ਭਾਰਤ ਨੂੰ ਜੇਕਰ ਨੌਜਵਾਨਾਂ ਦਾ ਦੇਸ਼ ਕਿਹਾ ਜਾਂਦਾ ਹੈ ਤਾਂ ਇਸ ਦੇ ਪਿੱਛੇ ਸਿਰਫ ਅੰਕੜੇ ਨਹੀਂ, ਸਗੋਂ ਇਕ ਅਜਿਹੀ ਜਿਊਂਦੀ-ਜਾਗਦੀ ਸ਼ਕਤੀ ਹੈ, ਜੋ ਦੇਸ਼ ਦੀ ਦਿਸ਼ਾ ਅਤੇ ਦਸ਼ਾ ਬਦਲਣ ਦੀ ਸਮਰੱਥਾ ਰੱਖਦੀ ਹੈ। ਨੌਜਵਾਨ ਕਿਸੇ ਵੀ ਰਾਸ਼ਟਰ ਦੀ ਊਰਜਾ, ਰਚਨਾਤਮਕਤਾ, ਹੌਸਲੇ ਅਤੇ ਪਰਿਵਰਤਨ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ।
ਸੰਯੁਕਤ ਰਾਸ਼ਟਰ ਨੇ ਸਾਲ 1999 ’ਚ 12 ਅਗਸਤ ਨੂੰ ਅੰਤਰਰਾਸ਼ਟਰੀ ਨੌਜਵਾਨ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਇਸ ਦਾ ਮਕਸਦ ਨੌਜਵਾਨਾਂ ਨਾਲ ਜੁੜੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਮੁੱਦਿਆਂ ਪ੍ਰਤੀ ਦੁਨੀਆ ’ਚ ਜਾਗਰੂਕਤਾ ਪੈਦਾ ਕਰਨਾ ਅਤੇ ਨੌਜਵਾਨਾਂ ਦੀ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਹੈ। ਅੱਜ ਜਦੋਂ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ, ਤਕਨਾਲੋਜੀ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਰੋਜ਼ਗਾਰ ਦੇ ਸਰੂਪ ’ਚ ਵਿਆਪਕ ਬਦਲਾਅ ਹੋ ਰਿਹਾ ਹੈ, ਤਦ ਨੌਜਵਾਨਾਂ ਦੀ ਭੂਮਿਕਾ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੋ ਗਈ ਹੈ।
ਭਾਰਤ ਦੇ ਸੰਦਰਭ ’ਚ, ਦੇਸ਼ ਦੀ ਇਹ ਵੱਡੀ ਅਾਬਾਦੀ ਵਾਲੀ ਸ਼ਕਤੀ ਭਾਰਤ ਨੂੰ ਦੁਨੀਆ ਦੀਆਂ ਅਗਵਾਈ ਕਰਨ ਵਾਲੀਆਂ ਆਰਥਿਕਤਾਵਾਂ ’ਚ ਸ਼ਾਮਲ ਕਰਵਾਉਣ ’ਚ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ ਪਰ ਸਿਰਫ ਵੱਡੀ ਗਿਣਤੀ ’ਚ ਨੌਜਵਾਨਾਂ ਦਾ ਹੋਣਾ ਕਾਫ਼ੀ ਨਹੀਂ ਹੈ। ਜ਼ਰੂਰੀ ਹੈ ਕਿ ਉਨ੍ਹਾਂ ਨੂੰ ਗੁਣਵੱਤਾਪੂਰਨ ਸਿੱਖਿਆ, ਹੁਨਰ, ਰੋਜ਼ਗਾਰ, ਸਿਹਤ, ਖੇਡਾਂ ਅਤੇ ਆਪਣੀ ਪ੍ਰਤਿਭਾ ਨੂੰ ਵਿਕਸਿਤ ਕਰਨ ਦੇ ਯੋਗ ਮੌਕੇ ਉਪਲਬਧ ਹੋਣ।
ਅੱਜ ਦਾ ਨੌਜਵਾਨ ਸਿਰਫ ਨੌਕਰੀ ਪਾਉਣ ਵਾਲਾ ਵਿਅਕਤੀ ਨਹੀਂ, ਸਗੋਂ ਰੋਜ਼ਗਾਰ ਪੈਦਾ ਕਰਨ ਵਾਲਾ ਉੱਦਮੀ ਵੀ ਬਣ ਸਕਦਾ ਹੈ। ਸਟਾਰਟਅੱਪ, ਡਿਜੀਟਲ ਤਕਨਾਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਖੇਤੀਬਾੜੀ ਤਕਨਾਲੋਜੀ, ਆਨਲਾਈਨ ਸਿੱਖਿਆ ਅਤੇ ਨਵੇਂ ਕਾਰੋਬਾਰਾਂ ਦੇ ਖੇਤਰ ’ਚ ਨੌਜਵਾਨਾਂ ਲਈ ਅਨੇਕਾਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਭਾਰਤ ਦੇ ਅਨੇਕਾਂ ਨੌਜਵਾਨ ਆਪਣੀ ਪ੍ਰਤਿਭਾ ਦੇ ਬਲਬੂਤੇ ਦੇਸ਼ ਹੀ ਨਹੀਂ, ਸਗੋਂ ਪੂਰੀ ਦੁਨੀਆ ’ਚ ਆਪਣੀ ਪਛਾਣ ਬਣਾ ਰਹੇ ਹਨ। ਲੋੜ ਹੈ ਕਿ ਪੇਂਡੂ ਅਤੇ ਛੋਟੇ ਸ਼ਹਿਰਾਂ ਦੇ ਨੌਜਵਾਨਾਂ ਨੂੰ ਵੀ ਇਨ੍ਹਾਂ ਮੌਕਿਅਾਂ ਨਾਲ ਜੋੜਿਆ ਜਾਵੇ।
ਹਾਲਾਂਕਿ ਬੇਰੋਜ਼ਗਾਰੀ, ਪ੍ਰਤੀਯੋਗੀ ਪ੍ਰੀਖਿਆਵਾਂ ਦਾ ਵਧਦਾ ਦਬਾਅ, ਹੁਨਰ ਅਤੇ ਰੋਜ਼ਗਾਰ ਵਿਚਾਲੇ ਫਰਕ, ਨਸ਼ੇ ਦੀ ਸਮੱਸਿਆ, ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਅਤੇ ਮਾਨਸਿਕ ਤਣਾਅ ਵਰਗੀਆਂ ਚੁਣੌਤੀਆਂ ਨੌਜਵਾਨਾਂ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਸਿਰਫ ਨੌਜਵਾਨਾਂ ਦੀ ਜ਼ਿੰਮੇਵਾਰੀ ਮੰਨ ਕੇ ਛੱਡ ਦੇਣਾ ਯੋਗ ਨਹੀਂ ਹੋਵੇਗਾ। ਪਰਿਵਾਰ, ਵਿੱਦਿਅਕ ਅਦਾਰਿਅਾਂ, ਸਮਾਜ ਅਤੇ ਸਰਕਾਰ, ਸਭ ਨੂੰ ਮਿਲ ਕੇ ਹੱਲ ਲੱਭਣਾ ਹੋਵੇਗਾ।
ਨਸ਼ੇ ਦੀ ਸਮੱਸਿਆ ਨੌਜਵਾਨਾਂ ਦੇ ਭਵਿੱਖ ਲਈ ਵਿਸ਼ੇਸ਼ ਚਿੰਤਾ ਦਾ ਵਿਸ਼ਾ ਹੈ। ਜਿਸ ਉਮਰ ’ਚ ਨੌਜਵਾਨ ਆਪਣੇ ਸੁਪਨਿਆਂ ਨੂੰ ਆਕਾਰ ਦੇ ਸਕਦਾ ਹੈ, ਉਸੇ ਉਮਰ ’ਚ ਜੇਕਰ ਉਹ ਨਸ਼ੇ ਦੀ ਜਕੜ ’ਚ ਆ ਜਾਵੇ ਤਾਂ ਉਸ ਦੀ ਸਿੱਖਿਆ, ਸਿਹਤ, ਪਰਿਵਾਰ ਅਤੇ ਪੂਰਾ ਭਵਿੱਖ ਪ੍ਰਭਾਵਿਤ ਹੋ ਸਕਦਾ ਹੈ। ਇਸ ਲਈ ਨਸ਼ੇ ਦੇ ਵਿਰੁੱਧ ਸਿਰਫ ਕਾਨੂੰਨ ਬਣਾਉਣਾ ਕਾਫ਼ੀ ਨਹੀਂ, ਨੌਜਵਾਨਾਂ ਨੂੰ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਹੁਨਰ ਵਿਕਾਸ ਅਤੇ ਹਾਂਪੱਖੀ ਸਮਾਜਿਕ ਸਰਗਰਮੀਆਂ ਨਾਲ ਜੋੜਨਾ ਵੀ ਜ਼ਰੂਰੀ ਹੈ।
ਸਿੱਖਿਆ ਪ੍ਰਣਾਲੀ ’ਚ ਵੀ ਅਜਿਹੇ ਬਦਲਾਅ ਜ਼ਰੂਰੀ ਹਨ, ਜਿਨ੍ਹਾਂ ਨਾਲ ਨੌਜਵਾਨਾਂ ’ਚ ਸਿਰਫ ਡਿਗਰੀ ਹਾਸਲ ਕਰਨ ਦਾ ਰੁਝਾਨ ਨਾ ਰਹੇ, ਸਗੋਂ ਉਨ੍ਹਾਂ ’ਚ ਸਮੱਸਿਆ ਸੁਲਝਾਉਣ, ਅਗਵਾਈ, ਸੰਵਾਦ, ਤਕਨੀਕੀ ਮੁਹਾਰਤਾ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਹੋਵੇ। ਅੱਜ ਉਦਯੋਗ ਜਗਤ ਜਿਸ ਤਰ੍ਹਾਂ ਦੇ ਹੁਨਰ ਦੀ ਮੰਗ ਕਰ ਰਿਹਾ ਹੈ, ਵਿੱਦਿਅਕ ਅਦਾਰਿਅਾਂ ਨੂੰ ਵੀ ਉਸੇ ਦੇ ਅਨੁਕੂਲ ਆਪਣੇ ਸਿਲੇਬਸ ਅਤੇ ਸਿਖਲਾਈ ਨੂੰ ਵਿਕਸਿਤ ਕਰਨਾ ਹੋਵੇਗਾ।
ਸਵੈ-ਰੋਜ਼ਗਾਰ, ਉੱਦਮਤਾ ਅਤੇ ਸਟਾਰਟਅੱਪ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣ ਦੇ ਨਾਲ-ਨਾਲ ਛੋਟੇ ਸ਼ਹਿਰਾਂ ਅਤੇ ਦਿਹਾਤੀ ਖੇਤਰਾਂ ’ਚ ਡਿਜੀਟਲ ਅਤੇ ਵਿੱਤੀ ਸਾਖਰਤਾ ਵਧਾਉਣਾ ਜ਼ਰੂਰੀ ਹੈ। ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਰਾਜ ’ਚ ਸੈਰ-ਸਪਾਟਾ, ਬਾਗ਼ਬਾਨੀ, ਖੇਤੀ ਆਧਾਰਿਤ ਉਦਯੋਗ, ਹਸਤਸ਼ਿਲਪ, ਆਈ. ਟੀ. ਅਤੇ ਸਥਾਨਕ ਉਤਪਾਦਾਂ ਦੇ ਖੇਤਰ ’ਚ ਨੌਜਵਾਨਾਂ ਲਈ ਵੱਡੀਆਂ ਸੰਭਾਵਨਾਵਾਂ ਹਨ।
ਲੋਕਤੰਤਰ ’ਚ ਨੌਜਵਾਨਾਂ ਦੀ ਭਾਗੀਦਾਰੀ ਵੀ ਅਤਿਅੰਤ ਜ਼ਰੂਰੀ ਹੈ। ਨੌਜਵਾਨ ਸਿਰਫ ਚੋਣਾਂ ਦੇ ਸਮੇਂ ਵੋਟ ਪਾਉਣ ਤੱਕ ਸੀਮਤ ਨਾ ਰਹਿਣ, ਸਗੋਂ ਸਮਾਜਿਕ ਅਤੇ ਲੋਕਤੰਤਰੀ ਪ੍ਰਕਿਰਿਆਵਾਂ ’ਚ ਸਰਗਰਮ ਭੂਮਿਕਾ ਨਿਭਾਉਣ। ਸਮਾਜ ’ਚ ਫੈਲੀਆਂ ਕੁਰੀਤੀਆਂ, ਭ੍ਰਿਸ਼ਟਾਚਾਰ, ਵਾਤਾਵਰਣ ਸੁਰੱਖਿਆ ਅਤੇ ਸਮਾਜਿਕ ਨਾਬਰਾਬਰੀ ਵਰਗੇ ਵਿਸ਼ਿਆਂ ’ਤੇ ਨੌਜਵਾਨਾਂ ਦੀ ਹਾਂਪੱਖੀ ਭਾਈਵਾਲੀ ਤਬਦੀਲੀ ਦਾ ਮਾਧਿਅਮ ਬਣ ਸਕਦੀ ਹੈ।
ਨੌਜਵਾਨਾਂ ’ਚ ਡਿਜੀਟਲ ਸਾਖਰਤਾ ਅਤੇ ਜ਼ਿੰਮੇਵਾਰ ਆਨਲਾਈਨ ਵਿਵਹਾਰ ਦੀ ਸਮਝ ਵਿਕਸਿਤ ਕਰਨਾ ਸਮੇਂ ਦੀ ਲੋੜ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਨੌਜਵਾਨ ਆਪਣੇ ਅਧਿਕਾਰਾਂ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਸਮਝਣ। ਇਮਾਨਦਾਰੀ ਨਾਲ ਆਪਣਾ ਕੰਮ ਕਰਨਾ, ਵਾਤਾਵਰਣ ਦੀ ਰਾਖੀ, ਕਾਨੂੰਨ ਦਾ ਸਤਿਕਾਰ, ਲੋੜਵੰਦਾਂ ਦੀ ਮਦਦ ਕਰਨਾ ਅਤੇ ਸਮਾਜ ’ਚ ਹਾਂਪੱਖੀ ਸੋਚ ਫੈਲਾਉਣਾ ਵੀ ਰਾਸ਼ਟਰ ਨਿਰਮਾਣ ਦਾ ਮਹੱਤਵਪੂਰਨ ਹਿੱਸਾ ਹੈ।
ਸਾਨੂੰ ਇਹ ਯਾਦ ਕਰਨਾ ਚਾਹੀਦਾ ਹੈ ਕਿ ਨੌਜਵਾਨ ਸਿਰਫ ਭਵਿੱਖ ਨਹੀਂ, ਸਗੋਂ ਵਰਤਮਾਨ ਦੀ ਵੀ ਮਹੱਤਵਪੂਰਨ ਸ਼ਕਤੀ ਹਨ। ਜੇਕਰ ਨੌਜਵਾਨਾਂ ਨੂੰ ਸਹੀ ਦਿਸ਼ਾ, ਯੋਗ ਮੌਕੇ ਅਤੇ ਜ਼ਰੂਰੀ ਸਾਧਨ ਮਿਲਣ ਤਾਂ ਉਹ ਭਾਰਤ ਦੀ ਵਿਕਾਸ ਯਾਤਰਾ ਨੂੰ ਨਵੀਂ ਰਫਤਾਰ ਦੇ ਸਕਦੇ ਹਨ। ਇਸ ਲਈ ਅੱਜ ਲੋੜ ਹੈ ਕਿ ਯੁਵਾ ਨੀਤੀ ਸਿਰਫ ਸਰਕਾਰੀ ਦਸਤਾਵੇਜ਼ਾਂ ਤੱਕ ਸੀਮਤ ਨਾ ਰਹੇ, ਸਗੋਂ ਉਸ ਦਾ ਪ੍ਰਭਾਵ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਪਿੰਡਾਂ ਤੱਕ ਦਿਖਾਈ ਦੇਵੇ। ਨੌਜਵਾਨਾਂ ਦੀ ਆਵਾਜ਼ ਸੁਣੀ ਜਾਵੇ, ਉਨ੍ਹਾਂ ਦੀ ਪ੍ਰਤਿਭਾ ਨੂੰ ਮੌਕੇ ਮਿਲਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਜ਼ਬੂਤ ਵਿਵਸਥਾ ਤਿਆਰ ਕੀਤੀ ਜਾਵੇ। ਭਾਰਤ ਦਾ ਵਿਕਸਿਤ ਅਤੇ ਆਤਮਨਿਰਭਰ ਭਵਿੱਖ ਮਜ਼ਬੂਤ ਯੁਵਾ ਸ਼ਕਤੀ ’ਤੇ ਹੀ ਟਿਕਿਆ ਹੈ।+
-ਪ੍ਰੋ. ਮਨੋਜ ਡੋਗਰਾ
ਉੱਤਰ ਕੋਰੀਆ ਦੀਆਂ ਰੂਸ ਅਤੇ ਹੁਣ ਦੱਖਣ ਕੋਰੀਆ ਨਾਲ ਵਧਦੀਆਂ ਨਜ਼ਦੀਕੀਆਂ!
NEXT STORY