ਲੁਧਿਆਣਾ—ਪਿਛਲੇ 15 ਦਿਨਾਂ ਵਿਚ ਕਰੋੜਾਂ ਦੀ ਟਰਾਂਜ਼ੈਕਸ਼ਨ ਕਰਨ ਵਾਲੀਆਂ ਜਿਨ੍ਹਾਂ ਕੰਪਨੀਆਂ ਦਾ ਡਾਟਾ ਜੀ. ਐੱਸ. ਟੀ. ਵਿਭਾਗ ਨੇ ਇਕੱਠਾ ਕੀਤਾ ਹੈ, ਉਨ੍ਹਾਂ ਨੂੰ ਹੁਣ ਮੂਵਮੈਂਟਸ ਆਫ ਗੁਡਸ ਦੀ ਜਾਣਕਾਰੀ ਦੇਣ ਲਈ ਨੋਟਿਸ ਜਾਰੀ ਹੋਣੇ ਸ਼ੁਰੂ ਹੋ ਗਏ ਹਨ। ਨੋਟਿਸ ਮੁਤਾਬਕ ਕੰਪਨੀਆਂ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਨੇ ਕਿਸ ਟਰਾਂਜ਼ੈਕਸ਼ਨ ਨਾਲ ਕਿੰਨਾ ਮਾਲ ਕਿੱਥੇ ਭੇਜਿਆ, ਕਿਹੜੇ ਵ੍ਹੀਕਲ 'ਤੇ ਕਿੰਨੇ ਵਜੇ ਮਾਲ ਗਿਆ, ਵ੍ਹੀਕਲ ਨੰਬਰ ਅਤੇ ਮਾਲ ਦੇ ਭਾਰ ਦੀ ਪਰਚੀ ਪੇਸ਼ ਕਰਨ ਲਈ ਵੀ ਨੋਟਿਸ ਵਿਚ ਕਿਹਾ ਗਿਆ ਹੈ।
ਪਤਾ ਲੱਗਾ ਹੈ ਕਿ ਅਧਿਕਾਰੀਆਂ ਨੂੰ ਛਾਣਬੀਣ ਵਿਚ 20 ਤੋਂ 25 ਅਜਿਹੀਆਂ ਕੰਪਨੀਆਂ ਮਿਲੀਆਂ ਹਨ, ਜਿਨ੍ਹਾਂ ਨੇ ਆਪਸ ਵਿਚ ਹੀ ਇਕ-ਦੂਸਰੇ ਨਾਲ ਕਰੋੜਾਂ ਦੀ ਟਰਾਂਜ਼ੈਕਸ਼ਨ ਕੀਤੀ ਹੋਈ ਹੈ। ਇਹੀ ਨਹੀਂ ਕੇਨਰਾ ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਵਿਜਯਾ ਬੈਂਕ, ਇਲਾਹਾਬਾਦ ਬੈਂਕ ਤੇ ਇੰਡੀਅਨ ਬੈਂਕ ਵਿਚ ਕੰਪਨੀਆਂ ਦੇ ਟਰਾਂਜ਼ੈਕਸ਼ਨ ਕਰਨ ਦੇ ਨਾਂ ਸਾਹਮਣੇ ਆਏ ਹਨ। ਭਾਵ ਬਿੱਲ ਖਰੀਦਣ ਵਾਲੀਆਂ ਕੰਪਨੀਆਂ ਨੇ ਉਕਤ ਬੈਂਕਾਂ ਵਿਚ ਆਰ. ਟੀ. ਜੀ. ਐੱਸ. ਰਾਹੀਂ ਪੈਸਾ ਟਰਾਂਸਫਰ ਕੀਤਾ ਅਤੇ ਉਸੇ ਦਿਨ ਲੱਖਾਂ ਕਰੋੜਾਂ ਰੁਪਏ ਬਿੱਲ ਵੇਚਣ ਵਾਲਿਆਂ ਨੇ ਨਕਦ ਰੂਪ ਵਿਚ ਕੱਢੇ। ਹੁਣ ਜਾਅਲੀ ਬਿੱਲ ਵੇਚਣ ਅਤੇ ਖਰੀਦਣ ਵਾਲੇ ਕਿਸੇ ਵੀ ਕੀਮਤ 'ਤੇ ਵਿਭਾਗ ਦੇ ਨੈੱਟ ਤੋਂ ਬਾਹਰ ਨਹੀਂ ਭੱਜ ਸਕਦੇ। ਇਨ੍ਹਾਂ ਵਿਚ ਸਭ ਤੋਂ ਵੱਧ ਬਿੱਲ ਸਟੀਲ, ਕਾਪਰ, ਬਰਾਸ, ਜ਼ਿੰਕ ਦੇ ਖਰੀਦੇ ਗਏ ਹਨ।
ਓਧਰ ਦੂਸਰੇ ਪਾਸੇ ਵਿਭਾਗ ਨੇ ਅੱਜ ਹੌਜ਼ਰੀ ਤੇ ਧਾਗੇ ਦੇ ਬਿੱਲ ਖਰੀਦਣ ਵਾਲੇ ਅਤੇ ਬਿੱਲ ਵੇਚਣ ਵਾਲਿਆਂ ਦੀ ਸਟੇਟ ਬੈਂਕ ਆਫ ਇੰਡੀਆ ਦੀ ਰਾਹੋਂ ਰੋਡ ਬਰਾਂਚ, ਪੰਜਾਬ ਨੈਸ਼ਨਲ ਬੈਂਕ ਮਾਡਲ ਟਾਊਨ ਤੇ ਫਿਰੋਜ਼ਪੁਰ ਰੋਡ ਤੋਂ ਯੈੱਸ ਬੈਂਕ ਬਰਾਂਚ ਤੋਂ ਸਟੇਟਮੈਂਟ ਹਾਸਲ ਕੀਤੀ ਹੈ।
ਹੌਜ਼ਰੀ ਦੇ ਬਿੱਲਾਂ ਵਿਚ ਅੱਧਾ ਦਰਜਨ ਦੇ ਕਰੀਬ ਕੁਝ ਲੋਕਾਂ ਦਾ ਪਤਾ ਲੱਗਾ ਹੈ। ਇਸ ਲਈ ਬੀਤੇ ਕੱਲ ਐਡੀਸ਼ਨਲ ਕਮਿਸ਼ਨਰ ਸੌਰਵ ਰਾਜ ਖੁਦ ਲੁਧਿਆਣਾ ਆਏ ਸਨ ਅਤੇ ਉਨ੍ਹਾਂ ਨੇ ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਪਵਨ ਗਰਗ ਨੂੰ ਉਕਤ ਵਿਅਕਤੀਆਂ ਤੇ ਉਨ੍ਹਾਂ ਦੀਆਂ ਕੰਪਨੀਆਂ 'ਤੇ ਕਾਰਵਾਈ ਕਰਨ ਲਈ ਆਪਣੇ ਵੱਲੋਂ ਅਧਿਕਾਰ ਪੱਤਰ 'ਤੇ ਸਾਈਨ ਕਰ ਕੇ ਦਿੱਤੇ ਹਨ।
ਜਗਰਾਓਂ ਤੇ ਖੰਨਾ ਤੋਂ ਆਉਣ ਲੱਗੇ ਹਨ
ਲੁਧਿਆਣਾ ਦੀ ਓਵਰ ਲਾਕ ਰੋਡ, ਪ੍ਰਤਾਪ ਚੌਕ ਅਤੇ ਧੂਰੀ ਲਾਈਨ ਨੇੜੇ ਜਾਅਲੀ ਬਿੱਲ ਦੇਣ ਵਾਲੇ ਹੁਣ ਜਗਰਾਓਂ ਤੇ ਖੰਨਾ ਤੋਂ ਬੈਠ ਕੇ ਰੋਜ਼ਾਨਾ ਬਿੱਲ ਸਪਲਾਈ ਕਰਨ ਲੱਗੇ ਹਨ। ਇਨ੍ਹਾਂ ਲੋਕਾਂ ਨੇ ਉਕਤ ਜਗ੍ਹਾ 'ਤੇ ਖੋਲ੍ਹੇ ਦਫਤਰਾਂ ਨੂੰ ਜਿੰਦਰੇ ਲਾ ਦਿੱਤੇ ਹਨ। ਪਤਾ ਲੱਗਾ ਹੈ ਕਿ ਇਨ੍ਹਾਂ ਦੇ ਘਰ ਜਗਰਾਓਂ ਤੇ ਖੰਨਾ ਵਿਚ ਹਨ। ਇਨ੍ਹਾਂ ਲੋਕਾਂ ਨੇ ਹੁਣ ਆਪਸ ਵਿਚ ਸਮਝੌਤਾ ਕਰ ਕੇ ਆਪਣੇ ਕਰਿੰਦਿਆਂ ਨੂੰ ਸਟੀਲ, ਬਰਾਸ, ਜ਼ਿੰਕ ਆਦਿ ਦੇ ਬਿੱਲ ਦੇ ਕੇ ਡੋਰ-ਟੂ-ਡੋਰ ਡਲਿਵਰੀ ਕਰਵਾਉਣੀ ਸ਼ੁਰੂ ਕੀਤੀ ਹੈ। ਇਹ ਖੁਦ ਲੁਧਿਆਣਾ ਵਿਚ ਆ ਕੇ ਬਿਹਾਰ ਅਤੇ ਯੂ. ਪੀ. ਵਿਚੋਂ ਆਏ ਹੋਏ ਲੋਕਾਂ ਰਾਹੀਂ ਬਿੱਲਾਂ ਦੀ ਡਲਿਵਰੀ ਕਰਵਾ ਰਹੇ ਹਨ ਤਾਂ ਕਿ ਰਸਤੇ ਵਿਚ ਉਨ੍ਹਾਂ 'ਤੇ ਕੋਈ ਸ਼ੱਕ ਨਾ ਕਰ ਸਕੇ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਲੋਕਾਂ ਨੇ ਰੋਜ਼ਗਾਰ ਮੁਹੱਈਆ ਕਰਵਾਉਣ ਵਾਲੀਆਂ ਏਜੰਸੀਆਂ ਤੋਂ ਵਿਅਕਤੀਆਂ ਨੂੰ ਰੋਜ਼ਾਨਾ ਦਿਹਾੜੀ 'ਤੇ ਲਿਆ ਹੈ।
ਅਸੀਂ ਉਨ੍ਹਾਂ ਕੰਪਨੀਆਂ ਨੂੰ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਨੇ ਲੱਖਾਂ ਕਰੋੜਾਂ ਦੀ ਟ੍ਰਾਂਜ਼ੈਕਸ਼ਨ ਆਪਸ ਵਿਚ ਹੀ ਕੀਤੀ ਹੋਈ ਹੈ। ਇਨ੍ਹਾਂ ਨੂੰ ਮੂਵਮੈਂਟਸ ਆਫ ਗੁਡਸ ਦੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਗਲਤ ਕੰਮ ਕਰਨ ਵਾਲੇ ਜੇਕਰ ਸੋਚਦੇ ਹੋਣਗੇ ਕਿ ਟਰਾਂਜ਼ੈਕਸ਼ਨ ਫੜਨ ਨਾਲ ਵਿਭਾਗ ਨੂੰ ਉਹ ਬਿਜ਼ਨੈੱਸ ਟਰਾਂਜ਼ੈਕਸ਼ਨ ਹੋਣ ਦਾ ਹਵਾਲਾ ਦੇ ਕੇ ਬਚ ਜਾਣਗੇ ਤਾਂ ਇਹ ਉਨ੍ਹਾਂ ਦੀ ਗਲਤਫਹਿਮੀ ਹੈ। ਉਨ੍ਹਾਂ ਨੂੰ ਹੁਣ ਦੱਸਣਾ ਹੋਵੇਗਾ ਕਿ ਕਿਸ ਟਰਾਂਜ਼ੈਕਸ਼ਨ ਰਾਹੀਂ ਕਿਸ ਵ੍ਹੀਕਲ 'ਤੇ ਅਤੇ ਕਦੋਂ ਤੇ ਕਿੰਨੇ ਵਜੇ ਮਾਲ ਭੇਜਿਆ ਗਿਆ। ਛਾਣਬੀਣ ਪੂਰੀ ਹੋਣ ਤੋਂ ਬਾਅਦ ਜਾਅਲੀ ਬਿਲਿੰਗ ਕਰਨ ਵਾਲੀਆਂ ਕੰਪਨੀਆਂ ਦੇ ਨਾਂ ਵੀ ਉਜਾਗਰ ਕੀਤੇ ਜਾਣਗੇ, ਤਾਂ ਕਿ ਸਹੀ ਕੰਮ ਕਰਨ ਵਾਲੇ ਅਜਿਹੀਆਂ ਕੰਪਨੀਆਂ ਨਾਲ ਭਵਿੱਖ 'ਚ ਡੀਲ ਨਾ ਕਰਨ।
ਜੇਤਲੀ ਨੇ ਲਾਂਚ ਕੀਤਾ ਐੱਮ. ਐੱਸ. ਈ. ਸੈਂਟੀਮੈਂਟ ਸੂਚਕ ਅੰਕ
NEXT STORY