ਅੱਜ ਵੀ ਪਿਤਾ-ਪੁਰਖੀ ਸਮਾਜ ’ਚ ਕੁੜੀਆਂ ਦਾ ਕੁਆਰਾਪਨ ਇਕ ਵੱਡੀ ਵਿਰਾਸਤ ਹੈ। ਇਕ ਲੜਕੀ ਦੀ ਵਰਜਿਨਿਟੀ ਉਸ ਦੀਆਂ ਪ੍ਰਾਪਤੀਆਂ ਅਤੇ ਵਜੂਦ ਤੋਂ ਕਿਤੋਂ ਵੱਧ ਮਾਅਨੇ ਰੱਖਦੀ ਹੈ। ਲੜਕੀ ਵਿਆਹ ਤੱਕ ਕੁਆਰੀ ਹੈ ਤਾਂ ਸੰਸਕਾਰੀ, ਸੁਸ਼ੀਲ। ਨਹੀਂ ਹੈ ਤਾਂ ਸਮਾਜ ਕੋਲ ਵਿਸ਼ੇਸ਼ਣਾਂ ਦੀ ਕਮੀ ਨਹੀਂ ਹੈ। ਮਾਹਿਰ ਮੰਨਦੇ ਹਨ, ਵਿਆਹ ਦੀ ਪਹਿਲੀ ਰਾਤ ਚਾਦਰ ’ਤੇ ਖੂਨ ਲੱਗਣ ਨੂੰ ਦੁਨੀਆ ਭਰ ’ਚ ਕੁਆਰਾਪਨ ਪ੍ਰੀਖਣ ਦਾ ਇਕ ਢੰਗ ਮੰਨਿਆ ਜਾਂਦਾ ਹੈ, ਜਦਕਿ ਇਹ ਗੱਲ ਪੂਰੀ ਤਰ੍ਹਾਂ ਝੂਠ ਹੈ। ਰੀਪ੍ਰੋਡਕਟਿਵ ਹੈਲਥ ਜਰਨਲ ਦੀ ਰਿਪੋਰਟ ਸਾਬਤ ਕਰਦੀ ਹੈ ਕਿ ਖੂਨ ਆਉਣਾ ਵਰਜਿਨਿਟੀ ਦਾ ਨਿਸ਼ਾਨ ਹੈ ਹੀ ਨਹੀਂ, ਕਿਉਂਕਿ ਹਾਈਮਨ ਟੁੱਟਦੀ ਨਹੀਂ ਹੈ, ਸਟ੍ਰੈੱਚ ਹੋ ਜਾਂਦੀ ਹੈ। ਮਾਹਿਰ ਕਹਿੰਦੇ ਹਨ ਕਿ ਵਰਜਿਨਿਟੀ ਨੂੰ ਹਾਈਮਨ ਨਾਲ ਜੋੜ ਕੇ ਦੇਖਣਾ ਗਲਤ ਹੈ।
ਪਹਿਲੀ ਵਾਰ ਸਬੰਧ ਬਣਾਉਣ ’ਤੇ ਖੂਨ ਨਿਕਲਦਾ ਹੀ ਹੈ, ਇਹ ਇਕ ਗਲਤਫਹਿਮੀ ਹੈ ਕਿਉਂਕਿ 90 ਫੀਸਦੀ ਮਾਮਲਿਆਂ ’ਚ ਪਹਿਲੀ ਵਾਰ ਸਬੰਧ ਬਣਾਉਣ ’ਤੇ ਖੂਨ ਨਹੀਂ ਨਿਕਲਦਾ। ਕਾਰਨ ਇਹ ਪਰਤ ਸਿਰਫ ਸਰੀਰਕ ਸਬੰਧਾਂ ਤੋਂ ਇਲਾਵਾ ਟੈਂਪੋਨ, ਕਸਰਤ, ਸਾਈਕਲਿੰਗ, ਤੈਰਾਕੀ ਅਤੇ ਘੋੜਸਵਾਰੀ ਵਰਗੀਆਂ ਖੇਡਾਂ ਕਾਰਨ ਟੁੱਟ ਜਾਂਦੀ ਹੈ ਜਾਂ ਫਿਰ ਉਹ ਬਹੁਤ ਪਤਲੀ ਹੋਵੇ ਜਾਂ ਹੋਵੇ ਹੀ ਨਾ। ਮਾਹਿਰ ਮੰਨਦੇ ਹਨ ਕਿ ਵਰਜਿਨ ਲੜਕੀ ਦੀ ਵਜਾਇਨਾ ਦਾ ਆਕਾਰ ਛੋਟਾ ਹੁੰਦਾ ਹੈ, ਇਹ ਝੂਠ ਹੈ ਕਿਉਂਕਿ ਹਰ ਲੜਕੀ ਦੀ ਵਜਾਇਨਾ ਦਾ ਆਕਾਰ ਉਸ ਦੇ ਸਰੀਰ ਦੇ ਮਾਪ ’ਤੇ ਨਿਰਭਰ ਕਰਦਾ ਹੈ। ਵਜਾਇਨਾ ਦਾ ਛੋਟਾ-ਵੱਡਾ ਜਾਂ ਲੂਜ਼-ਟਾਈਟ ਹੋਣਾ ਉਸ ਦੇ ਵਰਜਿਨ ਹੋਣ ਨਾਲ ਸਬੰਧ ਨਹੀਂ ਰੱਖਦਾ। ਆਕਸਫੋਰਡ ਡਿਕਸ਼ਨਰੀ ’ਚ ਵਰਜਿਨ ਦਾ ਅਰਥ ਹੈ ‘ਓਰਿਜਨਲ’, ‘ਪਵਿੱਤਰ’ ਜਾਂ ‘ਅਣਛੂਹਿਆ’ ਭਾਵ ਕਿ ਜੋ ਆਪਣੇ ਕੁਦਰਤੀ ਰੂਪ ’ਚ ਹੋਵੇ। ਉਸ ਨਾਲ ਕੋਈ ਛੇੜਛਾੜ ਨਾ ਹੋਈ ਹੋਵੇ।
ਜੇ ਬਾਇਓਲਾਜੀਕਲੀ ਗੱਲ ਕਰੀਏ ਤਾਂ ਹਾਈਮਨ ਇਕ ਪਤਲੇ ਜਿਹੇ ਟਿਸ਼ੂ ਦੀ ਇਕ ਪਰਤ ਹੁੰਦੀ ਹੈ ਜੋ ਵਜਾਇਨਾ ਦੇ ਅੰਦਰ ਹੁੰਦੀ ਹੈ। ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ’ਚ ਵੀ ਮਰਦ ਕੁਆਰੀ ਕੁੜੀ ਲਈ ਤਰਸਦੇ ਰਹਿੰਦੇ ਹਨ। ਮਾਮਲਾ ਇਕ ਦੇਸ਼ ਦਾ ਨਹੀਂ, ਸਗੋਂ ਕਈ ਦੇਸ਼ਾਂ ਦੀ ਸੋਚ ਦਾ ਹੈ। ਅਫਸੋਸ, ਦੁਨੀਆ ਦੇ 42 ਫੀਸਦੀ ਦੇਸ਼ਾਂ ’ਚ ਅੱਜ ਵੀ ਵਰਜਿਨਿਟੀ ਟੈਸਟ ਜਾਰੀ ਹੈ। ਇਹ ਪ੍ਰੀਖਣ ਨੌਕਰੀ, ਸਕਾਲਰਸ਼ਿਪ, ਵਿਆਹ ਅਤੇ ਜਾਂਚ ਦੇ ਨਾਂ ’ਤੇ ਵੱਖ-ਵੱਖ ਢੰਗਾਂ ਨਾਲ ਕੀਤੇ ਜਾ ਰਹੇ ਹਨ। ਵਰਜਿਨਿਟੀ ਟੈਸਟ ਕਿਵੇਂ ਕੀਤਾ ਜਾਵੇ, ਇਸ ਦੀ ਖੋਜ 1898 ’ਚ ਕੀਤੀ ਗਈ ਸੀ। ਇਸ ਟੈਸਟ ਨੂੰ 2 ਉਂਗਲੀਆਂ ਦਾ ਪ੍ਰੀਖਣ ਵੀ ਕਹਿੰਦੇ ਹਨ। ਇਹ ਦੁਖਦਾਈ ਹੈ ਕਿ ਟੂ ਫਿੰਗਰ ਟੈਸਟ ਨਾਲ ਰੇਪ ਪੀੜਤਾ ਦੇ ਕੁਆਰੇਪਨ ਦਾ ਪ੍ਰੀਖਣ ਕੀਤਾ ਜਾਂਦਾ ਹੈ। ਹਾਲਾਂਕਿ ਇਸ ਟੈਸਟ ਦੇ ਨਤੀਜਿਆਂ ਦੀ ਸਟੀਕਤਾ ਹਮੇਸ਼ਾ ਸ਼ੱਕ ਦੇ ਘੇਰੇ ’ਚ ਰਹੀ ਹੈ।
ਸਾਲ 2013 ’ਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ‘ਟੂ ਫਿੰਗਰ ਟੈਸਟ’ ਰੇਪ ਪੀੜਤਾ ਨੂੰ ਓਨੀ ਹੀ ਪੀੜਾ ਪਹੁੰਚਾਉਂਦਾ ਹੈ ਜਿੰਨੀ ਭੈੜੇ ਕਰਮ ਦੌਰਾਨ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਵਰਜਿਨਿਟੀ ਟੈਸਟ ਨੂੰ ਬੇ-ਬੁਨਿਆਦ ਐਲਾਨ ਕਰ ਚੁੱਕਾ ਹੈ। ਇਸ ਮਾਮਲੇ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ, ਯੂ. ਐੱਨ. ਹਿਊਮਨ ਰਾਈਟਸ ਅਤੇ ਯੂ. ਐੱਨ. ਵੂਮੈਨ ਵਰਗੇ ਕਈ ਸੰਗਠਨਾਂ ਨੇ ਗਲੋਬਲ ਅਪੀਲ ਵੀ ਜਾਰੀ ਕੀਤੀ ਸੀ। ਵਰਜਿਨਿਟੀ ਟੈਸਟ ਔਰਤਾਂ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਹੈ ਅਤੇ ਹਰ ਦੇਸ਼ ’ਚ ਕਾਨੂੰਨ ਬਣਾ ਕੇ ਇਸ ’ਤੇ ਪਾਬੰਦੀ ਲਾਈ ਜਾਵੇ। ਹਾਲਾਂਕਿ ਬੀਤੇ ਕੁਝ ਸਮੇਂ ’ਚ ਇੰਡੋਨੇਸ਼ੀਆ, ਦੱਖਣੀ ਅਫਰੀਕਾ, ਤੁਰਕੀ ਵਰਗੇ ਦੇਸ਼ਾਂ ਨੇ ਕਾਨੂੰਨ ਬਣਾ ਕੇ ਇਸ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਹੈ ਪਰ ਜ਼ਿਆਦਾਤਰ ਦੇਸ਼ਾਂ ’ਚ ਇਸ ਨੂੰ ਲੈ ਕੇ ਕੋਈ ਠੋਸ ਕਾਨੂੰਨ ਨਹੀਂ ਹੈ। ਸਮਾਜਿਕ ਵਰਕਰਾਂ ਦਾ ਤਰਕ ਹੈ ਕਿ ਅਜਿਹੀ ਜਾਂਚ ਨਿੱਜਤਾ ਦਾ ਘਾਣ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਕਈ ਥਾਂ ਵਰਜਿਨਿਟੀ ਗੁਆਉਣ ਨੂੰ ਸੀਲ ਟੁੱਟਣਾ ਤੱਕ ਕਿਹਾ ਜਾਂਦਾ ਹੈ ਜਿਵੇਂ ਮਹਿਲਾ ਕੋਈ ਜ਼ਿੰਦਾ ਦੇਹ ਨਾ ਹੋ ਕੇ ਪੈਕ ਸਾਮਾਨ ਹੋਵੇ।
ਕੀ ਕਦੀ ਕਿਸੇ ਨੇ ਅਜਿਹਾ ਸੁਣਿਆ ਹੈ ਕਿ ਕਿਸੇ ਔਰਤ ਨੇ ਵਿਆਹ ਦੀ ਰਾਤ ਪਤੀ ਨੂੰ ਨਿਰਾਦਰ ਕਰ ਕੇ ਕਿਹਾ ਹੋਵੇ ਕਿ ਤੂੰ ਵਰਜਿਨ ਨਹੀਂ ਹੈ, ਮੈਂ ਆਪਣੇ ਘਰ ਜਾ ਰਹੀ ਹਾਂ। ਭਾਰਤ ਦੇ ਸੰਵਿਧਾਨ ’ਚ ਧਾਰਾ-21 ’ਚ ਵੀ ਇਸ ਗੱਲ ਦਾ ਵਰਨਣ ਹੈ ਕਿ ਭਾਰਤ ’ਚ ਕਾਨੂੰਨ ਵੱਲੋਂ ਸਥਾਪਿਤ ਕਿਸੇ ਵੀ ਪ੍ਰਕਿਰਿਆ ਤੋਂ ਇਲਾਵਾ ਕੋਈ ਵੀ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ ਉਸ ਦੇ ਜ਼ਿੰਦਾ ਰਹਿਣ ਦੇ ਅਧਿਕਾਰ ਅਤੇ ਨਿੱਜੀ ਆਜ਼ਾਦੀ ਤੋਂ ਵਾਂਝਾ ਨਹੀਂ ਕਰ ਸਕਦਾ। ਕੀ ਕੁਆਰੇਪਨ ਦੀ ਜਾਂਚ ਕਰਵਾਉਣਾ ਇਕ ਵੱਡਾ ਲਿੰਗੀ ਭੇਦਭਾਵ ਨਹੀਂ ਹੈ? ਕੀ ਵਰਜਿਨ ਟੈਸਟ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੈ? ਕੀ ਇਹ ਟੈਸਟ ਗੈਰ-ਵਿਗਿਆਨਕ ਨਹੀਂ ਹੈ? ਜੇ ਇਕ ਲੜਕਾ ਇਹ ਜਾਣਨਾ ਚਾਹੁੰਦਾ ਹੈ ਕਿ ਉਸ ਦੀ ਪਾਰਟਨਰ ਵਰਜਿਨ ਹੈ ਜਾਂ ਨਹੀਂ ਤਾਂ ਇਕ ਲੜਕੀ ਨੂੰ ਵੀ ਇਹ ਜਾਣਨ ਦਾ ਅਧਿਕਾਰ ਹੈ ਕਿ ਉਸ ਦਾ ਪਾਰਟਨਰ ਵਰਜਿਨ ਹੈ ਜਾਂ ਨਹੀਂ? ਫਿਲਮ ਵਰਜਿਨ ਭਾਨੂੰਪ੍ਰਿਆ ਦੀ ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਅਨੁਸਾਰ, ਔਰਤਾਂ ਦਰਮਿਆਨ ਵਰਜਿਨਿਟੀ ਦੇ ਮੁੱਦੇ ’ਤੇ ਅੱਜ ਵੀ ਦੋਹਰੇ ਮਾਪਦੰਡ ਅਤੇ ਕਲੰਕ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਕੋਈ ਲੜਕੀ ਆਪਣੀ ਵਰਜਿਨਿਟੀ ਗੁਆ ਦਿੰਦੀ ਹੈ ਤਾਂ ਪਰਿਵਾਰਕ ਜਾਂ ਸਮਾਜਿਕ ਦਬਾਅ ਨਹੀਂ ਹੋਣਾ ਚਾਹੀਦਾ।
ਆਧੁਨਿਕ ਯੁੱਗ ’ਚ ਵਿਆਹ ਤੋਂ ਪਹਿਲਾਂ ਮਰਦ ਦੋਸਤਾਂ ਨਾਲ ਸਰੀਰਕ ਸਬੰਧ, ਲਿਵ-ਇਨ-ਰਿਲੇਸ਼ਨਸ਼ਿਪ, ਜਬਰ-ਜ਼ਨਾਹ ਆਦਿ ਕਾਰਨ ਕਈ ਕੁੜੀਆਂ ਦੇ ਵਿਆਹ ’ਚ ਰੁਕਾਵਟਾਂ ਆਉਂਦੀਆਂ ਹਨ। ਜੇ ਵਿਆਹ ਪਿੱਛੋਂ ਪਤਾ ਲੱਗਦਾ ਹੈ ਕਿ ਲੜਕੀ ਦੀ ਵਰਜਿਨਿਟੀ ਪਹਿਲਾਂ ਹੀ ਭੰਗ ਹੋ ਚੁੱਕੀ ਹੈ ਤਾਂ ਵਿਆਹ ਟੁੱਟਣ ਦੀ ਨੌਬਤ ਆ ਜਾਂਦੀ ਹੈ। ਇਹੀ ਕਾਰਨ ਹੈ ਕਿ ਔਰਤਾਂ ਹਾਈਮਨ ਦੇ ਟੁੱਟਣ ਨੂੰ ਲੈ ਕੇ ਤਣਾਅ ’ਚ ਰਹਿੰਦੀਆਂ ਹਨ। ਮਿਸਰ ਦੇ ਗੀਜ਼ਾ ’ਚ ਹੋਏ ਇਕ ਸਮਾਜਿਕ ਅਧਿਐਨ ’ਚ ਸ਼ਾਮਲ ਵਧੇਰੇ ਔਰਤਾਂ ਨੇ ਦੱਸਿਆ ਕਿ ਸੁਹਾਗਰਾਤ ਨੂੰ ਉਹ ਬਹੁਤ ਤਣਾਅ ’ਚ ਸਨ। ਸੈਕਸ ਦੌਰਾਨ ਉਨ੍ਹਾਂ ਨੂੰ ਬਹੁਤ ਘਬਰਾਹਟ ਹੋਈ ਤੇ ਬਾਅਦ ’ਚ ਵੀ ਉਹ ਆਮ ਨਾ ਹੋ ਸਕੀਆਂ। ਇਸ ਦਾ ਕਾਰਨ ਹਾਈਮਨ ਅਤੇ ਕੁਆਰੇਪਨ ਨੂੰ ਲੈ ਕੇ ਫੈਲੇ ਮਿਥਕ ਸਨ। ਸਾਲ 2017 ’ਚ ਲਿਬਨਾਨ ’ਚ ਹੋਏ ਇਕ ਅਧਿਐਨ ’ਚ ਸ਼ਾਮਲ 416 ਔਰਤਾਂ ’ਚੋਂ ਲਗਭਗ 40 ਫੀਸਦੀ ਨੇ ਦੱਸਿਆ ਕਿ ਆਪਣੇ ਹਾਈਮਨ ਨੂੰ ਸੁਹਾਗਰਾਤ ਤੱਕ ਬਚਾਈ ਰੱਖਣ ਲਈ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਏਨਲ ਜਾਂ ਓਰਲ ਸੈਕਸ ਹੀ ਕੀਤਾ ਸੀ।
ਇਕ ਸਰਵੇ ’ਚ ਜਦੋਂ ਭਾਰਤੀ ਮਰਦਾਂ ਕੋਲੋਂ ਪੁੱਛਿਆ ਗਿਆ ਕਿ ਉਨ੍ਹਾਂ ਦੀਆਂ ਲਾੜੀਆਂ ਦਾ ਕੁਆਰਾਪਨ ਹੁਣ ਵੀ ਓਨਾ ਹੀ ਸੰਵੇਦਨਸ਼ੀਲ ਮੁੱਦਾ ਹੈ ਜਿੰਨਾ ਕਿ ਦਹਾਕੇ ਪਹਿਲਾਂ ਸੀ ਤਾਂ 77 ਫੀਸਦੀ ਮਰਦਾਂ ਦਾ ਕਹਿਣਾ ਸੀ ਕਿ ਜੇ ਕੋਈ ਮਹਿਲਾ ਉਨ੍ਹਾਂ ਨੂੰ ਸ਼ਰੇਆਮ ਦੱਸੇ ਕਿ ਉਸ ਨੇ ਵਿਆਹ ਤੋਂ ਪਹਿਲਾਂ ਸੈਕਸ ਸਬੰਧ ਬਣਾਏ ਹਨ ਤਾਂ ਉਸ ਨਾਲ ਵਿਆਹ ਨਹੀਂ ਕਰਨਗੇ। ਹਾਲਾਂਕਿ ਮੈਡੀਕਲ ਸਾਇੰਸ ਬਹੁਤ ਅੱਗੇ ਵਧ ਗਈ ਹੈ। ਮਰਦਾਂ ਦੀ ਰੂੜੀਵਾਦੀ ਸੋਚ ਕਾਰਨ ਕੁੜੀਆਂ ਹੁਣ ਹਾਈਮੈਨੋਪਲਾਸਟੀ ਸਰਜਰੀ ਦਾ ਸਹਾਰਾ ਲੈ ਰਹੀਆਂ ਹਨ। ਪਿਛਲੇ ਦਹਾਕੇ ’ਚ ਦੇਸ਼ ’ਚ ਹਾਈਮੈਨੋਪਲਾਸਟੀ ਦੀ ਮੰਗ ’ਚ ਲਗਾਤਾਰ ਵਾਧਾ ਹੋਇਆ ਹੈ। ਸਰਜਨ ਇਕ ਸਰਜਰੀ ਰਾਹੀਂ ਯੋਨੀ ਦੀ ਟੁੱਟੀ ਹੋਈ ਝਿੱਲੀ ਨੂੰ ਰਿਪੇਅਰ ਕਰ ਦਿੰਦਾ ਹੈ। ਇਹ ਸਰਜਰੀ ਸਿਰਫ ਹਾਈ ਕਲਾਸ ਦੀਆਂ ਕੁੜੀਆਂ ਹੀ ਨਹੀਂ ਕਰਵਾ ਰਹੀਆਂ ਸਗੋਂ ਅੱਪਰ ਮਿਡਲ ਅਤੇ ਮਿਡਲ ਕਲਾਸ ਦੀਆਂ ਕੁੜੀਆਂ ਵੀ ਕਰਵਾ ਰਹੀਆਂ ਹਨ। ਇਕ ਮੈਡੀਕਲ ਸੰਸਥਾਨ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ ਕੁੜੀਆਂ ਇਹ ਸਭ ਮਜਬੂਰੀ ਨਾਲ ਕਰਾਉਂਦੀਆਂ ਹਨ ਤਾਂ ਕਿ ਉਨ੍ਹਾਂ ਦੇ ਵਿਆਹੁਤਾ ਜੀਵਨ ’ਚ ਕੋਈ ਪ੍ਰੇਸ਼ਾਨੀ ਨਾ ਆਵੇ।
ਡਾਕਟਰਾਂ ਅਨੁਸਾਰ ਸਰਜਰੀ ਕਰਾਉਣ ਵਾਲੀਆਂ ਕੁੜੀਆਂ ਆਪਣੀ ਸਹੇਲੀ ਜਾਂ ਮਾਤਾ-ਪਿਤਾ ਨਾਲ ਆਉਂਦੀਆਂ ਹਨ ਅਤੇ ਸਰਜਰੀ ਕਰਾ ਕੇ ਮੁੜ ਜਾਂਦੀਆਂ ਹਨ। ਦਰਜਨਾਂ ਕਲੀਨਿਕ, ਨਿੱਜੀ ਹਸਪਤਾਲ ਅਤੇ ਫਾਰਮੇਸੀਆਂ ਹਾਈਮਨ ਸਰਜਰੀ ਦੀ ਪੇਸ਼ਕਸ਼ ਕਰ ਰਹੀਆਂ ਹਨ। ਫੇਕ ਬਲੱਡ ਕੈਪਸੂਲ, ਪਾਊਡਰ ਅਤੇ ਜੈੱਲ ਕ੍ਰੀਮ ਦੀ ਆਨਲਾਈਨ ਭਰਮਾਰ ਹੈ ਅਤੇ ਝੂਠ ’ਤੇ ਖੜ੍ਹਾ ਹੈ 14 ਹਜ਼ਾਰ ਕਰੋੜ ਦਾ ਵਪਾਰ। ਡਾਕਟਰ ਔਰਤਾਂ ਦੇ ਡਰ ਦਾ ਫਾਇਦਾ ਉਠਾ ਰਹੇ ਹਨ ਅਤੇ ਇਸ ਹਾਨੀਕਾਰਕ ਪ੍ਰਥਾ ਲਈ ਭਾਰੀ ਫੀਸ ਵਸੂਲ ਕਰ ਰਹੇ ਹਨ। ਸਵਾਲ ਇਹ ਹੈ ਕਿ ਜਦੋਂ ਹਾਈਮਨ ਦੀ ਕੋਈ ਵਰਤੋਂ ਹੀ ਨਹੀਂ ਹੈ ਤਾਂ ਫਿਰ ਸਰਜਰੀ ਕਰ ਕੇ ਉਸ ਨੂੰ ਵਾਪਸ ਸਹੀ ਕਰਨ ਦਾ ਕੀ ਫਾਇਦਾ? ਦੇਖਿਆ ਜਾਵੇ ਤਾਂ ਸਿੱਖਿਆ ਦੀ ਕਮੀ, ਸੰਸਕ੍ਰਿਤੀ ਦੀ ਕਮੀ ਅਤੇ ਕਾਨੂੰਨਾਂ ਦੀ ਅਣਦੇਖੀ ਕਾਰਨ ਕੁਆਰਾਪਨ ਪ੍ਰੀਖਣ ਦੀ ਪ੍ਰਸਿੱਧੀ ਵਧੀ ਹੈ। ਵਿਆਹ ਤੋਂ ਪਹਿਲਾਂ ਹਾਈਮਨ ਦਾ ਹੋਣਾ ਇੰਨਾ ਜ਼ਰੂਰੀ ਹੈ ਕਿ ਅੱਜ ਨਕਲੀ ਹਾਈਮਨ ਵੇਚਣ ਵਾਲੀਆਂ ਸੈਂਕੜੇ ਕੰਪਨੀਆਂ ਕੋਲੋਂ ਲੜਕੀਆਂ ਹਾਈਮਨ ਖਰੀਦ ਕੇ ਵਰਤ ਰਹੀਆਂ ਹਨ। ਅਜਿਹਾ ਕਰ ਕੇ ਉਹ ਖੁਦ ਵੀ ਕਿਤੇ ਨਾ ਕਿਤੇ ਇਸ ਮਾਨਸਿਕਤਾ ਦੀ ਹਮਾਇਤ ਕਰ ਰਹੀਆਂ ਹਨ।
ਦਿੱਲੀ ਯੂਨੀਵਰਸਿਟੀ ’ਚ ਸਮਾਜ ਸ਼ਾਸਤਰ ਦੀ ਪ੍ਰੋਫੈਸਰ ਨੰਦਿਨੀ ਸੁੰਦਰ ਇਸ ਨੂੰ ਕਾਫੀ ਨਾਂਹ-ਪੱਖੀ ਰੁਝਾਨ ਵਜੋਂ ਦੇਖਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਮਾਜ ਬਦਲ ਰਿਹਾ ਹੈ, ਉਸ ’ਚ ਸੈਕਸ ਸਬੰਧ ਬਣਾਉਣਾ ਕੋਈ ਵੱਡੀ ਗੱਲ ਨਹੀਂ ਹੈ। ਜੇ ਇਕ ਲੜਕੀ ਕਿਸੇ ਲੜਕੇ ਨਾਲ ਸਮਾਂ ਬਤੀਤ ਕਰਦੀ ਹੈ ਤਾਂ ਕੁਆਰਾਪਨ ਦੋਵਾਂ ਦਾ ਟੁੱਟਦਾ ਹੈ। ਜੇ ਮਰਦਾਂ ਨੂੰ ਇਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਤਾਂ ਔਰਤਾਂ ਨੂੰ ਇਸ ਨੂੰ ਲੁਕਾਉਣ ਦੀ ਕੀ ਲੋੜ ਹੈ। ਕੋਈ ਵੀ ਵਿਗਿਆਨਕ ਤਰੱਕੀ ਔਰਤਾਂ ਦੀ ਭਲਾਈ ਲਈ ਹੋਣੀ ਚਾਹੀਦੀ ਹੈ, ਨਾ ਕਿ ਉਨ੍ਹਾਂ ਦੇ ਸ਼ੋਸ਼ਣ ਲਈ। ਸਮਾਜਸ਼ਾਸਤਰੀ ਸਾਮੀਆ ਏਲੁਮੀ ਕਹਿੰਦੇ ਹਨ ਕਿ ਅਸੀਂ ਆਧੁਨਿਕ ਸਮਾਜ ’ਚ ਰਹਿਣ ਦਾ ਦਾਅਵਾ ਕਰਦੇ ਹਾਂ ਪਰ ਇਹ ਆਧੁਨਿਕਤਾ ਔਰਤਾਂ ਦੇ ਸੈਕਸ ਸ਼ੋਸ਼ਣ ਨਾਲ ਜੁੜੀ ਆਜ਼ਾਦੀ ’ਚ ਨਹੀਂ ਦਿਸਦੀ। ਹੁਣ ਸਮਾਂ ਆ ਗਿਆ ਹੈ ਕਿ ਔਰਤਾਂ ਆਪਣੀ ਦੇਹ ਦੀ ਕਮਾਨ ਆਪਣੇ ਹੱਥਾਂ ’ਚ ਲੈਣ ਅਤੇ ਮਰਦ ਆਪਣੀ ਉਦਾਰਤਾ ਦੀ ਪਛਾਣ ਦੇਵੇ। ਅੱਜ ਜਦ ਦੁਨੀਆ ਭਰ ’ਚ ਸਰਕਾਰਾਂ ਕੁਆਰੇਪਨ ਦੀ ਜਾਂਚ ਅਤੇ ਹਾਈਮਨ ਸਰਜਰੀ ’ਤੇ ਰੋਕ ਲਾ ਰਹੀਆਂ ਹਨ ਤਾਂ ਅਧਿਆਪਕਾਂ ਲਈ ਵੀ ਇਹ ਚੰਗਾ ਹੋਵੇਗਾ ਕਿ ਉਹ ਇਨ੍ਹਾਂ ਪਾਬੰਦੀਆਂ ਦੇ ਪਿੱਛੇ ਤਰਕਾਂ ਨੂੰ ਕਲਾਸ ਰੂਮ ਤੱਕ ਲਿਜਾਣ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ।
ਗੀਤਾ ਯਾਦਵ
ਬਹਿਸ ਦੇ ਬਿਨਾਂ ਪਾਸ ਕਾਨੂੰਨ ਲੋਕਤੰਤਰੀ ਕੀਮਤਾਂ ਵਿਰੁੱਧ
NEXT STORY