ਨਵੀਂ ਦਿੱਲੀ (ਬਿਊਰੋ) : ਬਿਊਰੋ ਆਫ ਇੰਡੀਅਨ ਸਟੈਂਡਰਡਸ ਯਾਨੀ (ਬੀ. ਆਈ. ਐੱਸ.) ਨੇ ਵੀਰਵਾਰ ਕਿਹਾ ਕਿ ਉਹ ਬਾਇਓਡੀਗ੍ਰੇਡੇਬਲ ਭੋਜਨ ਵਾਲੇ ਭਾਂਡਿਆਂ ਦੀ ਵਧਦੀ ਮੰਗ ਵਿਚਾਲੇ ਇਨ੍ਹਾਂ ਲਈ ਗੁਣਵੱਤਾ ਮਾਪਦੰਡ ਲੈ ਕੇ ਆਈ ਹੈ। ਇਹ ਮਾਪਦੰਡ ‘IS 18267: 2023’ ਬਾਇਓਡੀਗ੍ਰੇਡੇਬਲ ਭਾਂਡਿਆਂ ਦੇ ਉਤਪਾਦਨ ਲਈ ਕੱਚੇ ਮਾਲ, ਨਿਰਮਾਣ ਤਕਨੀਕਾਂ, ਪ੍ਰਦਰਸ਼ਨ ਅਤੇ ਸਫਾਈ ਦੀਆਂ ਲੋੜਾਂ ਸਮੇਤ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕਰਦਾ ਹੈ। ਆਓ, ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਵੱਲੋਂ ਕਹੀਆਂ ਗਈਆਂ ਸਾਰੀਆਂ ਗੱਲਾਂ ਬਾਰੇ ਜਾਣਦੇ ਹਾਂ।
ਫਾਲੋ ਕਰਨੇ ਹੋਣਗੇ ਇਹ ਨਿਯਮ
ਨਵੇਂ ਮਾਪਦੰਡ ਅਨੁਸਾਰ ਪਲੇਟ, ਕੱਪ, ਕਟੋਰੇ ਤੇ ਬਹੁਤ ਕੁਝ ਬਣਾਉਣ ਲਈ ਪਸੰਦੀਦਾ ਸਮੱਗਰੀ ਦੇ ਤੌਰ ’ਤੇ ਖੇਤੀ ਉਤਪਾਦਾਂ, ਜਿਵੇਂ ਪੱਤੀਆਂ ਆਦਿ ਦੀ ਵਰਤੋਂ ਕਰਨਾ ਯਕੀਨੀ ਕੀਤਾ ਜਾਣਾ ਚਾਹੀਦਾ ਹੈ। ਬੀ. ਆਈ.ਐੱਸ. ਨੇ ਇਕ ਬਿਆਨ ਵਿਚ ਕਿਹਾ ਕਿ ਇਹ ਮਾਪਦੰਡ ਪੌਦਿਆਂ ਅਤੇ ਰੁੱਖਾਂ ਲਈ ਢੁੱਕਵੇਂ ਹਿੱਸਿਆਂ ਦੀ ਸਿਫ਼ਾਰਿਸ਼ ਕਰਦਾ ਹੈ ਅਤੇ ਹੌਟ ਪ੍ਰੈਸਿੰਗ, ਕੋਲਡ ਪ੍ਰੈਸਿੰਗ, ਮੋਲਡਿੰਗ ਅਤੇ ਸਿਲਾਈ ਵਰਗੀਆਂ ਮੈਨੂਫੈਕਚਰਿੰਗ ਤਕਨੀਕ ਪ੍ਰਦਾਨ ਕਰਦਾ ਹੈ।
ਨਵੇਂ ਮਾਪਦੰਡ ’ਚ ਚਿਕਨੀ ਸਤਹਾਂ ਤੇ ਗੈਰ-ਨੁਕੀਲੇ ਕਿਨਾਰਿਆਂ ’ਤੇ ਜ਼ੋਰ ਦਿੱਤਾ ਗਿਆ ਹੈ। ਉਥੇ ਹੀ ਰਸਾਇਣਾਂ, ਰੇਜਿਨ ਤੇ ਚਿਪਕਣ ਵਾਲੇ ਪਦਾਰਥਾਂ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ। ਬੀ. ਆਈ. ਐੱਸ. ਦੇ ਅਨੁਸਾਰ ਮਾਪਦੰਡ ਦੇਸ਼ ਭਰ ਵਿਚ ਗੁਣਵੱਤਾ ਲੋੜਾਂ ਵਿਚ ਇਕਰੂਪਤਾ ਬਣਾਈ ਰੱਖਣ ਲਈ ਨਿਰਮਾਤਾਵਾਂ ਤੇ ਖਪਤਕਾਰਾਂ ਨੂੰ ਵਿਆਪਕ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦਾ ਹੈ।
ਦੁਨੀਆ ਭਰ ਵਿਚ ਵਧ ਰਹੀ ਹੈ ਵਰਤੋਂ
ਦੁਨੀਆ ਭਰ ਵਿਚ ਡਿਸਪੋਜ਼ੇਬਲ ਟੇਬਲਵੇਅਰ ਦੀ ਵਧ ਰਹੀ ਵਰਤੋਂ ਡਿਸਪੋਜ਼ੇਬਲ ਟੇਬਲਵੇਅਰ ਦੀ ਗਲੋਬਲ ਮਾਰਕੀਟ ਨੂੰ ਵਧਾ ਰਹੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਡਿਸਪੋਜ਼ੇਬਲ ਪਲੇਟ ਦਾ ਬਾਜ਼ਾਰ ਆਕਾਰ 2020 ਵਿਚ 4.26 ਬਿਲੀਅਨ ਅਮਰੀਕੀ ਡਾਲਰ ਸੀ ਅਤੇ 2028 ਤੱਕ 6.73 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਭਾਰਤ ’ਚ ਕਈ ਵੱਡੇ ਪੈਮਾਨੇ ਤੇ ਐੱਮ. ਐੱਸ. ਐੱਮ. ਈ. ਪੱਧਰ ਦੇ ਨਿਰਮਾਤਾ ਬਾਇਓਡਿਗ੍ਰੇਡੇਬਲ ਕਟਲਰੀ ਦੇ ਉਤਪਾਦਨ ’ਚ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ।
ਇਨ੍ਹਾਂ ਉਤਪਾਦਾਂ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਨਾਲ ਇਨ੍ਹਾਂ ਦੇ ਉਤਪਾਦਨ ਵਿਚ ਸ਼ਾਮਲ ਨਿਰਮਾਤਾਵਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮਾਪਦੰਡ ਨੂੰ ਲਾਗੂ ਕਰਨ ਦੇ ਬਹੁਤ ਸਾਰੇ ਲਾਭ ਹਨ ਕਿਉਂਕਿ ਇਹ ਭਾਂਡੇ ਹਾਨੀਕਾਰਕ ਜੋੜਾਂ ਤੋਂ ਮੁਕਤ ਹੁੰਦੇ ਹਨ, ਜਿਸ ਨਾਲ ਖਪਤਕਾਰਾਂ ਦੀ ਭਲਾਈ ਯਕੀਨੀ ਹੁੰਦੀ ਹੈ। ਇਸ ’ਚ ਅੱਗੇ ਕਿਹਾ ਗਿਆ ਹੈ ਕਿ ਮਾਪਦੰਡ ਕਿਸਾਨਾਂ ਲਈ ਆਰਥਿਕ ਮੌਕੇ ਵੀ ਪੈਦਾ ਕਰਦਾ ਹੈ ਅਤੇ ਪੇਂਡੂ ਵਿਕਾਸ ਵਿਚ ਯੋਗਦਾਨ ਪਾਉਂਦੇ ਹੋਏ ਟਿਕਾਊ ਖੇਤੀਬਾੜੀ ਰਵਾਇਤਾਂ ਦਾ ਸਮਰਥਨ ਕਰਦਾ ਹੈ।
Cage Fight 'ਚ ਆਹਮੋ-ਸਾਹਮਣੇ ਹੋਣਗੇ ਮਾਰਕ ਜ਼ੁਕਰਬਰਗ ਤੇ ਐਲਨ ਮਸਕ! ਇਸ ਜਗ੍ਹਾ ਹੋਵੇਗਾ Match
NEXT STORY