ਜਨਤਾ ਦਲ ਦੇ ਆਗੂਆਂ ਨੂੰ ਪਸੰਦ ਨਹੀਂ ਆਵੇਗਾ।
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਪ੍ਰਵਾਨਗੀ ਮਿਲਣ ਦੇ ਬਾਅਦ ਸੰਜੇ ਗਾਂਧੀ ਅਤੇ ਉਨ੍ਹਾਂ ਦੇ ਸਹਿਯੋਗੀ ਕਮਲਨਾਥ ਵੱਲੋਂ ਗੁਰਦੁਆਰਾ ਦਰਸ਼ਨ ਪ੍ਰਕਾਸ਼ ਦੇ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸੰਤ ਦੇ ਰੂਪ ’ਚ ਚੁਣਿਆ ਗਿਆ। ... ਜੂਨ 1980 ’ਚ ਸੰਜੇ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਵੱਡੇ ਭਰਾ ਰਾਜੀਵ ਗਾਂਧੀ ਨੇ ਜ਼ਿੰਮੇਵਾਰੀ ਸੰਭਾਲੀ।’’ 1980 ਦੀਆਂ ਲੋਕ ਸਭਾ ਚੋਣਾਂ ’ਚ ਭਿੰਡਰਾਂਵਾਲਾ ਖੁੱਲ੍ਹ ਕੇ ਪੰਜਾਬ ’ਚ ਕਾਂਗਰਸੀ ਉਮੀਦਵਾਰਾਂ ਦਾ ਪ੍ਰਚਾਰ ਕਰ ਰਿਹਾ ਸੀ ਤਾਂ ਕੁਝ ਕਾਂਗਰਸ ਉਮੀਦਵਾਰ ਭਿੰਡਰਾਂਵਾਲੇ ਦੀ ਤਸਵੀਰ ਨੂੰ ਆਪਣੇ ਪੋਸਟਰਾਂ ’ਚ ਲਾ ਰਹੇ ਸਨ।
ਮੁੱਢਲੀ ਅਸਫਲਤਾ ਪਿੱਛੋਂ ਕਾਂਗਰਸੀ ਪ੍ਰਪੰਚ ਨੇ ਪੰਜਾਬ ਨੂੰ ਬੇਕਾਬੂ ਅਰਾਜਕਤਾ ਅਤੇ ਖੂਨ ਖਰਾਬੇ ਵੱਲ ਧੱਕ ਦਿੱਤਾ। ਬਕੌਲ ਜੀ.ਬੀ.ਐੱਸ ਸਿੱਧੂ, ਅਪ੍ਰੈਲ 1982 ਦੇ ਪਹਿਲੇ ਹਫਤੇ ’ਚ ਕਾਂਗਰਸ ਦੀ ਹਮਾਇਤ ਪ੍ਰਾਪਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀਨ ਪ੍ਰਧਾਨ ਸੰਤੋਖ ਸਿੰਘ ਦੇ ਸੱਦੇ ’ਤੇ ਭਿੰਡਰਾਂਵਾਲਾ ਦਿੱਲੀ ਆਇਆ ਸੀ। ਉਦੋਂ ਉਹ ਆਪਣੇ ਦਰਜਨਾਂ ਹਮਾਇਤੀਆਂ ਨਾਲ 2 ਬੱਸਾਂ ’ਚ ਸਵਾਰ ਸੀ। ਭਿੰਡਰਾਂਵਾਲੇ ਦੇ ਕਈ ਹਮਾਇਤੀ ਬੱਸਾਂ ਦੀ ਛੱਤ ’ਤੇ ਬੈਠ ਕੇ ਆਪਣੇ ਹਥਿਆਰਾਂ ਨੂੰ ਲਹਿਰਾਉਂਦੇ ਹੋਏ ਦਿੱਲੀ ਦੇ ਚੱਕਰ ਲਾ ਰਹੇ ਸਨ। ਖੁਦ ਜੀ. ਬੀ. ਐੱਸ. ਨੇ ਦਿੱਲੀ ਦੇ ਕਨਾਟ ਪਲੇਸ ’ਚ ਇਸ ਜਲੂਸ ਨੂੰ ਗੁਜ਼ਰਦਿਆਂ ਦੇਖਿਆ ਸੀ। ਸਿੱਧੂ ਮੁਤਾਬਕ ਇਹ ਸਭ ਸਿੱਖਾਂ ’ਚ ਭਿੰਡਰਾਂਵਾਲੇ ਦਾ ਕੱਦ ਵਧਾਉਣ ਅਤੇ ਦਿੱਲੀ ’ਚ ਹਿੰਦੂਆਂ ਦੇ ਮਨ ’ਚ ਡਰ ਪੈਦਾ ਕਰਨ ਲਈ ਕੀਤਾ ਗਿਆ ਸੀ।
ਕਾਂਗਰਸ ਵੱਲੋਂ ਇਸ ਫੁੱਟਪਾਊ ਸਿਆਸੀ ਹਮਾਇਤ ਦਾ ਨਤੀਜਾ ਇਹ ਹੋਇਆ ਕਿ ਭਿੰਡਰਾਂਵਾਲੇ ਨੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ (ਸਵਰਨ ਮੰਦਿਰ) ਨੂੰ ਆਪਣਾ ਅੱਡਾ ਬਣਾ ਲਿਆ। ਕਿਉਂਕਿ ਖਾਲਿਸਤਾਨ ਦਾ ਖਿਆਲ ਵਿਦੇਸ਼ੀ ਹੈ। ਇਸ ਨੂੰ 100 ਫੀਸਦੀ ਭਾਰਤੀ ਸਿੱਖਾਂ ਦੀ ਹਮਾਇਤ ਨਹੀਂ ਮਿਲਦੀ, ਇਸ ਲਈ ਤਦ ਭਿੰਡਰਾਂਵਾਲੇ ਦੇ ਹੁਕਮ ’ਤੇ ਨਿਰਦੋਸ਼ ਹਿੰਦੂਆਂ ਨਾਲ ਦੇਸ਼ਭਗਤ ਸਿੱਖਾਂ ਨੂੰ ਵੀ ਮਿੱਥ ਕੇ ਮੌਤ ਦੇ ਘਾਟ ਉਤਾਰਿਆ ਜਾਣ ਲੱਗਾ।
ਸਮੇਂ ਦੇ ਨਾਲ ਇੰਦਰਾ ਸਰਕਾਰ ਦੇ ਹੁਕਮ ’ਤੇ ਹੋਏ ‘ਆਪ੍ਰੇਸ਼ਨ ਬਲੂ ਸਟਾਰ’ ਨੇ ਸਵਰਨ ਮੰਦਿਰ ਦੀ ਮਰਿਆਦਾ ਭੰਗ ਕਰ ਦਿੱਤੀ ਜਿਸ ਨਾਲ ਸ਼ਰਧਾਲੂਆਂ ਦੇ ਮਨ ਨੂੰ ਡੂੰਘਾ ਸਦਮਾ ਲੱਗਾ। ਨਤੀਜੇ ਵਜੋਂ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਦੋ ਸਿੱਖ ਅੰਗ ਰੱਖਿਅਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤਾਂ ਇਸ ਦੀ ਪ੍ਰਤੀਕਿਰਿਆ ਵਜੋਂ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਮੌਤ ਦੇ ਘਾਟ (ਜਿਉਂਦੇ ਸਾੜਨ ਸਮੇਤ) ਉਤਾਰ ਦਿੱਤਾ ਗਿਆ। ਇਸ ਯੋਜਨਾਬੱਧ ਖੂਨ ਖਰਾਬੇ ਨੂੰ ਸਿੱਧੇ-ਅਸਿੱਧੇ ਰੂਪ ’ਚ ਉਚਿਤ ਠਹਿਰਾਉਂਦਿਆਂ ਰਾਜੀਵ ਗਾਂਧੀ ਨੇ ਕਿਹਾ ਸੀ, ‘‘ਜਦੋਂ ਵੀ ਕੋਈ ਵੱਡਾ ਰੁੱਖ ਡਿੱਗਦਾ ਹੈ ਤਾਂ ਧਰਤੀ ਥੋੜ੍ਹੀ ਹਿੱਲਦੀ ਹੈ।’’
ਇਹ ਠੀਕ ਹੈ ਕਿ ਕਾਂਗਰਸ ਦੇ ਪੈਦਾ ਕੀਤੇ ਈਕੋ-ਸਿਸਟਮ ਨੇ ਖਾਲਿਸਤਾਨ ਦੇ ਵਿਚਾਰ ਨੂੰ ਹਵਾ ਦਿੱਤੀ ਤਾਂ ਪਾਕਿਸਤਾਨ ਅੱਜ ਵੀ ਇਸ ਦਾ ਸਭ ਤੋਂ ਵੱਡਾ ਪਾਲਕ ਬਣਿਆ ਹੋਇਆ ਹੈ ਪਰ ਇਸ ਦਾ ਵਿਸ਼ਾਗਤ ਦਰਸ਼ਨ (ਫਿਲਾਸਫੀ) ਅਣਵੰਡੀ ਕਾਂਗਰਸ ਦੇ ਜਨਮ (1885) ਤੋਂ ਵੀ ਪੁਰਾਣਾ ਹੈ ਜਿਸ ਦੀ ਉਤਪਤੀ ਵੀ ਅੰਗਰੇਜ਼ਾਂ ਨੇ ‘ਪਾੜ੍ਹੋ ਤੇ ਰਾਜ ਕਰੋ’ ਦੀ ਕੂੜਨੀਤੀ ਦੇ ਤਹਿਤ 1857 ਦੇ ਗਦਰ ਦੇ ਮੁੜ ਹੋਣ ਤੋਂ ਬਚਣ ਲਈ ਕੀਤੀ ਸੀ।
ਇਕ ਪੁਰਾਣਾ ਮੁਹਾਵਰਾ ਹੈ ‘ਜਿਹੜੇ ਇਤਿਹਾਸ ਤੋਂ ਸਬਕ ਨਹੀਂ ਲੈਂਦੇ ਉਨ੍ਹਾਂ ਨੂੰ, ਉਸ ਨੂੰ ਦੁਹਰਾਉਣ ਦਾ ਸਰਾਪ ਲੱਗਦਾ ਹੈ।’ ਕੀ ਅਸੀਂ ‘ਆਪ੍ਰੇਸ਼ਨ ਬਲੂ ਸਟਾਰ’ ਨੂੰ ਜਨਮ ਦੇਣ ਵਾਲੀ ਫੁੱਟਪਾਊ ਮਾਨਸਿਕਤਾ ਅਤੇ ਉਸ ਦੇ ਮੰਦਭਾਗੇ ਨਤੀਜਿਆਂ ਤੋਂ ਕੋਈ ਸਬਕ ਸਿੱਖਿਆ ਹੈ? ਸ਼ਾਇਦ ਨਹੀਂ। ਸੱਤਾ ਦੀ ਭੁੱਖ ਅਤੇ ਕਪਟ, ਅਕਸਰ ਸਮਾਜ ਨੂੰ ਉਸ ਬਿਪਤਾ ’ਚ ਪਾ ਦਿੰਦਾ ਹੈ ਜਿਸ ਦੀ ਕਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ। ਇਸ ਦਾ ਸ਼ਿਕਾਰ ਉਹ ਲੋਕ ਵੀ ਹੁੰਦੇ ਹਨ ਜਿਹੜੇ ਤਤਕਾਲ ਸਵਾਰਥ ਦੀ ਪੂਰਤੀ ਲਈ ਅਜਿਹੇ ਆਤਮਘਾਤੀ ਚਕਰਵਿਊਜ਼ ਦੀ ਰਚਨਾ ਕਰਦੇ ਹਨ।
ਮੰਦੇਭਾਗੀ ਕਾਂਗਰਸ ਦੀ ਅਗਵਾਈ ’ਚ ਵਿਰੋਧੀ ਧਿਰ ਦਾ ਨਿਰਾਸ਼ ਵਰਗ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸੇ ਵੀ ਤਰ੍ਹਾਂ ਸੱਤਾ ਤੋਂ ਬੇਦਖਲ ਕਰਨ ਲਈ 1977-84 ਵਰਗੀ ਫੁੱਟਪਾਊ ‘ਟੂਲਕਿਟ’ ਦਾ ਸਹਾਰਾ ਲੈ ਰਿਹਾ ਹੈ।
ਭਾਰਤੀ ਸਿਆਸਤ ’ਚ ਪ੍ਰਧਾਨ ਮੰਤਰੀ ਮੋਦੀ ਦੀ ਚੜ੍ਹਤ , ਦੇਸ਼ ਨੂੰ ਨਿਰਾਸ਼ਾ ਤੋਂ ਮੁਕਤ ਕਰਨ ਦਾ ਸਫਲ ਯਤਨ, ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ, ਵਿਸ਼ਵ ਪੱਧਰੀ ਮੁੱਢਲੇ ਢਾਂਚੇ ਦਾ ਨਿਰਮਾਣ ਅਤੇ ਦੁਨੀਆ ’ਚ ਭਾਰਤ ਦਾ ਵਧਦਾ ਕੱਦ- ਦੇਸ਼ ਵਿਰੋਧੀ ਸ਼ਕਤੀਆਂ (ਜਿਹਾਦੀਆਂ ਅਤੇ ਖੁਦ ਬਣੇ ਖੱਬੇ-ਉਦਾਰਵਾਦੀਆਂ ਸਮੇਤ) ਨੂੰ ਵਿਆਕੁਲ ਕਰ ਰਿਹਾ ਹੈ। (ਲੇਖਕ ਸੀਨੀਅਰ ਕਾਲਮਨਵੀਸ, ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਹਨ)
ਬਲਬੀਰ ਪੁੰਜ
ਪ੍ਰਚੰਡ ਦੇ ਬਹਾਨੇ ਨੇਪਾਲ ’ਚ ਭਾਰਤ ਦਾ ਵਿਰੋਧ
NEXT STORY