ਮੁੰਬਈ (ਵਿਸ਼ੇਸ਼) – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਨੂੰ ਦਿੱਤੇ ਗਏ ਝਟਕੇ ਦੀ ਚਪੇਟ ’ਚ ਭਾਰਤ ਦਾ ਸਟੀਲ ਸੈਕਟਰ ਵੀ ਆ ਗਿਆ ਹੈ। ਅਸਲ ’ਚ ਡੋਨਾਲਡ ਟਰੰਪ ਨੇ ਚੀਨ ਨੂੰ ਸਬਕ ਸਿਖਾਉਣ ਲਈ ਸਟੀਲ ’ਤੇ 25 ਫੀਸਦੀ ਟੈਰਿਫ ਲਾਉਣ ਦਾ ਐਲਾਨ ਕੀਤਾ ਹੈ। ਇਹ ਟੈਰਿਫ 12 ਮਾਰਚ ਤੋਂ ਲਾਗੂ ਹੋਵੇਗਾ।
ਟਰੰਪ ਦੇ ਇਸ ਫੈਸਲੇ ਤੋਂ ਬਾਅਦ ਪੂਰੀ ਦੁਨੀਆ ਦੇ ਬਾਜ਼ਾਰਾਂ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਟਰੰਪ ਦੀ ਇਸ ਧਮਕੀ ਦਾ ਸਭ ਤੋਂ ਵੱਧ ਅਸਰ ਮੈਟਲ ਸ਼ੇਅਰਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਟਰੰਪ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਇਸ ਨੂੰ ਲਾਗੂ ਕਰਨ ਦੀ ਤਰੀਕ ਨੂੰ ਵੀ ਐਲਾਨ ਦਿੱਤਾ ਗਿਆ। ਇਸ ਨਾਲ ਮੁੰਬਈ ਸਟਾਕ ਐਕਸਚੇਂਜ ਦਾ ਮੈਟਲ ਇੰਡੈਕਸ 2.23 ਫੀਸਦੀ ਡਿੱਗ ਕੇ 627.81 ਅੰਕਾਂ ਦੀ ਗਿਰਾਵਟ ਨਾਲ 27,526.08 ਅੰਕਾਂ ’ਤੇ ਬੰਦ ਹੋਇਆ। 7 ਫਰਵਰੀ ਸ਼ੁੱਕਰਵਾਰ ਨੂੰ ਮੈਟਲ ਇੰਡੈਕਸ 2.40 ਫੀਸਦੀ ਦੀ ਤੇਜ਼ੀ ਨਾਲ 28,912.98 ਅੰਕਾਂ ’ਤੇ ਬੰਦ ਹੋਇਆ ਸੀ ਅਤੇ 2 ਦਿਨਾਂ ’ਚ ਮੈਟਲ ਇੰਡੈਕਸ ਆਪਣੇ ਉਸ ਪੱਧਰ ਤੋਂ ਲੱਗਭਗ 6 ਫੀਸਦੀ ਡਿੱਗ ਚੁੱਕਾ ਹੈ।
ਭਾਰਤ ਅਮਰੀਕਾ ਦਾ ਵੱਡਾ ਸਟੀਲ ਐਕਸਪੋਰਟਰ ਨਹੀਂ
ਹਾਲਾਂਕਿ ਅਮਰੀਕਾ ਸਭ ਤੋਂ ਵੱਧ ਸਟੀਲ ਦੀ ਦਰਾਮਦ ਕੈਨੇਡਾ, ਬ੍ਰਾਜ਼ੀਲ, ਮੈਕਸੀਕੋ, ਦੱਖਣੀ ਕੋਰੀਆ ਅਤੇ ਵੀਅਤਨਾਮ ਤੋਂ ਕਰਦਾ ਹੈ ਅਤੇ ਭਾਰਤ ਉਸ ਦੇ ਵੱਡੇ ਸਟੀਲ ਐਕਸਪੋਰਟਰਾਂ ਦੀ ਸੂਚੀ ’ਚ ਨਹੀਂ ਹੈ। ਭਾਰਤ ਦੇ ਮਨਿਸਟ੍ਰੀ ਆਫ ਟਰੇਡ ਦੇ ਅੰਕੜਿਆਂ ਤੋਂ ਵੀ ਸਾਫ ਹੈ ਕਿ ਅਮਰੀਕਾ ਨੂੰ ਭਾਰਤ ਵੱਲੋਂ ਕੀਤੇ ਜਾਣ ਵਾਲੇ ਐਕਸਪੋਰਟ ’ਚ ਮਾਲੀ ਸਾਲ 2022-23 ਦੇ ਮੁਕਾਬਲੇ ਕਾਫੀ ਗਿਰਾਵਟ ਦੇਖੀ ਜਾ ਰਹੀ ਹੈ।
ਮਾਲੀ ਸਾਲ 2023-24 ’ਚ ਭਾਰਤ ਨੇ ਅਮਰੀਕਾ ਨੂੰ 2022-23 ਦੇ ਮੁਕਾਬਲੇ 47.68 ਫੀਸਦੀ ਘੱਟ ਸਟੀਲ ਐਕਸਪੋਰਟ ਕੀਤਾ ਹੈ, ਜਦਕਿ ਆਇਰਨ ਅਤੇ ਸਟੀਲ ਨਾਲ ਬਣੇ ਸਾਮਾਨ ਦੇ ਐਕਸਪੋਰਟ ’ਚ ਵੀ 9 ਫੀਸਦੀ ਦੀ ਗਿਰਾਵਟ ਆਈ ਹੈ, ਇਹ ਗਿਰਾਵਟ ਇਸ ਮਾਲੀ ਸਾਲ ’ਚ ਵੀ ਜਾਰੀ ਹੈ। ਇਸ ਦੇ ਬਾਵਜੂਦ ਭਾਰਤ ’ਚ ਸਟੀਲ ’ਤੇ ਲਾਏ ਗਏ ਟੈਰਿਫ ਨੂੰ ਲੈ ਕੇ ਸਟੀਲ ਕੰਪਨੀਆਂ ’ਚ ਚਿੰਤਾ ਹੈ।
ਚੀਨ ’ਚ ਸਟੀਲ ਸ਼ੇਅਰਾਂ ’ਚ ਗਿਰਾਵਟ
ਚੀਨ ਦੁਨੀਆ ਦਾ ਸਭ ਤੋਂ ਵੱਡਾ ਸਟੀਲ ਉਤਪਾਦਕ ਹੈ ਪਰ ਭਾਰਤ ਵਾਂਗ ਉਹ ਵੀ ਅਮਰੀਕਾ ਦੇ ਸਟੀਲ ਦੇ ਵੱਡੇ ਐਕਸਪੋਰਟਰਾਂ ਦੀ ਸੂਚੀ ’ਚ ਨਹੀਂ ਹੈ। ਚੀਨ ਵੱਲੋਂ ਸਟੀਲ ਹੋਰ ਦੇਸ਼ਾਂ ’ਚ ਭੇਜਿਆ ਜਾਂਦਾ ਹੈ ਅਤੇ ਉਥੋਂ ਇਹ ਸਟੀਲ ਅਮਰੀਕਾ ਨੂੰ ਜਾਂਦਾ ਹੈ। ਟਰੰਪ ਪ੍ਰਸ਼ਾਸਨ ਨੂੰ ਪਤਾ ਹੈ ਕਿ ਜੇ ਸਟੀਲ ’ਤੇ ਟੈਰਿਫ ਲਾਇਆ ਜਾਵੇਗਾ ਤਾਂ ਇਸ ਦਾ ਸਿੱਧਾ ਅਸਰ ਚੀਨ ’ਤੇ ਹੀ ਆਏਗਾ। ਅਮਰੀਕਾ ਦੇ ਇਸ ਫੈਸਲੇ ਤੋਂ ਬਾਅਦ ਮੰਗਲਵਾਰ ਨੂੰ ਚੀਨ ’ਚ ਵੀ ਸਟੀਲ ਸ਼ੇਅਰਾਂ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲੀ ਅਤੇ ਚਾਈਨਾ ਸਟੀਲ ਕਾਰਪੋਰੇਸ਼ਨ ਦਾ ਸ਼ੇਅਰ ਗਿਰਾਵਟ ਨਾਲ ਬੰਦ ਹੋਇਆ।
ਮਾਹਿਰਾਂ ਨੇ ਦਿੱਤੀ ਮੈਟਲ ਸ਼ੇਅਰਾਂ ਦੇ ਅਸਥਿਰ ਰਹਿਣ ਦੀ ਚਿਤਾਵਨੀ
ਮੈਟਲ ਸ਼ੇਅਰਾਂ ’ਚ ਚੱਲ ਰਹੀ ਗਿਰਾਵਟ ਵਿਚਾਲੇ ਬਾਜ਼ਾਰ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਹਫਤਿਆਂ ’ਚ ਵੀ ਮੈਟਲ ਸ਼ੇਅਰਾਂ ’ਚ ਅਸਥਿਰਤਾ ਬਣੀ ਰਹਿ ਸਕਦੀ ਹੈ ਕਿਉਂਕਿ ਗਲੋਬਲ ਨਿਵੇਸ਼ਕ ਇਨ੍ਹਾਂ ਟੈਰਿਫ ਦੇ ਲੰਬੇ ਸਮੇਂ ਦੇ ਪ੍ਰਭਾਵ ਦੀ ਸਮੀਖਿਆ ਕਰ ਰਹੇ ਹਨ। ਹਾਲਾਂਕਿ ਭਾਰਤੀ ਸਟੀਲ ਖੇਤਰ ਲੰਬੇ ਸਮੇਂ ਤੋਂ ਮਜ਼ਬੂਤ ਬਣਿਆ ਹੋਇਆ ਹੈ ਪਰ ਥੋੜ੍ਹੇ ਸਮੇਂ ਦੇ ਨੁਕਸਾਨ ਤੋਂ ਬਚਣਾ ਮੁਸ਼ਕਿਲ ਲੱਗਦਾ ਹੈ ਅਤੇ ਅੱਗੇ ਗਿਰਾਵਟ ਦਾ ਜ਼ੋਖਿਮ ਵੀ ਬਣਿਆ ਹੋਇਆ ਹੈ।
ਨਿਵੇਸ਼ਕਾਂ ਲਈ ਇਹ ਇਕ ਇੰਤਜ਼ਾਰ ਅਤੇ ਨਿਗਰਾਨੀ ਕਰਨ ਵਾਲੀ ਸਥਿਤੀ ਹੈ ਕਿਉਂਕਿ ਭੂ-ਸਿਆਸੀ ਬੇਯਕੀਨੀਆਂ ਅਤੇ ਆਰਥਿਕ ਨੀਤੀਆਂ ’ਚ ਬਦਲਾਅ ਬਾਜ਼ਾਰ ਰੁਝਾਨਾਂ ਨੂੰ ਪ੍ਰਭਾਵਿਤ ਕਰਦੇ ਰਹਿਣਗੇ।
ਨਿਵੇਸ਼ਕਾਂ ਨੂੰ ਲੱਗਾ ਵੱਡਾ ਝਟਕਾ , ਬਾਜ਼ਾਰ 'ਚ 6ਵੇਂ ਦਿਨ ਹਾਹਾਕਾਰ, ਡੁੱਬੇ 6.5 ਲੱਖ ਕਰੋੜ
NEXT STORY